ਪਿਛਲੇ ਤਕਰੀਬਨ ਦੋ ਸਾਲਾਂ ਤੋਂ ਪੰਜਾਬ ਵਿਚ ਚੱਲ ਰਹੀਆਂ ਚੋਣ ਸਰਗਰਮੀਆਂ ਥੰਮ੍ਹ ਗਈਆਂ ਹਨ। ਹੁਣ ਸਾਰਿਆਂ ਦੀ ਅੱਖ 11 ਮਾਰਚ ਉਤੇ ਹੈ ਜਿਸ ਦਿਨ ਇਨ੍ਹਾਂ ਚੋਣਾਂ ਦੇ ਨਤੀਜੇ ਨਸ਼ਰ ਹੋਣੇ ਹਨ। ਇਹ ਪਹਿਲੀ ਵਾਰ ਸੀ ਕਿ ਕਿਸੇ ਸੂਬੇ ਅੰਦਰ ਚੋਣ ਸਰਗਰਮੀਆਂ ਇੰਨੀਆਂ ਅਗੇਤੀਆਂ ਅਰੰਭ ਹੋ ਗਈਆਂ ਹੋਣ। ਅਸਲ ਵਿਚ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਜੋ ਭਾਰਤੀ ਜਨਤਾ ਪਾਰਟੀ ਨਾਲ ਰਲ ਕੇ ਦਸ ਸਾਲਾਂ ਤੋਂ ਰਾਜ-ਭਾਗ ਦਾ ਸੁਖ ਮਾਣ ਰਿਹਾ ਹੈ, ਨੂੰ ਇਸ ਵਾਰ ਇਕ ਨਹੀਂ, ਸਗੋਂ ਦੋ-ਦੋ ਤਕੜੀਆਂ ਧਿਰਾਂ ਨਾਲ ਜੂਝਣਾ ਪਿਆ ਹੈ।
ਰਵਾਇਤੀ ਕਾਂਗਰਸ ਪਾਰਟੀ ਦੇ ਨਾਲ-ਨਾਲ ਇਸ ਵਾਰ ਆਮ ਆਦਮੀ ਪਾਰਟੀ ਵੀ ਇਕ ਧਿਰ ਸੀ। ਲੰਘੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਹੀ ਦਰਸਾ ਦਿੱਤਾ ਸੀ ਕਿ ਪੰਜਾਬ ਦੀ ਸਿਆਸਤ ਕਰਵਟ ਲਵੇਗੀ। ਉਦੋਂ ਆਮ ਆਦਮੀ ਪਾਰਟੀ ਨੇ ਸੂਬੇ ਦੀਆਂ 13 ਵਿਚੋਂ 4 ਸੀਟਾਂ ਉਤੇ ਜਿੱਤ ਹਾਸਲ ਕਰ ਕੇ ਅਤੇ ਹੋਰ ਸੀਟਾਂ ਉਤੇ ਵੀ ਵਾਹਵਾ ਵੋਟਾਂ ਖਿੱਚ ਕੇ ਮੈਦਾਨ ਮੱਲ ਲਿਆ ਸੀ। ਪਹਿਲਾਂ-ਪਹਿਲ ਦੋਹਾਂ ਰਵਾਇਤੀ ਧਿਰਾਂ-ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਪਾਰਟੀ ਦੀ ਹੋਂਦ ਸਵੀਕਾਰ ਕਰਨ ਤੋਂ ਵੀ ਨਾਂਹ ਕਰ ਦਿੱਤੀ ਸੀ; ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਇਸ ਦੀ ਤੁਲਨਾ ਪਾਣੀ ਦੇ ਬੁਲਬੁਲੇ ਨਾਲ ਕੀਤੀ ਸੀ, ਪਰ ਜਿਉਂ-ਜਿਉਂ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆਉਂਦਾ ਗਿਆ, ਇਨ੍ਹਾਂ ਧਿਰਾਂ ਨੇ ਮੰਨ ਲਿਆ ਕਿ ਇਹ ਪਾਰਟੀ ਸੂਬੇ ਦੀ ਸਿਆਸਤ ਵਿਚ ਜੜ੍ਹ ਲਾ ਚੁੱਕੀ ਹੈ। ਇਸ ਪਾਰਟੀ ਅੰਦਰ ਸਿਰੇ ਦੀ ਟੁੱਟ-ਭੱਜ ਅਤੇ ਕਈ ਹੋਰ ਮੁਸ਼ਕਿਲਾਂ ਦੇ ਬਾਵਜੂਦ ਲੋਕਾਂ ਨੇ ਇਸ ਪਾਰਟੀ ਨੂੰ ਹੁੰਗਾਰਾ ਭਰਿਆ। ਵਿਧਾਨ ਸਭਾ ਚੋਣਾਂ ਦੇ ਨਤੀਜੇ ਕੁਝ ਵੀ ਹੋਣ, ਪਰ ਇਕ ਗੱਲ ਸਪਸ਼ਟ ਹੈ ਕਿ 11 ਮਾਰਚ ਤੋਂ ਬਾਅਦ ਪੰਜਾਬ ਦੀ ਸਿਆਸਤ ਨਵਾਂ ਮੋੜ ਕੱਟੇਗੀ ਅਤੇ ਇਨ੍ਹਾਂ ਚੋਣਾਂ ਦਾ ਸਿੱਧਾ-ਅਸਿੱਧਾ ਅਸਰ ਸੂਬੇ ਦੀ ਸਿਆਸਤ ਉਤੇ ਚਿਰਾਂ ਤੱਕ ਪਵੇਗਾ। ਸਿਆਸੀ ਮਾਹਿਰ ਤਾਂ ਇਸ ਅਸਰ ਨੂੰ ਸਥਾਈ ਵੀ ਆਖ ਰਹੇ ਹਨ।
ਉਹ ਕਿਹੜੇ ਕਾਰਨ ਸਨ ਕਿ ਅਜਿਹੀ ਨਵੀਂ ਪਾਰਟੀ, ਜਿਸ ਦੇ ਆਗੂਆਂ ਨੂੰ ਸਿਆਸੀ ਮਾਹਿਰ ਅਜੇ ਤੱਕ ਸਿਖਾਂਦਰੂਆਂ ਵਿਚ ਸ਼ੁਮਾਰ ਕਰ ਰਹੇ ਹਨ, ਕੁਝ ਅਰਸੇ ਅੰਦਰ ਹੀ ਆਪਣੀ ਪੈਂਠ ਜਮਾਉਣ ਵਿਚ ਕਾਮਯਾਬ ਰਹੀ ਹੈ? ਰਤਾ ਕੁ ਪਿਛਾਂਹ ਝਾਤੀ ਮਾਰੀਏ, ਤਾਂ ਪਤਾ ਲੱਗਦਾ ਹੈ ਕਿ ਪਿਛਲੇ ਕੁਝ ਸਮੇਂ ਦੌਰਾਨ ਪੰਜਾਬ ਜਾਂ ਮੁਲਕ ਵਿਚ ਹੀ ਨਹੀਂ, ਸੰਸਾਰ ਪੱਧਰ ਉਤੇ ਵੱਡੇ ਪੱਧਰ ‘ਤੇ ਤਬਦੀਲੀਆਂ ਵਾਪਰੀਆਂ ਹਨ। ਇਨ੍ਹਾਂ ਤਬਦੀਲੀਆਂ ਦੀ ਤੋਰ ਵੀ ਪਹਿਲਾਂ ਵੱਲੋਂ ਤਿੱਖੀ ਰਹੀ ਹੈ। ਇੰਟਰਨੈਟ ਵਾਲੇ ਯੁੱਗ ਵਿਚ ਸੋਸ਼ਲ ਮੀਡੀਆ ਦਾ ਜੋ ਰੋਲ ਰਿਹਾ ਹੈ, ਉਸ ਨੇ ਤਬਦੀਲੀ ਦੀ ਇਸ ਤੋਰ ਨੂੰ ਹੋਰ ਤੀਖਣ ਕੀਤਾ ਹੈ। ਸਰਕਾਰਾਂ ਜਾਂ ਸਰਕਾਰ ਦੇ ਕੰਮਾਂ-ਕਾਰਾਂ ਬਾਰੇ ਜਾਣਕਾਰੀ ਜਾਂ ਆਪਣੇ ਦੁੱਖ-ਸੁੱਖ ਫਰੋਲਣ ਲਈ ਇਹ ਵਡੇਰੇ ਮੰਚ ਵਜੋਂ ਸਾਹਮਣੇ ਆਇਆ। ਮੀਡੀਆ ਅਕਸਰ ਜਿਹੜੇ ਤੱਥ ਨਸ਼ਰ ਕਰਨ ਤੋਂ ਜ਼ਬਤ ਰੱਖਦਾ ਰਿਹਾ, ਉਸ ਤੋਂ ਸੋਸ਼ਲ ਮੀਡੀਆ ਦੀ ਆਮਦ ਨੇ ਕੁੰਡਾ ਚੁੱਕ ਦਿੱਤਾ। ਇਸ ਦੇ ਨਫੇ-ਨੁਕਸਾਨ ਦੀ ਚਰਚਾ ਅੱਜ ਵੀ ਬਥੇਰੀ ਹੋ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਹੁੰਦੀ ਰਹਿਣੀ ਹੈ, ਪਰ ਇਸ ਮੰਚ ਨੇ ਲੋਕਾਂ ਦਾ ਰਾਬਤਾ ਕੁਝ ਇਸ ਤਰੀਕੇ ਨਾਲ ਬਣਾ ਦਿੱਤਾ ਕਿ ਇਹ ਪ੍ਰਸਾਰ ਦਾ ਕਾਰਗਰ ਢੰਗ ਹੋ ਨਿਬੜਿਆ। ਜ਼ਾਹਰ ਹੈ ਕਿ ਇਸ ਨੇ ਲੋਕਾਂ ਦੀ ਹੋਰ ਸਾਧਨਾ ‘ਤੇ ਨਿਰਭਰਤਾ ਘਟਾ ਦਿੱਤੀ। ਇਹ ਤੱਥ ਐਤਕੀਂ ਚੋਣਾਂ ਦੌਰਾਨ ਵੱਖ-ਵੱਖ ਸਿਆਸੀ ਧਿਰਾਂ ਦੀ ਸੋਸ਼ਲ ਮੀਡੀਆ ਉਤੇ ਸਰਗਰਮੀ ਤੋਂ ਹੀ ਜ਼ਾਹਰ ਹੋ ਜਾਂਦਾ ਹੈ। ਅਜਿਹੇ ਮਾਹੌਲ ਨੇ ਸੱਤਾਧਾਰੀ ਧਿਰ ਦੀਆਂ ਜ਼ਿਆਦਤੀਆਂ ਦਾ ਭਾਂਡਾ ਚੌਰਾਹੇ ਵਿਚ ਲਿਜਾ ਭੰਨਿਆ ਅਤੇ ਇਸ ਦੀ ਨਾ-ਅਹਿਲੀਅਤ ਨੂੰ ਛੱਜ ਵਿਚ ਪਾ ਕੇ ਛੱਟਿਆ। ਇਸੇ ਮਾਹੌਲ ਦਾ ਹੀ ਸਿੱਟਾ ਸੀ ਕਿ ਲੋਕਾਂ ਦਾ ਰੋਹ ਤੇ ਰੋਸ ਹਰ ਹੱਦ ਪਾਰ ਕਰ ਗਿਆ ਅਤੇ ਇਨ੍ਹਾਂ ਧਿਰਾਂ ਨੂੰ ਲੈਣੇ ਦੇ ਦੇਣੇ ਪੈ ਗਏ।
ਹੁਣ ਤੱਕ ਦੋਵੇਂ ਰਵਾਇਤੀਆਂ ਪਾਰਟੀਆਂ ਰਵਾਇਤੀ ਮੁੱਦਿਆਂ ਉਤੇ ਹੀ ਸਿਆਸਤ ਕਰਦੀਆਂ ਆ ਰਹੀਆਂ ਸਨ। ਇਸ ਵਾਰ ਇਨ੍ਹਾਂ ਧਿਰਾਂ ਦੀ ਪਹੁੰਚ ਬਾਰੇ ਗੱਲਾਂ ਖਾਸ ਤੌਰ ‘ਤੇ ਚੱਲੀਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਨਸ਼ਿਆਂ ਦੀ ਪੈ ਰਹੀ ਮਾਰ ਨੇ ਪੰਜਾਬੀਆਂ ਨੂੰ ਸਭ ਤੋਂ ਵੱਧ ਝੰਜੋੜਿਆ। ਸੱਤਾਧਿਰ ਦੀ ਇਨ੍ਹਾਂ ਮਸਲਿਆਂ ਪ੍ਰਤੀ ਲਾਪ੍ਰਵਾਹੀ ਨੇ ਰੋਹ ਨੂੰ ਭਾਂਬੜ ਬਣਾ ਦਿੱਤਾ। ਇਸ ਤੋਂ ਇਲਾਵਾ ਬੇਰੁਜ਼ਗਾਰੀ ਦਾ ਝੰਬਿਆ ਨੌਜਵਾਨ ਤਬਕਾ ਖੰਭ ਤੋਲਣ ਲੱਗ ਪਿਆ। ਇਸ ਤਬਕੇ ਦਾ ਇਕ ਹੀ ਸਵਾਲ ਸੀ ਕਿ ਸਿਆਸੀ ਪਰਿਵਾਰ ਤਾਂ ਤੇਜ਼ੀ ਨਾਲ ਵਧ-ਫੁੱਲ ਰਹੇ ਹਨ, ਪਰ ਆਮ ਲੋਕਾਈ ਦੀਆਂ ਸਮੱਸਿਆਵਾਂ ਜਿਉਂ ਦੀਆਂ ਤਿਉਂ ਕਿਉਂ ਹਨ? ਸਿੱਖਿਆ ਅਤੇ ਸਿਹਤ ਦੇ ਖੇਤਰਾਂ ਵਿਚ ਆਏ ਨਿਘਾਰ ਨੇ ਲੋਕਾਂ ਦਾ ਭਰੋਸਾ ਹੀ ਤੋੜ ਕੇ ਰੱਖ ਦਿੱਤਾ। ਕਾਨੂੰਨ-ਵਿਵਸਥਾ ਦੇ ਮਾੜੇ ਪ੍ਰਬੰਧਾਂ ਨੇ ਬਲਦੀ ਉਤੇ ਤੇਲ ਪਾਇਆ। ਇਸ ਤੋਂ ਬਾਅਦ ਲੋਕ-ਰੋਹ ਦੀ ਚੰਗਿਆੜੀ ਜਦੋਂ ਭਾਂਬੜ ਹੋ ਨਿਬੜੀ ਤਾਂ ਇਸ ਨੂੰ ਕਾਬੂ ਕਰ ਸਕਣਾ ਇਨ੍ਹਾਂ ਸੱਤਾਵਾਦੀਆਂ ਦੇ ਵੱਸ ਵਿਚ ਨਾ ਰਿਹਾ। ਸਭ ਤੋਂ ਵੱਡੀ ਗੱਲ, ਇਸ ਵਾਰ ਸਿਆਸੀ ਪਿੜ ਵਿਚ ਤੀਜੀ ਧਿਰ ਦੀ ਆਮਦ ਨੇ ਸੀਨ ਮੁਕੰਮਲ ਤੌਰ ‘ਤੇ ਬਦਲ ਦਿੱਤਾ। ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਪਿਛਲੇ ਸਮੇਂ ਦੌਰਾਨ ਵੀ ਹੋਈਆਂ ਸਨ ਅਤੇ ਕੁਝ ਮੁੱਦਿਆਂ ਉਤੇ ਪੰਥਕ ਧਿਰਾਂ ਨੇ ਵੀ ਤਾਲਮੇਲ ਵਧਾਉਣ ਲਈ ਯਤਨ ਕੀਤੇ ਸਨ, ਪਰ ਇਨ੍ਹਾਂ ਧਿਰਾਂ ਦੀ ਸੀਮਤ ਸਰਗਰਮੀ ਨਾਲ ਰਵਾਇਤੀ ਸਿਆਸਤ ਦਾ ਗੜ੍ਹ ਭੰਨਿਆ ਨਹੀਂ ਜਾ ਸਕਿਆ। ਦਰਅਸਲ ਜਿੰਨੀ ਤਾਕਤ ਦੀ ਲੋੜ ਇਸ ਗੜ੍ਹ ਨੂੰ ਭੰਨਣ ਲਈ ਚਾਹੀਦੀ ਸੀ, ਇਨ੍ਹਾਂ ਧਿਰਾਂ ਦੀ ਉਤਨੀ ਪਾਇਆਂ ਹੈ ਹੀ ਨਹੀਂ ਸੀ। ਇਸੇ ਕਰ ਕੇ ਇਹ ਧਿਰਾਂ ਛੇਤੀ ਹੀ ਹਾਸ਼ੀਏ ਉਤੇ ਜਾ ਡਿੱਗੀਆਂ ਅਤੇ ਜਿਉਂ ਹੀ ਨਵੀਂ ਧਿਰ ਨੇ ਆਮ ਆਦਮੀ ਪਾਰਟੀ ਦੇ ਰੂਪ ਵਿਚ ਡੱਗੇ ਉਤੇ ਚੋਟ ਲਾਈ, ਲੋਕ ਨਾਲ ਜੁੜਦੇ ਗਏ ਅਤੇ ਇਕ ਅੱਛਾ-ਖਾਸਾ ਕਾਫਲਾ ਨਿਕਲ ਤੁਰਿਆ। ਹੁਣ ਇਸ ਕਾਫਲੇ ਦੀ ਮੜ੍ਹਕ ਦੇਖਣ ਦੀ ਵਾਰੀ ਹੈ।