ਚੰਡੀਗੜ੍ਹ: ਚੋਣ ਰਣਨੀਤੀ ਪੱਖੋਂ ਆਮ ਆਦਮੀ ਪਾਰਟੀ ਨੇ ਸਾਰੀਆਂ ਸਿਆਸੀ ਧਿਰਾਂ ਨੂੰ ਮਾਤ ਪਾ ਦਿੱਤੀ ਹੈ। ਪੰਜਾਬ ਦੇ ਢਾਈ ਦਰਜਨ ਦੇ ਕਰੀਬ ਗਾਇਕ ਆਪ ਦੇ ਹੱਕ ਵਿਚ ਪੰਜਾਬ ਦੇ ਚੌਕਾਂ ਤੇ ਬਾਜ਼ਾਰਾਂ ਵਿਚ ਅਖਾੜੇ ਲਾ ਕੇ ਵੋਟਾਂ ਦੀ ਅਪੀਲ ਕਰ ਰਹੇ ਹਨ। ਦੂਜੇ ਪਾਸੇ ‘ਆਪ’ ਵਾਲੰਟੀਅਰਾਂ ਨੇ ਪੰਜਾਬ ਭਰ ਦੇ ਟੋਲ ਪਲਾਜ਼ਿਆਂ ਤੇ ਭੀੜ ਵਾਲੀਆਂ ਟਰੈਫਿਕ ਲਾਈਟਾਂ ਨੇੜੇ ਵੱਖਰੇ ਢੰਗ ਨਾਲ ਚੋਣ ਪ੍ਰਚਾਰ ਵਿੱਢ ਦਿੱਤਾ ਹੈ।
ਸੂਤਰਾਂ ਅਨੁਸਾਰ ‘ਆਪ’ ਵੱਲੋਂ ਅਜਿਹੇ ਹੋਰ ਕਈ ਪ੍ਰੋਗਰਾਮ ਉਲੀਕੇ ਗਏ ਹਨ ਜੋ 4 ਫਰਵਰੀ ਤੱਕ ਖਾਸ ਕਰ ਕੇ ਜਨਤਕ ਅਤੇ ਭੀੜ-ਭੜੱਕੇ ਵਾਲੀਆਂ ਥਾਵਾਂ ਉਤੇ ਕਰਨ ਦੀ ਰਣਨੀਤੀ ਬਣਾਈ ਹੈ। ‘ਆਪ’ ਨੇ ਢਾਈ ਦਰਜਨ ਦੇ ਕਰੀਬ ਗਾਇਕਾਂ ਨੂੰ ਚੋਣ ਪ੍ਰਚਾਰ ਲਈ ਲਾਇਆ ਹੈ। ਇਸ ਤਹਿਤ ਕਈ ਸ਼ਹਿਰਾਂ ਵਿਚ ਪੰਜਾਬੀ ਗਾਇਕਾਂ ਨੇ ਭੀੜ-ਭੜੱਕੇ ਵਾਲੇ ਚੌਕਾਂ ਅਤੇ ਬਾਜ਼ਾਰਾਂ ਵਿਚ ਚੱਲਦਿਆਂ-ਫਿਰਦਿਆਂ ਅਖਾੜੇ ਲਾ ਕੇ ‘ਆਪ’ ਦੇ ਗੁਣਗਾਣ ਕੀਤੇ ਅਤੇ ਪੰਜਾਬ ਵਿਚ ਸਿਆਸੀ ਬਦਲਾਅ ਲਿਆਉਣ ਲਈ ਅਰਵਿੰਦ ਕੇਜਰੀਵਾਲ ਦੀ ਸੋਚ ਉਪਰ ਪਹਿਰਾ ਦੇਣ ਦਾ ਹੋਕਾ ਦਿੱਤਾ। ਗਾਇਕਾਂ ਵੱਲੋਂ ‘ਆਪ’ ਲਈ ਵੋਟਾਂ ਮੰਗਣ ਲਈ ਵਿਸ਼ੇਸ਼ ਸ਼ਬਦਾਵਲੀ ਵਾਲੇ ਗੀਤ ਤਿਆਰ ਕੀਤੇ ਹਨ। ਇਸ ਪ੍ਰੋਗਰਾਮ ਤਹਿਤ ਗਾਇਕ ਮੰਗੀ ਮਾਹਲ ਨੇ ਪਠਾਨਕੋਟ, ਗਾਇਕ ਲਾਡੀ ਨੇ ਜਲੰਧਰ, ਗਾਇਕ ਮਨਜੀਤ ਰੂਪੋਵਾਲੀਆ ਨੇ ਪਟਿਆਲਾ ਤੇ ਬੰਸੀ ਬਰਨਾਲਾ ਨੇ ਗੁਰਦਾਸਪੁਰ ਸ਼ਹਿਰਾਂ ਦੇ ਚੌਕਾਂ ਅਤੇ ਬਾਜ਼ਾਰਾਂ ਵਿਚ ਅਖਾੜੇ ਲਾਏ।
