ਬਲਜੀਤ ਬਾਸੀ
ਕਿਸੇ ਨੂੰ ਮਿਲਣ ਸਮੇਂ ਚਾਅ ਭਰੇ ਸਵਾਗਤੀ ਭਾਵਨਾਵਾਂ ਦੇ ਪ੍ਰਗਟਾਵੇ ਲਈ ਕੀਤੀ ਜਾਂਦੀ ਸਰੀਰਕ ਹਰਕਤ ਲਈ ਵਰਤੀਆਂ ਜਾਂਦੀਆਂ ਉਕਤੀਆਂ ਹਨ: ਗਲਵੱਕੜੀ ਪਾਉਣਾ, ਅੰਗ ਲਾਉਣਾ, ਸੀਨੇ ਲਾਉਣਾ, ਬਗਲਗੀਰ ਹੋਣਾ, ਗਲੇ ਲਾਉਣਾ, ਕਲਾਵੇ ਵਿਚ ਲੈਣਾ ਆਦਿ। ਇਹ ਸਭ ਉਕਤੀਆਂ ਠੰਡੀਆਂ ਜਿਹੀਆਂ ਹਨ, ਇਨ੍ਹਾਂ ਰਾਹੀਂ ਪੰਜਾਬੀ ਸੁਭਾਅ ਦਾ ਖੁਲ੍ਹਾਪਣ ਅਤੇ ਆਪਮੁਹਾਰਾਪਣ ਸਾਹਮਣੇ ਨਹੀਂ ਆਉਂਦਾ।
ਪੰਜਾਬੀ ਲੋਕ ਗਰਮਜੋਸ਼, ਨਿਰਉਚੇਚ, ਡੁਲ੍ਹ-ਡੁਲ੍ਹ ਪੈਂਦੇ ਭਾਵਨਾਵਾਂ ਦੇ ਪ੍ਰਗਟਾਵੇ ਲਈ ਜੱਫੀ ਪਾਉਂਦੇ ਹਨ। ਪੰਜਾਬੀ ਸਭਿਅਤਾ ਵਿਚ ਜੱਫੀ ਪਾਉਣਾ ਗਲੇ ਲਾਉਣ ਦੇ ਤੁੱਲ ਹੁੰਦਿਆਂ ਇਸ ਤੋਂ ਵੀ ਅੱਗੇ ਦੋ ਜਣਿਆਂ ਦੇ ਮਿਲਾਪ ਦਾ ਗਹਿਗੱਚ ਜਸ਼ਨ ਹੈ। ਕੜਾਕੇਦਾਰ, ਵੱਟ-ਕੱਢਵੀਂ ਪੰਜਾਬੀ ਜੱਫੀ ਦੇ ਦਰਸ਼ਨ ਕਰਨੇ ਹੋਣ ਤਾਂ ਵਿਆਹਾਂ ਸਮੇਂ ਹੁੰਦੀਆਂ ਮਿਲਣੀਆਂ ਦੇਖੋ। ਜੱਫੀ ਕਾਹਦੀ, ਇਥੇ ਤਾਂ ਇਕ ਦੂਜੇ ਨੂੰ ਤੋਲਿਆ ਹੀ ਜਾਂਦਾ ਹੈ। ਪੰਜਾਬੀ ਲੋਕ ਆਪਣੀਆਂ ਸ਼ੁਭ ਭਾਵਨਾਵਾਂ ਦਾ ਸਰੀਰ ਰਾਹੀਂ ਖੁੱਲ੍ਹ ਕੇ ਪ੍ਰਦਰਸ਼ਨ ਕਰਦੇ ਹਨ। ਇਕ ਭੀੜ ਦੇ ਹਾਸੇ ਵਿਚ ਪੰਜਾਬੀ ਦਾ ਬੁਲੰਦ ਠਹਾਕਾ ਵੱਖ ਹੀ ਸੁਣਾਈ ਦਿੰਦਾ ਹੈ। ਪੰਜਾਬੀ ਭੰਗੜੇ ਦੇ ਹਰਮਨਪਿਆਰਾ ਹੋਣ ਦਾ ਇਕ ਕਾਰਨ ਭਾਵਾਂ ਦਾ ਜ਼ੋਰਦਾਰ ਸਰੀਰਕ ਪ੍ਰਗਟਾਉ ਹੈ। ਸ਼ਾਇਦ ਪੰਜਾਬੀ ਗੀਤ-ਸੰਗੀਤ ਵਿਚ ਵੀ ਇਹੀ ਸੁਰ ਸੁਣਦੀ ਹੈ।
