ਦਾਗੀ ਅਤੇ ਧਨਾਢ ਉਮੀਦਵਾਰਾਂ ਦੀ ਹੋਈ ਚਾਰ-ਚੁਫੇਰੇ ਬੱਲੇ-ਬੱਲੇ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਲਈ ਨਿੱਤਰੇ ਕੁੱਲ 1145 ਉਮੀਦਵਾਰਾਂ ਵਿਚੋਂ 101 ਉਮੀਦਵਾਰਾਂ ਉਤੇ ਅਪਰਾਧਕ ਕੇਸ ਚੱਲ ਰਹੇ ਹਨ, ਜਿਨ੍ਹਾਂ ਵਿਚੋਂ 78 ਉਮੀਦਵਾਰਾਂ ਖਿਲਾਫ਼ ਕਈ ਗੰਭੀਰ ਮਾਮਲੇ ਵੀ ਦਰਜ ਹਨ। ਇਨ੍ਹਾਂ ਵਿਚੋਂ 4 ਵਿਰੁੱਧ ਕਤਲ, 11 ਵਿਰੁੱਧ ਇਰਾਦਾ ਕਤਲ ਅਤੇ 6 ਖਿਲਾਫ਼ ਔਰਤਾਂ ਉਤੇ ਜ਼ੁਲਮ ਕਰਨ ਦੇ ਕੇਸ ਚੱਲ ਰਹੇ ਹਨ।

ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਜ਼ (ਏæਡੀæਆਰæ) ਅਤੇ ਪੰਜਾਬ ਇਲੈਕਸ਼ਨ ਵਾਚ ਵੱਲੋਂ ਉਮੀਦਵਾਰਾਂ ਵੱਲੋਂ ਚੋਣ ਕਮਿਸ਼ਨ ਨੂੰ ਦਿੱਤੇ ਹਲਫੀਆ ਬਿਆਨਾਂ ਦਾ ਅਧਿਐਨ ਕਰਨ ਤੋਂ ਬਾਅਦ ਉਪਰੋਕਤ ਖੁਲਾਸੇ ਕੀਤੇ ਹਨ। ਅਪਰਾਧਕ ਕੇਸਾਂ ਵਿਚ ਉਲਝੇ ਉਮੀਦਵਾਰਾਂ ਵਿਚੋਂ ਸਭ ਤੋਂ ਵੱਧ 12 ਫੀਸਦੀ ਕਾਂਗਰਸੀ, 11-11 ਫੀਸਦ ਆਮ ਆਦਮੀ ਪਾਰਟੀ (ਆਪ) ਤੇ ਅਕਾਲੀ ਦਲ ਅਤੇ ਆਪਣਾ ਪੰਜਾਬ ਪਾਰਟੀ 9-9 ਫੀਸਦੀ, ਅਕਾਲੀ ਦਲ (ਅੰਮ੍ਰਿਤਸਰ) ਤੇ ਭਾਜਪਾ ਦੇ ਉਮੀਦਵਾਰ ਹਨ। ਆਜ਼ਾਦ ਉਮੀਦਵਾਰਾਂ ਵਿਚੋਂ ਵੀ 7 ਫੀਸਦੀ ਵਿਰੁੱਧ ਅਪਰਾਧਕ ਕੇਸ ਚੱਲ ਰਹੇ ਹਨ। ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਵਿਰੁੱਧ 6 ਅਤੇ ਉਨ੍ਹਾਂ ਦੇ ਭਰਾ ਬਲਵਿੰਦਰ ਸਿੰਘ ਬੈਂਸ ਵਿਰੁੱਧ ਦੋ ਕੇਸ ਦਰਜ ਹਨ। ਪੁਲਿਸ ਨੇ ਬੈਂਸ ਭਰਾਵਾਂ ਵਿਰੁੱਧ ਬਹੁਤੇ ਕੇਸ ਉਨ੍ਹਾਂ ਵੱਲੋਂ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਨ ਮੌਕੇ ਦਰਜ ਕੀਤੇ ਸਨ।
ਕੁੱਲ ਉਮੀਦਵਾਰਾਂ ਵਿਚੋਂ 428 ਕਰੋੜਪਤੀ ਹਨ। ਇਨ੍ਹਾਂ ਵਿਚੋਂ 178 ਉਮੀਦਵਾਰਾਂ ਦੀ ਜਾਇਦਾਦ ਪੰਜ ਕਰੋੜ ਤੋਂ ਵੱਧ ਹੈ। ਅਕਾਲੀ ਦਲ ਦੇ ਕੁੱਲ 94 ਉਮੀਦਵਾਰਾਂ ਵਿਚੋਂ 87 (93 ਫੀਸਦੀ), ਕਾਂਗਰਸ ਦੇ 117 ਵਿਚੋਂ 103 (88 ਫੀਸਦੀ), ਭਾਜਪਾ ਦੇ 23 ਵਿਚੋਂ 20 (87 ਫੀਸਦੀ), ‘ਆਪ’ ਦੇ 112 ਵਿਚੋਂ 24 (31 ਫ਼ੀਸਦੀ), ਆਪਣਾ ਪੰਜਾਬ ਪਾਰਟੀ ਦੇ 77 ਵਿਚੋਂ 24 (31 ਫੀਸਦੀ), ਅਕਾਲੀ ਦਲ (ਅੰਮ੍ਰਿਤਸਰ) ਦੇ 54 ਵਿਚੋਂ 12 (22 ਫੀਸਦੀ) ਅਤੇ 304 ਆਜ਼ਾਦ ਉਮੀਦਵਾਰਾਂ ਵਿਚੋਂ 69 (23 ਫੀਸਦੀ) ਉਮੀਦਵਾਰਾਂ ਦੀ ਜਾਇਦਾਦ ਇਕ ਕਰੋੜ ਤੋਂ ਵੱਧ ਹੈ। ਕਾਂਗਰਸ ਦੇ ਉਮੀਦਵਾਰਾਂ ਦੇ ਅਸਾਸੇ ਔਸਤਨ 12æ38 ਕਰੋੜ, ਸ਼੍ਰੋਮਣੀ ਅਕਾਲੀ ਦਲ ਦੇ 9æ26 ਕਰੋੜ, ‘ਆਪ’ ਦੇ 6æ24 ਕਰੋੜ, ਭਾਜਪਾ ਦੇ 6æ10 ਕਰੋੜ ਅਤੇ ਆਜ਼ਾਦ ਉਮੀਦਵਾਰਾਂ ਦੇ 1æ49 ਕਰੋੜ ਪ੍ਰਤੀ ਉਮੀਦਵਾਰ ਹਨ। ਅਕਾਲੀ ਦਲ ਦੇ ਸਭ ਤੋਂ ਵੱਧ 93 ਫ਼ੀਸਦੀ ਉਮੀਦਵਾਰ ਕਰੋੜਪਤੀ ਹਨ, ਔਸਤਨ ਕਾਂਗਰਸ ਦੇ ਉਮੀਦਵਾਰ ਸਭ ਤੋਂ ਅਮੀਰ ਹਨ। ਸਭ ਤੋਂ ਗਰੀਬ ਹਲਕਾ ਕਪੂਰਥਲਾ ਦੇ ਰਾਸ਼ਟਰੀ ਕ੍ਰਾਂਤੀਕਾਰੀ ਸਮਾਜਵਾਦੀ ਪਾਰਟੀ ਦੇ ਸਤੀਸ਼ ਕੁਮਾਰ ਨਾਹਰ ਹਨ। ਉਨ੍ਹਾਂ ਕੋਲ ਕੇਵਲ ਦੋ ਹਜ਼ਾਰ ਰੁਪਏ ਹਨ। ਸੱਤ ਉਮੀਦਵਾਰਾਂ ਨੇ ਆਪਣੇ ਅਸਾਸੇ ਸਿਫਰ ਦੱਸੇ ਹਨ।
ਸਭ ਤੋਂ ਵੱਧ 3 ਧਨਾਢ ਉਮੀਦਵਾਰਾਂ ਵਿਚ ਕਾਂਗਰਸ ਦੇ ਕਪੂਰਥਲਾ ਤੋਂ ਉਮੀਦਵਾਰ ਰਾਣਾ ਗੁਰਜੀਤ ਸਿੰਘ, ਅਬੋਹਰ ਤੋਂ ਆਜ਼ਾਦ ਉਮੀਦਵਾਰ ਸ਼ਿਵ ਲਾਲ ਡੋਡਾ ਅਤੇ ਮੁਕਤਸਰ ਤੋਂ ਕਾਂਗਰਸ ਦੀ ਉਮੀਦਵਾਰ ਕਰਨ ਬਰਾੜ ਸ਼ਾਮਲ ਹਨ। ਇਨ੍ਹਾਂ ਦੇ ਕ੍ਰਮਵਾਰ 169 ਕਰੋੜ, 141 ਕਰੋੜ ਅਤੇ 119 ਕਰੋੜ ਦੇ ਅਸਾਸੇ ਹਨ। ਦੇਣਦਾਰੀਆਂ ਦੇ ਮਾਮਲੇ ਵਿਚ ਰਾਣਾ ਗੁਰਜੀਤ ਸਿੰਘ ਤੇ ਜਲਾਲਾਬਾਦ ਤੋਂ ਅਕਾਲੀ ਦਲ ਉਮੀਦਵਾਰ ਸੁਖਬੀਰ ਬਾਦਲ ਅੱਗੇ ਹਨ। ਇਨ੍ਹਾਂ ਸਿਰ ਕ੍ਰਮਵਾਰ 81 ਕਰੋੜ ਤੇ 39 ਕਰੋੜ ਦੀਆਂ ਦੇਣਦਾਰੀਆਂ ਹਨ। ਨਵਜੋਤ ਸਿੱਧੂ ਦੀ ਜਾਇਦਾਦ ਭਾਵੇਂ 45 ਕਰੋੜ ਰੁਪਏ ਹੈ, ਪਰ ਉਹ ਸਾਲਾਨਾ 9 ਕਰੋੜ ਰੁਪਏ ਦੀ ਕਮਾਈ ਕਰ ਕੇ ਸਭ ਤੋਂ ਵੱਧ ਕਮਾਊ ਉਮੀਦਵਾਰ ਹਨ। ਦੂਸਰੇ ਨੰਬਰ ਉਤੇ ਸ਼ਿਵ ਲਾਲ ਡੋਡਾ ਦੀ ਸਾਲਾਨਾ 4 ਕਰੋੜ ਰੁਪਏ ਦੀ ਆਮਦਨ ਹੈ ਤੇ ਇਸੇ ਤਰ੍ਹਾਂ ‘ਆਪ’ ਦੇ ਸੁਨਾਮ ਤੋਂ ਉਮੀਦਵਾਰ ਅਮਨ ਅਰੋੜਾ ਦੀ ਵੀ ਸਾਲਾਨਾ ਆਮਦਨ 4 ਕਰੋੜ ਹੈ। ਸੁਖਬੀਰ ਬਾਦਲ ਸਾਲ ਵਿਚ 2 ਕਰੋੜ ਕਮਾਉਂਦੇ ਹਨ। ਹੁਸ਼ਿਆਰਪੁਰ ਹਲਕੇ ਤੋਂ ‘ਆਪ’ ਉਮੀਦਵਾਰ ਪਰਮਜੀਤ ਸਿੰਘ ਇਕ ਕਰੋੜ ਰੁਪਏ ਸਾਲਾਨਾ ਕਮਾਉਂਦੇ ਹਨ। ਵਿਦਿਅਕ ਯੋਗਤਾ ਪੱਖੋਂ 688 ਉਮੀਦਵਾਰ ਪੰਜਵੀਂ ਤੋਂ ਬਾਰ੍ਹਵੀਂ ਤੱਕ ਪੜ੍ਹੇ ਹਨ ਅਤੇ 365 ਉਮੀਦਵਾਰ ਗਰੈਜੂਏਟ ਜਾਂ ਇਸ ਤੋਂ ਉਚ ਯੋਗਤਾ ਪ੍ਰਾਪਤ ਹਨ। ਕੁੱਲ ਉਮੀਦਵਾਰਾਂ ਵਿਚੋਂ 56 ਫੀਸਦੀ 25 ਤੋਂ 50 ਸਾਲ ਦੇ ਹਨ ਅਤੇ ਬਾਕੀ 51 ਤੋਂ 80 ਸਾਲ ਤੱਕ ਦੀ ਉਮਰ ਦੇ ਹਨ।
_______________________________________________________
ਸਿਆਸੀ ਪਾਰਟੀਆਂ ਦੀ ਆਮਦਨ ਛੜੱਪੇ ਮਾਰ ਕੇ ਵਧੀ
