ਵੱਡਾ ਘੱਲੂਘਾਰਾ: ਕੁਝ ਅਹਿਮ ਵਿਚਾਰ

ਡਾæ ਮਹਮੋਹਨ ਸਿੰਘ ਦੁਪਾਲਪੁਰ
ਫੋਨ: +91-75891-68133
ਹਰ ਸਾਲ ਚੜ੍ਹਦੀ ਫਰਵਰੀ ਨੂੰ ਵੱਡੇ ਘੱਲੂਘਾਰੇ ਬਾਰੇ ਚਰਚਾ ਕੀਤੀ ਜਾਂਦੀ ਹੈ। ਤਕਰੀਬਨ ਸਾਰੇ ਵਿਦਵਾਨ ਇਸ ਘਟਨਾ ਬਾਰੇ ਇਉਂ ਲਿਖਦੇ ਹਨ, ਜਿਵੇਂ ਕੋਈ ਬਿਆਨਕਰਤਾ ਕਿਸੇ ਖੇਡ ਨੂੰ ਨਾਲੋ-ਨਾਲ ਬਿਆਨ ਕਰ ਰਿਹਾ ਹੋਵੇ। ਭਾਵ, ਬਹੁਤੇ ਲੇਖਕ ਇੰਨਾ ਕੁ ਹੀ ਲਿਖਦੇ ਨੇ ਕਿ ਸਾਰਾ ਸਿੱਖ ਵਹੀਰ ਕੁਪ ਰਹੀੜ ਪਹੁੰਚਿਆ ਅਤੇ ਅਹਿਮਦ ਸ਼ਾਹ ਅਬਦਾਲੀ ਨੇ ਘੇਰਾ ਪਾ ਕੇ ਸਾਰੇ ਵਹੀਰ (30 ਹਜ਼ਾਰ ਦੇ ਕਰੀਬ) ਨੂੰ ਇਕ ਹੀ ਦਿਨ ਵਿਚ ਸ਼ਹੀਦ ਕਰ ਦਿੱਤਾ।

ਕੋਈ ਵੀ ਲੇਖਕ ਇਸ ਘੱਲੂਘਾਰੇ ਦੇ ਕਾਰਨਾਂ ਵੱਲ ਧਿਆਨ ਨਹੀਂ ਦਿਵਾਉਂਦਾ, ਨਾ ਹੀ ਇਸ ਗੱਲ ‘ਤੇ ਵਿਚਾਰ ਕਰਦਾ ਹੈ ਕਿ ਇਹ ਘੱਲੂਘਾਰਾ ਵਾਪਰਨ ਤੋਂ ਬਾਅਦ ਉਸ ਵੇਲੇ ਦੇ ਜਥੇਦਾਰਾਂ ਨੇ ਬੈਠ ਕੇ ਕੋਈ ਵਿਚਾਰ ਕੀਤੀ ਕਿ ਐਸਾ ਕਾਰਾ ਮੁੜ ਨਾ ਹੋਵੇ। ਕੌਮਾਂ ਦੀ ਕਿਸਮਤ ਜਾਂ ਭਵਿੱਖ, ਵਿਦਵਾਨਾਂ-ਬੁੱਧੀਜੀਵੀਆਂ ਉਤੇ ਨਿਰਭਰ ਹੈ। ਜੇ ਇਹ ਤਬਕਾ ਕੋਈ ਸਾਰਥਕ ਸੇਧ ਨਾ ਦੇਵੇ ਤਾਂ ਐਸੇ ‘ਭਾਣੇ’ ਮੁੜ-ਮੁੜ ਵਾਪਰਦੇ ਰਹਿੰਦੇ ਹਨ।
ਮਹਾਤਮਾ ਬੁੱਧ ਦਾ ਇਕ ਵਚਨ ਹੈ, ਜੇ ਸਾਰੇ ਵੱਗ (ਮੱਝਾਂ-ਗਾਂਵਾਂ ਦਾ ਇਕੱਠ) ਦਾ ਮੁਖੀ ਬੈਲ ਕਿਸੇ ਐਸੇ ਤੰਗ ਰਸਤੇ ਵਿਚੋਂ ਲੰਘੇ ਜਿਸ ਦੇ ਦੋਹੀਂ ਪਾਸੇ ਕੰਡਿਆਲੀਆਂ ਝਾੜੀਆਂ ਹੋਣ, ਉਸ ਬੈਲ ਦਾ ਸਾਰਾ ਸਰੀਰ ਕੰਡਿਆਂ ਨਾਲ ਝਰੀਟਿਆ ਜਾਵੇ, ਤਾਂ ਵੀ ਪਿੱਛੇ ਆਉਣ ਵਾਲਾ ਸਾਰਾ ਵੱਗ ਉਸੇ ਰਸਤੇ ਥਾਣੀਂ ਹੀ ਲੰਘਦਾ ਹੈ। ਇਸ ਕਰ ਕੇ ਮੁਖੀ ਦਾ ਫਰਜ਼ ਬਹੁਤ ਅਹਿਮ ਹੁੰਦਾ ਹੈ। ਮੁਖੀ ਇਕ-ਇਕ ਕਦਮ ਅੱਖਾਂ ਖੋਲ੍ਹ ਕੇ, ਭਾਵ ਸਾਵਧਾਨ ਹੋ ਕੇ ਪੁੱਟੇ ਤਾਂ ਕਿ ਉਸ ਦੇ ਪਿੱਛੇ ਆ ਰਿਹਾ ਵੱਗ ਲਹੂ-ਲੁਹਾਣ ਹੋਣ ਤੋਂ ਬਚ ਜਾਵੇ।
