ਚੰਡੀਗੜ੍ਹ: ਪੰਜਾਬ ਦੀ ਸੱਤਾ ਉਤੇ ਪਿਛਲੇ ਇਕ ਦਹਾਕੇ ਤੋਂ ਕਾਬਜ਼ ਸ਼੍ਰੋਮਣੀ ਅਕਾਲੀ ਦਲ ਲਈ ਰਵਾਇਤੀ ਵੋਟ ਬੈਂਕ ਬਚਾਉਣਾ ਵੱਡੀ ਚੁਣੌਤੀ ਬਣਿਆ ਹੋਇਆ ਹੈ। ਸੂਬਾਈ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਸਥਾਪਤੀ ਵਿਰੋਧੀ ਲਹਿਰ ਇੰਨੀ ਜ਼ਿਆਦਾ ਪ੍ਰਚੰਡ ਹੋਈ ਹੈ ਕਿ ਸੂਬੇ ਦੇ ਸਭ ਤੋਂ ਵੱਡੇ ਖਿੱਤੇ ਮਾਲਵੇ ਵਿਚ ਪਾਰਟੀ ਨੂੰ ਪਹਿਲਾਂ ਵਾਲੀ ਸਥਿਤੀ ਬਰਕਰਾਰ ਰੱਖਣੀ ਮੁਸ਼ਕਲ ਹੋ ਗਈ ਹੈ।
ਦਿਹਾਤੀ ਖੇਤਰ ਵਿਚੋਂ ਕਿਸਾਨੀ ਅਤੇ ਨੌਜਵਾਨ ਵਰਗ ਪਾਰਟੀ ਤੋਂ ਦੂਰ ਹੁੰਦਾ ਦਿਖਾਈ ਦੇ ਰਿਹਾ ਹੈ। ਮਾਝੇ ਅਤੇ ਦੁਆਬੇ ਵਿਚ ਅਕਾਲੀ ਦਲ ਸੌਖ ਮਹਿਸੂਸ ਕਰ ਰਿਹਾ ਹੈ, ਪਰ ਆਮ ਆਦਮੀ ਪਾਰਟੀ (ਆਪ) ਨੇ ਮਾਲਵੇ ਦੇ ਦਿਹਾਤੀ ਖੇਤਰ ਵਿਚ ਅਕਾਲੀਆਂ ਦੀ ਵੋਟ ਨੂੰ ਵੱਡਾ ਖੋਰਾ ਲਾਇਆ ਹੈ।
2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਦਲ ਨੂੰ ਮਾਲਵੇ ਵਿਚੋਂ ਮਿਲੇ ਹੁੰਗਾਰੇ ਨੇ ਸੱਤਾ ਤੱਕ ਪਹੁੰਚਾਇਆ ਸੀ, ਹਾਲਾਂਕਿ 2007 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਨੂੰ ਮਾਲਵੇ ਵਿਚੋਂ ਨਮੋਸ਼ੀ ਮਿਲੀ ਸੀ ਤੇ ਮਾਝੇ-ਦੁਆਬੇ ਦੇ ਸਹਾਰੇ ਹੀ ਸਰਕਾਰ ਹੋਂਦ ਵਿਚ ਆਈ ਸੀ। ਉਸ ਵੇਲੇ ਮਾਲਵੇ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਆਂ ਦੇ ਵੋਟ ਬੈਂਕ ਨੂੰ ਜ਼ਬਰਦਸਤ ਖੋਰਾ ਲਾਇਆ ਸੀ। 2014 ਦੀਆਂ ਲੋਕ ਸਭਾ ਚੋਣਾਂ ਨੇ ਖਤਰੇ ਦੇ ਸੰਕੇਤ ਦੇ ਦਿੱਤੇ ਸਨ, ਜਦੋਂਕਿ ‘ਆਪ’ ਦੇ ਚਾਰ ਸੰਸਦ ਮੈਂਬਰ ਸਿਰਫ ਮਾਲਵੇ ਵਿਚੋਂ ਹੀ ਜਿੱਤਣ ਵਿਚ ਕਾਮਯਾਬ ਰਹੇ ਤੇ ਇਕ ਸੀਟ ਕਾਂਗਰਸ ਦੀ ਝੋਲੀ ਪੈ ਗਈ। ਪੌਣੇ ਤਿੰਨ ਸਾਲ ਪਹਿਲਾਂ ਚੱਲੀ ਸੱਤਾ ਵਿਰੋਧੀ ਹਵਾ ਦੇ ਰੁਖ ਨੂੰ ਠੱਲ੍ਹਣ ਵਿਚ ਅਕਾਲੀ ਕਾਮਯਾਬ ਹੁੰਦੇ ਦਿਖਾਈ ਨਹੀਂ ਦੇ ਰਹੇ। ਅਕਾਲੀ ਦਲ ਲਈ 2012 ਦੀਆਂ ਚੋਣਾਂ ਦਾ ਮਾਹੌਲ ਖ਼ੁਸ਼ਗਵਾਰ ਸੀ। ਵਿਧਾਨ ਸਭਾ ਚੋਣਾਂ ਦੌਰਾਨ ਉਪਜੇ ਤਾਜ਼ਾ ਮਾਹੌਲ ਨੇ ਸਾਬਤ ਕਰ ਦਿੱਤਾ ਹੈ ਕਿ ਅਕਾਲੀ ਦਲ ਆਪਣੇ ਰਵਾਇਤੀ ਪਿੜ ਮਾਲਵੇ ਦੇ ਲੋਕਾਂ ਦਾ ਦਿਲ ਜਿੱਤਣ ਵਿਚ ਕਾਮਯਾਬ ਨਹੀਂ ਹੋ ਸਕਿਆ। ਮਾਲਵੇ ਦੇ ਪਿੰਡਾਂ ਵਿਚ ਹੀ ਅਕਾਲੀਆਂ ਨੂੰ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਲਵਾ ਖਿੱਤਾ (ਜਿਸ ਵਿਚ ਪੁਆਧ ਦੇ ਜ਼ਿਲ੍ਹੇ ਵੀ ਸ਼ਾਮਲ ਹਨ) ਵਿਚ ਕੁੱਲ 69 ਵਿਧਾਨ ਸਭਾ ਹਲਕੇ ਪੈਂਦੇ ਹਨ। ਇਸ ਕਰ ਕੇ ਤਿੰਨਾਂ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੇ ‘ਆਪ’ ਦਾ ਇਸ ਖਿੱਤੇ ਨੂੰ ਸਰ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲੱਗਿਆ ਹੋਇਆ ਹੈ। ਅਕਾਲੀ ਆਗੂ ਖੁਦ ਮੰਨਦੇ ਹਨ ਕਿ ਮਾਲਵੇ ਦੇ ਕੁਝ ਜ਼ਿਲ੍ਹਿਆਂ ਖਾਸ ਕਰਕੇ ਸੰਗਰੂਰ, ਬਰਨਾਲਾ, ਮੋਗਾ, ਫ਼ਰੀਦਕੋਟ, ਮੁਕਤਸਰ, ਬਠਿੰਡਾ, ਮਾਨਸਾ ਤੇ ਲੁਧਿਆਣੇ ਦੇ ਦਿਹਾਤੀ ਵਿਚ ਪਾਰਟੀ ਉਮੀਦਵਾਰਾਂ ਨੂੰ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਜ਼ਿਲ੍ਹਿਆਂ ਵਿਚੋਂ ਜਿੱਤ ਹਾਸਲ ਕਰਨਾ ਕਾਂਗਰਸ ਲਈ ਵੀ ਚੁਣੌਤੀ ਬਣਿਆ ਹੋਇਆ ਹੈ। ਅਹਿਮ ਤੱਥ ਇਹ ਵੀ ਹੈ ਕਿ ਪਿਛਲੇ ਪੰਜਾਂ ਸਾਲਾਂ ਦੌਰਾਨ ਪੰਜਾਬ ਦੀ ਸੱਤਾ ਵਿਚ ਸਭ ਤੋਂ ਵੱਡਾ ਹਿੱਸਾ ਮਲਵਈਆਂ ਦੇ ਹਿੱਸੇ ਆਇਆ ਸੀ।
