ਸਰਵੇਖਣ: ਪੂਰਨ ਬਹੁਮਤ ਕਿਸੇ ਵੀ ਪਾਰਟੀ ਨੂੰ ਨਾ ਮਿਲਣ ਦਾ ਦਾਅਵਾ

ਚੰਡੀਗੜ੍ਹ: ਭਾਰਤ ਦੇ ਪੰਜ ਸੂਬਿਆਂ ਵਿਚ ਹੋਣ ਵਾਲੀਆਂ ਚੋਣਾਂ ਬਾਰੇ ਸਰਵੇ ਕੰਪਨੀ ਨੇ 4 ਸੂਬਿਆਂ ਬਾਰੇ ਚੋਣ ਨਤੀਜਿਆਂ ਦੀ ਭਵਿੱਖਬਾਣੀ ਕੀਤੀ ਹੈ। ਸਰਵੇ ਮੁਤਾਬਕ ਪੰਜਾਬ ਵਿਚ ਕਾਂਗਰਸ ਨੂੰ ਸਭ ਤੋਂ ਵੱਧ ਸੀਟਾਂ ਮਿਲਣ ਦੀ ਸੰਭਾਵਨਾ ਹੈ, ਪਰ ਅਕਾਲੀ ਦਲ-ਭਾਜਪਾ ਗੱਠਜੋੜ ਤੀਜੇ ਸਥਾਨ ਉਤੇ ਰਹੇਗਾ। ‘ਵੀਕ-ਹੰਸਾ’ ਦੇ ਸਰਵੇ ਮੁਤਾਬਕ ਕਾਂਗਰਸ ਪਾਰਟੀ ਸੂਬੇ ਵਿਚ ਮਜ਼ਬੂਤ ਆਧਾਰ ਬਣਾ ਰਹੀ ਹੈ। ਇਸ ਕਰ ਕੇ ਪਾਰਟੀ ਨੂੰ 117 ਵਿਚੋਂ 49-51 ਸੀਟਾਂ ਮਿਲ ਸਕਦੀਆਂ ਹਨ।

ਦੂਜੇ ਨੰਬਰ ਉਤੇ ਆਮ ਆਦਮੀ ਪਾਰਟੀ 33 ਤੋਂ 35 ਸੀਟਾਂ ‘ਤੇ ਜਿੱਤ ਹਾਸਲ ਕਰ ਸਕਦੀ ਹੈ। ਸ਼੍ਰੋਮਣੀ ਅਕਾਲੀ ਦਲ-ਭਾਜਪਾ 28 ਤੋਂ 30 ਸੀਟਾਂ ‘ਤੇ ਸਿਮਟ ਕੇ ਰਹਿ ਜਾਵੇਗੀ ਤੇ 3-5 ਸੀਟਾਂ ਹੋਰਾਂ ਨੂੰ ਮਿਲ ਸਕਦੀਆਂ ਹਨ।
ਇਸ ਤੋਂ ਸਾਫ ਨਜ਼ਰ ਆ ਰਿਹਾ ਹੈ ਕਿ ਪੂਰਨ ਬਹੁਮਤ ਕਿਸੇ ਵੀ ਪਾਰਟੀ ਨੂੰ ਮਿਲਦਾ ਨਜ਼ਰ ਨਹੀਂ ਆ ਰਿਹਾ। ਓਪੀਨੀਅਨ ਪੋਲ ਮੁਤਾਬਕ ਉਤਰ ਪ੍ਰਦੇਸ਼ ਦੀਆਂ 403 ਸੀਟਾਂ ਵਿਚੋਂ 192-196 ਸੀਟਾਂ ਨਾਲ ਭਾਜਪਾ ਬਹੁਮਤ ਹਾਸਲ ਕਰ ਸਕਦੀ ਹੈ ਜਦਕਿ ਕਾਂਗਰਸ ਵੀ ਸਖਤ ਟੱਕਰ ਦਿੰਦੀ ਦਿਖਾਈ ਦੇ ਰਹੀ ਹੈ। ਉਹ 178-182 ਸੀਟਾਂ ਹਾਸਲ ਕਰ ਸਕੇਗੀ। ਇਸ ਵਾਰ ਬਸਪਾ ਸਿਰਫ 20-24 ਸੀਟਾਂ ਨਾਲ ਸਿਮਟ ਕੇ ਰਹਿ ਜਾਵੇਗੀ। ਜਦਕਿ ਬਾਕੀਆਂ ਨੂੰ 5-9 ਸੀਟਾਂ ਮਿਲ ਸਕਦੀਆਂ ਹਨ। ਸਰਵੇਖਣ ਵੱਲੋਂ ਉਤਰਾਖੰਡ ਵਿਚ ਭਾਜਪਾ ਨੂੰ ਸਾਫ ਬਹੁਮਤ ਦਿੱਤਾ ਗਿਆ ਹੈ। ਇਥੋਂ ਦੇ 70 ਮੈਂਬਰੀ ਹਾਊਸ ਦੀਆਂ 37-39 ਸੀਟਾਂ ਭਾਜਪਾ ਦੇ ਨਾਂ ਬੋਲਦੀਆਂ ਦਿਖਾਈ ਦੇ ਰਹੀਆਂ ਹਨ ਜਦਕਿ ਮੌਜੂਦਾ ਸੱਤਾਧਿਰ ਕਾਂਗਰਸ ਪਾਰਟੀ 27-29 ਸੀਟਾਂ ਤੱਕ ਸੁੰਗੜ ਜਾਵੇਗੀ।
ਬਸਪਾ ਨੂੰ 1-3 ਤੱਕ ਸੀਟਾਂ ਮਿਲਣ ਦੀ ਆਸ ਹੈ ਤੇ ਬਾਕੀ ਵੀ 1-3 ਸੀਟਾਂ ਹਾਸਲ ਕਰ ਸਕਦੇ ਹਨ। ਸਰਵੇ ਮੁਤਾਬਕ ਪੰਜਾਬ ਵਾਂਗ ਰੋਚਕ ਚੋਣ ਵਾਲੇ ਗੋਆ ਵਿਚ ਵੀ ਭਾਜਪਾ ਨੂੰ ਲੀਡ ਮਿਲਦੀ ਨਜ਼ਰ ਆ ਰਹੀ ਹੈ। ਇਥੇ ਕੁੱਲ 40 ਵਿਚੋਂ 17-19 ਸੀਟਾਂ ਭਾਜਪਾ ਤੇ 11-13 ਸੀਟਾਂ ਕਾਂਗਰਸ ਨੂੰ ਮਿਲ ਸਕਦੀਆਂ ਹਨ, ਜਦਕਿ ਆਪ ਨੂੰ ਸਿਰਫ 2-4 ਸੀਟਾਂ ਮਿਲਦੀਆਂ ਦਿਖਾਈਆਂ ਗਈਆਂ ਹਨ। ਮੌਜੂਦਾ ਗਠਜੋੜ ਵਾਲੀ ਸਰਕਾਰ ਨੂੰ 3-5 ਸੀਟਾਂ ਮਿਲ ਸਕਦੀਆਂ ਹਨ।
ਬਾਕੀਆਂ ਨੂੰ 4-6 ਸੀਟਾਂ ਮਿਲ ਸਕਦੀਆਂ ਹਨ। ਦੱਸ ਦੇਈਏ ਕਿ ਆਮ ਆਦਮੀ ਪਾਰਟੀ ਸਿਰਫ ਪੰਜਾਬ ਤੇ ਗੋਆ ਵਿਚ ਹੀ ਚੋਣ ਮੈਦਾਨ ਵਿਚ ਨਿੱਤਰੀ ਹੈ। ਉਪਰੋਕਤ ਸਾਰੇ ਅੰਕੜੇ ‘ਵੀਕ-ਹੰਸਾ’ ਦੇ ਸਰਵੇ ਤੋਂ ਸਾਹਮਣੇ ਆਏ ਹਨ।
__________________________________________________
ਚੋਣ ਕਮਿਸ਼ਨ ਵੱਲੋਂ ਬਾਦਲਾਂ ਨੂੰ ਨੋਟਿਸ
ਚੰਡੀਗੜ੍ਹ: ਚੋਣ ਕਮਿਸ਼ਨ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਨੋਟਿਸ ਜਾਰੀ ਕਰਦਿਆਂ ਪੀæਟੀæਸੀæ ਚੈਨਲ ‘ਤੇ ਕੀਤੇ ਜਾ ਰਹੇ ਪ੍ਰਚਾਰ ਨੂੰ ਚੋਣ ਖਰਚ ‘ਚ ਸ਼ਾਮਲ ਕਰਨ ਲਈ ਕਿਹਾ ਹੈ। ਮੁੱਖ ਚੋਣ ਅਧਿਕਾਰੀ ਵੀæਕੇæ ਸਿੰਘ ਨੇ ਨੋਟਿਸ ਦਿੱਤੇ ਜਾਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਨੋਟਿਸ ਲੰਬੀ ਤੇ ਜਲਾਲਾਬਾਦ ਦੇ ਰਿਟਰਨਿੰਗ ਅਫਸਰਾਂ ਵੱਲੋਂ ਜਾਰੀ ਕੀਤੇ ਗਏ ਹਨ। ਚੋਣ ਅਧਿਕਾਰੀਆਂ ਮੁਤਾਬਕ ਪੀæਟੀæਸੀæ ਚੈਨਲ ਵੱਲੋਂ ਦੋਹਾਂ ਬਾਦਲਾਂ ਬਾਰੇ ਲੋੜੋਂ ਵੱਧ ਪ੍ਰਚਾਰ ਕੀਤਾ ਜਾ ਰਿਹਾ ਹੈ।