ਵੱਡੇ ਘੱਲੂਘਾਰੇ ਦੇ ਕਾਰਨ ਕੀ ਸਨ? ਸਾਡੇ ਪ੍ਰਚਾਰਕ, ਰਾਗੀ, ਢਾਡੀ ਤੇ ਨੇਤਾ ਸਟੇਜਾਂ ਉਤੇ ਗੱਜ-ਵੱਜ ਕੇ ਕਹਿ ਦਿੰਦੇ ਹਨ ਕਿ ਪੰਜਾਬ ਸਦੀਆਂ ਤੋਂ ਮੁਲਕ ਦੀ ਖੜਗ ਭੁਜਾ ਰਿਹਾ ਹੈ; ਕਿਉਂਕਿ ਪੱਛਮੀ ਜਰਵਾਣੇ ਜਦੋਂ ਵੀ ਮੁਲਕ ਉਤੇ ਹਮਲਾ ਕਰਦੇ ਸਨ ਤਾਂ ਪਹਿਲਾਂ ਪੰਜਾਬ ਨਾਲ ਹੀ ਉਨ੍ਹਾਂ ਦਾ ਵਾਹ ਪੈਂਦਾ ਸੀ। ਇਤਿਹਾਸ ਦੇ ਖੋਜੀਆਂ ਨੂੰ ਪਤਾ ਹੈ ਕਿ ਸਾਡੇ ਮੁਲਕ ਉਤੇ ਅੱਠਵੀਂ ਸਦੀ ਤੋਂ ਲੈ ਕੇ 18ਵੀਂ-19ਵੀਂ ਸਦੀ ਤੱਕ ਕਈ ਜਰਵਾਣੇ ਚੜ੍ਹ-ਚੜ੍ਹ ਆਉਂਦੇ ਰਹੇ ਅਤੇ ਲੁਟਦੇ ਰਹੇ। ਮੁਹੰਮਦ ਗੌਰੀ, ਮਹਿਮੂਦ ਗਜ਼ਨਵੀ, ਅਹਿਮਦ ਸ਼ਾਹ ਅਬਦਾਲੀ, ਨਾਦਰ ਸ਼ਾਹ ਦੁਰਾਨੀ ਵਰਗਿਆਂ ਨੇ 10-10, 12-12 ਹਮਲੇ ਕੀਤੇ। ਮੁਲਕ ਦੀ ਖੜਗ ਭੁਜਾ ਦਾ ਜੇ ਖੜਗ ਭੁਜਾ ਵਾਲਾ ਰੋਲ ਹੁੰਦਾ ਤਾਂ ਐਨੇ ਹਮਲੇ ਕਿਵੇਂ ਸੰਭਵ ਹੋ ਸਕਦੇ ਸਨ?
ਕਰਮ ਸਿੰਘ ਹਿਸਟੋਰੀਅਨ, ਪਿਆਰਾ ਸਿੰਘ ਪਦਮ, ਡਾæ ਕਿਰਪਾਲ ਸਿੰਘ, ਪ੍ਰੋæ ਸਾਹਿਬ ਸਿੰਘ, ਡਾæ ਸੰਗਤ ਸਿੰਘ, ਡਾæ ਹਰਜਿੰਦਰ ਸਿੰਘ ਦਿਲਗੀਰ ਆਦਿ ਇਤਿਹਾਸਕਾਰ ਇਹੀ ਲਿਖਦੇ ਹਨ ਕਿ ਜਦੋਂ ਅਬਦਾਲੀ ਮੁਲਕ ਅੰਦਰ ਦਾਖਲ ਹੁੰਦਾ ਸੀ, ਉਸ ਵੇਲੇ ਜਥੇਦਾਰ ਉਸ ਨਾਲ ਲੜਨ ਦੀ ਬਜਾਏ ਜੰਗਲਾਂ ਵਿਚ ਜਾ ਲੁਕਦੇ ਸਨ; ਇਕ ਤਰ੍ਹਾਂ ਅਬਦਾਲੀ ਨੂੰ ਹਰੀ ਝੰਡੀ ਦੇ ਦਿੰਦੇ ਸਨ, ਪਰ ਜਦੋਂ ਸਾਰੇ ਮੁਲਕ ਨੂੰ ਲੁੱਟ ਕੇ ਉਹ ਵਾਪਸ ਆਉਂਦਾ, ਉਦੋਂ ਸਤਲੁਜ, ਬਿਆਸ, ਰਾਵੀ, ਜਿਹਲਮ, ਝਨਾਬ ਲੰਘ ਕੇ ਅਟਕ ਦਰਿਆ ਦੇ ਨੇੜੇ ਜਾ ਕੇ ਉਸ ਦੇ ਕਾਫਲੇ ਨੂੰ ਲੁੱਟਦੇ ਸਨ। ਕਾਫਲਾ 10-10 ਮੀਲ ਲੰਮਾ ਹੁੰਦਾ ਸੀ। ਜਦੋਂ ਤੱਕ ਮੂਹਰੇ ਅਬਦਾਲੀ ਤੱਕ ਖਬਰ ਪਹੁੰਚਦੀ, ਉਦੋਂ ਤੱਕ ਸਿੰਘ ਆਪਣਾ ਕੰਮ ਕਰ ਕੇ ਝੱਲ੍ਹਾਂ ਵਿਚ ਜਾ ਵੜਦੇ।
