ਐਤਕੀਂ ਕੈਰੋਂ ਤੇ ਮਜੀਠੀਆ ਦਾ ਵੱਕਾਰ ਲੱਗਿਆ ਦਾਅ ਉਤੇ

ਅੰਮ੍ਰਿਤਸਰ: ਪੱਟੀ ਅਤੇ ਮਜੀਠਾ ਵਿਧਾਨ ਸਭਾ ਹਲਕਿਆਂ ਵਿਚ ਅਕਾਲੀ-ਭਾਜਪਾ ਸਰਕਾਰ ਦੇ ਦੋ ਸ਼ਕਤੀਸਾਲੀ ਮੰਤਰੀਆਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਤੇ ਬਿਕਰਮ ਸਿੰਘ ਮਜੀਠੀਆ ਦਾ ਵੱਕਾਰ ਦਾਅ ਉਤੇ ਲੱਗਿਆ ਹੋਇਆ ਹੈ। ਦੋਵੇਂ ਮੰਤਰੀ ਵਿਕਾਸ ਦੇ ਨਾਂ ਉਤੇ ਵੋਟਾਂ ਮੰਗ ਰਹੇ ਹਨ, ਪਰ ਦੋਵਾਂ ਨੂੰ ਹਲਕਿਆਂ ਵਿਚ ਸਥਾਪਤੀ ਵਿਰੋਧੀ ਲਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਮਜੀਠੀਆ ਦੇ ਹਮਾਇਤੀਆਂ ਦਾ ਕਹਿਣਾ ਹੈ ਕਿ ਮੰਤਰੀ ਨੇ ਹਲਕੇ ਵਿਚ 500 ਕਰੋੜ ਰੁਪਏ ਦੇ ਵਿਕਾਸ ਕੰਮ ਕਰਵਾਏ ਹਨ ਅਤੇ ਇਸ ਲਈ ਜਿੱਤ-ਹਾਰ ਦਾ ਫੈਸਲਾ ਵਿਕਾਸ ਦੇ ਮੁੱਦੇ ਉਤੇ ਹੋਵੇਗਾ। ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਦੀ ਬਾਦਲ ਸਰਕਾਰ ਦੇ ਮੰਤਰੀ ਮਜੀਠੀਆ ਨਾਲ ਫਸਵੀਂ ਟੱਕਰ ਹੈ। ਇਸ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਦੀਆਂ ਸਰਗਰਮੀਆਂ ਵਿਚ ਵੀ ਤੇਜ਼ੀ ਆਈ ਹੈ।
ਹਲਕੇ ਦੇ ਪਿੰਡਾਂ ਆਮਦ, ਅੱਠਵਾਲ, ਸ਼ਾਮਨਗਰ ਦੇ ਲੋਕਾਂ ਦਾ ਕਹਿਣਾ ਹੈ ਕਿ ਵਿਕਾਸ ਦਾ ਫਾਇਦਾ ਉਨ੍ਹਾਂ ਤੱਕ ਘੱਟ ਪਹੁੰਚਿਆ ਹੈ ਅਤੇ ਨੀਲੇ ਕਾਰਡਾਂ ਦਾ ਫਾਇਦਾ ਵੀ ਵੱਡੇ ਲੋਕ ਲੈ ਗਏ ਹਨ। ਹਲਕੇ ਦੇ ਪਿੰਡ ਮਰੜੀ ਕਲਾਂ, ਭੰਗਾਲੀ ਦੇ ਲੋਕਾਂ ਨੇ ਕਿਹਾ ਕਿ ਹਲਕੇ ਵਿਚ ਸਟੇਡੀਅਮ ਬਣੇ ਹਨ ਅਤੇ ਕਈ ਹੋਰ ਸਹੂਲਤਾਂ ਮਿਲੀਆਂ ਹਨ, ਇਸ ਲਈ ਉਹ ਅਕਾਲੀ ਉਮੀਦਵਾਰ ਦੇ ਹੱਕ ਵਿਚ ਹਨ। ਪਿੰਡਾਂ ਵਿਚ ਕਿਤੇ-ਕਿਤੇ ਆਮ ਆਦਮੀ ਪਾਰਟੀ ਦੇ ਹਮਾਇਤੀ ਵੀ ਮਿਲੇ, ਜਿਨ੍ਹਾਂ ਕਿਹਾ ਕਿ ਨੌਜਵਾਨਾਂ ਵਰਗ ਉਨ੍ਹਾਂ ਦੇ ਹੱਕ ‘ਚ ਹੈ ਤੇ ਉਨ੍ਹਾਂ ਨੂੰ ਕਾਫੀ ਉਮੀਦਾਂ ਹਨ।
ਪੱਟੀ ਹਲਕੇ ਤੋਂ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਕਾਂਗਰਸ ਦੇ ਹਰਮਿੰਦਰ ਸਿੰਘ ਗਿੱਲ ਫਸਵੀਂ ਟੱਕਰ ਦੇ ਰਹੇ ਹਨ। ਗਿੱਲ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਸਿਰਫ 59 ਵੋਟਾਂ ਦੇ ਫਰਕ ਨਾਲ ਹਾਰ ਗਏ ਸਨ। ਇਸ ਵਾਰ ਉਹ ਜਿੱਤ ਦੇ ਦਾਅਵੇ ਕਰ ਰਹੇ ਹਨ। ਸਿਆਸੀ ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਹਲਕੇ ਵਿਚ ਜਿੱਤ-ਹਾਰ ਲਈ ਹਲਕੇ ਤੋਂ ਬਾਹਰਲੇ ਇਕ-ਦੋ ਆਗੂ ਆਖਰੀ ਸਮੇਂ ਸਮੀਕਰਨ ਬਦਲਣ ਵਿਚ ਭੂਮਿਕਾ ਨਿਭਾਉਂਦੇ ਰਹੇ ਹਨ ਅਤੇ ਇਸ ਵਾਰ ਵੀ ਉਨ੍ਹਾਂ ਦੀ ਭੂਮਿਕਾ ਉਤੇ ਨਿਗ੍ਹਾ ਰੱਖੀ ਜਾ ਰਹੀ ਹੈ। ਇਸ ਹਲਕੇ ਤੋਂ ‘ਆਪ’ ਦੇ ਰਣਜੀਤ ਸਿੰਘ ਚੀਮਾ ਕਿਸਮਤ ਅਜ਼ਮਾ ਰਹੇ ਹਨ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ‘ਆਪ’ ਨੇ ਹਲਕੇ ਵਿਚ ਪੈਰ ਲਾਉਣ ਵਾਲੇ ਆਗੂ ਨੂੰ ਚੋਣ ਮੈਦਾਨ ‘ਚ ਉਤਾਰਿਆ ਹੁੰਦਾ ਤਾਂ ਸਥਿਤੀ ਕੁਝ ਹੋਰ ਹੋਣੀ ਸੀ। ਇਸ ਹਲਕੇ ਦੇ ਤਿੰਨ-ਚਾਰ ਅਕਾਲੀ ਆਗੂ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ ਤੇ ਸੱਤਾ ਤਬਦੀਲੀ ਦੇ ਦਾਅਵੇ ਕਰ ਰਹੇ ਹਨ। ਪੱਟੀ ਕਸਬੇ ਦੇ ਲੋਕਾਂ ਦਾ ਕਹਿਣਾ ਹੈ ਕਿ ਹਲਕੇ ਵਿਚ ਨਸ਼ੀਲੇ ਪਦਾਰਥ ਆਮ ਹਨ ਤੇ ਨਸ਼ਿਆਂ ਦੇ ਤੰਦੁਆ ਜਾਲ ਨੂੰ ਤੋੜਨ ਲਈ ਵਿਸ਼ੇਸ਼ ਯਤਨ ਕਰਨ ਦੀ ਲੋੜ ਹੈ।
__________________________________________
ਡੇਰਾ ਸਿਰਸਾ ਤੋਂ ਅਸ਼ੀਰਵਾਦ ਲੈਣ ਗਏ ਉਮੀਦਵਾਰ ਕਸੂਤੇ ਘਿਰੇ
ਬਠਿੰਡਾ: ਡੇਰਾ ਸਿਰਸਾ ਕੋਲ ਵੋਟ ਮੰਗਣ ਗਏ ਸਿੱਖ ਉਮੀਦਵਾਰਾਂ ਲਈ ਵੱਡੀ ਸਮੱਸਿਆ ਖੜ੍ਹੀ ਹੋ ਗਈ ਹੈ। ਮੁਤਵਾਜ਼ੀ ਜਥੇਦਾਰਾਂ ਨੇ ਇਨ੍ਹਾਂ ਉਮੀਦਵਾਰਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਹੈ। ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਸੰਗਤ ਨੂੰ ਆਖਿਆ ਕਿ ਡੇਰਾ ਸਿਰਸਾ ਜਾਣ ਵਾਲੇ ਉਮੀਦਵਾਰਾਂ ਨੂੰ ਮੂੰਹ ਨਾ ਲਾਇਆ ਜਾਵੇ। ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸਕੱਤਰ ਭਾਈ ਗੁਰਦੀਪ ਸਿੰਘ ਨੇ ਆਖਿਆ ਕਿ ਸਿੱਖ ਪੰਥ ਨੂੰ ਡੇਰਾ ਸਿਰਸਾ ਜਾਣ ਵਾਲੇ ਉਮੀਦਵਾਰਾਂ ਦਾ ਸਿਆਸੀ ਬਾਈਕਾਟ ਕਰਨਾ ਚਾਹੀਦਾ ਹੈ।
ਹਮਾਇਤ ਮੰਗਣ ਵਾਲੇ ਸਿੱਖ ਸਿਆਸਤਦਾਨਾਂ ਖਿਲਾਫ਼ ਅਕਾਲ ਤਖਤ ਵੱਲੋਂ ਵੀ ਕਾਰਵਾਈ ਕੀਤੀ ਜਾ ਸਕਦੀ ਹੈ। ਅਕਾਲ ਤਖਤ ਵੱਲੋਂ ਡੇਰਾ ਸਿਰਸਾ ਦੇ ਮੁਖੀ ਖਿਲਾਫ਼ ਮਈ 2002 ਵਿਚ ਇਕ ਹੁਕਮਨਾਮਾ ਜਾਰੀ ਕਰ ਕੇ ਉਸ ਨਾਲ ਕਿਸੇ ਵੀ ਤਰ੍ਹਾਂ ਦੀ ਸਾਂਝ ਨਾ ਰੱਖਣ ਦਾ ਹੁਕਮ ਦਿੱਤਾ ਗਿਆ ਸੀ। ਸਿੱਖ ਆਗੂਆਂ ਦਾ ਡੇਰਾ ਸਿਰਸਾ ਦੇ ਮੁਖੀ ਕੋਲ ਜਾਣਾ ਅਕਾਲ ਤਖਤ ਦੇ ਹੁਕਮਨਾਮੇ ਦੀ ਉਲੰਘਣਾ ਹੈ। ਪੰਜਾਬ ਵਿਧਾਨ ਸਭਾ ਲਈ 4 ਫਰਵਰੀ ਨੂੰ ਪੈ ਰਹੀਆਂ ਵੋਟਾਂ ਵਿਚ ਡੇਰੇ ਦੀ ਹਮਾਇਤ ਹਾਸਲ ਕਰਨ ਦੇ ਮੰਤਵ ਨਾਲ ਕਈ ਸਿਆਸਤਦਾਨਾਂ ਨੇ ਡੇਰਾ ਸਿਰਸਾ ਮੁਖੀ ਨਾਲ ਮੁਲਾਕਾਤ ਕੀਤੀ ਸੀ। ਮੁਲਾਕਾਤ ਕਰਨ ਵਾਲਿਆਂ ਵਿਚ ਸ਼੍ਰੋਮਣੀ ਅਕਾਲੀ ਦਲ, ਭਾਜਪਾ, ਕਾਂਗਰਸ ਅਤੇ ‘ਆਪ’ ਨਾਲ ਸਬੰਧਤ ਸਿਆਸਤਦਾਨ ਸ਼ਾਮਲ ਸਨ। ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਫਿਲਹਾਲ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਆਈ ਹੈ ਅਤੇ ਨਾ ਹੀ ਉਨ੍ਹਾਂ ਨੂੰ ਸਿੱਖ ਸਿਆਸਤਦਾਨਾਂ ਵੱਲੋਂ ਡੇਰਾ ਸਿਰਸਾ ਜਾਣ ਬਾਰੇ ਕੋਈ ਜਾਣਕਾਰੀ ਹੈ।
ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ, ਭਾਜਪਾ ਤੇ ਕਾਂਗਰਸ ਨਾਲ ਸਬੰਧਤ 80 ਉਮੀਦਵਾਰਾਂ ਨੇ ਡੇਰਾ ਮੁਖੀ ਨਾਲ ਮੁਲਾਕਾਤ ਕਰ ਕੇ ਸਿਆਸੀ ਆਸ਼ੀਰਵਾਦ ਮੰਗਿਆ ਸੀ। ਉਮੀਦਵਾਰ ਪਿਛਲੇ ਕਈ ਦਿਨਾਂ ਤੋਂ ਡੇਰਾ ਮੁਖੀ ਤੋਂ ਮਿਲਣ ਲਈ ਸਮਾਂ ਮੰਗਿਆ ਜਾ ਰਿਹਾ ਸੀ। ਡੇਰਾ ਸਿਰਸਾ ਵਿਚ ਦੋ ਦਿਨ ਮੁੱਖ ਭੰਡਾਰਾ ਸੀ। ਡੇਰਾ ਮੁਖੀ ਨੇ ਕਰੀਬ ਪੌਣਾ ਘੰਟਾ ਇਨ੍ਹਾਂ ਨੂੰ ਮਿਲਣ ਦਾ ਸਮਾਂ ਦਿੱਤਾ। ਅਕਾਲ ਤਖ਼ਤ ਤੋਂ ਡੇਰਾ ਮੁਖੀ ਨੂੰ ਦਿੱਤੀ ਮੁਆਫੀ ਸਬੰਧੀ ਹੁਕਮਨਾਮਾ ਵਾਪਸ ਲੈਣ ਮਗਰੋਂ ਅਕਾਲੀ ਉਮੀਦਵਾਰ ਪਹਿਲੀ ਦਫ਼ਾ ਡੇਰਾ ਸਿਰਸਾ ਗਏ।
ਜਾਣਕਾਰੀ ਅਨੁਸਾਰ ਕੈਬਨਿਟ ਮੰਤਰੀ ਅਤੇ ਰਾਮਪੁਰਾ ਹਲਕੇ ਤੋਂ ਅਕਾਲੀ ਉਮੀਦਵਾਰ ਸਿਕੰਦਰ ਸਿੰਘ ਮਲੂਕਾ, ਮੌੜ ਹਲਕੇ ਤੋਂ ਅਕਾਲੀ ਉਮੀਦਵਾਰ ਤੇ ਮੰਤਰੀ ਜਨਮੇਜਾ ਸਿੰਘ ਸੇਖੋਂ ਅਤੇ ਫਾਜ਼ਿਲਕਾ ਤੋਂ ਭਾਜਪਾ ਉਮੀਦਵਾਰ ਤੇ ਮੰਤਰੀ ਸੁਰਜੀਤ ਕੁਮਾਰ ਜਿਆਣੀ ਡੇਰਾ ਮੁਖੀ ਨਾਲ ਮੁਲਾਕਾਤ ਕਰਨ ਵਾਲਿਆਂ ਵਿਚ ਪ੍ਰਮੁੱਖ ਸਨ।