ਜੱਫੀ ਵਿਪਰੀਤ ਲਿੰਗਾਂ ਵਿਚਕਾਰ ਸਰੀਰਕ ਪਿਆਰ ਕ੍ਰੀੜਾ ਦੀ ਵੀ ਸੰਕੇਤਕ ਹੈ, ਇਸ ਲਈ ਕਈ ਲੋਕ ਇਸ ਸ਼ਬਦ ਦੀ ਵਰਤੋਂ ਤੋਂ ਪ੍ਰਹੇਜ ਕਰਦੇ ਹਨ। ਹੀਰ ਵਾਰਿਸ ਵਿਚੋਂ ਮਿਸਾਲ ਲੈਂਦੇ ਹਾਂ,
ਰਾਂਝਾ ਆਖਦਾ ਜਾਹ ਕੀ ਵੇਖਦੀ ਹੈਂ,
ਬੁਰਾ ਮੌਤ ਥੀਂ ਏਹ ਵਿਜੋਗ ਹੈ ਨੀ।
ਪਏ ਧਾੜਵੀ ਲੁਟ ਲੈ ਚੱਲੇ ਮੈਨੂੰ,
ਏਹ ਦੁੱਖ ਕੀ ਜਾਣਦਾ ਲੋਗ ਹੈ ਨੀ।
ਮਿਲੀ ਸੈਦੇ ਨੂੰ ਹੀਰ ਤੇ ਸਵਾਹ ਮੈਨੂੰ,
ਤੇਰੇ ਨਾਮ ਦਾ ਅਸਾਂ ਨੂੰ ਟੋਗ ਹੈ ਨੀ।
ਬੁੱਕਲ ਲੇਫ ਦੀ ਤੇ ਜੱਫੀ ਵਹੁਟੀਆਂ ਦੀ,
ਇਹ ਰੁਤ ਸਿਆਲ ਦਾ ਭੋਗ ਹੈ ਨੀ।
ਜੱਫੀ ਦਾ ਪੁਲਿੰਗ ਜੱਫਾ ਹੈ ਪਰ ਜੱਫੇ ਦੌਰਾਨ ਦੋ ਬੰਦਿਆਂ ਵਿਚਕਾਰ ਸਵਾਗਤੀ ਭਾਵਾਂ ਦਾ ਆਦਾਨ-ਪ੍ਰਦਾਨ ਨਹੀਂ ਹੁੰਦਾ। ਸ਼ਾਇਦ ਇਸ ਤੋਂ ਕੁਝ ਉਲਟ ਗੱਲ ਜ਼ਰੂਰ ਹੈ। ਜੱਫੇ ਦਾ ਇਕ ਅਰਥ ਤਾਂ ਕਿਸੇ ਨੂੰ ਧੱਕੇ ਨਾਲ ਕਾਬੂ ਕਰ ਲੈਣਾ ਹੈ ਜਿਵੇਂ ਭੀੜ ਵਿਚ ਉਸ ਔਰਤ ਨੂੰ ਇਕ ਓਪਰੇ ਆਦਮੀ ਨੇ ਜੱਫਾ ਪਾ ਲਿਆ। ਕਬੱਡੀ ਦੀ ਖੇਡ ਵਿਚ ਜੱਫਾ ਦਾ ਮਤਲਬ ਹੈ, ਕਬੱਡੀ ਪਾਉਣ ਵਾਲੇ ਖਿਡਾਰੀ (ਧਾਵੀ) ਦੇ ਲੱਕ ਨੂੰ ਜ਼ੋਰ ਨਾਲ ਇਸ ਤਰ੍ਹਾਂ ਵਲ ਲੈਣਾ ਕਿ ਉਸ ਲਈ ਆਪਣੇ ਆਪ ਨੂੰ ਛੁਡਾਉਣਾ ਮੁਸ਼ਕਿਲ ਹੋ ਜਾਵੇ। ਇਸ ਕਰਕੇ ਜੱਫਾ ਪਾਉਣ ਵਾਲੇ ਨੂੰ ਜਾਫੀ ਕਿਹਾ ਜਾਂਦਾ ਹੈ। ‘ਜੱਫਾ ਪਾਉਣਾ’ ਜਾਂ ‘ਜੱਫਾ ਮਾਰਨਾ’ ਵਾਕੰਸ਼ਾਂ ਦਾ ਮਤਲਬ ਹੈ, ਕਿਸੇ ਵਿਅਕਤੀ ਜਾਂ ਵਸਤੂ ਨੂੰ ਇਕ ਤਰ੍ਹਾਂ ਮੱਲੋ ਮੱਲੀ ਆਪਣੇ ਕਬਜ਼ੇ ਵਿਚ ਰੱਖਣਾ ਜਿਵੇਂ ਧਨ ਨੂੰ ਜੱਫਾ ਮਾਰਨਾ। ਕੁਸ਼ਤੀ ਕਰਦਿਆਂ ਪਹਿਲਵਾਨ ਅਤੇ ਲੜਾਈ ਕਰਦਿਆਂ ਦੋ ਧਿਰਾਂ ਜੱਫਮ-ਜੱਫਾ ਜਾਂ ਜੱਫੋ-ਜੱਫੀ ਹੋ ਜਾਂਦੀਆਂ ਹਨ। ਅੱਜ ਕਲ੍ਹ ਕਬੱਡੀ ਦੇ ਪ੍ਰਸੰਗ ਵਿਚ ਜੱਫੇ ਲਈ ਜੱਫ ਸ਼ਬਦ ਵੀ ਵਰਤਿਆ ਜਾਣ ਲੱਗਾ ਹੈ। ਉਂਜ ਉਲਝੇ ਜਾਂ ਖੁੱਥੜ ਵਾਲਾਂ ਨੂੰ ਜੱਫ ਕਿਹਾ ਜਾਂਦਾ ਹੈ। ‘ਜੱਫ ਬਝ ਜਾਣਾ’ ਦਾ ਮਤਲਬ ਹੈ, ਵਾਲਾਂ ਵਿਚ ਅੜਕਾਂ ਪੈ ਜਾਣੀਆਂ। ਇਕ ਕਹਾਵਤ ਹੈ, ‘ਜਾਤ ਦੀ ਕੋਹੜ ਕਿਰਲੀ ਸ਼ਤੀਰਾਂ ਨੂੰ ਜੱਫੇ।’
ਮੁਢਲੇ ਤੌਰ ‘ਤੇ ਹਿੰਦੀ ਵਿਚ ਜੱਫੀ ਸ਼ਬਦ ਨਹੀਂ ਮਿਲਦਾ ਪਰ ਹੁਣ ਤਾਂ ਜੱਫੀਆਂ-ਪੱਪੀਆਂ ਵੀ ਚੱਲਣ ਲੱਗ ਪਈਆਂ ਹਨ। ਅਜਿਤ ਵਡਨੇਰਕਰ ਅਨੁਸਾਰ ਵੱਡੀ ਸਕਰੀਨ ਰਾਹੀਂ ਪੰਜਾਬੀ ਜੱਫੀ ਹਿੰਦੀ ਸਮੇਤ ਹੋਰ ਭਾਸ਼ਾਵਾਂ ਵਿਚ ਵੀ ਪਹੁੰਚ ਗਈ ਹੈ। ਫਿਲਮਾਂ ਵਿਚ ਪਹਿਲੀ ਵਾਰ ਇਸ ਸ਼ਬਦ ਦੀ ਵਰਤੋਂ ਦਾ ਪਤਾ ਮੈਨੂੰ 60ਵਿਆਂ ਵਿਚ ਆਈ ਫਿਲਮ ‘ਸਗਾਈ’ ਦੇ ਇਸ ਗਾਣੇ ਤੋਂ ਲੱਗਾ ਸੀ,
“ਓ ਭਾਪੇ ਨਾ ਸ਼ਰਮਾ,
ਕੁਛ ਗਰਮੀ ਸਰਦੀ ਖਾਹ,
ਆਜ ਖੁਸ਼ੀ ਕਾ ਦਿਨ ਹੈ
ਪਿਆਰੇ ਜੱਫੀ ਵੱਫੀ ਪਾ।”
