ਦਲਿਤਾਂ ਦੇ ਬਦਲੇ ਮਨ ਨੇ ਵਧਾਈ ਸਿਆਸੀ ਧਿਰਾਂ ਦੀ ਚਿੰਤਾ

ਸੰਗਰੂਰ: ਵਿਧਾਨ ਸਭਾ ਚੋਣਾਂ ਵਿਚ ਜਮਾਤੀ ਲੜਾਈ ਖੁੱਲ੍ਹ ਕੇ ਸਾਹਮਣੇ ਆਈ ਹੈ। ਇਸੇ ਖਿੱਚੋਤਾਣ ਕਰ ਕੇ ਮਾਲਵੇ ਵਿਚ ਰਵਾਇਤੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਹੈਰਾਨ ਹਨ, ਜਦੋਂਕਿ ਨਵੀਂ ਬਣੀ ਆਮ ਆਦਮੀ ਪਾਰਟੀ ਨੂੰ ਸਮਰਥਨ ਮਿਲ ਰਿਹਾ ਹੈ।

ਪੰਜਾਬ ਦੀਆਂ 69 ਵਿਧਾਨ ਸਭਾ ਸੀਟਾਂ ਵਾਲੇ ਮਾਲਵਾ ਖੇਤਰ ਵਿਚ ਜਾਤ-ਆਧਾਰਤ ਵਿਤਕਰੇ, ਦਲਿਤ ਆਗੂਆਂ ਨੂੰ ਸਿਆਸੀ ਨੁਮਾਇੰਦਗੀ ਨਾ ਮਿਲਣਾ ਤੇ ਆਰਥਿਕ ਤੌਰ ਉਤੇ ਗਰੀਬ ਤੇ ਦਲਿਤ ਲੋਕਾਂ ਦੀ ਸਿਆਸਤਦਾਨਾਂ ਤੱਕ ਪਹੁੰਚ ਨਾ ਹੋਣਾ ਇਲਾਕੇ ਵਿਚ ਚਰਚਾ ਬਣੇ ਹੋਏ ਹਨ। ਇਨ੍ਹਾਂ ਮੁੱਦਿਆਂ ਦੇ ਨਾਲ-ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਹੱਲ ਕਰਨ ਵਿਚ ਅਸਫ਼ਲ ਰਹੀ ਗਠਜੋੜ ਸਰਕਾਰ ਅਤੇ ਇਸ ਮਸਲੇ ‘ਤੇ ਕਾਂਗਰਸ ਵੱਲੋਂ ਅਕਾਲੀਆਂ ਨੂੰ ਕਰੜੇ ਹੱਥੀਂ ਨਾ ਲੈਣ ਕਰ ਕੇ ਇਨ੍ਹਾਂ ਰਵਾਇਤੀ ਪਾਰਟੀਆਂ ਦੇ ਬਹੁਤੇ ਦਲਿਤ ਵੋਟਰ ਅਕਾਲੀ ਦਲ ਅਤੇ ਕਾਂਗਰਸ ਖਿਲਾਫ਼ ਹੋ ਗਏ ਹਨ।
‘ਆਪ’ ਨੇ ਸੂਬੇ ਦੇ ਇਸ ਵਰਗ ਦੇ ਮੁੱਦਿਆਂ ਨੂੰ ਛੂਹਣ ਅਤੇ ਇਸ ਵਰਗ ਪੱਖੀ ਚੋਣ ਵਾਅਦੇ ਕਰਨ ਦੇ ਨਾਲ-ਨਾਲ ਪੰਜਾਬ ਦਾ ਉਪ ਮੁੱਖ ਮੰਤਰੀ ਵੀ ਕਿਸੇ ਦਲਿਤ ਨੂੰ ਹੀ ਬਣਾਏ ਜਾਣ ਦਾ ਵਾਅਦਾ ਕਰ ਕੇ ਅਕਾਲੀ ਦਲ ਅਤੇ ਕਾਂਗਰਸ ਨੂੰ ਕਰੜੀ ਚੁਣੌਤੀ ਦਿੱਤੀ ਹੈ। ਇਸ ਖੇਤਰ ਦੇ ਜ਼ਿਆਦਾਤਰ ਨੌਜਵਾਨ ਵੋਟਰ (ਕਰੀਬ 50 ਫੀਸਦੀ) ਸਿਆਸੀ ਅਤੇ ਸਮਾਜਿਕ ਪਛਾਣ ਲੋਚਦੇ ਹਨ, ਜੋ ਪਰਿਵਾਰਵਾਦ ਕਾਰਨ ਰਵਾਇਤੀ ਪਾਰਟੀਆਂ ਦੇਣ ਤੋਂ ਅਸਮਰਥ ਹਨ ਅਤੇ ਹੁਣ ‘ਆਪ’ ਨੇ ਨੌਜਵਾਨ ਵੋਟਰਾਂ ਨੂੰ ਇਹ ਪਛਾਣ ਦਿੱਤੀ ਜਾਪਦੀ ਹੈ। ਦਿੜ੍ਹਬਾ ਹਲਕੇ ਦੇ ਪਿੰਡ ਮਹਿਲਾਂ ਚੌਕ ਦੇ ਆਜੜੀ ਮੁਸ਼ੱਰਕ ਖਾਨ ਨੇ ਦੱਸਿਆ ਕਿ ਕਿਵੇਂ ਉਹ ਤੇ ਪਿੰਡ ਦੇ ਹੋਰ ਨੌਜਵਾਨ ਹਲਕੇ ਵਿਚ ‘ਆਪ’ ਦੀ ਹਰ ਸਿਆਸੀ ਮੀਟਿੰਗ ਵਿਚ ਸ਼ਾਮਲ ਹੁੰਦੇ ਹਨ।
ਉਸ ਦਾ ਕਹਿਣਾ ਹੈ ਕਿ ਬਾਕੀ ਪਾਰਟੀਆਂ ਉਨ੍ਹਾਂ ਨੂੰ ਕਦੇ ਅੱਗੇ ਨਹੀਂ ਆਉਣ ਦਿੰਦੀਆਂ, ਕਿਉਂਕਿ ਅਮੀਰ ਅਤੇ ਉਚੀਆਂ ਜਾਤਾਂ ਦੇ ‘ਕਾਕੇ’ ਆਗੂਆਂ ਦੇ ਨਾਲ ਹੁੰਦੇ ਹਨ। ਨਵੀਂ ਪਾਰਟੀ ਦੇ ਆਗੂ ਘੱਟੋ-ਘੱਟ ਸਾਡੇ ਵਰਗੇ ਹੀ ਆਮ ਲੋਕ ਹਨ ਤੇ ਸਾਡੀ ਗੱਲ ਸੁਣਦੇ ਹਨ।
ਮਰਦ ਖੇੜਾ ਪਿੰਡ ਦੇ ਦੁਕਾਨਦਾਰ ਗੁਰਤੇਜ ਸਿੰਘ ਨੇ ਵੀ ਬਦਲਾਅ ਦੀ ਲਹਿਰ ਹੋਣ ਦਾ ਸੰਕੇਤ ਦਿੰਦਿਆਂ ਕਿਹਾ ਕਿ ਰਵਾਇਤੀ ਪਾਰਟੀਆਂ ਉਨ੍ਹਾਂ ਦੀ ਗੱਲ ਨਹੀਂ ਸੁਣਦੀਆਂ। ਅਜਿਹੇ ਹੀ ਵਿਚਾਰ ਹਲਕਾ ਮਾਨਸਾ ਦੇ ਪਿੰਡ ਭਿੱਖੀ ਵਿਚ ਵੋਟਰਾਂ ਨੇ ਪ੍ਰਗਟਾਏ। ਹਲਕਾ ਲੰਬੀ ਦੇ ਦਲਿਤ ਵੋਟਰ ਵੀ ਮੁੱਖ ਮੰਤਰੀ ਦੇ ਹਲਕੇ ਵਿਚ ‘ਅਮੀਰ’ ਹਲਕਾ ਇੰਚਾਰਜਾਂ ਦੀਆਂ ਵਧੀਕੀਆਂ ਤੋਂ ਖ਼ਫ਼ਾ ਹਨ। ਪਿੰਡ ਪੰਨੀਵਾਲਾ ਫੱਤਾ ਦੇ ਜਸਕਰਨ ਸਿੰਘ ਨੇ ਝੂਠੇ ਕੇਸ ਵਿਚ ਫਸਾਏ ਜਾਣ ਅਤੇ ਬਿਨਾਂ ਦੋਸ਼ ਤੋਂ ਕੁੱਟਮਾਰ ਕੀਤੇ ਜਾਣ ਦੀ ਗੱਲ ਕਰਦਿਆਂ ਕਿਹਾ ਕਿ ਆਮ ਆਦਮੀ ਨੂੰ ਬਿਨਾਂ ਕਸੂਰ ਤੋਂ ਸਲਾਖਾਂ ਪਿੱਛੇ ਡੱਕ ਦਿੱਤਾ ਜਾਂਦਾ ਹੈ, ਜਦੋਂਕਿ ਬੇਅਦਬੀ ਦੇ ਕਸੂਰਵਾਰ ਸ਼ਰੇਆਮ ਘੁੰਮ ਰਹੇ ਹਨ।
________________________________________
ਪਰਵਾਸੀਆਂ ਦਾ ਮੁੱਦਾ ਮੰਤਰਾਲੇ ਕੋਲ ਪੁੱਜਾ
ਚੰਡੀਗੜ੍ਹ: ਚੋਣ ਕਮਿਸ਼ਨ ਵੱਲੋਂ ਵਿਦੇਸ਼ ਮੰਤਰਾਲੇ ਤੋਂ ਸਪਸ਼ਟੀਕਰਨ ਲਿਆ ਗਿਆ ਹੈ ਕਿ ਕੀ ਭਾਰਤੀ ਵੀਜ਼ਾ ਪ੍ਰਾਪਤ ਕਰਨ ਵਾਲੇ ਪਰਵਾਸੀ ਭਾਰਤੀਆਂ ਨੂੰ ਵੀਜ਼ਾ ਜਾਰੀ ਕਰਨ ਮੌਕੇ ਭਾਰਤ ਵਿਚ ਸਿਆਸੀ ਸਰਗਰਮੀਆਂ ‘ਚ ਹਿੱਸਾ ਨਾ ਲੈਣ ਸਬੰਧੀ ਕੋਈ ਸ਼ਰਤ ਲਗਾਈ ਜਾਂਦੀ ਹੈ। ਕਮਿਸ਼ਨ ਵੱਲੋਂ ਉਕਤ ਸਪਸ਼ਟੀਕਰਨ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਇਸ ਮੁੱਦੇ ਉਤੇ ਪਰਵਾਸੀ ਭਾਰਤੀਆਂ ਦੀ ਚੋਣ ਪ੍ਰਕਿਰਿਆ ਵਿਚ ਵੱਡੇ ਪੱਧਰ ਉਤੇ ਸ਼ਮੂਲੀਅਤ ਸਬੰਧੀ ਪ੍ਰਾਪਤ ਹੋਈਆਂ ਸ਼ਿਕਾਇਤਾਂ ਤੋਂ ਬਾਅਦ ਮੰਗੇ ਗਏ ਦਿਸ਼ਾ ਨਿਰਦੇਸ਼ਾਂ ਕਾਰਨ ਪ੍ਰਾਪਤ ਕੀਤਾ ਜਾ ਰਿਹਾ ਹੈ। ਰਾਜ ਦੇ ਵਧੀਕ ਮੁੱਖ ਚੋਣ ਅਧਿਕਾਰੀ ਸ੍ਰੀ ਸ਼ਿਬਨ ਸੀæ ਨੇ ਇਸ ਗੱਲ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਦਫਤਰ ਵੱਲੋਂ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਦੀ ਪ੍ਰਾਪਤੀ ਤੋਂ ਤੁਰਤ ਬਾਅਦ ਅੱਗੋਂ ਕੋਈ ਕਾਰਵਾਈ ਕੀਤੀ ਗਈ ਹੈ।