ਦੂਜੇ ਪਾਸੇ ‘ਆਪ’ ਨੇ ਟੋਲ ਪਲਾਜ਼ਿਆਂ ਅਤੇ ਟਰੈਫਿਕ ਲਾਈਟਾਂ ਉਤੇ ਲੱਗਦੀਆਂ ਭੀੜਾਂ ਦਾ ਸਿਆਸੀ ਲਾਹਾ ਉਠਾਉਣ ਲਈ ਨਵੇਂ ਕਿਸਮ ਦਾ ਚੋਣ ਪ੍ਰਚਾਰ ਵਿੱਢਿਆ ਹੈ। ‘ਆਪ’ ਦੇ ਵਾਲੰਟੀਅਰਾਂ ਨੇ ਅਜਿਹੇ 36 ਟੋਲ ਪਲਾਜ਼ਿਆਂ ਦੀ ਚੋਣ ਕੀਤੀ ਹੈ, ਜਿਥੇ ਭੀੜ-ਭੜੱਕਾ ਹੁੰਦਾ ਹੈ। ਵਾਲੰਟੀਅਰ ਚੁੱਪ-ਚੁਪੀਤੇ ਇਨ੍ਹਾਂ ਟੋਲ ਪਲਾਜ਼ਿਆਂ ਨੇੜੇ ‘ਆਪ’ ਦੇ ਹੱਕ ਵਿਚ ਆਏ ਚੋਣ ਸਰਵੇਖਣਾਂ ਦੇ ਅੰਕੜਿਆਂ ਵਾਲੇ ਕੱਪੜੇ ਪਾ ਕੇ ਚੋਣ ਪ੍ਰਚਾਰ ਕਰ ਰਹੇ ਹਨ। ਵਾਲੰਟੀਅਰਾਂ ਵੱਲੋਂ ਟੋਲ ਪਲਾਜ਼ਿਆਂ ‘ਤੇ ਲੱਗਦੀਆਂ ਭੀੜਾਂ ਵਾਲੇ ਸਮੇਂ ਸਵੇਰੇ 8æ00 ਵਜੇ ਤੋਂ 11æ00 ਵਜੇ ਤੱਕ ਅਤੇ ਸ਼ਾਮ ਵੇਲੇ 3æ00 ਤੋਂ 5æ00 ਵਜੇ ਤੱਕ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ‘ਆਪ’ ਦੇ ਹੱਕ ਵਿਚ ਵੱਖ-ਵੱਖ ਦੇਸ਼ਾਂ ਤੋਂ ਪੁੱਜੇ ਪਰਵਾਸੀ ਪੰਜਾਬੀਆਂ ਵੱਲੋਂ 100 ਦੇ ਕਰੀਬ ਗੱਡੀਆਂ ਦੇ ਕਾਫਲਿਆਂ ਸਮੇਤ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿਚ ਜਾ ਕੇ ਝਾੜੂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।
‘ਆਪ’ ਦੇ ਵਲੰਟੀਅਰਾਂ ਨੇ ਜਿਥੇ ਚੋਣ ਪ੍ਰਚਾਰ ਨੂੰ ਨਵਾਂ ਰੂਪ ਦਿੱਤਾ ਹੈ, ਉਥੇ ਅਰਵਿੰਦ ਕੇਜਰੀਵਾਲ ਵੱਲੋਂ ਵੀ ਹੁਣ ਵੱਡੀਆਂ ਰੈਲੀਆਂ ਕਰਨ ਦਾ ਦੌਰ ਛੱਡ ਕੇ ਵਿਧਾਨ ਸਭਾ ਹਲਕਿਆਂ ਵਿਚ ਰੋਡ ਸ਼ੋਅ ਕਰ ਕੇ ਅਤੇ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕਰ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ। ਸ੍ਰੀ ਕੇਜਰੀਵਾਲ ਨੇ 2 ਫਰਵਰੀ ਤੱਕ 20 ਹਲਕਿਆਂ ਵਿਚ ਅਜਿਹੇ ਪ੍ਰੋਗਰਾਮ ਕਰਨ ਦਾ ਟੀਚਾ ਮਿਥਿਆ ਹੈ।