ਸ਼ਾਇਦ ਪਹਿਲਾਂ ਵੀ ਕਿਸੇ ਹੋਰ ਫਿਲਮ ਵਿਚ ਇਹ ਸ਼ਬਦ ਆਇਆ ਹੋਵੇ। ਕੋਈ ਇਕ ਦਹਾਕਾ ਪਹਿਲਾਂ ਸੰਜੇ ਦੱਤ ਦੀ ਫਿਲਮ ‘ਮੁੰਨਾ ਭਾਈ ਐਮæ ਬੀæ ਬੀæ ਐਸ਼’ ਤੋਂ ‘ਜਾਦੂ ਕੀ ਝੱਪੀ’ ਉਕਤੀ ਪ੍ਰਚਲਿਤ ਹੋ ਗਈ ਜਿਸ ਦਾ ਮਤਲਬ ਹੈ ਕਿ ਕਿਸੇ ਬਹੁਤ ਦੁਖੀ ਆਦਮੀ ਨੂੰ ਨੌ-ਬਰ-ਨੌ ਕਰਨ ਲਈ ਪਿਆਰ ਭਰੀ ਜੱਫੀ ਕਾਫੀ ਹੁੰਦੀ ਹੈ। ਹਿੰਦੀ ਵਿਚ ਪ੍ਰਚਲਿਤ ਝੱਪੀ ਸ਼ਬਦ ਵੀ ਪੰਜਾਬੀ ਜੱਫੀ ਦਾ ਹੀ ਰੂਪ ਹੈ ਤੇ ਇਸ ਦੀ ਉਮਰ ਇਨ੍ਹਾਂ ਫਿਲਮਾਂ ਜਿੰਨੀ ਹੀ ਹੈ। ਬਾਲੀਵੁੱਡ ਪੰਜਾਬੀਆਂ ਨਾਲ ਭਰਿਆ ਪਿਆ ਹੈ। ਇਸ ਲਈ ਭਾਵੇਂ ਪੰਜਾਬੀ ਫਿਲਮਾਂ ਬਹੁਤ ਘਟ ਬਣਦੀਆਂ ਹਨ ਪਰ ਹਿੰਦੀ ਫਿਲਮਾਂ ਵਿਚ ਪੰਜਾਬੀ ਕਲਾ, ਸੰਸਕ੍ਰਿਤੀ ਅਤੇ ਭਾਸ਼ਾ ਦੀ ਖੁਲ੍ਹ ਕੇ ਵਰਤੋਂ ਕੀਤੀ ਜਾਂਦੀ ਹੈ। ਜਾਣਕਾਰ ਦੱਸਦੇ ਹਨ ਕਿ ਤਾਮਿਲ ਫਿਲਮਾਂ ਵਿਚ ਵੀ ਪੰਜਾਬੀ ਦੀ ਪੁੱਠ ਚੜ੍ਹਨ ਲੱਗ ਪਈ ਹੈ।
ਅਮਰਵੰਤ ਸਿੰਘ ਦੇ ਕੋਸ਼ ‘ਅਰਬੀ ਫਾਰਸੀ ਵਿਚੋਂ ਉਤਪੰਨ ਪੰਜਾਬੀ ਸ਼ਬਦਾਵਲੀ’ ਅਨੁਸਾਰ ਜੱਫੀ ਸ਼ਬਦ ਅਰਬੀ ਜਫਾਅ ਜਿਸ ਦਾ ਮਤਲਬ ਜ਼ੁਲਮ, ਸਿਤਮ ਆਦਿ ਹੈ, ਤੋਂ ਬਣਿਆ ਹੈ। ਕੋਸ਼ ਵਿਚ ਜੱਫਾ/ਜੱਫੀ ਦਾ ਪੰਜਾਬੀ ਅਰਥ ‘ਦੋਹਾਂ ਬਾਹਾਂ ਵਿਚ ਲੈ ਕੇ ਘੁਟਣ ਦੀ ਕ੍ਰਿਆ, ਘੁੱਟ ਕੇ ਛਾਤੀ ਨਾਲ ਲਾਉਣ ਦੀ ਕ੍ਰਿਆ’ ਦੱਸਿਆ ਹੈ। ਹੂਬਹੂ ਇਨ੍ਹਾਂ ਹੀ ਸ਼ਬਦਾਂ ਵਿਚ ‘ਮਹਾਨ ਕੋਸ਼’ ਨੇ ਜੱਫੀ ਸ਼ਬਦ ਦਾ ਅਰਥਾਪਣ ਕੀਤਾ ਹੈ। ਸਪੱਸ਼ਟ ਹੈ ਕਿ ਅਮਰਵੰਤ ਸਿੰਘ ਨੇ ‘ਮਹਾਨ ਕੋਸ਼’ ਦੀ ਮੱਖੀ ‘ਤੇ ਮੱਖੀ ਮਾਰੀ ਹੈ। ਸ਼ਾਇਦ ਭਾਈ ਕਾਹਨ ਸਿੰਘ ਨਾਭਾ ਨੇ ਜੱਫੀ ਵਿਚ ਘੁਟਣ ਦੀ ਕ੍ਰਿਆ ਨਾਲ ਹੁੰਦੀ ਸਰੀਰਕ ਪੀੜ ਨੂੰ ਜ਼ੁਲਮ, ਸਿਤਮ ਨਾਲ ਮਿਲਾ ਕੇ ਦੇਖਦਿਆਂ ਅਜਿਹਾ ਨਤੀਜਾ ਕੱਢਿਆ ਹੈ। ਪਰ ਜੱਫੀ ਦੀ ਕ੍ਰਿਆ ਵਿਚ ਕਿਸੇ ਦੀ ਖਿੜੇ ਮੱਥੇ ਸਵੀਕ੍ਰਤੀ ਦੇ ਭਾਵ ਉਭਰਦੇ ਹਨ। ਕਈਆਂ ਨੂੰ ਪਰਪੀੜਨ ਨਾਲ ਸੁਆਦ ਆਉਂਦਾ ਹੈ ਪਰ ਜੱਫੀ ਵਿਚ ਅਜਿਹੀ ਪੀੜਾ ਦਾ ਕੋਈ ਖਾਸ ਅਨੁਭਵ ਨਹੀਂ ਹੁੰਦਾ। ਜੇ ਅਰਬੀ ਜਾਂ ਇਸ ਤੋਂ ਅੱਗੇ ਫਾਰਸੀ ਵਿਚ ਦਾਖਲ ਹੋ ਗਏ ਜਫਾ ਸ਼ਬਦ ਦੇ ਅਰਥ ਕੁਝ ਹੱਦ ਤੀਕ ਘੁੱਟਣ ਦੇ ਹੁੰਦੇ ਤਾਂ ਸਾਨੂੰ ਜੱਫੀ ਸ਼ਬਦ ਦੇ ਇਸ ਮੂਲ ਤੋਂ ਬਣੇ ਹੋਣ ਵਿਚ ਵਜ਼ਨ ਜਾਪਦਾ। ਆਵਾਸੀ ਸ਼ਬਦ ਦੇ ਅਰਥਾਂ ਵਿਚ ਜੇ ਏਨਾ ਫਰਕ ਪੈਂਦਾ ਹੋਵੇ ਤਾਂ ਕੋਸ਼ਕਾਰ ਨੂੰ ਘੱਟੋ ਘੱਟ ਕੁਝ ਸੰਕੇਤ ਤਾਂ ਦੇਣਾ ਚਾਹੀਦਾ ਹੈ ਕਿ ਅਜਿਹਾ ਕਿਉਂ ਹੈ?
ਮੁਢਲੇ ਤੌਰ ‘ਤੇ ਅਰਬੀ ਭਾਸ਼ਾ ਦੇ ਲਫਜ਼ ‘ਜਫਾ’ ਵਿਚ ਖਰਵੇਂਪਣ ਦੇ ਭਾਵ ਹਨ। ਜ਼ੁਲਮ ਸਿਤਮ ਵਾਲੇ ਅਰਥ ਫਾਰਸੀ ਵਿਚ ਜਾ ਕੇ ਨਿਖਰਦੇ ਹਨ। ਉਰਦੂ, ਪੰਜਾਬੀ ਆਦਿ ਸ਼ਾਇਰੀ ਵਿਚ ਜਫਾ ਤੇ ਵਫਾ-ਦੋ ਟਕਰਾਵੇਂ ਸ਼ਬਦ ਅਕਸਰ ਹੀ ਇਕੋ ਵਾਕ ਵਿਚ ਮਿਲਦੇ ਹਨ। ਮਸ਼ਹੂਰ ਗੀਤ ਹੈ, ‘ਹਮ ਨੇ ਜਫਾ ਨਾ ਸੀਖੀ ਤੁਮਕੋ ਵਫਾ ਨਾ ਆਈ।’ ਇਸ ਤਰ੍ਹਾਂ ਅਸੀਂ ਜਫਾ ਸ਼ਬਦ ਨੂੰ ਬਹੁਤਾ ਬੇਵਫਾਈ ਦੇ ਅਰਥਾਂ ਵਿਚ ਹੀ ਸਮਝਦੇ ਹਾਂ।