ਸਿੱਖ ਜਥੇਦਾਰਾਂ ਤੋਂ ਇਲਾਵਾ ਮਹਾਰਾਸ਼ਟਰ ਦੇ ਮਰਹੱਟੇ ਵੀ ਉਸ ਨੂੰ ਲੁੱਟਦੇ ਸਨ। ਇਕ ਵਾਰ ਅਬਦਾਲੀ ਨੇ ਆਪਣੇ ਸੂਬੇਦਾਰਾਂ ਨੂੰ ਪੁੱਛਿਆ ਕਿ ਇਹ ਕੌਣ ਲੋਕ ਹਨ ਜੋ ਉਸ ਨੂੰ ਹੀ ਲੁੱਟਣ ਆ ਪੈਂਦੇ ਹਨ? ਸੂਬੇਦਾਰਾਂ ਨੇ ਜਵਾਬ ਦਿੱਤਾ ਕਿ ਜਨਾਬ! ਸਾਰੇ ਭਾਰਤ ਵਿਚ ਸਾਨੂੰ ਕੋਈ ਹੱਥ ਨਹੀਂ ਲਾ ਸਕਦਾ, ਬੱਸ ਦੋ ਹੀ ਕੌਮਾਂ ਹਨ- ਇਕ ਮਹਾਰਾਸ਼ਟਰ ਦੇ ਮਰਹੱਟੇ ਤੇ ਦੂਜੇ ਪੰਜਾਬ ਦੇ ਸਿੱਖ। ਅਬਦਾਲੀ ਨੇ ਸੋਚ-ਵਿਚਾਰ ਕੇ ਸਪੈਸ਼ਲ ਗੇੜਾ ਮਰਹੱਟਿਆਂ ਨੂੰ ਖਤਮ ਕਰਨ ਲਈ ਮਾਰਿਆ। ਸਾਲ 1761 ਦੇ ਮਈ-ਜੂਨ ਮਹੀਨੇ ਉਹ ਚੜ੍ਹ ਕੇ ਆ ਗਿਆ। ਮਰਹੱਟਿਆਂ ਨੂੰ ਸਾਰੇ ਮੁਲਕ ਵਿਚੋਂ ਘੇਰ ਕੇ ਪਾਣੀਪਤ ਦੇ ਮੈਦਾਨ ਵਿਚ ਲਿਆਂਦਾ ਅਤੇ ਇਕ ਦਿਨ ਵਿਚ ਹੀ ਲਗਭਗ ਇਕ ਲੱਖ ਮਰਹੱਟਾ ਕਤਲ ਕੀਤਾ ਅਤੇ ਵਾਪਸ ਮੁੜ ਗਿਆ। ਇਸ ਘਟਨਾ ਨੂੰ ਪਾਣੀਪਤ ਦੀ ਤੀਜੀ ਲੜਾਈ ਕਰ ਕੇ ਜਾਣਿਆ ਜਾਂਦਾ ਹੈ। ਇਹ ਲੜਾਈ ਨਹੀਂ, ਸਮਝੋ ਨਰ-ਸੰਘਾਰ ਸੀ। ਕੀ ਇਸ ਘਟਨਾ ਦਾ ਸਿੱਖਾਂ ਨੂੰ ਪਤਾ ਨਹੀਂ ਲੱਗਾ ਹੋਵੇਗਾ? ਜੂਨ 1761 ਅਤੇ ਫਰਵਰੀ 1762 ਵਿਚ ਭਲਾ ਕਿੰਨਾ ਕੁ ਵਕਫਾ ਹੈ? ਅਬਦਾਲੀ ਜਨਵਰੀ 1762 ਵਿਚ ਫਿਰ ਆ ਗਿਆ। ਇਸ ਵਾਰ ਉਸ ਦਾ ਨਿਸ਼ਾਨਾ ਪੰਜਾਬ ਦੇ ਸਿੱਖ ਸਨ। ਸੋ, ਉਸ ਨੇ ਸਿੱਖਾਂ ਨੂੰ ਕੁਪ ਰਹੀੜੇ (ਮਲੇਰਕੋਟਲੇ ਨੇੜੇ) ਘੇਰ ਲਿਆ।
ਦਸਵੇਂ ਪਾਤਸ਼ਾਹ ਨੇ 14 ਜੰਗਾਂ ਲੜੀਆਂ, ਪਰ ਕਿਸੇ ਵੀ ਜੰਗ ਵਿਚੋਂ ਕੋਈ ਇਲਾਕਾ, ਧਨ-ਦੌਲਤ ਜਾਂ ਰੁਪਿਆ-ਪੈਸਾ ਲੁੱਟਣ ਦੀ ਪਿਰਤ ਨਹੀਂ ਪਾਈ। ਖੈਰ, ਜੇ ਸਮੇਂ ਦੀ ਲੋੜ ਸੀ, ਕਿਉਂਕਿ ਅਬਦਾਲੀ ਵੀ ਲੁਟੇਰਾ ਹੀ ਸੀ ਅਤੇ ਲੁਟੇਰੇ ਨੂੰ ਲੁੱਟਣਾ ਕੋਈ ਪਾਪ ਤਾਂ ਨਹੀਂ, ਪਰ ਜਦੋਂ ਸਿੱਖਾਂ ਨੂੰ ਪਤਾ ਲੱਗ ਚੁਕਾ ਸੀ ਕਿ ਇਸ ਨੇ ਮਰਹੱਟਿਆਂ ਨਾਲ ਕੀ ਕੀਤਾ ਹੈ, ਤਾਂ ਖਬਰਦਾਰ ਹੋ ਜਾਣਾ ਚਾਹੀਦਾ ਸੀ। ਘੱਲੂਘਾਰਾ ਰੋਕਣ ਲਈ ਕੁਝ ਤਾਂ ਹੋਣਾ ਚਾਹੀਦਾ ਸੀ!
