ਸਮਰਾਲਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋæ ਕਿਰਪਾਲ ਸਿੰਘ ਬਡੂੰਗਰ ਨੇ ਆਖਿਆ ਹੈ ਕਿ ਆਉਣ ਵਾਲੇ ਸਮੇਂ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਸ਼ਾਸਨਿਕ ਤੇ ਧਰਮ ਪ੍ਰਚਾਰ ਕਾਰਜਾਂ ਵਿਚ ਵੱਡੇ ਪੱਧਰ ਉਤੇ ਤਬਦੀਲੀ ਵੇਖਣ ਨੂੰ ਮਿਲੇਗੀ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ 23 ਅਹਿਮ ਕਾਰਜ ਨਵੇਂ ਰੂਪ ਵਿਚ ਸਿੱਖ ਸੰਗਤਾਂ ਸਾਹਮਣੇ ਆਉਣਗੇ।
ਪ੍ਰੋæ ਬਡੂੰਗਰ ਨੇ ਜਾਣਕਾਰੀ ਦਿੱਤੀ ਕਿ ਜਿਥੇ ਨੌਜਵਾਨ ਵਰਗ ਵਿਚ ਸਿੱਖ ਧਰਮ ਪ੍ਰਚਾਰ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ ਸਾਰੇ ਵਿਦਿਅਕ ਅਦਾਰਿਆਂ ਵਿਚ ਸੈਮੀਨਾਰ ਕਰਵਾਏ ਜਾ ਰਹੇ ਹਨ, ਉਥੇ ਸ਼੍ਰੋਮਣੀ ਕਮੇਟੀ ਦੀ ਯੋਜਨਾ ਹੈ ਕਿ ਭਵਿੱਖ ਵਿਚ ਜਲਦ ਹੀ ਸਮੁੱਚੇ ਵਿਸ਼ਵ ‘ਚ ਸਿੱਖ ਧਰਮ ਦਾ ਪ੍ਰਚਾਰ ਤੇ ਪਾਸਾਰ ਕਰਨ ਲਈ ਵਿਆਪਕ ਯੋਜਨਾ ਉਲੀਕੀ ਜਾਵੇ।
ਇਸ ਯੋਜਨਾ ਦੀ ਸ਼ੁਰੂਆਤ ਸ਼੍ਰੋਮਣੀ ਕਮੇਟੀ ਆਪਣੇ ਮੁਲਾਜ਼ਮਾਂ ਨੂੰ ਗੁਰਮਤਿ ਸਿਖਲਾਈ ਕੈਂਪਾਂ ਵਿਚ ਸ਼ਾਮਲ ਕਰ ਕੇ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਮੁਕੰਮਲ ਰੂਪ ‘ਚ ਗੁਰਮਤਿ ਸਿਧਾਂਤਾਂ ਦੇ ਧਾਰਨੀ ਬਣਾਏਗੀ। ਨਿਤਨੇਮੀ, ਬੋਲਚਾਲ, ਇਤਿਹਾਸ ਤੋਂ ਵਾਕਿਫ਼ ਤੇ ਹਰ ਪੱਖੋਂ ਪਰਪੱਕ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦਾ ਨਵਾਂ ਰੂਪ ਸਿੱਖ ਸੰਗਤਾਂ ਨੂੰ ਵੇਖਣ ਨੂੰ ਮਿਲੇਗਾ। ਪੰਜਾਬ ਦੇ ਸਾਰੇ ਪਿੰਡਾਂ ਤੇ ਸ਼ਹਿਰਾਂ ਨਾਲ ਸਬੰਧਤ ਸਾਰੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਲਈ ਗੁਰਮਤਿ ਕੈਂਪਾਂ ਦਾ ਪ੍ਰਬੰਧ ਕੀਤਾ ਜਾਵੇਗਾ, ਜਿਨ੍ਹਾਂ ਵਿਚ 50 ਹਜ਼ਾਰ ਤੋਂ ਵੱਧ ਪਿੰਡਾਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ 1 ਲੱਖ 50 ਹਜ਼ਾਰ ਤੋਂ ਵੱਧ ਗ੍ਰੰਥੀ ਸਿੰਘ, 1 ਲੱਖ ਤੋਂ ਜ਼ਿਆਦਾ ਰਾਗੀ-ਢਾਡੀ, ਕਥਾਵਾਚਕ ਤੇ ਕਵੀਸ਼ਰਾਂ ਨੂੰ ਇਕ ਸਾਰ ਇਤਿਹਾਸ ਦੀਆਂ ਪੇਸ਼ਕਾਰੀਆਂ, ਇਕਸਾਰ ਸਿੱਖ ਸਿਧਾਂਤ ਤੇ ਇਕਸਾਰ ਗੁਰਮਤਿ ਮਰਿਆਦਾ ਅਨੁਸਾਰ ਧਰਮ ਪ੍ਰਚਾਰ ਦਾ ਹਿੱਸਾ ਬਣਨ ਲਈ ਪ੍ਰੇਰਿਆ ਜਾਵੇਗਾ। ਪ੍ਰੋæ ਬਡੂੰਗਰ ਨੇ ਸਿੱਖ ਇਤਿਹਾਸ ਰਿਸਰਚ ਬੋਰਡ ਦੀ ਜ਼ਿੰਮੇਵਾਰੀ ਵਧਾਉਣ ਤੇ ਇਸ ਦਾ ਵਿਸਥਾਰ ਕਰਨ ਸਬੰਧੀ ਸੰਕੇਤ ਦਿੰਦਿਆਂ ਕਿਹਾ ਕਿ ਮੌਜੂਦਾ ਸਮੇਂ ਸਿੱਖ ਧਰਮ ਨੂੰ ਦਰਪੇਸ਼ ਚੁਣੌਤੀਆਂ ਤੋਂ ਬਚਾਉਣ ਲਈ ਵੱਡੇ ਸਿੱਖ ਵਿਦਵਾਨ ਸਾਹਮਣੇ ਲਿਆਂਦੇ ਜਾਣਗੇ ਤੇ ਜਲਦ ਹੀ ਸ਼੍ਰੋਮਣੀ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਨੂੰ ਪਿੰਡ ਪੱਧਰ ਤੱਕ ਪਹੁੰਚਾਇਆ ਜਾਵੇਗਾ।
ਪ੍ਰੋæ ਬਡੂੰਗਰ ਅਨੁਸਾਰ ਸ਼੍ਰੋਮਣੀ ਕਮੇਟੀ ਸਿੱਖ ਇਤਿਹਾਸ ਤੇ ਸਿਧਾਂਤਾਂ ਵਿਚ ਵਖਰੇਵਿਆਂ ਨੂੰ ਦੂਰ ਕਰਨ ਲਈ ਪ੍ਰੋੜ੍ਹ ਵਿਦਵਾਨਾਂ ਤੇ ਸਾਰੇ ਖੇਤਰਾਂ ‘ਚੋਂ ਚੰਗੇ ਵਿਦਵਾਨ ਲੈ ਕੇ ਸਰਬ ਸਾਂਝੀ ਰਾਏ ਲਈ ਯਤਨਸ਼ੀਲ ਰਹੇਗੀ ਤੇ ਸਮੁੱਚਾ ਕਾਰਜ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਵਉੱਚਤਾ ਤੇ ਛਤਰ-ਛਾਇਆ ਹੇਠ ਨੇਪਰੇ ਚਾੜ੍ਹਿਆ ਜਾਵੇਗਾ। 50 ਹਜ਼ਾਰ ਦੇ ਕਰੀਬ ਗੁਰੂ ਘਰਾਂ ਦੀ ਸੁਰੱਖਿਆ ਸਬੰਧੀ ਵੀ ਪਿੰਡਾਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸ਼੍ਰੋਮਣੀ ਕਮੇਟੀ ਵਿਚ ਤਾਲਮੇਲ ਪੈਦਾ ਕਰਕੇ ਉਚੇਚੇ ਯਤਨ ਕੀਤੇ ਜਾਣਗੇ ਤੇ ਅਜਿਹੀਆਂ ਸਿਫ਼ਤੀ ਤਬਦੀਲੀਆਂ ਤੋਂ ਬਾਅਦ ਸਿੱਖ ਪੰਥ ਦੀ ਸ਼੍ਰੋਮਣੀ ਕਮੇਟੀ ‘ਚ ਭਰੋਸੇਯੋਗਤਾ ਹੋਰ ਵਧੇਗੀ।