ਪੰਜਾਬ ਦੀਆਂ ਚੋਣਾਂ ਅਤੇ ਆਸ ਦੀ ਕਿਰਨ

ਪੰਜਾਬ ਦੀ ਵਿਧਾਨ ਸਭਾ ਬਾਰੇ ਉਤਸ਼ਾਹ ਐਤਕੀਂ ਪਹਿਲਾਂ ਵਾਲੀ ਕਿਸੇ ਵੀ ਚੋਣ ਤੋਂ ਵੱਖਰਾ ਹੈ। ਇਸ ਵਾਰ ਦੋ ਸਥਾਪਿਤ ਰਵਾਇਤੀ ਧਿਰਾਂ- ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ, ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਰੂਪ ਵਿਚ ਤਕੜੀ ਧਿਰ ਚੋਣ ਪਿੜ ਵਿਚ ਪੂਰੀਆਂ ਡੰਡ-ਬੈਠਕਾਂ ਮਾਰ ਕੇ ਨਿੱਤਰੀ ਹੋਈ ਹੈ। ਹਰ ਸਿਆਸੀ ਮਾਹਿਰ ਦੀ ਰਾਏ ਹੈ ਕਿ ਇਸ ਵਾਰ ਨਤੀਜੇ ਵੱਖਰੇ ਹੋਣਗੇ ਅਤੇ ਇਨ੍ਹਾਂ ਚੋਣਾਂ ਦੇ ਨਤੀਜਿਆਂ ਤੋਂ ਪੰਜਾਬ ਦੀ ਸਿਆਸਤ ਪਹਿਲਾਂ ਨਾਲੋਂ ਵੱਖਰੀ ਜ਼ਰੂਰ ਹੋਵੇਗੀ।

‘ਪੰਜਾਬ ਟਾਈਮਜ਼’ ਦੇ ਮੱਦਾਹ ਗੁਰਦਿਆਲ ਸਿੰਘ ਬਲ ਨੇ ਪੰਜਾਬ ਦੇ ਹੁਣ ਦੇ ਹਾਲਾਤ ਬਾਰੇ ਇਹ ਲੇਖ ਸਾਨੂੰ ਭੇਜਿਆ ਹੈ ਜੋ ਅਸੀਂ ਆਪਣੇ ਪਾਠਕਾਂ ਨਾਲ ਸਾਂਝਾ ਕਰਨ ਦੀ ਖੁਸ਼ੀ ਲੈ ਰਹੇ ਹਾਂ। -ਸੰਪਾਦਕ
ਗੁਰਦਿਆਲ ਸਿੰਘ ਬੱਲ
ਫੋਨ: 001-647-982-6091
ਪੰਜਾਬ ਦੇ ਇਤਿਹਾਸ ਵਿਚ ਸੰਕਟਮਈ ਦੌਰ ਅਤੇ ਡਰਾਮਈ ਮੋੜ ਅਕਸਰ 15-20 ਵਰ੍ਹਿਆਂ ਦੇ ਵਕਫੇ ਪਿੱਛੋਂ ਆਉਂਦੇ ਰਹੇ ਹਨ। ਪੰਜਾਬੀ ਸੰਕਟਾਂ ਨਾਲ ਜੂਝਦੇ ਰਹੇ ਹਨ ਅਤੇ ਹਰ ਸੰਕਟ ‘ਚੋਂ ਪਹਿਲਾਂ ਨਾਲੋਂ ਵੱਧ ਤਾਜ਼ਾ ਦਮ ਹੋ ਕੇ ਬਾਹਰ ਆਉਂਦੇ ਰਹੇ ਹਨ। ਅੱਜ ਮੁੜ ਪੰਜਾਬੀ ਕਿਸੇ Ḕਗੋਦੋ’ ਦੀ ਉਡੀਕ ਵਿਚ ਆਪਣੇ ਇਤਿਹਾਸ ਦੇ ਅਜਿਹੇ Ḕਸੁੰਨਸਾਨ ਚੌਰਸਤੇ’ ਉਤੇ ਖੜ੍ਹੇ ਹਨ ਜਿਥੋਂ ਰਾਹ ਦਿਖਾਉਣ ਵਾਲਾ ਹਾਲ ਦੀ ਘੜੀ ਉਨ੍ਹਾਂ ਨੂੰ ਕੋਈ ਮਸੀਹਾ ਨਜ਼ਰ ਨਹੀਂ ਆਉਂਦਾ। ਪੰਜਾਬ ਅੰਦਰ ਵਿਧਾਨ ਸਭਾ ਚੋਣਾਂ 4 ਫਰਵਰੀ ਨੂੰ ਪੈ ਗਈਆਂ ਹਨ ਜਿਸ ਦੀ ਉਡੀਕ ਪਿਛਲੇ ਦੋ ਵਰ੍ਹਿਆਂ ਤੋਂ ਬੇਹੱਦ ਬੇਸਬਰੀ ਅਤੇ ਤਾਂਘ ਨਾਲ ਕੀਤੀ ਜਾ ਰਹੀ ਸੀ। ਨਤੀਜੇ ਸਵਾ ਕੁ ਮਹੀਨੇ ਨੂੰ ਆਉਣੇ ਹਨ, ਪਰ ਇਕ ਵੱਡਾ ਸਵਾਲ ਹਰ ਕੋਈ ਪੁੱਛ ਰਿਹਾ ਹੈ ਕਿ ਕੋਈ ਮਸੀਹਾ ਉਭਰ ਕੇ ਸਾਹਮਣੇ ਆਵੇਗਾ ਜੋ ਉਨ੍ਹਾਂ ਦੇ ਦੁੱਖ ਨੂੰ ਸਮਝੇ ਅਤੇ ਉਸ ਦਾ ਦਾਰੂ ਕਰਨ ਦੇ ਸਮਰੱਥ ਹੋਵੇ?