_______________________________________________
ਬਰਗਾੜੀ ਕਾਂਡ ‘ਚ ਕਾਬੂ ਨੌਜਵਾਨ ਵੱਲੋਂ ਆਪ ਉਮੀਦਵਾਰ ਫੂਲਕਾ ਨੂੰ ਹਮਾਇਤ
ਮੁੱਲਾਂਪੁਰ ਦਾਖਾ: ਬਰਗਾੜੀ ਕਾਂਡ ਵਿਚ ਬੇਦੋਸ਼ੇ ਫੜੇ ਗਏ ਪਿੰਡ ਪੰਜਗਰਾਈਆਂ ਦੇ ਰੁਪਿੰਦਰ ਸਿੰਘ ਵੱਲੋਂ ‘ਆਪ’ ਦੇ ਇਥੇ ਸਥਿਤ ਦਫਤਰ ਵਿਚ ਵਿਧਾਨ ਸਭਾ ਹਲਕਾ ਦਾਖਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਵਿੰਦਰ ਸਿੰਘ ਫੂਲਕਾ ਦੀ ਹਮਾਇਤ ਦਾ ਐਲਾਨ ਕੀਤਾ ਗਿਆ। ਰੁਪਿੰਦਰ ਨੇ ਕਿਹਾ ਕਿ ਸ੍ਰੀ ਫੂਲਕਾ ਦੀ ਕੁਰਬਾਨੀ ਨੂੰ ਦੇਖਦਿਆਂ ਚਾਹੀਦਾ ਤਾਂ ਇਹ ਸੀ ਕਿ ਉਨ੍ਹਾਂ ਮੁਕਾਬਲੇ ਕੋਈ ਵੀ ਪਾਰਟੀ ਆਪਣਾ ਉਮੀਦਵਾਰ ਖੜ੍ਹਾ ਹੀ ਨਾ ਕਰਦੀ, ਪਰ ਜੇ ਹੁਣ ਹੋਰ ਉਮੀਦਵਾਰ ਮੈਦਾਨ ‘ਚ ਆ ਹੀ ਚੁੱਕੇ ਹਨ ਤਾਂ ਸ੍ਰੀ ਫੂਲਕਾ ਨੂੰ ਵੱਡੇ ਪੱਧਰ ਉਤੇ ਵੋਟਾਂ ਪਾ ਕੇ ਜਤਾਇਆ ਜਾਵੇਗਾ।
ਰੁਪਿੰਦਰ ਸਿੰਘ ਨੇ ਕਿਹਾ ਕਿ ਜਦੋਂ ਉਸ ਨੂੰ ਬਰਗਾੜੀ ਕਾਂਡ ਵਿਚ ਗ੍ਰਿਫ਼ਤਾਰ ਕੀਤਾ ਗਿਆ ਤਾਂ ਸ੍ਰੀ ਫੂਲਕਾ ਤੁਰਤ ਦਿੱਲੀ ਤੋਂ ਇਥੇ ਪੁੱਜੇ ਸਨ। ਉਨ੍ਹਾਂ ਸਦਕਾ ਹੀ ਰੁਪਿੰਦਰ ਤੇ ਉਸ ਦੇ ਭਰਾ ਦੀ ਰਿਹਾਈ ਹੋਈ ਸੀ। ਉਸ ਨੇ ਕਿਹਾ ਕਿ ਸ੍ਰੀ ਫੂਲਕਾ ਨੇ ਕੌਮ ਲਈ ਆਪਣਾ ਫਰਜ਼ ਨਿਭਾਇਆ, ਹੁਣ ਕੌਮ ਦੀ ਵਾਰੀ ਹੈ ਕਿ ਉਨ੍ਹਾਂ ਨੂੰ ਜਿਤਾ ਕੇ ਵਿਧਾਨ ਸਭਾ ਭੇਜਿਆ ਜਾਵੇ ਤਾਂ ਜੋ ਉਹ ਪੰਜਾਬ ਦੇ ਲੋਕਾਂ ਦੀ ਆਵਾਜ਼ ਉਠਾਉਣ। ਉਸ ਨੇ ਦੱਸਿਆ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਜਥੇਬੰਦੀ ਪੰਜਗਰਾਈਆਂ ਦੇ ਸਰਗਰਮ ਮੈਂਬਰ ਹੈ ਅਤੇ ਸਾਰੀ ਜਥੇਬੰਦੀ ਸ੍ਰੀ ਫੂਲਕਾ ਦੇ ਨਾਲ ਹੈ। ਇਹ ਜਥੇਬੰਦੀ ਸ੍ਰੀ ਫੂਲਕਾ ਲਈ ਚੋਣ ਪ੍ਰਚਾਰ ਵੀ ਕਰੇਗੀ।