‘ਜ’ ਅਤੇ ‘ਝ’ ਧੁਨੀ ਵਿਚ ਤੇਜ਼ੀ, ਫੁਰਤੀ, ਜਲਦਬਾਜ਼ੀ ਦਾ ਭਾਵ ਹੈ। ਅਸੀਂ ਇਨ੍ਹਾਂ ਦੋਨਾਂ ਧੁਨੀਆਂ ਤੋਂ ਬਣੇ ਕੁਝ ਸ਼ਬਦਾਂ ‘ਤੇ ਵਿਚਾਰ ਕਰਦੇ ਹਾਂ। ‘ਜ’ ਧੁਨੀ ਤੋਂ ‘ਜੱਪ’ ਜਿਹਾ ਧਾਤੂ ਸਾਹਮਣੇ ਆਉਂਦਾ ਹੈ ਜਿਸ ਵਿਚ ਘੁੱਟਣ, ਨਪੀੜਨ, ਦੱਬਣ ਦੇ ਭਾਵ ਹਨ। ਪਾਲੀ ਭਾਸ਼ਾ ਦੇ ਸ਼ਬਦ ਜੱਪਾ ਦਾ ਅਰਥ ਹੈ-ਲਾਲਸਾ, ਲੋਭ, ਮੋਹ ਆਦਿ। ਬੰਗਾਲੀ ਜਾਪਟਾ ਦਾ ਅਰਥ ਹੈ-ਘੁੱਟ ਕੇ ਫੜਨਾ, ਜੱਫੀ ਪਾਉਣਾ। ਅਸੀਂ ਪਿਛੇ ਦੇਖਿਆ ਹੈ ਕਿ ਜੱਫੀ ਦੌਰਾਨ ਦੂਜੇ ਵੱਲ ਅਹੁਲ ਕੇ ਉਸ ਦੇ ਸਰੀਰ ‘ਤੇ ਟੁੱਟ ਪੈਣ ਦੀ ਕ੍ਰਿਆ ਪ੍ਰਦਰਸ਼ਤ ਹੁੰਦੀ ਹੈ। ਇਹ ਕ੍ਰਿਆ ਝਟਾਪਟੀ ਵਿਚ ਹੁੰਦੀ ਹੈ। ਪੰਜਾਬੀ ਤੇ ਹਿੰਦੀ ਦੇ ਝਪ ਸ਼ਬਦ ਵਿਚ ਤੇਜ਼ੀ, ਫੁਰਤੀ, ਚੰਚਲਤਾ ਦੇ ਭਾਵ ਹਨ, “ਝਪ ਝੂਲਤ ਕਲਗੀ ਬਰ ਤੁੰਗਾ।” (ਗੁਪ੍ਰਸੂ)। ਇਸੇ ਦਾ ਇਕ ਰੂਪ ਹੈ ਝਬ,
ਅੱਜ ਘਰ ਵਿਚ ਨਵੀਂ ਕਪਾਹ ਕੁੜੇ,
ਤੂੰ ਝਬ ਝਬ ਵੇਲਣਾ ਡਾਹ ਕੁੜੇ,
ਰੂੰ ਵੇਲ ਪਿੰਜਾਵਣ ਜਾਹ ਕੁੜੇ,
ਮੁੜ ਕੱਲ੍ਹ ਨਾ ਤੇਰਾ ਜਾਣ ਕੁੜੇ।
ਕਰ ਕੱਤਣ ਵੱਲ ਧਿਆਨ ਕੁੜੇ।
ਝੱਬ ਜਾਂ ਝਪ ਅੱਖ ਝਪਕਣ ਦਾ ਸਮਾਂ ਵੀ ਹੈ ਇਸ ਲਈ ਇਸ ਤੋਂ ਅੱਖ ਦਾ ਝਪਕਣਾ ਸ਼ਬਦ ਵੀ ਬਣਿਆ ਹੈ। ਝਪਕੀ ਉਹ ਹੈ ਜੋ ਅੱਖ ਦੇ ਝਪਕਣ ਸਮੇਂ ਜਿੰਨੀ ਨੀਂਦ ਹੈ। ਸੰਸਕ੍ਰਿਤ ਵਿਚ ਇਕ ਸ਼ਬਦ ਮਿਲਦਾ ਹੈ, ‘ਝੰਪ’ ਜਿਸ ਵਿਚ ਉਛਲਨਾ-ਕੁੱਦਣਾ ਦੇ ਭਾਵ ਹਨ। ਲਹਿੰਦੀ ਵਿਚ ਝੱਪਣਾ ਸ਼ਬਦ ਇਸੇ ਅਰਥ ਵਿਚ ਮੌਜੂਦ ਹੈ। ਸਬੱਬ ਹੈ ਕਿ ਇਹ ਅੰਗਰੇਜ਼ੀ ਜੰਪ (ਝੁਮਪ) ਨਾਲ ਧੁਨੀ ਅਤੇ ਅਰਥ ਪੱਖੋਂ ਸਾਂਝ ਰੱਖਦਾ ਹੈ ਪਰ ਦੋਵੇਂ ਸ਼ਬਦ ਸੁਜਾਤੀ ਨਹੀਂ ਹਨ। ਧੁਨੀ-ਅਨੁਕਰਣਕ ਸ਼ਬਦ ਵੱਖੋ-ਵੱਖ ਭਾਸ਼ਾਵਾਂ ਵਿਚ ਸੁਤੰਤਰ ਤੌਰ ‘ਤੇ ਉਤਪੰਨ ਹੋ ਸਕਦੇ ਹਨ। ਜੱਫੀ ਦੇ ਅਰਥਾਂ ਵਿਚ ਗੁਰਬਾਣੀ ਵਿਚ ਉਪਲਬਧ ਸਭ ਤੋਂ ਨਜ਼ਦੀਕੀ ਦਾ ਸ਼ਬਦ ਹੈ, ਝਪੀੜਾ, “ਮੇਰੇ ਮਨਿ ਤਨਿ ਪ੍ਰੀਤਿ ਲਗਾਈ ਹਰਿ ਮਿਲਿਓ ਲਾਇ ਝਪੀੜਾ॥” ਸੰਭਵ ਹੈ, ਝਪੀੜਾ ਸ਼ਬਦ ਝਪ+ਪੀੜਾ ਤੋਂ ਬਣਿਆ ਹੋਵੇ ਜਿਸ ਵਿਚ ਝਬਦੇ ਆ ਕੇ ਕਿਸੇ ਨੂੰ ਪੀੜਨ ਅਰਥਾਤ ਘੁੱਟਣ ਦਾ ਅਰਥ ਉਜਾਗਰ ਹੁੰਦਾ ਹੈ।
ਵਾਲਟਰ ਪੁਲਨ ਹੇਅਰਜ਼ ਦੇ ‘ਅੰਗਰੇਜ਼ੀ-ਪੰਜਾਬੀ ਕੋਸ਼’ ਵਿਚ ਮੈਨੂੰ ਜੱਫੀ ਦਾ ਇਕ ਰੁਪਾਂਤਰ ਜਾਂਭੜੀ ਮਿਲਿਆ ਹੈ। ਮਰਾਠੀ ਵਿਚ ਜੱਫੀ ਲਈ ਝੌਂਬੜਾ ਅਤੇ ਬੰਗਾਲੀ ਵਿਚ ਜਪਟਾਨੋ ਹੈ। ਇਹ ਸਭ ਸ਼ਬਦ ਝਪਟਣਾ ਦੇ ਨਜ਼ਦੀਕ ਹਨ। ‘ਝ’ ਧੁਨੀ ਵਿਚ ਹਿਲਜੁੱਲ, ਗਤੀ, ਤੇਜ਼ੀ ਆਦਿ ਦੇ ਭਾਵ ਹਨ। ਉਪਰ ਗਿਣਾਏ ਗਏ ਸਾਰੇ ਸ਼ਬਦਾਂ ਵਿਚ ਇਹੋ ਭਾਵ ਹਨ। ਇਸ ਤਰ੍ਹਾਂ ਜੱਫੀ ਦੀ ਕ੍ਰਿਆ ਵਿਚ ਵੀ ਤੇਜ਼ੀ ਨਾਲ ਅੱਗੇ ਵੱਲ ਵਧਦੇ ਹੋਏ ਕਿਸੇ ਨੂੰ ਕਾਬੂ ਕਰਨ ਦੇ ਭਾਵ ਸਾਹਮਣੇ ਆਉਂਦੇ ਹਨ।