ਟਰੰਪ ਨੇ ਪਰਵਾਸੀਆਂ ਦਾ ਰਾਹ ਡੱਕਿਆ

ਵਾਸ਼ਿੰਗਟਨ: ਰਾਸ਼ਟਰਪਤੀ ਡੋਨਲਡ ਟਰੰਪ ਤਾਜਪੋਸ਼ੀ ਦੇ ਇਕ ਹਫਤੇ ਬਾਅਦ ਹੀ ਆਪਣੇ ਅਸਲੀ ਰੰਗ ਵਿਚ ਆ ਗਏ ਹਨ। ਪਰਵਾਸੀਆਂ ਦਾ ਰਾਹ ਡੱਕਣ ਲਈ ਟਰੰਪ ਵੱਲੋਂ ਲਏ ਫੈਸਲਿਆਂ ਨੇ ਪੂਰੀ ਦੁਨੀਆਂ ਹਿਲਾ ਦਿੱਤੀ ਹੈ। ਟਰੰਪ ਨੇ ਕੁਝ ਖਾਸ ਮੁਸਲਿਮ ਮੁਲਕਾਂ ਦੇ ਲੋਕਾਂ ਦੇ ਅਮਰੀਕਾ ਵਿਚ ਦਾਖਲੇ ਉਤੇ ਤਿੱਖੀ ਨਿਗ੍ਹਾ ਰੱਖਣ ਦੇ ਹੁਕਮ ਦਿੱਤੇ ਹਨ ਅਤੇ ਸੀਰੀਆਈ ਸ਼ਰਨਾਰਥੀਆਂ ਦੇ ਮੁਲਕ ਵਿਚ ਦਾਖਲ ਹੋਣ ਉਤੇ ਅਗਲੇ ਹੁਕਮਾਂ ਤੱਕ ਪਾਬੰਦੀ ਲਾ ਦਿੱਤੀ ਹੈ।

ਇਸ ਹੁਕਮ ਨਾਲ ਇਰਾਨ, ਇਰਾਕ, ਸੀਰੀਆ, ਸੂਡਾਨ, ਲਿਬੀਆ, ਯਮਨ ਅਤੇ ਸੋਮਾਲੀਆ ਉਤੇ ਜ਼ਿਆਦਾ ਅਸਰ ਪਏਗਾ। ਅਮਰੀਕਾ ਵਿਚ ਰਹਿੰਦੇ ਤਕਰੀਬਨ 10 ਲੱਖ ਇਰਾਨੀ ਜਿਨ੍ਹਾਂ ਵਿਚ ਵਿਦਿਆਰਥੀ, ਕਾਰੋਬਾਰੀ ਤੇ ਪਰਿਵਾਰ ਸ਼ਾਮਲ ਹਨ, ਇਨ੍ਹਾਂ ਪਾਬੰਦੀਆਂ ਕਰ ਕੇ ਭੰਬਲਭੂਸੇ ਵਿਚ ਹਨ। ਅਦਾਲਤ ਨੇ ਭਾਵੇਂ ਰਾਸ਼ਟਰਪਤੀ ਦੇ ਹੁਕਮਾਂ ਉਤੇ ਰੋਕ ਲਾ ਦਿੱਤੀ ਹੈ, ਪਰ ਪਾਬੰਦੀ ਵਾਲੇ ਮੁਲਕਾਂ ਦੇ ਲੋਕਾਂ ਵਿਚ ਸਹਿਮ ਬਰਕਰਾਰ ਹੈ। ਪਾਬੰਦੀਆਂ ਕਰ ਕੇ ਸਪਾਊਜ਼ ਵੀਜ਼ਾ ਬੰਦ ਕਰ ਦਿੱਤੇ ਗਏ ਹਨ। ਪਾਕਿਸਤਾਨ, ਅਫਗਾਨਿਸਤਾਨ ਅਤੇ ਸਾਊਦੀ ਅਰਬ ਵਰਗੇ ਮੁਲਕਾਂ ਦੇ ਲੋਕਾਂ ਉਤੇ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ। ਇਸ ਤੋਂ ਪਹਿਲਾਂ ਟਰੰਪ ਨੇ ਮੈਕਸੀਕੋ ਅਤੇ ਅਮਰੀਕਾ ਦੀ ਸਰਹੱਦ ਉਤੇ ਕੰਧ ਬਣਾਉਣ ਦੇ ਹੁਕਮ ਜਾਰੀ ਕੀਤੇ ਸਨ। ਯਾਦ ਰਹੇ, ਮੈਕਸੀਕੋ ਤੋਂ ਹੀ ਜ਼ਿਆਦਾਤਰ ਪਰਵਾਸੀ, ਅਮਰੀਕਾ ਵਿਚ ਗੈਰਕਾਨੂੰਨੀ ਤਰੀਕੇ ਨਾਲ ਆਉਂਦੇ ਹਨ। ਅਮਰੀਕੀ ਚੋਣਾਂ ਦੌਰਾਨ ਮੈਕਸੀਕੋ ਸਰਹੱਦ ਉਤੇ ਕੰਧ ਬਣਾਉਣ ਦਾ ਵੱਡਾ ਮੁੱਦਾ ਵੀ ਸੀ। ਕੰਧ ਬਣਾਉਣ ਦੇ ਖਰਚੇ ਸਬੰਧੀ ਵੀ ਟਰੰਪ ਦੀ ਮੈਕਸੀਕੋ ਨਾਲ ਤਕਰਾਰ ਹੋਈ। ਟਰੰਪ ਨੇ ਕਿਹਾ ਸੀ ਕਿ ਕੰਧ ਬਣਾਉਣ ਦਾ ਸੌ ਫੀਸਦੀ ਖਰਚਾ ਮੋੜਨਾ ਹੋਵੇਗਾ; ਹਾਲਾਂਕਿ ਮੈਕਸੀਕੋ ਸਰਕਾਰ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਕੰਧ ਦੀ ਉਸਾਰੀ ਲਈ ਅਰਬਾਂ ਡਾਲਰਾਂ ਦਾ ਖਰਚ ਆਵੇਗਾ। ਮੈਕਸੀਕੋ ਅਤੇ ਅਮਰੀਕਾ ਦੀ ਸਰਹੱਦ 2000 ਮੀਲ ਲੰਮੀ ਹੈ। ਉਧਰ, ਟਰੰਪ ਦੇ ਸੱਤ ਮੁਸਲਿਮ ਬਹੁਗਿਣਤੀ ਮੁਲਕਾਂ ਦੇ ਲੋਕਾਂ ‘ਤੇ ਰੋਕ ਦੇ ਨਤੀਜੇ ਵਜੋਂ ਇਰਾਨ ਵੱਲੋਂ ਵੀ ਅਮਰੀਕੀ ਨਾਗਰਿਕਾਂ ਦੇ ਆਉਣ ਉਤੇ ਪਾਬੰਦੀ ਲਾਈ ਜਾ ਰਹੀ ਹੈ। ਇਰਾਨ ਨੇ ਕਿਹਾ ਕਿ ਇਹ ਰੋਕ ਇਤਰਾਜ਼ਯੋਗ ਹੈ ਜਿਸ ਦਾ ਆਪਣੇ ਤਰੀਕੇ ਨਾਲ ਜਵਾਬ ਦਿੱਤਾ ਜਾਵੇਗਾ।
ਹੁਕਮਾਂ ਤਹਿਤ ਅਮਰੀਕੀ ਸ਼ਰਨ ਦਾਖਲਾ ਪ੍ਰੋਗਰਾਮ ਨੂੰ 120 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਟਰੰਪ ਨੇ ਵਿਸ਼ੇਸ਼ ਐਗਜ਼ੀਕਿਉਟਿਵ ਆਰਡਰ ‘ਤੇ ਦਸਤਖਤ ਕੀਤੇ ਹਨ ਜਿਸ ਮੁਤਾਬਕ ਚਾਰ ਮਹੀਨਿਆਂ ਤੱਕ ਸਾਰੇ ਸ਼ਰਨਾਰਥੀਆਂ ਦੇ ਆਉਣ ‘ਤੇ ਰੋਕ ਲੱਗੀ ਰਹੇਗੀ। ਉਨ੍ਹਾਂ ਅਮਰੀਕਾ ਆਉਣ ਵਾਲੇ ਪਰਵਾਸੀਆਂ ਦੀ ਸਖਤ ਜਾਂਚ ਦੇ ਹੁਕਮਾਂ ‘ਤੇ ਵੀ ਦਸਤਖਤ ਕੀਤੇ ਹਨ। ਦੱਸਣਯੋਗ ਹੈ ਕਿ ਬੀਤੇ ਵਰ੍ਹੇ ਓਬਾਮਾ ਪ੍ਰਸ਼ਾਸਨ ਨੇ 10,000 ਸੀਰੀਆਈ ਸ਼ਰਨਾਰਥੀਆਂ ਨੂੰ ਅਮਰੀਕਾ ਆਉਣ ਦਿੱਤਾ ਸੀ।
ਅਮਰੀਕਾ ਦੇ ਗੁਆਂਢੀ ਮੁਲਕ ਕੈਨੇਡਾ ਨੇ 35,000 ਸੀਰੀਆਈ ਲੋਕਾਂ ਨੂੰ ਸ਼ਰਨ ਦਿੱਤੀ ਸੀ ਜਿਸ ਦੀ ਆਬਾਦੀ ਅਮਰੀਕਾ ਤੋਂ ਤਕਰੀਬਨ ਨੌਂ ਗੁਣਾ ਘੱਟ ਹੈ। ਡੋਨਲਡ ਟਰੰਪ ਨੇ ਚੋਣਾਂ ਮੌਕੇ ਅਜਿਹਾ ਸੁਝਾਅ ਦਿੱਤਾ ਸੀ ਕਿ ਮੁਸਲਮਾਨਾਂ ਦੇ ਅਮਰੀਕਾ ਆਉਣ ‘ਤੇ ਉਦੋਂ ਤੱਕ ਪੂਰੀ ਤਰ੍ਹਾਂ ਰੋਕ ਲੱਗਣੀ ਚਾਹੀਦੀ ਹੈ ਜਦ ਤੱਕ ਇਹ ਪਤਾ ਨਹੀਂ ਲੱਗ ਜਾਂਦਾ ਕਿ ਅਸਲ ‘ਚ ਹੋ ਕੀ ਰਿਹਾ ਹੈ। ਉਨ੍ਹਾਂ ਵਾਅਦਾ ਕੀਤਾ ਸੀ ਕਿ ਉਹ ਫੈਸਲਾਕੁਨ ਨਤੀਜੇ ਦੇਣ ਵਾਲੇ ਕੰਮ ਕਰਨਗੇ। ਰਾਸ਼ਟਰਪਤੀ ਬਣਦਿਆਂ ਹੀ ਉਨ੍ਹਾਂ ਪਹਿਲੇ ਰਾਸ਼ਟਰਪਤੀ ਬਰਾਕ ਓਬਾਮਾ ਦੀਆਂ ਕਈ ਨੀਤੀਆਂ ਰੱਦ ਕਰ ਦਿੱਤੀਆਂ। ਓਬਾਮਾ ਨੇ ਆਪਣੇ ਪ੍ਰਸ਼ਾਸਨ ਸਮੇਂ ਕੁਝ ਅਜਿਹੀਆਂ ਯੋਜਨਾਵਾਂ ਬਣਾਈਆਂ ਸਨ ਜਿਨ੍ਹਾਂ ਦਾ ਸਿੱਧਾ ਸਬੰਧ ਆਮ ਨਾਗਰਿਕਾਂ ਨਾਲ ਸੀ।
ਇਸ ਦੇ ਨਾਲ ਹੀ ਭਾਰਤ ਲਈ ਫਿਕਰਮੰਦੀ ਵਾਲੀ ਗੱਲ ਇਹ ਹੈ ਕਿ ਜਿਹੜੀਆਂ ਅਮਰੀਕੀ ਕੰਪਨੀਆਂ ਵਿਦੇਸ਼ਾਂ ਨਾਲ ਕੀਤੇ ਸਮਝੌਤਿਆਂ ਅਧੀਨ ਬਾਹਰੋਂ ਕਾਮੇ ਮੰਗਵਾਉਂਦੀਆਂ ਹਨ, ਉਨ੍ਹਾਂ ‘ਤੇ ਟਰੰਪ ਇਸ ਲਈ ਨਕੇਲ ਕੱਸਣ ਦੀ ਤਿਆਰੀ ਵਿਚ ਹਨ, ਕਿਉਂਕਿ ਉਹ ਨੌਕਰੀਆਂ ਦੇ ਸਵਾਲ ਉਤੇ ਆਪਣੇ ਮੁਲਕ ਵਾਸੀਆਂ ਨੂੰ ਤਰਜੀਹ ਦੇਣੀ ਚਾਹੁੰਦੇ ਹਨ।
_________________________________________
ਪਾਕਿਸਤਾਨ ਦਾ ਵੀ ਆ ਸਕਦੈ ਨੰਬਰ
ਵਾਸ਼ਿੰਗਟਨ: ਵ੍ਹਾਈਟ ਹਾਊਸ ਨੇ ਸੰਕੇਤ ਦਿੱਤਾ ਕਿ ਭਵਿੱਖ ਵਿਚ ਪਾਕਿਸਤਾਨ ਦਾ ਨਾਂ ਉਨ੍ਹਾਂ ਮੁਲਕਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ, ਜਿਥੋਂ ਦੇ ਨਾਗਰਿਕਾਂ ਦੇ ਅਮਰੀਕਾ ਆਉਣ ਉਤੇ ਪਾਬੰਦੀ ਲਾਈ ਗਈ ਹੈ। ਪਾਕਿਸਤਾਨ ਦਾ ਨਾਂ ਇਨ੍ਹਾਂ ਦੇਸ਼ਾਂ ਦੀ ਸੂਚੀ ‘ਚ ਰੱਖਣ ਉਤੇ ਵਿਚਾਰ ਕੀਤਾ ਜਾ ਰਿਹਾ ਹੈ। ਵ੍ਹਾਈਟ ਹਾਊਸ ਦੇ ਚੀਫ ਆਫ ਸਟਾਫ ਰੇਂਸ ਪ੍ਰਿਬਸ ਨੇ ਸੰਕੇਤ ਦਿੰਦਿਆਂ ਕਿਹਾ ਹੈ ਕਿ ਭਵਿੱਖ ‘ਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਪਾਕਿਸਤਾਨ ਨੂੰ ਵੀ ਪਾਬੰਦੀ ਵਾਲੀ ਸੂਚੀ ਵਿਚ ਪਾ ਸਕਦੇ ਹਨ।