ਐਤਕੀਂ ਸੋਸ਼ਲ ਮੀਡੀਆ ਬਣਿਆ ਸਿਆਸੀ ਜੰਗ ਦਾ ਮੈਦਾਨ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਹੈ ਜਦੋਂ ਚੋਣ ਪ੍ਰਚਾਰ ਦਾ ਮੁੱਖ ਜ਼ਰੀਆ ਸੋਸ਼ਲ ਮੀਡੀਆ ਬਣਿਆ ਹੈ। 2012 ਦੀਆਂ ਚੋਣਾਂ ਵੇਲੇ ਤੱਕ ਟੈਲੀਵਿਜ਼ਨ ਤੇ ਅਖਬਾਰਾਂ ਜ਼ਰੀਏ ਚੋਣ ਪ੍ਰਚਾਰ ਕੀਤਾ ਜਾਂਦਾ ਸੀ, ਪਰ ਇਸ ਵਾਰ ਮਾਹੌਲ ਬਿਲਕੁਲ ਵੱਖਰਾ ਹੈ। ਸੋਸ਼ਲ ਮੀਡੀਆ ਇਸ ਵਾਰ ਲੋਕਾਂ ਤੱਕ ਪਹੁੰਚਣ ਦਾ ਸਭ ਤੋਂ ਵੱਡਾ ਜ਼ਰੀਆ ਬਣਿਆ ਹੋਇਆ ਹੈ। ਸੋਸ਼ਲ ਮੀਡੀਆ ਦਾ ਸਭ ਤੋਂ ਵੱਡਾ ਮੈਸੇਂਜਰ ਫੇਸਬੁਕ ਹੈ ਕਿਉਂਕਿ ਫੇਸਬੁਕ ਯੂਜ਼ਰ ਨੂੰ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਣ ਦੇ ਵੱਖ-ਵੱਖ ਵਿਕਲਪ ਦਿੰਦੀ ਹੈ।

ਫੇਸਬੁਕ ਦੀ ਸਭ ਤੋਂ ਵੱਡੀ ਦੇਣ ਫੇਸਬੁਕ ਲਾਈਵ ਹੈ ਜੋ ਲੋਕਾਂ ਤੱਕ ਪਹੁੰਚਣ ਦਾ ਸਭ ਤੋਂ ਸੌਖਾ, ਸਸਤਾ ਤੇ ਵਧੀਆ ਤਰੀਕਾ ਹੈ। ਸੋਸ਼ਲ ਮੀਡੀਆ ਜ਼ਰੀਏ ਚੋਣ ਪ੍ਰਚਾਰ ਕਰਨ ਦੀ ਰਵਾਇਤ ਨਵੀਂ ਉਭਰੀ ਆਮ ਆਦਮੀ ਪਾਰਟੀ ਨੇ ਸ਼ੁਰੂ ਕੀਤੀ ਹੈ। ‘ਆਪ’ ਨੇ ਦਿੱਲੀ ਚੋਣਾਂ ਵੇਲੇ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਣ ਦਾ ਸਾਧਨ ਸੋਸ਼ਲ ਮੀਡੀਆ ਨੂੰ ਚੁਣਿਆ ਸੀ, ਕਿਉਂਕਿ ਇਕ ਤਾਂ ਨਵੀਂ ਪਾਰਟੀ ਕੋਲ ਫੰਡਾਂ ਦੀ ਘਾਟ ਹੋਣ ਕਾਰਨ ਹੋਰ ਮਹਿੰਗੇ ਸਾਧਨਾਂ ਤੱਕ ਪਹੁੰਚਣਾ ਮੁਸ਼ਕਲ ਹੁੰਦਾ ਹੈ। ਦੂਜਾ, ਆਧੁਨਿਕ ਨੌਜਵਾਨ ਤਕਨਾਲੋਜੀ ਪ੍ਰਤੀ ਜਾਗਰੂਕ ਹੋਣ ਕਾਰਨ ਉਨ੍ਹਾਂ ਨੂੰ ਨਵੇਂ ਤਰੀਕੇ ਨਾਲ ਆਪਣੀ ਪਾਰਟੀ ਨਾਲ ਜੋੜਨਾ ਸੀ। ਇਸ ਤਰੀਕੇ ਨਾਲ ਆਮ ਆਦਮੀ ਪਾਰਟੀ ਨੂੰ ਕਾਮਯਾਬੀ ਵੀ ਹਾਸਲ ਹੋਈ।