______________________________________________
ਚੋਣ ਰੈਲੀਆਂ ‘ਚ ਬਾਦਲਾਂ ਦੇ ਵਿਰੋਧ ਦਾ ਸਿਲਸਲਾ ਜਾਰੀ
ਮੁਹਾਲੀ: ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ ਵਿਚ ਥਾਂ-ਥਾਂ ਵਿਰੋਧ ਹੋ ਰਿਹਾ ਹੈ। ਸੰਗਰੂਰ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਨੂੰ ਕਾਲੀਆਂ ਝੰਡੀਆਂ ਵਿਖਾਈਆਂ ਗਈਆਂ, ਉਥੇ ਖਰੜ ਵਿਚ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੀ ਚੋਣ ਰੈਲੀ ਵਿਚ ਹੰਗਾਮਾ ਹੋ ਗਿਆ। ਖਰੜ ਵਿਚ ਸੁਖਬੀਰ ਬਾਦਲ ਵਿਕਾਸ ਕਾਰਜਾਂ ਦੇ ਦਮਗਜੇ ਮਾਰ ਰਹੇ ਸਨ। ਇਸ ਦੌਰਾਨ ਹੀ ਇਕ 62 ਸਾਲਾ ਬਜ਼ੁਰਗ ਰੋਹ ਵਿਚ ਆ ਗਿਆ। ਉਸ ਨੇ ਰੈਲੀ ਵਿਚ ਹੀ ਕਿਹਾ ਕਿ ਇਹ ਸਭ ਬਕਵਾਸ ਹੈ। ਕੋਈ ਵਿਕਾਸ ਨਹੀਂ ਹੋਇਆ। ਸੜਕਾਂ ਟੁੱਟੀਆਂ ਪਈਆਂ ਹਨ। ਘਰਾਂ ਵਿਚ ਪੀਣ ਵਾਲਾ ਪਾਣੀ ਨਹੀਂ ਆਉਂਦਾ।
ਸੁਖਬੀਰ ਬਾਦਲ ਨੂੰ ਖਰੀਆਂ-ਖਰੀਆਂ ਸੁਣਾਉਣ ਵਾਲਾ ਬਜ਼ੁਰਗ ਮਨਸੂਰ ਅਹਿਮਦ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਸੀਨੀਅਰ ਅਸਿਸਟੈਂਟ ਸੇਵਾ ਮੁਕਤ ਹੋਇਆ ਹੈ। ਰੈਲੀ ਵਿਚ ਅਹਿਮਦ ਦੇ ਬੋਲਦੇ ਸਾਰ ਹੜਕੰਪ ਮੱਚ ਗਿਆ। ਪੁਲਿਸ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਸੁਰੱਖਿਆ ਮੁਲਾਜ਼ਮ ਬਜ਼ੁਰਗ ਦਾ ਮੂੰਹ ਬੰਦ ਕਰ ਕੇ ਉਸ ਨੂੰ ਰੈਲੀ ਵਿੱਚੋਂ ਬਾਹਰ ਲੈ ਗਏ। ਇਸ ਤੋਂ ਇਲਾਵਾ ਫਰੀਦਕੋਟ ਦੇ ਪਿੰਡ ਚੰਦਬਾਜਾ ਵਿਚ ਚੋਣ ਪ੍ਰਚਾਰ ਕਰਨ ਆਏ ਅਕਾਲੀ ਦਲ ਦੇ ਸ਼੍ਰੋਮਣੀ ਕਮੇਟੀ ਮੈਂਬਰ ਸ਼ੇਰ ਸਿੰਘ ਮੰਡ ਨੂੰ ਪਿੰਡ ਵਾਸੀਆਂ ਵੇ ਬੰਦੀ ਬਣਾ ਲਿਆ। ਪਿੰਡ ਵਾਸੀਆਂ ਮੰਡ ਨੂੰ ਤਕਰੀਬਨ 4 ਘੰਟੇ ਬੰਦੀ ਬਣਾਈ ਰੱਖਿਆ।