‘ਹਲੇਮੀ ਰਾਜ’ ਤੇ ‘ਨੇਸ਼ਨ ਸਟੇਟ’ ਬਾਰੇ ਪੰਜਾਬ ਟਾਈਮਜ਼ ਵਿਚ ਚਲ ਰਹੀ ਵਿਚਾਰ ਚਰਚਾ ਦੇ ਸਿਲਸਿਲੇ ਵਿਚ (28 ਜਨਵਰੀ 2017) ਸ਼ ਕਰਮਜੀਤ ਸਿੰਘ ਚੰਡੀਗੜ੍ਹ ਦਾ ਲੇਖ ‘ਅਜਮੇਰ ਸਿੰਘ ਦੇ ਚਿੰਤਨ ਵਿਰੁਧ ਬਹਿਸ ਦਾ ਪੱਧਰ ਉਚੀ ਦਿਸ਼ਾ ਵੱਲ’ ਛਪਿਆ ਸੀ ਜਿਸ ਵਿਚ ਉਨ੍ਹਾਂ ਉਸਾਰੂ ਬਹਿਸ ਬਾਰੇ ਕੁਝ ਨੁਕਤੇ ਛੋਹੇ ਸਨ। ਹਥਲੇ ਲੇਖ ਵਿਚ ਚਿੰਤਕ ਗੁਰਬਚਨ ਸਿੰਘ ਨੇ ਇਨ੍ਹਾਂ ਨੁਕਤਿਆਂ ਨੂੰ ਵਧੇਰੇ ਪਰਿਪੇਖ ਵਿਚ ਪੇਸ਼ ਕੀਤਾ ਹੈ।
-ਸੰਪਾਦਕ
ਗੁਰਬਚਨ ਸਿੰਘ
ਸ਼ ਕਰਮਜੀਤ ਸਿੰਘ ਨੇ ਆਪਣੀ ਲਿਖਤ ਵਿਚ ਇਕ ‘ਸਰਬਪਖੀ ਬਹਿਸ’ ਚਲਾਉਣ ਦੀ ਰਵਾਇਤ ਬਾਰੇ ਚਰਚਾ ਕੀਤੀ ਹੈ। ਅਜੋਕੇ ਸੰਸਾਰ ਦੀਆਂ ਬਹੁਤ ਗੁੰਝਲਦਾਰ ਹੋ ਚੁਕੀਆਂ ਹਾਲਤਾਂ ਦੇ ਪ੍ਰਸੰਗ ਵਿਚ ਰਖ ਕੇ, ਜੇ ਸਿੱਖ ਪੰਥ ਦੇ ਮੁਦਿਆਂ ਨੂੰ ਵਿਚਾਰੀਏ ਤਾਂ ਇਹ ਹੋਰ ਵੀ ਉਲਝੇ ਹੋਏ ਜਾਪਦੇ ਹਨ। ਕਿਉਂਕਿ ਅੱਜ ਸਿੱਖ ਦੁਨੀਆਂ ਭਰ ਵਿਚ ਫੈਲੇ ਹੋਏ ਹਨ, ਇਸ ਲਈ ਜਿਥੇ-ਜਿਥੇ ਉਹ ਰਹਿੰਦੇ ਹਨ, ਉਥੋਂ ਦੀਆਂ ਹਾਲਤਾਂ ਉਨ੍ਹਾਂ ਨੂੰ ਪ੍ਰਭਾਵਿਤ ਕਰਦੀਆਂ ਹਨ। ਅਜੋਕਾ ਪੰਜਾਬ ਬੌਧਿਕ ਦਿਵਾਲੀਏਪਣ ਦੀ ਹਾਲਤ ਵਿਚੋਂ ਗੁਜ਼ਰ ਰਿਹਾ ਹੋਣ ਕਰਕੇ ਇਸ ਵੇਲੇ ਸਿੱਖ ਮੁਦਿਆਂ ਤੇ ਖਾਸ ਕਰ ਕੇ ਖਾਲਿਸਤਾਨ ਬਾਰੇ ਸਾਰੀ ਬਹਿਸ ਪੰਜਾਬੋਂ ਬਾਹਰ ਚੱਲ ਰਹੀ ਹੈ। ਇਸ ਹਾਲਤ ਵਿਚ ਕੋਈ ਵੀ ਇਕੱਲਾ ਸਿੱਖ ਚਿੰਤਕ ਸਿੱਖਾਂ ਦੇ ਮਸਲਿਆਂ ਨੂੰ ਹੱਲ ਕਰਨ ਜਾਂ ਸਿੱਖ ਲਹਿਰ ਨੂੰ ਅਗਵਾਈ ਦੇਣ ਦੇ ਯੋਗ ਨਹੀਂ ਹੋ ਸਕਦਾ। ਜਦੋਂ ਇਹ ਸਪਸ਼ਟ ਹੋ ਗਿਆ ਹੈ ਕਿ ਅੰਤਿਮ ਸੱਚ ਕਿਸੇ ਕੋਲ ਨਹੀਂ ਤੇ ਨਾ ਹੀ ਕੋਈ ਇਕੱਲਾ ਵਿਅਕਤੀ ਅੰਤਿਮ ਸੱਚ ਪ੍ਰਾਪਤ ਕਰਨ ਦੇ ਯੋਗ ਹੋ ਸਕਦਾ ਹੈ, ਤਾਂ ਫਿਰ ਕਿਸੇ ਵੀ ਸਾਰਥਕ ਸਿੱਟੇ ‘ਤੇ ਪਹੁੰਚਣ ਲਈ ਇਕ ਸਮੂਹਿਕ ‘ਸਰਬਪਖੀ ਬਹਿਸ’, ਕਿਸੇ ਵੀ ਭਾਈਚਾਰੇ ਲਈ ਉਸ ਦੀ ਅਣਸਰਦੀ ਲੋੜ ਹੈ। ਪਰ ਇਸ ਬਹਿਸ ਨੂੰ ਕਿਸੇ ਦੇ ਚਿੰਤਨ ਵਿਰੁਧ ਜਾਂ ਕਿਸੇ ਦੇ ਹੱਕ ਵਿਚ ਚਲਾਉਣ ਦੀ ਬਜਾਏ ਇਸ ਬਹਿਸ ਨੂੰ ਦਰਪੇਸ਼ ਮਸਲਿਆਂ ਜਾਂ ਮੁਦਿਆਂ ਉਤੇ ਕੇਂਦਰਿਤ ਕਰਕੇ ਚਲਾਉਣ ਦੀ ਲੋੜ ਹੈ।
ਸ਼ ਕਰਮਜੀਤ ਸਿੰਘ ਨੇ ਆਪਣੇ ਇਸ ਖਿਆਲ ਦੇ ਹੱਕ ਵਿਚ ਇਤਿਹਾਸ ਅੰਦਰ ‘ਸਾਹਿਤ, ਫਿਲਾਸਫੀ, ਧਰਮ, ਰਾਜਨੀਤੀ, ਵਿਦਿਆ ਅਤੇ ਮਨੋਵਿਗਿਆਨ ਦੇ ਖੇਤਰਾਂ’ ਵਿਚ ਹੋਈਆਂ ਅਨੇਕਾਂ ਬਹਿਸਾਂ ਦੀ ਮਿਸਾਲ ਦਿਤੀ ਹੈ। ਪਹਿਲੀ ਮਿਸਾਲ 1963 ਵਿਚ ਚੀਨ ਅਤੇ ਰੂਸ (ਉਸ ਵੇਲੇ ਸੋਵੀਅਤ ਯੂਨੀਅਨ) ਦੀਆਂ ਕਮਿਊਨਿਸਟ ਪਾਰਟੀਆਂ ਦਰਮਿਆਨ ਸਮਾਜਵਾਦ ਤੇ ਕਮਿਊਨਿਜ਼ਮ ਦੇ ਭਵਿਖ ਬਾਰੇ ਹੋਈ ਬਹਿਸ ਦੀ ਹੈ, ਜਿਸ ਨੂੰ ਉਸ ਦੌਰ ਵਿਚ ‘ਮਹਾਨ ਬਹਿਸ’ ਦਾ ਨਾਂ ਦਿਤਾ ਗਿਆ। ਕਹਿਣ ਨੂੰ ਭਾਵੇਂ ਇਹ ਬਹਿਸ ਸ਼ਾਂਤੀ, ਸਹਿਹੋਂਦ ਤੇ ਸਮਾਜਵਾਦ ਬਾਰੇ ਸੀ, ਪਰ ਇਸ ਦਾ ਮੁਖ ਮੰਤਵ ਉਸ ਵੇਲੇ ਦੀ ਆਲਮੀ ਕਮਿਊਨਿਸਟ ਲਹਿਰ ਦੀ ਹੋਂਦ ਤੇ ਹੋਣੀ ਨੂੰ ਦਰਪੇਸ਼ ਕੁਝ ਗੰਭੀਰ ਸਮੱਸਿਆਵਾਂ ਦਾ ਹੱਲ ਲਭਣਾ ਸੀ। ਇਹ ਬਹਿਸ ਭਾਵੇਂ ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਨਾ ਕਰ ਸਕੀ, ਪਰ ਇਸ ਦਾ ਇਕ ਫਾਇਦਾ ਇਸ ਸਪਸ਼ਟਤਾ ਵਿਚ ਹੋਇਆ ਕਿ ਸੋਵੀਅਤ ਯੂਨੀਅਨ ਵਿਚ ਲਾਗੂ ਕੀਤਾ ਜਾ ਰਿਹਾ ਰਾਜਪ੍ਰਬੰਧ ਸਮਾਜਵਾਦੀ ਨਹੀਂ। ਆਲਮੀ ਕਮਿਊਨਿਸਟ ਲਹਿਰ ਦੀ ਅਗਵਾਈ ਚੀਨ ਦੀ ਕਮਿਊਨਿਸਟ ਪਾਰਟੀ ਤੇ ਖਾਸ ਕਰਕੇ ਪਾਰਟੀ ਦੇ ਚੇਅਰਮੈਨ ਮਾਓ-ਜੇ ਤੁੰਗ ਕੋਲ ਚਲੀ ਗਈ। ਮਾਓ-ਜੇ-ਤੁੰਗ ਦੇ ਦੇਹਾਂਤ ਤਕ ਇਹ ਅਗਵਾਈ ਉਨ੍ਹਾਂ ਕੋਲ ਰਹੀ। ਪਰ ਕਿਉਂਕਿ ਇਸ ‘ਮਹਾਨ ਬਹਿਸ’ ਵਿਚ ਆਲਮੀ ਕਮਿਊਨਿਸਟ ਲਹਿਰ ਦੇ ਵਜੂਦ ਸਮੋਈਆਂ ਕੁਝ ਸੀਮਤਾਈਆਂ ਨੂੰ ਹੱਲ ਨਹੀਂ ਸੀ ਕੀਤਾ ਗਿਆ, ਇਸ ਲਈ ਮਾਓ-ਜੇ-ਤੁੰਗ ਦੇ ਦੇਹਾਂਤ ਤੋਂ ਬਾਅਦ ਚੀਨ ਦੀ ਕਮਿਊਨਿਸਟ ਪਾਰਟੀ ਵੀ ਰੂਸ ਵਾਲੇ ਰਾਹ ਉਤੇ ਹੀ ਚੱਲ ਪਈ ਅਤੇ ਪੱਛਮੀ ਸਾਮਰਾਜ ਦੇ ਵਿਰੋਧ ਦੀ ਅਗਵਾਈ ਇਰਾਨ ਵਿਚ ਹੋਏ ਇਨਕਲਾਬ ਨਾਲ ਇਸਲਾਮ ਕੋਲ ਚਲੀ ਗਈ।