ਮੌਜੂਦਾ ਸਮੇਂ ਪੰਜਾਬ ਵਿਧਾਨ ਸਭਾ ਚੋਣ ਪ੍ਰਚਾਰ ਵੀ ਪਹਿਲੀ ਵਾਰ ਸੋਸ਼ਲ ਮੀਡੀਆ ਦੇ ਰੰਗ ਵਿਚ ਰੰਗਿਆ ਨਜ਼ਰ ਆ ਰਿਹਾ ਹੈ। ਆਮ ਆਦਮੀ ਪਾਰਟੀ ਦੇ ਪ੍ਰਚਾਰ ਲੀਹ ਉਤੇ ਚੱਲਦਿਆਂ ਦੋਵੇਂ ਰਵਾਇਤੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੇ ਵੀ ਸੋਸ਼ਲ ਮੀਡੀਆ ਜ਼ਰੀਏ ਪ੍ਰਚਾਰ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਹਰ ਪਾਰਟੀ ਵੱਲੋਂ ਫੇਸਬੁਕ, ਟਵਿੱਟਰ, ਇੰਸਟਾ ਤੇ ਯੂ-ਟਿਊਬ ਅਕਾਊਂਟ ਬਣਾਏ ਗਏ ਹਨ ਜਿਨ੍ਹਾਂ ‘ਤੇ ਜ਼ਬਰਦਸਤ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਹਰ ਪਾਰਟੀ ਦੇ ਉਮੀਦਵਾਰ ਜਾਂ ਸੀਨੀਅਰ ਆਗੂ ਜਦੋਂ ਪੰਜਾਬ ਵਿਚ ਚੋਣ ਰੈਲੀਆਂ ਕਰਦੇ ਹਨ ਤਾਂ ਹਰ ਰੈਲੀ ਜਾਂ ਪਾਰਟੀ ਦੀ ਹੋਰ ਛੋਟੀ-ਵੱਡੀ ਗਤੀਵਿਧੀ ਨੂੰ ਫੇਸਬੁਕ ‘ਤੇ ਲਾਈਵ ਦਿਖਾਇਆ ਜਾਂਦਾ ਹੈ।
ਯੂ-ਟਿਊਬ ਜਾਂ ਕੋਈ ਵੈੱਬਸਾਈਟ ਖੋਲ੍ਹਣ ਉਤੇ ਕੈਪਟਨ ਜਾਂ ਅਕਾਲੀ ਦਲ ਦੇ ਵਾਅਦਿਆਂ ਤੇ ਕੰਮਾਂ ਦੇ ਇਸ਼ਤਿਹਾਰ ਤੁਹਾਨੂੰ ਆਮ ਹੀ ਦਿਖਾਈ ਦੇਣਗੇ। ਪਾਰਟੀਆਂ ਦੇ ਫੇਸਬੁਕ ਪੇਜਾਂ ਨੂੰ ਵਰਕਰਾਂ ਵੱਲੋਂ ਰੱਜ ਕੇ ਲਾਈਕ ਤੇ ਸ਼ੇਅਰ ਕਰ ਕੇ ਹਮਾਇਤ ਦਿੱਤੀ ਜਾਂਦੀ ਹੈ। ਫੇਸਬੁਕ ਦੀ ਪੋਸਟ ਨੂੰ ਪਸੰਦ ਕਰਨ ਤੇ ਫਿਰ ਸ਼ੇਅਰ ਕਰਨ ਦੀ ਫੀਚਰ ਲੋਕਾਂ ਲਈ ਕਾਫੀ ਵੱਡੀ ਸਹੂਲਤ ਹੈ, ਕਿਉਂਕਿ ਸ਼ੇਅਰ ਦੇ ਜ਼ਰੀਏ ਇਕ ਜਾਣਕਾਰੀ ਨੂੰ ਹਜ਼ਾਰਾਂ, ਲੱਖਾਂ ਜਾਂ ਕਰੋੜਾਂ ਲੋਕਾਂ ਤੱਕ ਪਹੁੰਚਾਇਆ ਜਾ ਸਕਦਾ ਹੈ। ਇਸ ਉਤੇ ਖਰਚਾ ਸਿਰਫ ਇੰਟਰਨੈੱਟ ਦਾ ਭੁਗਤਾਨ ਹੀ ਹੁੰਦਾ ਹੈ।
ਅੱਜਕੱਲ ਤਾਂ ਕਈ ਮੀਡੀਆ ਹਾਊਸ ਫੇਸਬੁਕ ‘ਤੇ ਹੀ ਪੰਜਾਬ ਦਾ ਚੋਣ ਸਰਵੇ ਵੀ ਕਰ ਰਹੇ ਹਨ। ਲੋਕਾਂ ਦਾ ਝੁਕਾਅ ਕਿਸ ਪਾਰਟੀ ਵੱਲ ਜ਼ਿਆਦਾ ਹੈ, ਕਿਹੜੀ ਪਾਰਟੀ ਕਿਥੇ ਜ਼ਿਆਦਾ ਮਜ਼ਬੂਤ ਹੈ, ਕਿਸ ਪਾਰਟੀ ਨੇ ਕੀ ਗਲਤੀ ਕੀਤੀ ਹੈ, ਕਿਸ ਪਾਰਟੀ ਦਾ ਕਿਹੜਾ ਲੀਡਰ ਕਿਥੇ ਪਹੁੰਚ ਕੇ ਲੋਕਾਂ ਨੂੰ ਸੰਬੋਧਨ ਕਰ ਰਿਹਾ ਹੈ, ਇਹ ਸਾਰੀਆਂ ਜਾਣਕਾਰੀਆਂ ਸੋਸ਼ਲ ਮੀਡੀਆ ਦੇ ਜ਼ਰੀਏ ਅੱਜ ਬਹੁਤ ਆਸਾਨੀ ਨਾਲ ਹਾਸਲ ਹੋ ਜਾਂਦੀਆਂ ਹਨ।
______________________________________________
ਭਗਵੰਤ ਮਾਨ ਦਾ ਬਾਦਲ ਨੂੰ ਸਵਾਲ
ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਹਰਾਉਣ ਲਈ ਕਾਂਗਰਸ ਨੂੰ ਸਮਰਥਨ ਦੇਣ ਬਾਰੇ ਸਵਾਲ ਕੀਤਾ ਹੈ। ਉਨ੍ਹਾਂ ਪ੍ਰਕਾਸ਼ ਬਾਦਲ ਤੋਂ ਅਕਾਲੀ ਦਲ ਵੱਲੋਂ ਕਮਜ਼ੋਰ ਸੀਟਾਂ ਉਤੇ ਕਾਂਗਰਸ ਨੂੰ ਸਮਰਥਨ ਦੇਣ ਬਾਰੇ ਸਪਸ਼ਟੀਕਰਨ ਦੀ ਮੰਗ ਕੀਤੀ। ਆਮ ਆਦਮੀ ਪਾਰਟੀ ਦੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਭਗਵੰਤ ਮਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜ਼ਮੀਨੀ ਆਧਾਰ ਗੁਆ ਚੁੱਕਾ ਹੈ। ਹੁਣ ਸੱਤਾ ਕਾਂਗਰਸ ਦੇ ਹੱਥਾਂ ਵਿਚ ਦੇਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਾਂਗਰਸ ਤੇ ਅਕਾਲੀ ਦਲ ਵੱਲੋਂ ਬਹੁਤ ਸਾਰੀਆਂ ਚੋਣਾਂ ਮਿਲ ਕੇ ਲੜੀਆਂ ਗਈਆਂ ਹਨ। ਦੋਵਾਂ ਪਾਰਟੀਆਂ ਨੂੰ ਆਮ ਆਦਮੀ ਪਾਰਟੀ ਦਾ ਡਰ ਸਤਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਸੱਤਾ ਵਿਚ ਆਉਣ ਨਾਲ ਦੋਹਾਂ ਪਾਰਟੀਆਂ ਦੇ ਗਠਜੋੜ ਦਾ ਭੇਤ ਖੁੱਲ੍ਹ ਜਾਵੇਗਾ। ਮਾਨ ਨੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਉਤੇ ਵਰ੍ਹਦਿਆਂ ਕਾਂਗਰਸ ਨਾਲ ਮਿਲ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਲਈ ਆਮ ਆਦਮੀ ਪਾਰਟੀ ਨੂੰ ਨਿਸ਼ਾਨਾ ਬਣਾਏ ਜਾਣ ਦੀ ਕਰੜੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਸੂਬੇ ਦੇ ਗ੍ਰਹਿ ਮੰਤਰੀ ਸਨ ਤੇ ਬੇਅਦਬੀ ਦੀਆਂ ਘਟਨਾਵਾਂ ਲਈ ਸਿੱਧੇ ਤੌਰ ਉਤੇ ਜਿੰਮੇਵਾਰ ਹਨ। ਆਮ ਆਦਮੀ ਪਾਰਟੀ ਉਤੇ ਇਲਜ਼ਾਮ ਲਾਉਣ ਤੋਂ ਪਹਿਲਾਂ ਉਹ ਸਪਸ਼ਟ ਕਿਉਂ ਨਹੀਂ ਕਰਦੇ ਕਿ ਦੋਸ਼ੀਆਂ ਨੂੰ ਹਾਲੇ ਤੱਕ ਕਿਉਂ ਨਹੀਂ ਫੜਿਆ ਗਿਆ। ਭਗਵੰਤ ਮਾਨ ਨੇ ਕਿਹਾ ਕਿ ਚੋਣ ਮੀਟਿੰਗਾਂ ਦੌਰਾਨ ਸੱਚ ਨੂੰ ਛੁਪਾਉਂਦਿਆਂ ਉਨ੍ਹਾਂ ਦੀ ਜੁਬਾਨ ਫਿਸਲ ਜਾਂਦੀ ਹੈ। ਮੋਗਾ ਵਿਚ ਸੁਖਬੀਰ ਬਾਦਲ ਨੇ ਕਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਬੇਅਦਬੀ ਦੀਆਂ ਘਟਨਾਵਾਂ ਵਿਚ ਸ਼ਾਮਲ ਸੀ। ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਲਈ ਜਿੰਮੇਵਾਰ ਸੀ। ਪਿਛਲੇ ਹਫਤੇ ਅੰਮ੍ਰਿਤਸਰ ਵਿਚ ਉਨ੍ਹਾਂ ਕਿਹਾ ਸੀ ਕਿ ਉਹ ਅੰਮ੍ਰਿਤਸਰ ਨੂੰ ਸਭ ਤੋਂ ਬਦਸੂਰਤ ਸ਼ਹਿਰ ਬਣਾਉਣਾ ਚਾਹੁੰਦੇ ਹਨ। ਮਾਨ ਨੇ ਕਿਹਾ ਕਿ ਜਦੋਂ ਬੇਅਦਬੀ ਦੀ ਪਹਿਲੀ ਘਟਨਾ ਵਾਪਰੀ ਸੀ ਤਾਂ ਉਦੋਂ ਸੁਖਬੀਰ ਬਾਦਲ ਨੇ ਪਾਕਿਸਤਾਨ ਦੀ ਆਈæਐਸ਼ਆਈæ ਤੇ ਜਰਮਨ ਦੀ ਇੰਟੈਲੀਜੈਂਸ ਏਜੰਸੀ ਨੂੰ ਜਿੰਮੇਵਾਰ ਦੱਸਿਆ ਸੀ। ਕਈ ਵਾਰ ਉਨ੍ਹਾਂ ਨੇ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਰੂਸ ਦਾ ਹੱਥ ਹੋ ਸਕਦਾ ਹੈ। ਹਾਲ ਹੀ ਵਿਚ ਉਸ ਨੂੰ ਅਹਿਸਾਸ ਹੋਇਆ ਕਿ ਆਮ ਆਦਮੀ ਪਾਰਟੀ ਅਸਲ ਦੋਸ਼ੀ ਹੈ। ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਆਪਣੀ ਸਹੂਲਤ ਦੇ ਨਾਲ ਬਿਆਨ ਬਦਲਦੇ ਰਹਿੰਦੇ ਹਨ। ਹਾਲ ਹੀ ਵਿਚ ਉਸ ਨੇ ਕਾਂਗਰਸ ਨਾਲ ਆਪਣੇ ਰਿਸ਼ਤਿਆਂ ਨੂੰ ਛੁਪਾਉਣ ਲਈ ਆਮ ਆਦਮੀ ਪਾਰਟੀ ਦੇ ਕਾਂਗਰਸ ਨਾਲ ਮਿਲੇ ਹੋਣ ਦੇ ਇਲਜ਼ਾਮ ਲਾਏ ਸਨ।