ਚੰਡੀਗੜ੍ਹ: ਏæਡੀæਆਰæ ਦੀ ਇਕ ਹੋਰ ਰਿਪੋਰਟ ਮੁਤਾਬਕ ਸਿਆਸੀ ਪਾਰਟੀਆਂ ਦੀ ਆਮਦਨ ਵੀ ਛੜੱਪੇ ਮਾਰ ਕੇ ਵਧੀ ਹੈ। ਇੰਨਾ ਹੀ ਨਹੀਂ, ਭਾਜਪਾ ਤੇ ਕਾਂਗਰਸ ਸਮੇਤ ਛੇ ਕੌਮੀ ਪਾਰਟੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਸਮੇਤ 51 ਖੇਤਰੀ ਸਿਆਸੀ ਪਾਰਟੀਆਂ ਵੱਲੋਂ ਦਿਖਾਏ ਗਏ ਆਪਣੀ ਆਮਦਨ ਦੇ ਫੰਡਾਂ ਦੇ ਵੇਰਵੇ ਵਿਚੋਂ ਦੋ ਤਿਹਾਈ ਪੂੰਜੀ ਦੇ ਸਰੋਤਾਂ ਦੀ ਕੋਈ ਜਾਣਕਾਰੀ ਨਹੀਂ। ਰਿਪੋਰਟ ਅਨੁਸਾਰ 2004 ਤੋਂ 2015 ਤੱਕ ਪ੍ਰਮੁੱਖ ਕੌਮੀ ਪਾਰਟੀਆਂ-ਭਾਜਪਾ ਅਤੇ ਕਾਂਗਰਸ ਦੀ ਕ੍ਰਮਵਾਰ 65 ਤੇ 83 ਫੀਸਦੀ ਜਦੋਂ ਕਿ ਖੇਤਰੀ ਪਾਰਟੀਆਂ ਵਿਚੋਂ ਸ਼੍ਰੋਮਣੀ ਅਕਾਲੀ ਦਲ ਤੇ ਸਪਾ ਦੀ 86 ਅਤੇ 94 ਫੀਸਦੀ ਆਮਦਨ ਦੇ ਸਰੋਤਾਂ ਦੀ ਕੋਈ ਜਾਣਕਾਰੀ ਨਹੀਂ ਹੈ।
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲੜ ਰਹੇ ਸਿਆਸਤਦਾਨਾਂ ਦੀਆਂ ਜਾਇਦਾਦਾਂ ਦੇ ਵੇਰਵੇ ਹੈਰਾਨ ਕਰਨ ਵਾਲੇ ਹਨ। ਸੂਬਾਈ ਵਿਧਾਨ ਸਭਾ ਲਈ ਮੁੜ ਚੋਣ ਲੜ ਰਹੇ 94 ਵਿਧਾਇਕਾਂ ਵੱਲੋਂ ਨਾਮਜ਼ਦਗੀ ਪੱਤਰਾਂ ਨਾਲ ਆਪਣੀਆਂ ਜਾਇਦਾਦਾਂ ਦੇ ਦਿੱਤੇ ਗਏ ਵੇਰਵਿਆਂ ਦੀ ਦੋ ਗੈਰ-ਸਰਕਾਰੀ ਸੰਗਠਨਾਂ-ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਿਫ਼ੌਰਮਜ਼ (ਏæਡੀæਆਰæ) ਅਤੇ ਪੰਜਾਬ ਇਲੈਕਸ਼ਨ ਵਾਚ ਵੱਲੋਂ ਕੀਤੀ ਪੁਣ-ਛਾਣ ਦੇ ਆਧਾਰ ਉਤੇ ਜਾਰੀ ਰਿਪੋਰਟ ਅਨੁਸਾਰ ਪਿਛਲੇ ਪੰਜ ਸਾਲਾਂ ਦੌਰਾਨ ਹਰ ਵਿਧਾਇਕ ਦੀ ਜਾਇਦਾਦ ਵਿਚ ਔਸਤਨ ਤਿੰਨ ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਦਿਲਚਸਪ ਗੱਲ ਇਹ ਹੈ ਕਿ ਸੱਤਾਧਾਰੀ ਅਤੇ ਵਿਰੋਧੀ ਧਿਰ ਦੋਵਾਂ ਦੇ ਹੀ 75 ਵਿਧਾਇਕਾਂ ਦੀਆਂ ਜਾਇਦਾਦਾਂ ਵਧੀਆਂ ਹਨ ਜਦੋਂਕਿ 19 ਵਿਧਾਇਕਾਂ ਨੇ ਆਪਣੀ ਆਮਦਨ ਵਿਚ ਕਮੀ ਦਰਸਾਈ ਹੈ।