ਇਹੋ ਕੁਝ ਮਨੋਵਿਗਿਆਨ ਦੇ ਖੇਤਰ ਵਿਚ ਸਿਗਮੰਡ ਫਰਾਇਡ ਤੇ ਕਾਰਲ ਜੁੰਗ ਵਿਚਾਲੇ ਹੋਈ ਬਹਿਸ ਬਾਰੇ ਕਿਹਾ ਜਾ ਸਕਦਾ ਹੈ। ਡਾæ ਗੁਰਭਗਤ ਸਿੰਘ ਦੀ ਪੁਸਤਕ ‘ਵਿਸਮਾਦੀ ਪੂੰਜੀ’ ਵਿਚ ਦਿਤੀ ਗਈ ਜਾਣਕਾਰੀ ਅਨੁਸਾਰ, “ਫਰਾਇਡ ਨੇ ਤਾਂ ਇਥੋਂ ਤਕ ਕਹਿ ਦਿਤਾ ਕਿ ਸਾਰੀ ਪੱਛਮੀ ਸਭਿਅਤਾ ਪ੍ਰੇਮਾਤਮਕ ਊਰਜਾ ਨਾਲੋਂ ਟੁਟੀ ਹੋਈ ਹੈ ਅਤੇ ਬਿਮਾਰ ਹੈ। ਇਸ ਸਭਿਅਤਾ ਦੇ ਸੁਪਨੇ ਵੀ ਇਸ ਉਦਾਸੀਨਤਾ ਜਾਂ ਬੀਮਾਰੀ ਤੋਂ ਪ੍ਰਭਾਵਿਤ ਹਨ। ਨਤੀਜੇ ਵਜੋਂ ਪੱਛਮੀ ਸਭਿਅਤਾ ਦਾ ਅਵਚੇਤਨ ਬਿਮਾਰ ਅਵਚੇਤਨ ਹੈ।”
ਫਰਾਇਡ ਤੇ ਕਾਰਲ ਜੁੰਗ ਵਿਚਾਲੇ ਮਨੁੱਖੀ ਅਵਚੇਤਨ ਬਾਰੇ ਹੋਈ ਸਾਰੀ ਬਹਿਸ ਰੋਗੀ ਅਵਚੇਤਨ ਬਾਰੇ ਬਹਿਸ ਹੈ। ਯੂਰਪ ਵਿਚ ਤੰਦਰੁਸਤ ਮਨ ਜਾਂ ਅਵਚੇਤਨ ਦੀ ਬਹਿਸ ਤਾਂ ਇਸ ਤੋਂ ਪਹਿਲਾਂ ਜਰਮਨੀ ਦੇ ਦੋ ਫਿਲਾਸਫਰਾਂ-ਹੀਗਲ ਤੇ ਮਾਰਕਸ ਦਰਮਿਆਨ ਹੋ ਚੁਕੀ ਸੀ, ਜਿਸ ਨੂੰ ਉਕਾ ਹੀ ਅਣਗੌਲਿਆ ਕਰ ਦਿਤਾ ਗਿਆ। ਇਸ ਲਈ ਇਸ ਸਾਰੀ ਬਹਿਸ ਨੇ ਰੋਗੀ ਮਨ (ਅਵਚੇਤਨ) ਦੇ ਮਨੋਵਿਗਿਆਨ ਨੂੰ ਜਨਮ ਦਿਤਾ, ਜਿਸ ਦਾ ਖਮਿਆਜਾ ਲਗਾਤਾਰ ਹੋ ਰਹੇ ਸਭਿਆਚਾਰਕ ਨਿਘਾਰ ਦੇ ਰੂਪ ਵਿਚ ਅੱਜ ਪੱਛਮੀ ਸਭਿਅਤਾ ਭੁਗਤ ਰਹੀ ਹੈ। ਅੱਜ ਪੱਛਮੀ ਸਭਿਅਤਾ ਤੇ ਇਸਲਾਮ ਵਿਚਾਲੇ ਚੱਲ ਰਹੀ ਟੱਕਰ ਦਾ ਮੂਲ ਕਾਰਨ ਵੀ ਇਹੀ ਨਿਘਾਰ ਹੈ।
