ਸਿਆਸੀ ਧਿਰਾਂ ਦੇ ਚੋਣ ਪ੍ਰਚਾਰ ‘ਚ ਬੇਅਦਬੀ ਦਾ ਮੁੱਦਾ ਰਿਹਾ ਭਾਰੂ

ਚੰਡੀਗੜ੍ਹ: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਜਾਰੀ ਹਨ। ਸੱਤਾਧਾਰੀ ਅਕਾਲੀ ਦਲ ਇਨ੍ਹਾਂ ਘਟਨਾਵਾਂ ਦੇ ਦੋਸ਼ੀਆਂ ਨੂੰ ਕਾਬੂ ਕਰਨ ਵਿਚ ਨਾਕਾਮ ਰਿਹਾ ਹੈ। ਇਹ ਨਾਕਾਮੀ ਵਿਧਾਨ ਸਭਾ ਚੋਣਾਂ ਵਿਚ ਸੱਤਾਧਿਰ ਨੂੰ ਕਾਫੀ ਨੁਕਸਾਨ ਪਹੁੰਚਾ ਰਹੀ ਹੈ। ਇਸ ਦਾ ਸਬੂਤ ਪੰਜਾਬ ਦੇ ਕਈ ਹਿੱਸਿਆਂ ਵਿਚੋਂ ਸਾਹਮਣੇ ਆਇਆ ਹੈ। ਮਾਲਵੇ ਦੇ ਜ਼ਿਲ੍ਹਾ ਫਰੀਦਕੋਟ ਦੇ ਜੈਤੋ ਵਿਧਾਨ ਸਭਾ ਹਲਕੇ ਦੀ ਗੱਲ ਕਰੀਏ ਤਾਂ ਇਥੇ ਵੀ ਲੋਕ ਹਾਲੇ ਬਰਗਾੜੀ ਦੇ ਬੇਅਦਬੀ ਕਾਂਡ ਤੇ ਬਹਿਬਲ ਕਲਾਂ ਗੋਲੀ ਕਾਂਡ ਨੂੰ ਨਹੀਂ ਭੁੱਲੇ।

ਜੈਤੋ ਦੇ ਦਰਜਨਾਂ ਪਿੰਡਾਂ ਵਿਚ ਬੇਅਦਬੀ ਨੂੰ ਲੈ ਕੇ ਅਕਾਲੀ-ਭਾਜਪਾ ਸਰਕਾਰ ਲਈ ਲੋਕਾਂ ਦੇ ਮਨਾਂ ਵਿਚ ਰੋਸ ਭਖ ਰਿਹਾ ਹੈ। ਹਰ ਪਾਰਟੀ ਦੇ ਉਮੀਦਵਾਰ ਨੂੰ ਲੋਕ ਬੇਅਦਬੀ ਮਾਮਲਿਆਂ ਬਾਰੇ ਹੀ ਸਵਾਲ ਪੁੱਛ ਰਹੇ ਹਨ। ਜੈਤੋ ਵਿਚ ਅਕਾਲੀ ਦਲ ਦੇ ਉਮੀਦਵਾਰ ਸੂਬਾ ਸਿੰਘ ਬਾਦਲ, ਕਾਂਗਰਸ ਵੱਲੋਂ ਮੁਹੰਮਦ ਸਦੀਕ ਤੇ ਆਮ ਆਦਮੀ ਪਾਰਟੀ ਵੱਲੋਂ ਮਾਸਟਰ ਬਲਦੇਵ ਸਿੰਘ ਚੋਣ ਮੈਦਾਨ ਵਿਚ ਹਨ। ਬਰਗਾੜੀ ਦੇ ਆਸ ਪਾਸ ਦੇ ਦਰਜਨਾਂ ਪਿੰਡਾਂ ਵਿਚ ਹਾਕਮ ਧਿਰ ਨੂੰ ਬੇਅਦਬੀ ਮਾਮਲੇ ਕਾਰਨ ਵੱਡੀ ਸਿਆਸੀ ਸੱਟ ਵੱਜ ਰਹੀ ਹੈ। ਲੋਕਾਂ ਦੀ ਰਾਏ ਮੁਤਾਬਕ ਲੰਬੀ ਵਿਚ ਮੁੱਖ ਮੰਤਰੀ ਬਾਦਲ ਉਤੇ ਜੁੱਤਾ ਸੁੱਟਣਾ ਕਿਤੇ ਨਾ ਕਿਤੇ ਇਸੇ ਰੋਸ ਦਾ ਨਤੀਜਾ ਹੈ।
ਲੋਕਾਂ ਦਾ ਕਹਿਣਾ ਹੈ ਬੇਅਦਬੀ ਦਾ ਮਸਲਾ ਕੋਈ ਛੋਟਾ ਨਹੀਂ। ਉਧਰ, ਆਮ ਆਦਮੀ ਪਾਰਟੀ ਇਸੇ ਮੁੱਦੇ ਨੂੰ ਵਰਤ ਕੇ ਵੋਟਾਂ ਬਟੋਰਨ ਦਾ ਪੂਰਾ ਲਾਹਾ ਲੈ ਰਹੀ ਹੈ ਤੇ ਕਾਮਯਾਬ ਹੁੰਦੀ ਵੀ ਨਜ਼ਰ ਆ ਰਹੀ ਹੈ। ਪੰਜਾਬ ਦੇ ਮਾਲਵਾ ਖੇਤਰ ਦੀਆਂ ਸਭ ਤੋਂ ਵੱਧ 69 ਸੀਟਾਂ ਹਨ ਤੇ ਮਾਲਵੇ ਵਿਚ ਹੀ ਗੁਰਬਾਣੀ ਬੇਅਦਬੀ ਦੀਆਂ ਜ਼ਿਆਦਾ ਘਟਨਾਵਾਂ ਵਾਪਰ ਰਹੀਆਂ ਹਨ। ਅੰਕੜਿਆਂ ਮੁਤਾਬਕ ਨਵੀਂ ਸਰਕਾਰ ਤੈਅ ਕਰਨ ਵਾਲੇ ਮਾਲਵਾ ਖੇਤਰ ਵਿਚ ਹੀ ਅਕਾਲੀ ਦਲ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅਜਿਹੇ ਵਿਚ ਸਰਕਾਰ ਦੇ ਵਿਕਾਸ ਦਾ ਮੁੱਦਾ ਆਪਣਾ ਸਿਰ ਹੀ ਨਹੀਂ ਕੱਢ ਪਾ ਰਿਹਾ। ਜ਼ਾਹਿਰ ਤੌਰ ਉਤੇ ਜੇ ਇਨ੍ਹਾਂ ਘਿਨੌਣੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਲੱਭ ਕੇ ਸਖਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਤਾਂ ਅੱਜ ਸਮੀਕਰਨ ਸ਼ਾਇਦ ਕੁਝ ਹੋਰ ਹੁੰਦੇ।
__________________________________________
‘ਅਕਾਲੀ ਦਲ ਨੇ ਬੇਅਦਬੀ ਦੀ ਜ਼ਿੰਮੇਵਾਰੀ ਕਬੂਲੀ’