ਪਿੰਡ ਪੱਧਰ Ḕਤੇ ਪੰਚਾਇਤੀ ਅਤੇ ਦੇਸ਼ ਪੱਧਰ Ḕਤੇ ਲੋਕ ਸਭਾ ਚੋਣਾਂ ਹੋਣ ਤਾਂ ਲੋਕਾਂ ਵਿਚ ਉਤਸ਼ਾਹ ਹੁੰਦਾ ਹੀ ਹੈ, ਪਰ ਐਤਕੀਂ ਵਿਧਾਨ ਸਭਾ ਚੋਣਾਂ ਲੋਕਾਂ ਅੰਦਰ ਉਸ ਕਿਸਮ ਦਾ ਉਤਸ਼ਾਹ ਅਤੇ ਜਲਵਾ ਨਜ਼ਰ ਆ ਰਿਹਾ ਹੈ ਜਿਸ ਕਿਸਮ ਦਾ ਉਤਸ਼ਾਹ ਚਾਰ ਦਹਾਕੇ ਪਹਿਲਾਂ 1977 ਦੀਆਂ ਲੋਕ ਸਭਾ ਚੋਣਾਂ ਮੌਕੇ ਸੀ। ਲੋਕਾਂ ਦੇ ਮਨਾਂ ਅੰਦਰ ਇੰਦਰਾ ਗਾਂਧੀ ਦੇ ਐਮਰਜੈਂਸੀ ਸ਼ਾਸਨ ਖਿਲਾਫ ਕਹਿਰਾਂ ਦਾ ਰੰਜ਼ ਅਤੇ ਗੁੱਸਾ ਸੀ। ਕਸ਼ਮੀਰ ਤੋਂ ਲੈ ਕੇ ਨਾਗਾਲੈਂਡ-ਮਨੀਪੁਰ ਤੱਕ, ਸਾਰਾ ਦੇਸ਼ ਕਾਂਗਰਸ ਪਾਰਟੀ ਖਿਲਾਫ ਇੱਕੋ ਧੁਰੇ Ḕਤੇ ਖੜ੍ਹਾ ਸੀ ਅਤੇ ਉਸ ਹਨ੍ਹੇਰੀ ਅੱਗੇ ਉਨ੍ਹਾਂ ਦਾ ਕੋਈ ਤਕੜੇ ਤੋਂ ਤਕੜਾ ਉਮੀਦਵਾਰ ਵੀ ਖੜ੍ਹਾ ਨਹੀਂ ਸੀ ਰਹਿ ਸਕਿਆ। ਪੰਜਾਬ ਦੀ ਸਥਾਪਤ ਰਾਜ ਸੱਤਾ ਵਿਰੁੱਧ ਲੋਕਾਂ ਅੰਦਰ ਰੋਹ ਅਤੇ ਰੋਸ ਇਸ ਵਾਰ ਵੀ ਉਸੇ ਤਰ੍ਹਾਂ ਦਾ ਨਜ਼ਰੀਂ ਆ ਰਿਹਾ ਹੈ, ਪਰ ਲੋਕਾਂ ਦੇ ਗੁੱਸੇ ਨੂੰ ਕੀ ਐਤਕੀਂ ਉਸ ਤਰ੍ਹਾਂ ਦਾ ਬੂਰ ਪਵੇਗਾ? ਇਹ ਹੈ ਸਵਾਲ ਜੋ ਕਰੀਬ ਇਕ ਮਹੀਨੇ ਤੋਂ ਪੰਜਾਬੀਆਂ ਦੀ ਹਰ ਮਹਿਫ਼ਿਲ, ਫੋਨ ਉਪਰ ਕੀਤੀ ਜਾਣ ਵਾਲੀ ਹਰ ਗੱਲਬਾਤ ਵਿਚ ਸਹਿਵਨ ਹੀ ਪੁੱਛਿਆ ਜਾ ਰਿਹਾ ਹੈ।
ਚੰਗੀ ਗੱਲ ਹੈ ਕਿ ਇਤਿਹਾਸ ਦੇ Ḕਸੁੰਨਸਾਨ ਚੌਰਸਤੇ’ ਉਤੇ ਖੜ੍ਹੇ ਹੋਣ ਦੇ ਬਾਵਜੂਦ ਲੋਕ ਨਿਰਾਸ਼ ਨਹੀਂ, ਬਲਕਿ ਪੂਰੇ ਉਤਸ਼ਾਹ ਵਿਚ ਹਨ। ਮਾਲਵਾ ਖੇਤਰ ਵਿਚ ਆਮ ਸਾਧਾਰਨ ਲੋਕ ḔਆਪḔ ਆਗੂ ਅਰਵਿੰਦ ਕੇਜਰੀਵਾਲ ਦੀ ਆਮਦ ਨੂੰ ਚੁਫੇਰੇ ਪਸਰੇ ਭ੍ਰਿਸ਼ਟਾਚਾਰ ਦੇ ਜੰਜਾਲ ਵਿਚੋਂ ਮੁਕਤ ਕਰਵਾਉਣ ਵਾਲੇ ਮਸੀਹਾ ਦੇ ਰੂਪ ਵਿਚ ਤੱਕ ਰਹੇ ਹਨ। ਸਥਾਪਤੀ ਦੀਆਂ ਧਿਰਾਂ ਬਹੁਤ ਪਿੱਛੇ ਰਹਿ ਗਈਆਂ ਹਨ। ਇਨ੍ਹਾਂ ਦੇ ਉਮੀਦਵਾਰਾਂ ਦਾ ਨਾਂ ਸੁਣ ਕੇ ਵੀ ਕੋਈ ਰਾਜ਼ੀ ਨਹੀਂ। ਟੱਕਰ ਉਨ੍ਹਾਂ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਧਿਰ ਨਾਲ ਹੈ, ਪਰ ਕੇਜਰੀਵਾਲ ਰੂਪੀ ਕਾਂਗ ਜਿਵੇਂ ਚੜ੍ਹੀ ਹੋਈ ਹੈ, ਉਸ ਨੂੰ ਵਿੰਹਦਿਆਂ ਦੂਸਰਾ ਅਹਿਮ ਸਵਾਲ ਮਹਿਜ਼ ਇੰਨਾ ਹੈ ਕਿ ਉਹ ਮਾਲਵੇ ਤੋਂ ਇਲਾਵਾ ਮਾਝੇ ਦੇ ਲੋਕਾਂ ਦੇ ਦਿਲ ਜਿੱਤਣ ਵਿਚ ਵੀ ਸਫ਼ਲ ਹੋ ਜਾਵੇਗਾ; Ḕਆਪ’ ਰੂਪੀ ਉਤਸ਼ਾਹੀ ਕਾਂਡ ਮਾਝੇ-ਦੁਆਬੇ ਵਿਚਲੀ ਮੰਝਧਾਰ ਨੂੰ ਵੀ ਪਾਰ ਪਾ ਜਾਵੇਗੀ?
ਬਹੁਤੇ ਲੋਕਾਂ ਨੂੰ ਕੇਜਰੀਵਾਲ ਦੇ ਰੂਪ ਵਿਚ ਜੇ ਮਸੀਹਾ ਨਜ਼ਰ ਆ ਰਿਹਾ ਤਾਂ ਕੁਝ ਮਨਾਂ ਵਿਚ ਅਜੇ ਵੀ ਸੰਦੇਹ ਬਾਕੀ ਕਿਉਂ ਹੈ? ਇਸ ਖਦਸ਼ੇ ਦਾ ਪਿਛੋਕੜ ਵੀ ਸਮਝਣਾ ਪੈਣਾ ਹੈ ਅਤੇ ਇਹ ਵੀ ਕਿ ਕੁਝ ਲੋਕ ਕਿਉਂ ਵਾਰ-ਵਾਰ ਪੱਛੀ ਜਾਂਦੇ ਹਨ ਕਿ ਐਤਕੀਂ ਵੀ ਕਿਤੇ ਮੁੜ 2012 ਵਾਲੀ ਗੱਲ ਤਾਂ ਨਹੀਂ ਹੋ ਜਾਵੇਗੀ? ਨਾਰਾਜ਼ਗੀ ਤਾਂ ਲੋਕਾਂ ਦੇ ਮਨਾਂ ਅੰਦਰ ਉਦੋਂ ਵਾਲੀ ਸ਼ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠਲੀ ਅਕਾਲੀ-ਭਾਜਪਾ ਸਰਕਾਰ ਵਿਰੁੱਧ ਵੀ ਘੱਟ ਨਹੀਂ ਸੀ। ਪੰਜਾਬ ਹਿਤੈਸ਼ੀ ਬੜੀ ਬੇਸਬਰੀ ਨਾਲ ਇਹ ਸਵਾਲ ਕਰਦੇ ਹਨ ਅਤੇ ਉਸ ਦਾ ਸਪਸ਼ਟ ਜਵਾਬ ਭਾਲਦੇ ਹਨ, ਪਰ ਜਵਾਬ ਕਿਸੇ ਕੋਲ ਵੀ ਨਹੀਂ ਹੈ। ਕਾਰਨ ਬੜਾ ਸਪਸ਼ਟ ਹੈ। ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਪ੍ਰੇਰਿਆ, ਉਨ੍ਹਾਂ ਦੇ ਮਨਾਂ ਅੰਦਰ ਆਸਾਂ ਤੇ ਉਮੀਦਾਂ ਵੀ ਜਗਾਈਆਂ। ਉਨ੍ਹਾਂ ਦੇਸ਼ ਦੀ ਰਾਜਧਾਨੀ ਅੰਦਰ ਕਾਂਗਰਸ ਤੇ ਭਾਜਪਾ ਨੂੰ ਕ੍ਰਿਸ਼ਮਈ ਅੰਦਾਜ਼ ਵਿਚ ਚੁਣੌਤੀ ਦਿੱਤੀ ਅਤੇ ਨਵੀਂ ਦਿੱਲੀ ਵਿਚ ਨਰੇਂਦਰ ਮੋਦੀ ਦੇ Ḕਰੱਥ’ ਨੂੰ ਉਸ ਸਮੇਂ ਨੇਸਤੋਨਬੂਦ ਕੀਤਾ, ਜਦੋਂ ਉਸ ਦਾ ਗਰੂਰ ਸੱਤਵੇਂ ਅਸਮਾਨ Ḕਤੇ ਸੀ। ਉਸ ਨੇ ਸੁਪਨੇ ਵਿਚ ਵੀ ਨਹੀਂ ਸੋਚਿਆ ਹੋਣਾ ਕਿ Ḕਗਰੀਬੜਾ’ ਜਿਹਾ ਨਜ਼ਰ ਆਉਂਦਾ Ḕਪਹਿਲਵਾਨ’ ਅਛੋਪਲੇ ਜਿਹੇ ਇੰਨੀ ਅਸਾਨੀ ਨਾਲ ਲੱਕੋਂ ਲੈ ਜਾਵੇਗਾ। ਕੇਜਰੀਵਾਲ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਪੁੱਟ ਸਕੇ ਜਾਂ ਨਾ; ਧਰਤੀ ਉਤੇ ਸਵਰਗ ਉਤਾਰ ਸਕੇ ਜਾਂ ਨਾ; ਅਸੀਂ ਇਸ ਬਹਿਸ ਵਿਚ ਨਹੀਂ ਪੈਣਾ, ਪਰ ਇੰਨੀ ਗੱਲ ਪੱਕੀ ਹੈ ਕਿ ਉਸ ਦੇ ਵਿਦਰੋਹ ਦਾ ਮਾਡਲ, ਉਸ ਦਾ ਪ੍ਰੇਰਨਾ ਸਰੋਤ Ḕਸੰਤ’ ਜੈ ਪ੍ਰਕਾਸ਼ ਨਰਾਇਣ ਹੀ ਸੀ। ਅਫਸੋਸ ਇਹ ਹੈ ਕਿ ਅਰਵਿੰਦ ਕੇਜਰੀਵਾਲ ਨੇ ਆਪਣੀ ਮੁਹਿੰਮ ਲਈ ਨਾਅਰੇ ਤਾਂ ਇਸ ਬਜ਼ੁਰਗ ਦਰਵੇਸ਼ ਦੀ ਕਿਤਾਬ ਵਿਚੋਂ ਲੈ ਲਏ, ਪਰ ਪੰਜਾਬ ਵਿਚ ਆਪਣੀ ਪਾਰਟੀ ਦੀ ਉਸਾਰੀ ਦੀ ਲੰਮੀ ਮੁਹਿੰਮ ਦੌਰਾਨ ਸਭ ਵਖਰੇਵਿਆਂ ਨੂੰ ਨਾਲ ਲੈ ਕੇ ਚੱਲਣ ਲਈ ਲੋੜੀਂਦੀ ਜੈ ਪ੍ਰਕਾਸ਼ ਨਰਾਇਣ ਵਾਲੀ ਸਹਿਣਸ਼ੀਲਤਾ ਕਿਧਰੇ ਵੀ ਨਹੀਂ ਦਿਖਾਈ। ਜੈ ਪ੍ਰਕਾਸ਼ ਨਰਾਇਣ ਨੇ ਇੰਦਰਾ ਗਾਂਧੀ ਖਿਲਾਫ ਆਪਣੀ ਮੁਹਿੰਮ ਜਦੋਂ ਵਿੱਢੀ, ਤਾਂ ਉਹਨੇ ਜਨ ਸੰਘ (ਹੁਣ ਭਾਜਪਾ), ਸੁਤੰਤਰ ਪਾਰਟੀ, ਸਿੰਡੀਕੇਟ ਕਾਂਗਰਸ ਅਤੇ ਰਾਮ ਨਰਾਇਣ ਲੋਹੀਆ, ਸਭ ਭਾਂਤ ਭਾਂਤ ਦੇ ਸਮਾਜਵਾਦੀ ਪੈਰੋਕਾਰਾਂ ਨੂੰ ਤਾਂ ਛੱਡੋ, ਮਾਰਕਸਵਾਦੀ ਕਮਿਊਨਿਸਟਾਂ ਨੂੰ ਵੀ ਆਪਣੇ ਛਕੜੇ ਵਿਚ ਬੜੇ ਸਹਿਜ ਨਾਲ ਹੀ ਚੜ੍ਹਾਅ ਲਿਆ ਸੀ। ਦੇਖਾ-ਦੇਖੀ ਇੰਦਰਾ ਗਾਂਧੀ ਦੇ ਬਾਬੂ ਜਗਜੀਵਨ ਰਾਮ, ਨੰਦਿਨੀ ਸਤਪਥੀ ਅਤੇ ਐਚæਐਨæ ਬਹੁਗੁਣਾ ਵਰਗੇ ਚੋਟੀ ਦੇ ਏਟੀਕਾਨ ਵੀ ਉਸ ਦੀ ਪਿੱਠ Ḕਤੇ ਆ ਗਏ ਸਨ। ਇਸ ਦੇ ਐਨ ਉਲਟ ਅਰਵਿੰਦ ਕੇਜਰੀਵਾਲ ਨੇ ਅਜਿਹਾ ਮੁਹਾਜ਼ ਬਣਾਉਣ ਦੀ ਕੋਈ ਕੋਸ਼ਿਸ਼ ਹੀ ਨਹੀਂ ਕੀਤੀ, ਸਗੋਂ ਦਿੱਲੀ ਵਿਚ ਫਤਿਹ ਦੇ ਝੰਡੇ ਗੱਡਣ ਤੋਂ ਤੁਰੰਤ ਬਾਅਦ ਪ੍ਰਸ਼ਾਂਤ ਭੂਸ਼ਨ ਵਰਗੇ ਆਪਣੇ ਮੁਢਲੇ ਤੇ ਸੁਚੱਜੇ ਸਾਥੀਆਂ ਨੂੰ ਬਿਨਾ ਵਜ੍ਹਾ ਆਪਣੇ ਖੇਮੇ ਵਿਚੋਂ ਬਾਹਰ ਹੱਕ ਦਿੱਤਾ। ਫੇਰ ਪੰਜਾਬ ਦੀ ਸੁਣੋ- ਪੰਜਾਬ ਵਿਚ ਲੋਕ ਸਭਾ ਚੋਣਾਂ ਦੌਰਾਨ ਚਾਰ ਉਮੀਦਵਾਰ ਤਾਂ ਜਿਤਾਏ ਹੀ ਜਿਤਾਏ, ਇਹ ਗਿਣਤੀ ਜ਼ਰਾ ਕੁ ਜਿੰਨੀ ਹੋਰ ਕੋਸ਼ਿਸ਼ ਨਾਲ 7 ਤੱਕ ਵੀ ਜਾਂਦੀ ਨਜ਼ਰ ਆ ਰਹੀ ਸੀ। ਜ਼ਾਹਿਰ ਹੈ, ਬਾਬੂ ਕੇਜਰੀਵਾਲ ਨੂੰ ਪੰਜਾਬ ਵਿਚ ਬੇਮਿਸਾਲ ਹੁੰਗਾਰਾ ਮਿਲਿਆ। ਡਾæ ਦਲਜੀਤ ਸਿੰਘ, ਸੁਮੇਲ ਸਿੰਘ ਸਿੱਧੂ ਅਤੇ ਮਾਲਵੇ ਦੇ ਦਰਵੇਸ਼ ਸਮਾਜ ਸੇਵੀ ਮਾਸਟਰ ਖੇਤਾ ਸਿੰਘ ਵਰਗੇ ਦੋ-ਚਾਰ ਨਹੀਂ, ਬਲਕਿ ਅਣਗਿਣਤ ਉਤਸ਼ਾਹੀ ਉਸ ਦੀ ਮੁਹਿੰਮ ਨੂੰ ਮੋਢਾ ਦੇ ਰਹੇ ਸਨ। ਇਹ ਲੋਕ ਉਹ ਸਨ ਜਿਨ੍ਹਾਂ ਵਿਚ ਕਿਸੇ ਵੀ ਕਿਸਮ ਦੀ ਖੁਦਗਰਜ਼ੀ ਲੇਸ ਮਾਤਰ ਵੀ ਨਹੀਂ ਸੀ। ਰਾਜ ਭਾਗ ਸਾਂਭ ਕੇ ਮਾਇਆ ਇਕੱਠੀ ਕਰਨ ਦੇ ਮਾਮਲੇ ਵਿਚ ਡੰਝਾਂ ਲਾਹੁਣ ਦੀ ਤਾਂ ਛੱਡੋ, ਇਨ੍ਹਾਂ ਕਰਮਯੋਗੀਆਂ ਨੂੰ ਵਿਧਾਇਕ ਬਣਨ ਜਾਂ ਕਿਸੇ ਕਿਸਮ ਦੀ ਚੌਧਰ ਹਥਿਆਉਣ ਦੀ ਵੀ ਕੋਈ ਤਮ੍ਹਾ ਨਹੀਂ ਸੀ। ਇਹ ਗੱਲ ਕਿਸ ਨੂੰ ਨਹੀਂ ਪਤਾ ਕਿ ਕੋਈ ਲਹਿਰ ਭਾਵੇਂ ਕਿੰਨੀ ਵੀ ਤਕੜੀ ਕਿਉਂ ਨਾ ਹੋਵੇ, ਉਸ ਨੂੰ ਸੰਭਾਲਣ ਲਈ ਸਤਹ ਉਪਰ ਅਸਰਦਾਰ ਸੰਗਠਨ ਤੋਂ ਬਿਨਾ ਉਹ ਪਾਣੀ ਉਪਰ ਬੁਲਬੁਲੇ ਵਾਂਗ ਵਿੰਹਦਿਆਂ ਵਿੰਹਦਿਆਂ ਛਾਈਂ-ਮਾਈਂ ਹੋ ਜਾਂਦੀ ਹੈ। ਪੰਜਾਬ ਵਿਚ ਕਾਰਗਰ ਪਾਰਟੀ ਢਾਂਚਾ ਖੜ੍ਹਾ ਕਰਨ ਲਈ ਉਸ ਕੋਲ ਢੇਰ ਸਮਾਂ ਸੀ, ਕੋਈ ਰੌਲਾ ਹੀ ਨਹੀਂ ਸੀ, ਪਰ ਕਰੀਬ ਡੇਢ ਸਾਲ ਪਹਿਲਾਂ ਬਾਬੂ ਕੇਜਰੀਵਾਲ ਨੇ ਪਾਰਟੀ ਦੀ ਜ਼ਾਬਤਾ ਕਮੇਟੀ ਦੇ ਮੁਖੀ ਡਾæ ਦਲਜੀਤ ਸਿੰਘ ਨੂੰ ਬੇਲੋੜੀ ਹਕਾਰਤ ਨਾਲ ਛਾਂਗ ਕੇ ਅਜਿਹੀ ਕਿਸੇ ਵੀ ਸਿਹਤਮੰਦ ਸੰਭਾਵਨਾ Ḕਤੇ ਲਕੀਰ ਫੇਰ ਦਿਤੀ; ਨਹੀਂ ਤਾਂ ਅਜਿਹੀ ਕਿਹੜੀ ਤੱਦੀ ਸੀ ਕਿ ਡਾæ ਧਰਮਵੀਰ ਗਾਂਧੀ ਜਾਂ ਯੋਗੇਂਦਰ ਯਾਦਵ ਵਰਗੇ ਸੱਜਣਾਂ ਨੂੰ ਨਾਲ ਨਹੀਂ ਸੀ ਰੱਖਿਆ ਜਾ ਸਕਦਾ। ਅਸੀਂ ਉਦੋਂ Ḕਕੇਜਰੀਵਾਲ ਡਾæ ਦਲਜੀਤ ਸਿੰਘ ਦੀ ਗੱਲ ਸੁਣਦਾ ਕਿਉਂ ਨਹੀਂ’ (1 ਅਗਸਤ 2015, ਪੰਜਾਬ ਟਾਈਮਜ਼) ਸਿਰਲੇਖ ਹੇਠ ਲੇਖ ਲਿਖਿਆ ਸੀ ਕਿ ਬਾਬੂ ਕੇਜਰੀਵਾਲ ਲੋਕਾਂ ਦੀਆਂ ਭਾਵਨਾਵਾਂ ਵੱਲ ਦੇਖੇ; ਦੀਪਕ ਠਾਕਰ (ਹੁਸ਼ਿਆਰਪੁਰ), ਭੁਪਿੰਦਰ ਬਾਂਸਲ (ਬਠਿੰਡਾ), ਪਰਮਿੰਦਰ ਗਿੱਲ (ਮੋਗਾ), ਸੁਰਿੰਦਰ ਸਿੰਘ ਘਰਿਆਲਾ ਵਰਗੇ ਨਿਸ਼ਕਾਮ, ਲੋਕ ਸੇਵਕ ਐਵੇਂ ਸਹਿਜ ਕੀਤਿਆਂ ਨਹੀਂ ਮਿਲਦੇ ਹੁੰਦੇ।
ਯਾਦ ਹੈ, ਬਾਬੂ ਕੇਜਰੀਵਾਲ ਨੇ ਜੂਨ 2015 ਵਿਚ ਪੰਜਾਬ ਵਿਚ ਆਪਣੀ ਮੁਹਿੰਮ ਦੇ ਦੂਸਰੇ ਪੜਾਅ ਦੀ ਸ਼ੁਰੂਆਤ ਆਪਣੇ ਵਿਸ਼ਵਾਸਪਾਤਰ ਸੰਜੇ ਸਿੰਘ ਦੀ ਰਹਿਨੁਮਾਈ ਹੇਠ Ḕਬੇਈਮਾਨ ਭਜਾਉ, ਪੰਜਾਬ ਬਚਾਉ’ ਦੇ ਉਸੇ ਤਰ੍ਹਾਂ ਦੇ ਬੁਲੰਦ ਨਾਅਰੇ ਨਾਲ ਕੀਤੀ ਸੀ ਜਿਸ ਤਰ੍ਹਾਂ ਮੁਕੰਮਲ ਇਨਕਲਾਬ ਦਾ ਨਾਅਰਾ ਉਸ ਦੇ ਪ੍ਰੇਰਕ ਜੈ ਪ੍ਰਕਾਸ਼ ਨਰਾਇਣ ਨੇ ਲਾਇਆ ਸੀ। ਬਿਹਤਰ ਸੀ ਕਿ ਕੇਜਰੀਵਾਲ ਨੂੰ ਉਸ ਦੀਆਂ ਸਫਲਤਾਵਾਂ ਅਤੇ ਸੀਮਾਵਾਂ ਦਾ ਪੂਰਾ ਪਤਾ ਹੁੰਦਾ। ਜੈ ਪ੍ਰਕਾਸ਼ ਨਰਾਇਣ ਨੇ ਸਭ ਵਖਰੇਵਿਆਂ ਨੂੰ ਨਾਲ ਲੈਣ ਲਈ ਮਹਿਜ਼ ਪੂਰਾ ਹੀ ਓਪਨ ਕਰ ਦਿਤਾ, ਵਿਚਾਰਧਾਰਕ ਐਕਸਿਜ਼ ਕੋਈ ਰੱਖਿਆ ਹੀ ਨਾ। ਨਤੀਜਾ ਸਾਫ ਸੀ- ਸਰਕਾਰ ਬਣਦਿਆਂ ਹੀ ਕਾਂਗਰਸੀ ਹਾਕਮਾਂ ਦੇ ਭ੍ਰਿਸ਼ਟਾਚਾਰ ਨੂੰ ਬੇਪਰਦ ਕਰਨ ਲਈ ਬਣੇ ਕਮਿਸ਼ਨ ਅਜੇ ਸ਼ੁਰੂਆਤੀ ਗੇੜਾਂ ਵਿਚ ਹੀ ਸਨ ਕਿ ਮੁਰਾਰ ਜੀ ਦੇਸਾਈ, ਚੌਧਰੀ ਚਰਨ ਸਿੰਘ ਅਤੇ ਰਾਜ ਨਰਾਇਣ ਵਰਗੇ ਮਹਾਂ ਨਾਇਕ ਆਪੋ ਵਿਚ ਝਜੂ ਪਾ ਕੇ ਬਹਿ ਗਏ। ਕੇਜਰੀਵਾਲ ਨੇ ਪਾਰਟੀ ਨੂੰ ਜ਼ਾਬਤੇ ਦੀ ਲੀਹ Ḕਤੇ ਲਿਆਉਣ ਲਈ ਦਿਨੇਸ਼ ਵਿਘੇਲਾ, ਅਸ਼ੀਸ਼ ਖੇਤਾਨ ਅਤੇ ਪੰਕਜ ਗੁਪਤਾ Ḕਤੇ ਆਧਾਰਤ ਜੋ ਕਮੇਟੀ ਬਣਾਈ, ਉਸ ਨੇ ਡਾæ ਦਲਜੀਤ ਸਿੰਘ ਦਾ ਮੜਾਸਾ ਕਰ ਕੇ ਹੋਰ ਹੀ ਚੰਦ ਚੜ੍ਹਾਅ ਦਿਤਾ। ਮਾਨੋ ਜੈ ਪ੍ਰਕਾਸ਼ ਨਰਾਇਣ ਮਾਰਕਾ ਹਰ ਤਰ੍ਹਾਂ ਦੀ ਵਿਚਾਰਧਾਰਕ ਵੰਨ-ਸੁਵੰਨਤਾ ਲਈ ਸਪੇਸ ਅਤੇ ਸਤਿਕਾਰ ਦੇ ਰਾਜਨੀਤਕ ਤਜਰਬੇ ਅੰਦਰ ਨਿਹਤ ਜੋ ਸੰਭਾਵੀ ਖਤਰੇ ਹੋ ਸਕਦੇ ਸਨ, ਉਨ੍ਹਾਂ ਵਿਰੁੱਧ ਪੱਕੀ ਹੀ Ḕਪੇਸ਼ਬੰਦੀ’ ਹੋ ਗਈ। ਹਾਸੇ ਵਾਲੀ ਗੱਲ ਹੈ ਕਿ ਕੇਜਰੀਵਾਲ ਨੇ ਆਪਣੇ ਬਜ਼ੁਰਗ ਬਾਬੂ, ਜੈ ਪ੍ਰਕਾਸ਼ ਨਰਾਇਣ ਵਾਲੇ ਤਜਰਬੇ ਤੋਂ ਸਬਕ ਤਾਂ ਲਿਆ, ਪਰ ਆਸ ਤੋਂ ਕੁਝ ਵਧੇਰੇ ਮਿਕਦਾਰ ਵਿਚ ਹੀ ਲੈ ਲਿਆ। ਭਲੇ ਲੋਕਾਂ ਨੂੰ ਮਾਮਲਾ ਤਾਨਾਸ਼ਾਹ ਰੁਝਾਨ ਵੱਲ ਜਾਂਦਾ ਨਜ਼ਰ ਆਇਆ। ਲੋਕ ਨਾਇਕ ਦਾ ਪ੍ਰੋਜੈਕਟ ਭਾਵਨਾ ਪੱਖੋਂ ਬਿਲਕੁਲ ਸਹੀ ਹੈ, ਪਰ ਸਵਾਲ ਤਾਂ ਇਹ ਸੀ ਕਿ ਇਸ ਨੂੰ ਅਮਲ ਵਿਚ ਪਾਉਣਾ ਕਿੰਝ ਹੈ!
ਬਾਬੂ ਕੇਜਰੀਵਾਲ ਨੇ ਅਜਿਹਾ ਨਾ ਕੀਤਾ। ਡਾæ ਦਲਜੀਤ ਸਿੰਘ ਵਾਲਾ ਕੰਡਾ ਕੱਢ ਦੇਣ ਤੋਂ ਬਾਅਦ ਦੇ ਸਾਰੇ ਮਹੀਨਿਆਂ ਦੌਰਾਨ ਪਾਰਟੀ ਦੇ ਕੇਂਦਰੀ ਰਹਿਨੁਮਾਵਾਂ ਨੇ ਪੰਜਾਬ ਅੰਦਰ ਪਾਰਟੀ ਸੰਗਠਨ ਨੂੰ ਸਿਹਤਮੰਦ ਲੀਹਾਂ Ḕਤੇ ਉਸਾਰਨ ਲਈ ਕਿਸੇ ਵੀ ਮੋੜ Ḕਤੇ ਕਦੀ ਕੋਈ ਕੋਸ਼ਿਸ਼ ਨਾ ਕੀਤੀ। ਇਸੇ ਅਰਸੇ ਦੌਰਾਨ ਪੰਜਾਬ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਮੁੱਦੇ ਨੂੰ ਲੈ ਕੇ ਕੁਝ ਪੰਥਕ ਧਿਰਾਂ ਨੇ ਸਰਬੱਤ ਖਾਲਸਾ ਮਾਰਕਾ ਰਾਜਨੀਤੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਲੋਕ ਪਿਛਲੇ ਖਾੜਕੂ-ਹਿੰਸਕ ਦੌਰ ਦੇ ਤਜਰਬੇ ਤੋਂ ਸ਼ਾਇਦ ਏਨੇ ਖ਼ੌਫ਼ਜ਼ਦਾ ਸਨ ਕਿ ਉਨ੍ਹਾਂ ਧਿਰਾਂ ਨੂੰ ਕੋਈ ਹੁੰਗਾਰਾ ਨਾ ਮਿਲਿਆ। ਦੂਸਰੇ ਪਾਸੇ Ḕਆਪ’ ਦੀ ਹਾਈ ਕਮਾਂਡ ਨੇ ਪਾਰਟੀ ਸਫਾਂ ਵਿਚ ਸੁਮੇਲ ਸਿੰਘ ਸਿੱਧੂ, ਡਾæ ਦਲਜੀਤ ਸਿੰਘ ਅਤੇ ਧਰਮਵੀਰ ਗਾਂਧੀ ਦੇ ਰੂਪ ਵਿਚ ਅਨੇਕਾਂ ਸਮਰੱਥ ਅਵਾਜ਼ਾਂ ਨੂੰ ਹਮੇਸ਼ਾ ਲਈ ਚੁੱਪ ਕਰਵਾਉਣ ਪਿੱਛੋਂ ਅਗਲੀ ਸਨਸਨੀ ਸੁੱਚਾ ਸਿੰਘ ਛੋਟੇਪੁਰ ਨੂੰ ਅਚਾਨਕ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਪਾਰਟੀ ਵਿਚੋਂ ਕੱਢ ਕੇ ਫੈਲਾਈ। ਛੋਟੇਪੁਰ ਕੋਲੋਂ ਨਿਸਚੇ ਹੀ ਕੋਈ ਕੁਤਾਹੀ ਹੋ ਸਕਦੀ ਹੈ, ਪਰ ਭਰੋਸੇਯੋਗ ਜਾਣਕਾਰਾਂ ਅਨੁਸਾਰ, Ḕਛੋਟੇਪੁਰ ਓਪਰੇਸ਼ਨ’ ਲਈ ਜਿਸ ਕਿਸਮ ਦੀ ਭੂਮਿਕਾ ਮਾਨਸਾ ਦੇ ਗੁਰਲਾਲ ਸਿੰਘ ਮਾਹਲ ਨਾਂ ਦੇ ਅਨਾੜੀ ਵਕੀਲ ਅਤੇ ਉਸ ਦੇ ਨਾਲ ਹਿੰਮਤ ਸਿੰਘ ਸ਼ੇਰਗਿੱਲ ਨੇ ਨਿਭਾਈ, ਉਸ Ḕਓਪਰੇਸ਼ਨ’ ਦੇ ਸਾਰੇ ਵਿਸਥਾਰ ਸੁਣਦਿਆਂ ਉਨ੍ਹਾਂ ਦੀ ਅਕਲ Ḕਤੇ ਰੋਣ ਆਉਂਦਾ ਹੈ। ਇਸੇ ਤਰ੍ਹਾਂ ਪ੍ਰਸ਼ਾਂਤ ਭੂਸ਼ਨ ਵਰਗੇ ਸੁਚੱਜੇ ਇਨਸਾਨ ਨੂੰ ਛਾਂਗਣ ਲਈ ਕੀਤਾ ਗਿਆ ਸੀ।æææ ਤੇ ਫਿਰ Ḕਆਪ’ ਦੇ ਨਿਕਾਸ ਅਤੇ ਵਿਕਾਸ ਦੇ ਕਰਮ ਵਿਚ ਅਜਿਹਾ ਹੀ ਇਕ ਹੋਰ ਮਜ਼ਾਹੀਆ ਕਾਂਡ ਛੋਟੇਪੁਰ ਦੀ ਜਗ੍ਹਾ ਗੁਰਪ੍ਰੀਤ ਸਿੰਘ ਵੜੈਚ (ਘੁੱਗੀ) ਨੂੰ ਕਨਵੀਨਰ ਬਣਾਏ ਜਾਣ ਦੇ ਰੂਪ ਵਿਚ ਸਾਹਮਣੇ ਆਇਆ। ਸਵਾਲ ਗੁਰਪ੍ਰੀਤ ਸਿੰਘ ਦੀ ਸਮਰੱਥਾ ਜਾਂ ਅਸਮਰੱਥਾ ਦਾ ਨਹੀਂ, ਸਵਾਲ ਇਹ ਹੈ ਕਿ ਆਖ਼ਰ ਉਹ ਮਾਪ-ਦੰਡ ਕਿਹੜੇ ਸਨ ਜਿਨ੍ਹਾਂ ਤਹਿਤ ਪੰਜਾਬੀ ਹਾਸ-ਰਸ ਦੇ ਇਸ ਸ਼ਹਿਨਸ਼ਾਹ ਨੂੰ ਅਜਿਹੀ ਅਹਿਮ ਜ਼ਿੰਮੇਵਾਰੀ ਸੰਭਾਈ ਗਈ। ਹਾਂ, ਇਕ ਫਾਇਦਾ ਪਾਰਟੀ ਨੂੰ ਜ਼ਰੂਰ ਹੋਇਆ ਕਿ ਕੰਵਰ ਸੰਧੂ, ਸੁਖਪਾਲ ਖਹਿਰਾ ਅਤੇ ਵਗਦੀ ਗੰਗਾ ਵਿਚ ਹੱਥ ਧੋਣ ਲਈ ਪਾਰਟੀ ਵਿਚ ਆਏ ਕੁਝ ਹੋਰ ਉਤਸ਼ਾਹੀ ਸੱਜਣਾਂ ਨੂੰ ਕੰਨ ਹੋ ਗਏ। ਫਿਰ ਕਿਸੇ ਨੇ ਜ਼ਾਬਤਾ-ਸ਼ਿਕਨੀ ਦੇ ਰੂਪ ਵਿਚ ਚੂੰ-ਪੈਂ ਕਰਨ ਦੀ ਜ਼ਰਾ ਜਿੰਨੀ ਜੁਅੱਰਤ ਵੀ ਨਾ ਕੀਤੀ। ਸ਼ੁਰੂਆਤੀ ਹਮਾਇਤ ਦੀ ਚੜ੍ਹੀ ਹੋਈ ਕਾਂਗ ਦੌਰਾਨ ਅਜਿਹੀਆਂ ਧੱਕੜ ਕਾਰਵਾਈਆਂ ਦੇ ਫਾਇਦੇ ਹੁੰਦੇ ਹਨ।
ਸੋ ਛੋਟੇਪੁਰ ਕਾਂਡ ਪਿੱਛੋਂ ਪਾਰਟੀ ਅੰਦਰ ਦਿੱਲੀਓਂ ਆ ਕੇ ਪੰਜਾਬ ਡੇਰੇ ਲਗਾਈ ਬੈਠੀ ਲੀਡਰਸ਼ਿਪ ਵਿਰੁੱਧ ਇਕ-ਦੋ ਵਾਰ ਬਗਾਵਤ ਦੀਆਂ ਤਕੜੀਆਂ ਸੁਰਾਂ ਉਭਰੀਆਂ, ਪਰ ਉਹ ਕੇਜਰੀਵਾਲ ਦੇ ਤਲਿਸਮ ਨੂੰ ਪੰਕਚਰ ਨਾ ਕਰ ਸਕੀਆਂ। ਧਰਮਵੀਰ ਗਾਂਧੀ, ਸੁਮੇਲ ਸਿੰਘ ਸਿੱਧੂ ਜਾਂ ਡਾæ ਦਲਜੀਤ ਸਿੰਘ ਨੂੰ ਵੀ ਛੱਡੋ, ਉਨ੍ਹਾਂ ਵਰਗੇ ਬਥੇਰੇ ਲੋਕਾਂ ਨੂੰ ਨਜ਼ਰਅੰਦਾਜ਼ ਨਾ ਕੀਤਾ ਗਿਆ ਹੁੰਦਾ, ਤਾਂ ਬਾਜ਼ੀ 100 ਦੇ ਅੰਕੜੇ ਤੋਂ ਪਾਰ ਹੋਣ ਤੱਕ ਚਲੀ ਗਈ ਹੋਣੀ ਸੀ। ਇਹ ਤਾਂ ਰੁਕਦੀ ਹੀ ਨਹੀਂ ਸੀ।
ਸਪਸ਼ਟ ਹੈ ਕਿ ḔਆਪḔ ਨੂੰ ਅਸਲ ਚੁਣੌਤੀ ਕਾਂਗਰਸ ਪਾਰਟੀ ਤੋਂ ਹੈ। ਪਿਛਲੀ ਵਾਰ ਉਨ੍ਹਾਂ ਦੀ ਬੇੜੀ ਮਨਪ੍ਰੀਤ ਸਿੰਘ ਬਾਦਲ ਨੇ ਤਾਂ ਡੋਬੀ ਹੀ ਡੋਬੀ, 10 ਸੀਟਾਂ Ḕਤੇ ਬਾਗੀ ਉਮੀਦਵਾਰ ਉਨ੍ਹਾਂ ਦੇ ਜੜ੍ਹੀਂ ਬਹਿ ਗਏ ਸਨ। ਇਸ ਵਾਰ ਮੁੜ 30 ਬਾਗੀ ਉਮੀਦਵਾਰ ਉਨ੍ਹਾਂ ਦੇ ਖੇਮੇ ਵਿਚ ਹੈਗੇ ਅਤੇ ਉਨ੍ਹਾਂ ਵਿਚੋਂ ਬੰਗਾ, ਪਠਾਨਕੋਟ, ਅੰਮ੍ਰਿਤਸਰ (ਦੱਖਣੀ), ਨਕੋਦਰ, ਗੜ੍ਹਸ਼ੰਕਰ ਸਮੇਤ ਘੱਟੋ-ਘੱਟ ਇਕ ਦਰਜਨ ਸੀਟਾਂ Ḕਤੇ ਵੀ ਉਹੋ ਵਰਤਾਰਾ ਉਨ੍ਹਾਂ ਵਿਰੁੱਧ ਜਾ ਸਕਦਾ ਹੈ ਅਤੇ ਇਸ ਦਾ ਲਾਭ ਬਹੁਤ ਸੰਭਵ ਹੈ ਕਿ ਐਤਕੀਂ ਅਕਾਲੀਆਂ ਨੂੰ ਨਹੀਂ, ਕੇਜਰੀਵਾਲ ਦੀ ਮੁਹਿੰਮ ਨੂੰ ਹੀ ਪਹੁੰਚੇ।
ਕੁਲ ਮਿਲਾ ਕੇ ਹਾਲ ਦੀ ਘੜੀ ਮੁੱਖ ਟੱਕਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਸੁੰਗੜ ਗਈ ਹੈ। ਇਸ ਦੇ ਬਾਵਜੂਦ ਹਰ ਘਰ ਵਿਚ ਬਹਿਸ ਇਸ ਨੁਕਤੇ Ḕਤੇ ਕੇਂਦਰਿਤ ਹੈ- ਕੀ ਕੇਜਰੀਵਾਲ ਦੇ ਨਾਂ Ḕਤੇ ਬਣੀ ਲਹਿਰ ਕਿੰਨੀ ਕੁ ਤਕੜੀ ਹੈ? ਕੀ ਇਹ ਕੈਪਟਨ ਵਰਗੀ ਬਲਵਾਨ ਧਿਰ ਨੂੰ ਹੜ੍ਹਾ ਕੇ ਲਿਜਾ ਸਕਦੀ ਹੈ? ਜੇ ਇਸ ਪ੍ਰਸ਼ਨ ਦਾ ਜਵਾਬ ਨਾਂਹ ਵਿਚ ਹੈ ਅਤੇ ਕਾਂਗਰਸ ਤੇ ḔਆਪḔ ਵੋਟਾਂ ਤਕਰੀਬਨ ਬਰਾਬਰ ਹੀ ਵੰਡ ਰਹੀਆਂ ਹਨ ਤਾਂ ਕੌਣ ਜਾਣਦਾ ਹੈ ਕਿ ਸੁਖਬੀਰ ਸਿੰਘ ਬਾਦਲ ਐਤਕੀਂ ਵੀ ਕੁਝ ਸੀਟਾਂ ਲਿਜਾਣ ਵਿਚ ਸਫਲ ਹੀ ਨਾ ਹੋ ਜਾਵੇ! æææ ਜਾਂ ਫਿਰ ਜੇ ਹੰਗ ਅਸੈਂਬਲੀ ਬਣਦੀ ਹੈ ਤਾਂ ਉਹ ਕਿਹੜੇ ਕੰਮ ਆਵੇਗੀ? ਜ਼ਾਹਿਰ ਹੈ ਕਿ ਪਰਵਾਸੀ ਪੰਜਾਬੀਆਂ ਦੀਆਂ ਦੁਆਵਾਂ ਅਤੇ ਪੰਜਾਬੀ ਵੋਟਰਾਂ ਦੀ ਸਾਰੀ ਘਾਲ ਕਮਾਈ ਗੁੜ ਗੋਬਰ ਹੋ ਜਾਵੇਗੀ ਅਤੇ ਅਜਿਹੀ ਸਥਿਤੀ ਦੀ ਸਮੁੱਚੀ ਜ਼ਿੰਮੇਵਾਰੀ ਪਹਿਲੇ ਨੰਬਰ Ḕਤੇ ਕੇਜਰੀਵਾਲ ਅਤੇ ਦੂਸਰੇ ਨੰਬਰ Ḕਤੇ ਹਮੇਸ਼ਾ ਵਾਂਗੂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਸਿਰ ਹੋਵੇਗੀ। ਕੇਜਰੀਵਾਲ ਦੇ ਸਿਰ Ḕਤੇ ਇਸ ਲਈ ਕਿਉਂਕਿ ਉਸ ਨੇ ਪਾਰਟੀ ਵਿਚੋਂ ਆਗੂ ਬਾਹਰ ਕੱਢਣ ਲੱਗਿਆਂ ਇਸ ਗੱਲ ਦਾ ਜ਼ਰਾ ਜਿੰਨਾ ਵੀ ਖਿਆਲ ਨਾ ਰੱਖਿਆ ਕਿ ਪੰਜਾਬ ਦੇ ਜਜ਼ਬਾਤੀ ਅਤੇ ਅਣਖੀਲੇ ਲੋਕ ਕਿੱਡੀ ਵੱਡੀ ਤਵੱਕੋ ਕਰ ਕੇ ਉਨ੍ਹਾਂ ਨੂੰ ਲੀਡਰ ਮੰਨੀ ਬੈਠੇ ਹਨ ਅਤੇ ਉਨ੍ਹਾਂ ਵੱਲੋਂ ਬਦਕਾਰ ਕਿਸਮ ਦੀ ਰਾਜਨੀਤੀ ਖੇਡਣ ਦੀ ਸੂਰਤ ਵਿਚ ਉਨ੍ਹਾਂ ਦੇ ਦਿਲਾਂ Ḕਤੇ ਕੀ ਬੀਤੇਗੀ! ਕਾਂਗਰਸ ਹਾਈ ਕਮਾਂਡ ਨੇ ਡੇਢ ਮਹੀਨੇ ਤੋਂ ਵੀ ਵੱਧ ਸਮੇਂ ਤੱਕ ਕੈਪਟਨ ਨੂੰ ਦਿੱਲੀ ਬਹਾਈ ਰੱਖਿਆ। ਇਹ ਰਾਜਨੀਤਕ ਬੇਹਯਾਈ ਦੀ ਸਿਖਰ ਹੀ ਤਾਂ ਸੀ।
ਪੰਜਾਬ ਦੇ ਲੋਕ ਪੰਜਾਬ ਅੰਦਰ ਕੇਰਾਂ ਕੇਜਰੀਵਾਲ ਦੀ ਪਾਰਟੀ ਦੀ ਸਰਕਾਰ ਦੇਖਣਾ ਚਾਹੁੰਦੇ ਹਨ। ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦਾ ਕੋਈ ਐਡਾ ਰੌਲਾ ਨਹੀਂ ਹੈ, ਉਹ ਉਸ ਨੂੰ ਵੀ ਰਤਾ ਕੁ ਘੱਟ ਚਾਅ ਨਾਲ ਸਹਿਣ ਕਰ ਸਕਦੇ ਹਨ। ਲੋਕ ਐਤਕੀਂ ਬਾਦਲਕਿਆਂ ਦਾ ਨਾਂ ਸੁਣ ਕੇ ਵੀ ਰਾਜ਼ੀ ਨਹੀਂ।
ਲੇਖ ਪੂਰਾ ਕਰਨ ਤੋਂ ਪਹਿਲਾਂ ਮਿੱਤਰ ਅਤੇ ਦਾਨਸ਼ਵਰ ਅਰਥ ਸ਼ਾਸਤਰੀ ਪ੍ਰੋæ ਸੁੱਚਾ ਸਿੰਘ ਗਿੱਲ ਨਾਲ ਗੱਲਬਾਤ ਕੀਤੀ। ਉਹ ਥੋੜ੍ਹਾ ਉਦਾਸ ਸਨ ਕਿ ਕੇਜਰੀਵਾਲ ਸਮੇਤ ਤਿੰਨੇ ਧਿਰਾਂ ਪਾਪੂਲਿਸਟ ਵਾਅਦੇ ਕਰ ਰਹੀਆਂ ਹਨ; ਲੋੜ ਤਾਂ ਪੰਜਾਬ ਦੀ ਪੇਂਡੂ ਆਰਥਿਕਤਾ ਦੀ ਮੂਲ ਸੰਰਚਨਾ ਬਦਲਣ ਦੀ ਹੈ; ਕਰਜ਼ੇ ਮੁਆਫ਼ ਹੋਈ ਗਏ ਤਾਂ ਕਿਸਾਨਾਂ ਨੂੰ ਅਗਲੇ ਵਰ੍ਹੇ ਮੁੜ ਦੇਣੇ ਪੈ ਜਾਣੇ ਹਨ।