‘ਮਨੁਖ ਦੇ ਅਵਚੇਤਨ ਸੰਸਾਰ ਦੀ ਤਾਕਤ ਤੇ ਇਸ ਦਾ ਪ੍ਰਭਾਵ ਕਿੰਨੀ ਦੂਰ ਤਕ ਜਾਂਦਾ ਹੈ’, ਇਸ ਬਾਰੇ ਇਸ ਤੋਂ ਪਹਿਲਾਂ ਇਕ ਭਰਵੀਂ ਬਹਿਸ ਉਪਨਿਸ਼ਦ, ਬੁਧਮਤਿ, ਗੁਰਮਤਿ ਤੇ ਮਾਰਕਸ ਕਰ ਚੁਕੇ ਸਨ। ਉਸ ਤੰਦਰੁਸਤ ਮਨ ਦੀ ਬਹਿਸ ਨੂੰ ਫਿਰ ਤੋਂ ਅਗੇ ਤੋਰਨ ਦੀ ਲੋੜ ਹੈ।
ਜਿਥੋਂ ਤਕ ਪੰਜਾਬ ਵਿਚ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਤੇ ਪ੍ਰੋਫੈਸਰ ਕਿਸ਼ਨ ਸਿੰਘ ਵਿਚਾਲੇ ਚੱਲੀ ਬਹਿਸ ਦੀ ਗੱਲ ਹੈ, ਇਸ ਨੂੰ ਇਕ ਵਾਰ ਫਿਰ ਤੋਂ ਅਗੇ ਤੋਰਨ ਦੀ ਲੋੜ ਹੈ। ਇਸੇ ਬਹਿਸ ਨੇ ਪੰਜਾਬ ਦੇ ਬੌਧਿਕ ਜਮੂਦ ਨੂੰ ਤੋੜਨਾ ਹੈ। ਪਰ ਇਸ ਬਹਿਸ ਦਾ ਘੇਰਾ ਵਧਾਉਣ ਦੀ ਲੋੜ ਹੈ। ਇਸ ਬਹਿਸ ਨੂੰ 500 ਸਾਲ ਪਹਿਲਾਂ ਹੋਈ ‘ਸਭ ਤੋਂ ਵਡੀ ਤੇ ਯਾਦਗਾਰੀ ਬਹਿਸ’ ਤੋਂ ਅਗੇ ਤੋਰਨ ਦੀ ਲੋੜ ਹੈ। ‘ਸਿਧ ਗੋਸਟਿ’ ਦੇ ਸਿਰਲੇਖ ਹੇਠ ਹੋਈ ਇਸ ਬਹਿਸ ਦੀ ਇਕ ਹੋਰ ਮਹਾਨਤਾ ਇਸ ਪਖੋਂ ਵੀ ਹੈ ਕਿ ਇਸ ਵਿਚ ਵਿਰੋਧੀ ਦਾ ਪੱਖ ਵੀ ਗੁਰੂ ਸਾਹਿਬ ਨੇ ਆਪ ਹੀ ਪੇਸ਼ ਕੀਤਾ ਹੈ। ਇਸ ਤਰ੍ਹਾਂ ਦੀ ਬਹਿਸ ਦੀ ਮੁਸ਼ਕਿਲ ਇਹ ਹੁੰਦੀ ਹੈ ਕਿ ਜੇ ਤੁਸੀਂ ਵਿਰੋਧੀ ਦਾ ਪੱਖ ਠੀਕ ਢੰਗ ਨਾਲ ਪੇਸ਼ ਨਾ ਕਰ ਸਕੇ, ਤਾਂ ਤੁਸੀਂ ਆਪਣੇ ਪੱਖ ਦੇ ਨਵੇਂਪਣ ਨੂੰ ਵੀ ਨਹੀਂ ਉਭਾਰ ਸਕਦੇ। ਇਹੀ ਇਸ ਬਹਿਸ ਦਾ ਨਿਵੇਕਲਾਪਣ ਹੈ।