ਅੰਮ੍ਰਿਤਸਰ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀਅ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਸ਼੍ਰੋਮਣੀ ਅਕਾਲੀ ਦਲ ਹੈ ਅਤੇ ਹਾਕਮ ਧਿਰ ਨੇ ਇਸ ਨੂੰ ਕਬੂਲ ਵੀ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਇਕ ਅਧਿਕਾਰਤ ਬਿਆਨ ਵਿਚ ਇਹ ਗੱਲ ਕਬੂਲ ਕੀਤੀ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਲਈ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਜ਼ਿੰਮੇਵਾਰ ਹਨ। ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੀਡੀਆ ਸਲਾਹਕਾਰ ਵੱਲੋਂ ਭੁੱਚੋ ਮੰਡੀ ਤੋਂ ਜਾਰੀ ਇਕ ਬਿਆਨ ਦੇ ਸਿਰਲੇਖ ਵਿਚ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਹਵਾਲੇ ਨਾਲ ਆਖਿਆ ਗਿਆ ਹੈ ਕਿ ਪੰਜਾਬ ਵਿਚ ਬੇਅਦਬੀ ਦੀਆਂ ਘਟਨਾਵਾਂ ਲਈ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਜ਼ਿੰਮੇਵਾਰ ਹਨ।
_______________________________________
ਸਰਕਾਰ ਨੇ ਮੁਲਜ਼ਮ ਕੋਈ ਨਹੀਂ ਫੜਿਆ: ਭਗਵੰਤ
ਲੰਬੀ: ਸੰਗਰੂਰ ਤੋਂ ‘ਆਪ’ ਦੇ ਸੰਸਦ ਮੈਂਬਰ ਤੇ ਜਲਾਲਾਬਾਦ ਤੋਂ ਪਾਰਟੀ ਉਮੀਦਵਾਰ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿਚ 95ਵੇਂ ਵਾਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਤੇ ਇਕ ਸਾਲ ਬੀਤਣ ਉਤੇ ਵੀ ਕੋਈ ਮੁਲਜ਼ਮ ਨਹੀਂ ਫੜਿਆ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਦੋ ਵਾਰ ਹਾਰ ਚੁੱਕੀ ਹੈ ਤੇ ਇਸ ਵਾਰ ਹੈਟ੍ਰਿਕ ਲਗਾਏਗੀ।
____________________________________
ਮੁੜ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ
ਲੰਬੀ: ਇਸ ਵਿਧਾਨ ਸਭਾ ਹਲਕੇ ਦੇ ਪਿੰਡ ਕੱਟਿਆਂਵਾਲੀ ਵਿਚ ਗੁਟਕੇ ਦੀ ਬੇਅਦਬੀ ਹੋ ਗਈ। ਗੁਟਕੇ ਦੇ ਪਾੜੇ ਹੋਏ ਅੰਗ ਇਕ ਦੁਕਾਨ ਮੂਹਰੋਂ ਮਿਲੇ ਹਨ। ਕਬਰਵਾਲਾ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਧਾਰਾ 295ਏ ਤਹਿਤ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪਿੰਡ ਕੱਟਿਆਂਵਾਲੀ ਵਿਚ ਦੁਕਾਨਦਾਰ ਗੁਰਦੇਵ ਸਿੰਘ ਨੇ ਵੇਖਿਆ ਕਿ ਦੁਕਾਨ ਅੱਗੇ ਗੁਟਕੇ ਦੇ ਅੰਗ ਪਾੜ ਕੇ ਸੁੱਟੇ ਹੋਏ ਹਨ। ਉਨ੍ਹਾਂ ਨੇ ਪਿੰਡ ਵਾਸੀਆਂ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਗੁਟਕੇ ਦੇ ਅੰਗ ਇਕੱਠੇ ਕਰ ਕੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਸੌਂਪ ਦਿੱਤੇ।