ਸਿੱਖਾਂ ਬਾਰੇ ਸਿਰਦਾਰ ਕਪੂਰ ਸਿੰਘ ‘ਸਰ ਫਜ਼ਲ ਹੁਸੈਨ ਦਾ ਇਕ ਵਿਚਾਰ’ ਕਿਤਾਬ ‘ਬਿਖ ਮਹਿ ਅੰਮ੍ਰਿਤ’ ਦੇ ਪੰਨਾ 4 ਉਤੇ ਲਿਖਦੇ ਹਨ ਕਿ ਹਿੰਦੂ ਬੜਾ ਦੂਰ ਦਰਸ਼ਕ ਹੈ, ਆਉਣ ਵਾਲੀ ਸਥਿਤੀ ਨੂੰ ਪਹਿਲਾਂ ਹੀ ਭਾਂਪ ਲੈਂਦਾ ਹੈ ਅਤੇ ਕੋਈ ਪ੍ਰਬੰਧ ਕਰ ਲੈਂਦਾ ਹੈ, ਪਰ ਮੁਸਲਮਾਨ ਜਦੋਂ ਕੋਈ ਸਥਿਤੀ ਸਿਰ ਉਪਰ ਆ ਜਾਵੇ ਤਾਂ ਚੌਕੰਨਾ ਹੋ ਜਾਂਦਾ ਹੈ, ਪਰ ਸਿੱਖ, ਜਿੰਨਾ ਚਿਰ ਵੇਲਾ ਲੰਘ ਨਾ ਜਾਵੇ, ਨਾ ਕੁਝ ਸੋਚਦਾ ਹੈ ਤੇ ਨਾ ਹੀ ਕਿਸੇ ਸੋਚਵਾਨ ਦੀ ਗੱਲ ਸੁਣਦਾ ਹੈ। ਫੜ੍ਹਾਂ ਤੇ ਫੋਕੇ ਦਮਗਜ਼ੇ ਮਾਰੀ ਜਾਂਦਾ ਹੈ।
ਸਾਲ 1762 ਤੋਂ 14 ਸਾਲ ਪਹਿਲਾਂ ਸਿੱਖਾਂ ਨੇ 12 ਮਿਸਲਾਂ ਬਣਾ ਲਈਆਂ ਸਨ। ਉਸ ਸਮੇਂ ਸਿੱਖਾਂ ਦੀ ਹਾਲਤ (ਫੌਜ ਪੱਖੋਂ) ਐਨੀ ਮਾੜੀ ਨਹੀਂ ਸੀ। ਦੂਜੀ ਗੱਲ, ਜਿਸ ਸਮੇਂ ਇਹ ਭਾਣਾ ਵਾਪਰਿਆ, ਉਸ ਵੇਲੇ ਪਟਿਆਲੇ ਵਿਚ ਬਾਬਾ ਆਲਾ ਸਿੰਘ ਦਾ ਰਾਜ ਸੀ। ਪਟਿਆਲੇ ਤੋਂ ਕੁੱਪ ਰਹੀੜਾ ਕਿੰਨੇ ਕੁ ਮੀਲ ਹੈ? ਬੱਸ 20-30 ਕੁ ਮੀਲ! ਜੇ ਕਿਤੇ ਸਿੱਖ ਅਤੇ ਮਰਹੱਟੇ ਰਲ ਕੇ ਅਬਦਾਲੀ ਨੂੰ ਪੈ ਜਾਂਦੇ ਤਾਂ ਇਤਿਹਾਸ ਕੁਝ ਹੋਰ ਹੋਣਾ ਸੀ!
18ਵੀਂ ਸਦੀ ਦੇ ਪਿਛਲੇ ਅੱਧ ਵਿਚ ਦਿੱਲੀ ਅਤੇ ਲਾਹੌਰ ਦੀ ਹਾਲਤ (ਸੱਤਾ ਪੱਖੋਂ) ਬਹੁਤ ਪਤਲੀ ਹੋ ਗਈ ਸੀ। ਇਸ ਸਮੇਂ ਵਿਚ ਵੀ ਸਿੱਖ ਲੁੱਟ-ਮਾਰ ਕਰਦੇ ਰਹੇ। ਪ੍ਰਿੰਸੀਪਲ ਸਤਿਬੀਰ ਸਿੰਘ ‘ਪੂਰਨ ਸੱਚ ਭਰੇ’ ਕਿਤਾਬ ਵਿਚ ਪੰਨਾ 228-229 ਉਤੇ ਲਿਖਦੇ ਹਨ ਕਿ 1765 ਤੋਂ 1787 ਤੱਕ ਸਿੱਖਾਂ ਨੇ ਦਿੱਲੀ ਨੂੰ 15 ਵਾਰ ਲੁੱਟਿਆ, ਇਸੇ ਤਰ੍ਹਾਂ ਕਈ ਵਾਰ ਲਾਹੌਰ ਨੂੰ ਵੀ ਲੁੱਟਿਆ; ਪਰ ਸਿੱਖਾਂ ਨੇ ਉਸ ਸਮੇਂ ‘ਰਾਜ’ ਆਪਣੇ ਹੱਥਾਂ ਵਿਚ ਨਾ ਲਿਆ। ਅਖੇ, ‘ਸਿੱਖੀ ਪ੍ਰੇਮ’ ਅੱਗੇ ‘ਰਾਜ’ ਦੀ ਅਹਿਮੀਅਤ ਹੀ ਕੀ ਹੈ! ਦਸਵੇਂ ਪਾਤਸ਼ਾਹ ਨੇ ਰਾਜ ਸਬੰਧੀ ਬੜੇ ਸਾਫ ਵਚਨ ਕੀਤੇ ਹੋਏ ਹਨ- ਸ੍ਰੀ ਮੁੱਖ ਵਾਕ ਭਨਿਓ ਗਰੀਬ ਨਿਵਾਜ, ਸ਼ਸਤਰਨ ਕੇ ਅਧੀਨ ਹੈ ਰਾਜ॥ ਰਾਜ ਬਿਨਾ ਨਹਿ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ॥ (ਸੂਰਜ ਪ੍ਰਕਾਸ਼), ਭਾਵ ਰਾਜ ਲੈਣਾ ਕੋਈ ਮਾੜਾ ਨਹੀਂ ਹੁੰਦਾ, ਜੇ ਰਾਜ ਪਾ ਕੇ ਧਰਮ ਦਾ ਪ੍ਰਚਾਰ ਕੀਤਾ ਜਾਵੇ। ਸਭ ਨੂੰ ਪਤਾ ਹੀ ਹੈ ਕਿ ਜੇ ਬੁੱਧ ਧਰਮ ਭਾਰਤ ਅਤੇ ਬਾਹਰਲੇ ਮੁਲਕਾਂ ਵਿਚ ਫੈਲਿਆ ਤਾਂ ਇਹ ਰਾਜਾ ਅਸ਼ੋਕ ਦੀ ਮਿਹਰਬਾਨੀ ਨਾਲ ਹੀ ਹੋ ਸਕਿਆ ਹੈ। ਮੁਸਲਮਾਨ ਰਾਜਿਆਂ ਨੇ ਵੀ ਇਸਲਾਮ ਨੂੰ ਵੱਡੀ ਪੱਧਰ ‘ਤੇ ਦੁਨੀਆਂ ਵਿਚ ਪ੍ਰਚਲਿਤ ਕਰਨ ਵਿਚ ਯੋਗਦਾਨ ਪਾਇਆ।
ਸੋ, ਅਜਿਹੇ ਸਮੇਂ ਸਿੱਖਾਂ ਨੇ ਰਾਜ ਹੀ ਨਹੀਂ ਲਿਆ, ਧਰਮ ਦਾ ਪ੍ਰਚਾਰ ਕਿਥੇ ਅਤੇ ਕਿਸ ਨੇ ਕਰਨਾ ਸੀ! ਅੰਗਰੇਜ਼ ਵਿਦਵਾਨ ਮੈਕਾਲਫ ਇਕ ਜਗ੍ਹਾ ਹਉਕਾ ਭਰਦਾ ਹੈ ਕਿ ਕਾਸ਼! ਕਿਤੇ ਗੁਰੂ ਗੋਬਿੰਦ ਸਿੰਘ ਇੰਗਲੈਂਡ ਵਿਚ ਜੰਮੇ ਹੁੰਦੇ, ਅਸੀਂ ਸਾਰੀ ਦੁਨੀਆਂ ਵਿਚ ਸਿੱਖੀ ਦਾ ਝੰਡਾ ਝੁਲਾ ਦਿੰਦੇ!
ਪਹਿਲਾਂ 1762 ਵਾਲਾ ਘੱਲੂਘਾਰਾ ਹੋਇਆ, ਫਿਰ ਜੂਨ 1984 ਵਾਲਾ ਘੱਲੂਘਾਰਾ ਹੋਇਆ ਜੋ ਆਪਣੇ ਹੀ ਮੁਲਕ ਦੀ ਸਰਕਾਰ ਨੇ ਗਿਣੀ-ਮਿਥੀ ਸਾਜ਼ਿਸ਼ ਤਹਿਤ ਕੀਤਾ। ਇਸ ਘੱਲੂਘਾਰੇ ਬਾਰੇ ਬੀæਬੀæਸੀæ ਦੇ ਪੱਤਰਕਾਰ ਮਾਰਕ ਟੱਲੀ, ਸਤੀਸ਼ ਜੈਕਬ, ਖੁਸ਼ਵੰਤ ਸਿੰਘ, ਕੁਲਦੀਪ ਨਈਅਰ, ਦਲਬੀਰ ਸਿੰਘ, ਹਰਬੀਰ ਸਿੰਘ ਭੰਵਰ, ਏæਆਰæ ਦਰਸ਼ੀ, ਡਾæ ਸੰਗਤ ਸਿੰਘ ਅਤੇ ਹੋਰ ਕਈ ਵਿਦਵਾਨਾਂ ਨੇ ਕਿਤਾਬਾਂ ਲਿਖੀਆਂ। ਜਿਨ੍ਹਾਂ ਲੋਕਾਂ ਨੂੰ ਇਸ ਬਾਰੇ ਸੱਚ ਦਾ ਪਤਾ ਨਹੀਂ, ਉਹ ਆਮ ਤੌਰ ‘ਤੇ ਸਾਰਾ ਦੋਸ਼ ਸਿੱਖਾਂ ਸਿਰ ਹੀ ਮੜ੍ਹ ਦਿੰਦੇ ਹਨ। ਇਸ ਸਾਰੇ ਰਾਮ-ਰੌਲੇ ਵਿਚ ਇਕ ਗੱਲ ਧਿਆਨ ਮੰਗਦੀ ਹੈ। ਜਦੋਂ ਜੂਨ 1984 ਤੋਂ ਪਹਿਲਾਂ ਸਿੱਖ ਲੀਡਰਾਂ ਦੀਆਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ ਪੰਜਾਬ ਸਮੱਸਿਆ ਬਾਰੇ ਮੀਟਿੰਗਾਂ ਚਲਦੀਆਂ ਸਨ ਤਾਂ ਘੱਟੋ-ਘੱਟ ਦੋ ਵਾਰੀ ਉਸ ਵੇਲੇ ਦੇ ਵਿਦੇਸ਼ ਮੰਤਰੀ ਸਵਰਨ ਸਿੰਘ ਨੇ ਦੋਵਾਂ ਧਿਰਾਂ ਵਿਚ ਪੈ ਕੇ ਰਾਜੀ ਕਰ ਲਿਆ ਸੀ, ਸਾਰੀ ਸਮੱਸਿਆ ਮੁੱਕ ਗਈ ਸੀ। ਬੱਸ, ਸਵੇਰ ਨੂੰ ਪ੍ਰਧਾਨ ਮੰਤਰੀ ਨੇ ਪਾਰਲੀਮੈਂਟ ਵਿਚ ਜਾ ਕੇ ਐਲਾਨ ਕਰਨਾ ਸੀ, ਪਰ ਪ੍ਰਧਾਨ ਮੰਤਰੀ ਨੇ ਅਜਿਹਾ ਨਾ ਕੀਤਾ। ਇਹ ਦੇਖ ਕੇ ਸਵਰਨ ਸਿੰਘ ਨੇ ਦੁਖੀ ਹੋ ਕੇ ਕਿਹਾ ਕਿ ਇਸ ਮਾਮਲੇ ਵਿਚ ਪ੍ਰਧਾਨ ਮੰਤਰੀ ਦਿਆਨਤਦਾਰ ਨਹੀਂ।
ਹੁਣ ਅਸਲ ਗੱਲ ਵੱਲ ਆਈਏ। ਜੇ 18ਵੀਂ-19ਵੀਂ ਸਦੀ ਦੇ ਜਥੇਦਾਰਾਂ ਅਤੇ ਅੱਜ ਦੇ ਜਥੇਦਾਰਾਂ ਦਾ ਟਾਕਰਾ ਕਰੀਏ ਤਾਂ ਸ਼ਰਮ ਨਾਲ ਸਿਰ ਝੁਕ ਜਾਂਦਾ ਹੈ। ਬੁਨਿਆਦੀ ਫਰਕ ਕੀ ਹੈ? ਪੁਰਾਣੇ ਜਥੇਦਾਰ ਸਿੱਖੀ ਪ੍ਰੇਮ ਦੇ ਸਾਹਮਣੇ ਰਾਜ ਨੂੰ ਟਿੱਚ ਸਮਝਦੇ ਸੀ, ਅੱਜ ਦੇ ਜਥੇਦਾਰ ਰਾਜ ਦੇ ਸਾਹਮਣੇ ਸਿੱਖੀ ਪ੍ਰੇਮ ਨੂੰ ਟਿੱਚ ਸਮਝਦੇ ਹਨ। ਸਮੀਕਰਨ ਬਦਲ ਗਿਆ ਹੈ। ਹੁਣ ਦੇ ਜਥੇਦਾਰ 84 ਦੇ ਘੱਲੂਘਾਰੇ ਲਈ ਕਾਂਗਰਸ ਨੂੰ ਦੋਸ਼ੀ ਕਹਿ ਕੇ ਪੱਲਾ ਝਾੜ ਦਿੰਦੇ ਹਨ। ਉਹ ਇਹ ਨਹੀਂ ਦੱਸਦੇ ਕਿ ਜਿਹੜੇ ਨੇਤਾ ਉਸ ਵੇਲੇ ਕਾਂਗਰਸ ਵਿਚ ਸਨ, ਉਹ ਹੁਣ ਕਿਹੜੀ ਪਾਰਟੀ ਵਿਚ ਹਨ? ਜਿਹੜੇ ਨੇਤਾ ਭਾਜਪਾ ਵਿਚ ਨੇਤਾ ਹਨ, ਉਨ੍ਹਾਂ ਨੇ ਉਸ ਸਮੇਂ ਪ੍ਰਧਾਨ ਮੰਤਰੀ ਨੂੰ ਵਧਾਈਆਂ ਦਿੱਤੀਆਂ ਅਤੇ ਅੰਮ੍ਰਿਤਸਰ ਜਾ ਕੇ ਬਿਆਨ ਦੇ ਦਿੱਤਾ ਕਿ ਇਹ ਮੰਦਭਾਗੀ ਘਟਨਾ ਹੈ। ਇਨ੍ਹਾਂ ਨੇਤਾਵਾਂ ਦੀ ਪਾਰਟੀ ਨਾਲ ਹੁਣ ਅਕਾਲੀ ਦਲ ਦੀ ਸਾਂਝ ਹੈ। ਇਸ ਹਾਲਤ ਵਿਚ ਇਸ ਪਾਰਟੀ ਕੋਲੋਂ ਕੀ ਆਸ ਰੱਖੀ ਜਾ ਸਕਦੀ ਹੈ?
ਜੂਨ 1984 ਤੋਂ ਬਾਅਦ ਪੱਤਰਕਾਰ ਖੁਸ਼ਵੰਤ ਸਿੰਘ ਨੇ ਕਿਹਾ ਸੀ ਕਿ ਸ਼ਾਇਦ 50 ਕੁ ਸਾਲਾਂ ਬਾਅਦ ਸਿੱਖੀ ਖਤਮ ਹੋ ਜਾਵੇ, ਪਰ ਸਾਡੇ ਅਜੋਕੇ ਜਥੇਦਾਰ ਇਸ ਗੱਲ ਨੂੰ ਪੜ੍ਹ ਸੁਣ ਕੇ ਜ਼ਿਆਦਾ ਫਿਕਰਮੰਦ ਨਜ਼ਰ ਨਹੀਂ ਆਉਂਦੇ। ਹਜ਼ਰਤ ਮੁਹੰਮਦ ਦਾ ਵਚਨ ਹੈ ਕਿ ਅਗਰ ਤੁਹਾਡੇ ਉਤੇ ਕੋਈ ਵਧੀਕੀ ਹੋ ਜਾਵੇ, ਤੇ ਤੁਸੀਂ ਬਹੁਤ ਲਾਚਾਰ ਹੋ, ਤੁਸੀਂ ਕੁਝ ਨਹੀਂ ਕਰ ਸਕਦੇ, ਤਾਂ ਵੀ ਤੁਸੀਂ ਆਪਣੇ ਘਰ, ਕਮਰੇ ਅੰਦਰ ਵੜ ਕੇ ਦਰਵਾਜਾ ਬੰਦ ਕਰ ਕੇ ਆਪਣੇ ਮਨ ਵਿਚ ਜ਼ਰੂਰ ਕਹਿ ਦਿਓ ਕਿ ਮੇਰੇ ਨਾਲ ਵਧੀਕੀ ਹੋਈ ਹੈ! ਜੇ ਤੁਸੀਂ ਇਸ ਤਰ੍ਹਾਂ ਵੀ ਕਰ ਲਿਆ ਤਾਂ ਅੱਲ੍ਹਾ ਤੁਹਾਨੂੰ ਇਸ ਦਾ ਵੀ ਸਵਾਬ (ਫਲ) ਦੇਵੇਗਾ।
ਸਿੱਖਾਂ ਦੀ ਅੱਜ-ਕੱਲ੍ਹ ਦੀ ਹਾਲਤ ਦੇਖ ਕੇ ਦਾਰਸ਼ਨਿਕ ਓਸ਼ੋ ਦੀ ਕਹਾਣੀ ਯਾਦ ਆਉਂਦੀ ਹੈ। ਉਸ ਨੇ ਲਿਖਿਆ ਹੈ ਕਿ ਕਿਸੇ ਜਾਦੂਗਰ ਨੇ ਕਈ ਭੇਡਾਂ ਰੱਖੀਆਂ ਹੋਈਆਂ ਸਨ। ਹਫਤੇ, ਦਸ ਦਿਨਾਂ ਬਾਅਦ ਜਦੋਂ ਉਸ ਦਾ ਜੀਅ ਕਰਦਾ, ਇਕ ਭੇਡ ਫੜ ਕੇ ਲੈ ਜਾਂਦਾ ਅਤੇ ਝਟਕਾ ਕੇ ਬਣਾ ਲੈਂਦਾ, ਸਾਰਾ ਟੱਬਰ ਖਾਂਦਾ। ਹੌਲੀ-ਹੌਲੀ ਭੇਡਾਂ ਨੂੰ ਪਤਾ ਲੱਗ ਗਿਆ ਕਿ ਇਹ ਭੇਡ ਫੜ ਕੇ ਕੀ ਕਰਦਾ ਹੈ? ਭੇਡਾਂ ਨੇ ਇਕ ਕੰਮ ਕੀਤਾ, ਜਦੋਂ ਉਹ ਜਾਦੂਗਰ ਵਾੜੇ ਵਿਚ ਆਵੇ ਤਾਂ ਭੇਡਾਂ ਦੂਰ-ਦੂਰ ਭੱਜਣ ਲੱਗ ਪਈਆਂ। ਉਸ ਨੂੰ ਦੂਰੋਂ-ਦੂਰੋਂ ਜਾ ਕੇ ਭੇਡਾਂ ਲਿਆਉਣੀਆਂ ਪੈਂਦੀਆਂ। ਉਹ ਬਹੁਤ ਦੁਖੀ ਹੋਇਆ ਅਤੇ ਭੇਡਾਂ ਨੂੰ ਪੁੱਛਣ ਲੱਗਾ ਕਿ ਤੁਸੀਂ ਭੱਜਦੀਆਂ ਕਿਉਂ ਹੋ? ਜਵਾਬ ਮਿਲਆ ਕਿ ਉਹ ਹੁਣ ਸਮਝ ਗਈਆਂ ਹਨ! ਜਾਦੂਗਰ ਨੇ ਸੋਚਿਆ ਕਿ ਹੁਣ ਕੀ ਕਰੇ। ਆਖਰ ਉਸ ਨੇ ਸਕੀਮ ਬਣਾਈ। ਉਸ ਨੇ ਭੇਡਾਂ ਲਈ ਇਕ ਦੀ ਬਜਾਏ ਦੋ ਵਾੜੇ ਬਣਾ ਦਿੱਤੇ। ਦੋਵਾਂ ਵਾੜਿਆਂ ਵਿਚ ਭੇਡਾਂ ਅੱਧੀਆਂ-ਅੱਧੀਆਂ ਵੰਡ ਦਿੱਤੀਆਂ। ਇਕ ਦਿਨ ਇਕ ਨੰਬਰ ਵਾਲੇ ਵਾੜੇ ਵਿਚ ਜਾ ਕੇ ਉਸ ਨੇ ਭਾਸ਼ਣ ਦਿੱਤਾ। ਕਹਿਣ ਲੱਗਾ, ਭੇਡੋ ਹੁਣ ਤੁਸੀਂ ਮੈਥੋਂ ਡਰੋ ਨਾ, ਕਿਉਂਕਿ ਮੈਂ ਤੁਹਾਡੇ ਵਿਚੋਂ ਹੁਣ ਭੇਡਾਂ ਛਾਂਟ ਦਿੱਤੀਆਂ ਹਨ। ਜੋ ਤੁਹਾਡੇ ਵਿਚ ਭੇਡਾਂ ਸਨ, ਉਹ ਮੈਂ ਦੂਜੇ ਵਾੜੇ ਵਿਚ ਬੰਨ੍ਹ ਦਿੱਤੀਆਂ ਹਨ। ਤੁਸੀਂ ਭੇਡਾਂ ਥੋੜ੍ਹਾ ਹੀ ਹੋ, ਤੁਹਾਡੇ ਵਿਚ ਕਈ ਹਿਰਨ ਹਨ, ਕਈ ਘੋੜੇ ਹਨ ਤੇ ਕਈ ਜ਼ੈਬਰੇ ਹਨ। ਤੁਹਾਡੇ ਵਿਚ ਕਈ ਸ਼ੇਰ ਵੀ ਹਨ। ਤੁਹਾਨੂੰ ਥੋੜ੍ਹਾ ਮੈਂ ਵੱਢ ਕੇ ਖਾਵਾਂਗਾ? ਭੇਡਾਂ ਇਹ ਸੁਣ ਕੇ ਬਹੁਤ ਖੁਸ਼ ਹੋਈਆਂ। ਸਾਰੀਆਂ ਭੇਡਾਂ ਆਪਣੇ ਆਪ ਨੂੰ ਸ਼ੇਰ ਸਮਝਣ ਲੱਗ ਪਈਆਂ ਤੇ ਦੂਜੀਆਂ ਨੂੰ ਘੋੜੇ ਤੇ ਹਿਰਨ। ਹਰ ਇਕ ਭੇਡ ਸੋਚੇ ਕਿ ਮੈਂ ਤਾਂ ਸ਼ੇਰ ਹਾਂ, ਮੈਨੂੰ ਥੋੜ੍ਹਾ ਵੱਢੇਗਾ। ਜਦੋਂ ਉਹ ਵਾੜੇ ਵਿਚ ਆ ਕੇ ਕਿਸੇ ਭੇਡ ਨੂੰ ਫੜ ਕੇ ਲੈ ਜਾਂਦਾ ਤਾਂ ਭੇਡ ਨੂੰ ਗਿਆਨ ਹੁੰਦਾ ਕਿ ਮੈਂ ਸ਼ੇਰ ਹਾਂ ਜਾਂ ਭੇਡ। ਦੂਜੀਆਂ ਭੇਡਾਂ ਇਹ ਸਮਝਦੀਆਂ ਸਨ ਕਿ ਉਹ ਤਾਂ ਭੇਡ ਸੀ, ਤਾਂ ਹੀ ਉਸ ਨੂੰ ਉਹ ਲੈ ਗਿਆ ਹੈ; ਮੈਂ ਸ਼ੇਰ ਹਾਂ, ਮੈਨੂੰ ਥੋੜ੍ਹਾ ਉਹ ਲੈ ਕੇ ਜਾਵੇਗਾ!
ਕਿਸੇ ਸਿੱਖ ਨੂੰ ਐਮæਐਲ਼ਏæ ਜਾਂ ਸ਼੍ਰੋਮਣੀ ਕਮੇਟੀ ਦੀ ਮੈਂਬਰੀ ਦੀ ਗੱਲ ਛੱਡੋ, ਕਿਸੇ ਪਿੰਡ ਦੀ ਪੰਚੀ ਦੀ ਟਿਕਟ ਵੀ ਮਿਲ ਜਾਵੇ ਤਾਂ ਉਹ ਸਭ ਕੁਝ ਭੁੱਲ-ਭੁਲਾ ਜਾਂਦਾ ਹੈ। ਇਸ ਕਰ ਕੇ ਸਿੱਖਾਂ ਦਾ ਹੁਣ ਰੱਬ ਹੀ ਰਾਖਾ ਹੈ।
ਸਿਰਦਾਰ ਕਪੂਰ ਸਿੰਘ ਦੀ ਕਿਤਾਬ ‘ਬਿਖੁ ਮਹਿ ਅੰਮ੍ਰਿਤ’ ਵਿਚ ਨੋਟ ਕਵਿਤਾ ਨਾਲ ਸਮਾਪਤੀ ਕਰਦੇ ਹਾਂ:
ਸ਼੍ਰੋਮਣੀ ਹਮਾਰੀ ਰਹੇ, ਸੇਵਾ ਚੰਦਾ ਜਾਰੀ ਰਹੇ,
ਸੰਘ ਨਾਲ ਯਾਰੀ ਰਹੇ, ਥਲੇ ਆਰੀਆ ਸਮਾਜ ਕੇ।
ਸਿੱਖੀ ਕੀ ਨਾ ਬਾਤ ਚਲੈ, ਪੰਥ ਕੀ ਨ ਗਾਥ ਚਲੈ,
ਲੂਟ ਦੋਨੋਂ ਹਾਥ ਚਲੈ, ਸੰਗ ਸਾਜ ਬਾਜ ਕੇ।
ਅਕਲ ਕੀ ਨ ਗੱਲ ਰਹੈ, ਇਕੋ ਕਾੱਲੀ ਦਲ ਰਹੈ,
ਨਿਤ ਤਰਥਲ ਰਹੈ, ਜ਼ਿੰਦਾਬਾਦ ਗਾਜ ਕੈ।
ਝੰਡੀ ਵਾਲੀ ਕਾਰ ਰਹੈ, ਫੂਲਨ ਕੇ ਹਾਰ ਰਹੈਂ,
ਗੋਲਕੇਂ ਭਰਪੂਰ ਕਰੈਂ, ਸਿੱਖ ਭਾਜ ਭਾਜ ਕੈ।
ਪੰਥ ਕੇ ਦਰਦ ਹਿਤ, ਬੁਧੀ ਕੀ ਜੋ ਸੇਧ ਦੇਵੇ,
ਨਿਕਟ ਨ ਆਣੇ ਪਾਵੈਂ, ਰਾਜ ਭਾਗ ਕਾਜ ਕੈ।
ਜਥੇਦਾਰ ਕਹਿਤ ਬਿਰਾਜੋ, ਮਤ ਤੁਸੀਂ ਭਾਜੋ ਸਿੱਖੋ,
ਝੂਲਤੇ ਨਿਸ਼ਾਨ ਰਹੇਂ, ਪੰਥ ਮਹਾਰਾਜ ਕੇ।