ਕਿਸੇ ਨੂੰ ਇਹ ਧਾਰਨਾ ਬੜੀ ਓਪਰੀ ਲਗ ਸਕਦੀ ਹੈ ਕਿ 500 ਸਾਲ ਅਗੇ ਆ ਗਏ ਸਮੇਂ ਨੂੰ ਪਿਛੇ ਮੋੜਨ ਦੀ ਲੋੜ ਹੈ। ਇਸ ਦੀ ਲੋੜ ਇਸ ਕਰਕੇ ਪਈ ਹੈ, ਕਿਉਂਕਿ ਸਾਮਰਾਜੀ-ਪੂੰਜੀਵਾਦੀ ਰਿਸ਼ਤਿਆਂ ਉਤੇ ਆਧਾਰਤ ਅਜੋਕੀ (ਲਿਬਰਲ) ਜਮਹੂਰੀਅਤ ਨੇ ਯੂਰਪੀਨ ਯੂਨੀਅਨ ਵਿਚ ਪੈ ਰਹੀਆਂ ਤਰੇੜਾਂ ਤੇ ਮੋਦੀ-ਟਰੰਪ ਜਿੱਤ ਦੇ ਰੂਪ ਵਿਚ ਆਪਣੀ ਅੰਤਿਮ ਸੀਮਾ ਪ੍ਰਗਟ ਕਰ ਦਿਤੀ ਹੈ। ਇਸ ਤੋਂ ਬਾਅਦ ਤਾਂ ਵਧ ਰਹੇ ਨਸਲਵਾਦ, ਬੇਮੁਹਾਰੀ ਹਿੰਸਾ ਤੇ ਤੀਜੀ ਸਾਮਰਾਜੀ ਸੰਸਾਰ ਜੰਗ ਦੀਆਂ ਸੰਭਾਵਨਾਵਾਂ ਹੀ ਨਜ਼ਰ ਆ ਰਹੀਆਂ ਹਨ। ਇਸ ਦੀ ਪੁਸ਼ਟੀ ਖੁਦ ਸਾਮਰਾਜੀ ਮੀਡੀਆ ਕਰ ਰਿਹਾ ਹੈ। ਪੰਕਜ ਮਿਸ਼ਰਾ ਦੀ ਨਵੀਂ ਕਿਤਾਬ ‘ਰੋਹ ਦਾ ਯੁਗ’ ਵੀ ਇਸੇ ਸੱਚ ਦੀ ਪੁਸ਼ਟੀ ਕਰਦੀ ਹੈ।
ਇਸ ਵਰਤਾਰੇ ਦੀ ਬੜੀ ਸਟੀਕ ਪੇਸ਼ਕਾਰੀ ਲੰਘੀ 29 ਜਨਵਰੀ ਦੇ ‘ਪੰਜਾਬੀ ਟ੍ਰਿਬਿਊਨ’ ਦੀ ਸੰਪਾਦਕੀ ਵਿਚ ਸੁਰਿੰਦਰ ਸਿੰਘ ਤੇਜ ਨੇ ਕੀਤੀ ਹੈ। ਪੰਕਜ ਮਿਸ਼ਰਾ ਦੀ ਇਸ ਕਿਤਾਬ ਦੇ ਪ੍ਰਸੰਗ ਵਿਚ ਸ਼ ਤੇਜ ਦਾ ਕਹਿਣਾ ਹੈ, ‘ਰੋਹ ਦੇ ਯੁਗ’ ਵਿਚ “ਪੰਜਾਬ ਬਾਰੇ ਕੁਝ ਵੀ ਨਹੀਂ, ਪਰ ਇਸ ਨੂੰ ਪੜ੍ਹਦਿਆਂ ਇਹੋ ਆਭਾਸ ਹੁੰਦਾ ਹੈ ਕਿ ਸਾਡੇ ਸੂਬੇ ਵਿਚ ਜੋ ਕੁਝ ਵਾਪਰ ਰਿਹਾ ਹੈ, ਉਹ ਬਾਕੀ ਦੁਨੀਆਂ ਦੇ ਲੋਕਤੰਤਰਾਂ ਵਿਚਲੇ ਵਰਤਮਾਨ ਵਰਤਾਰੇ ਤੋਂ ਬਹੁਤਾ ਵਖਰਾ ਨਹੀਂ। ਬਹੁਤੀ ਥਾਂਈਂ ਰਵਾਇਤੀ ਧਿਰਾਂ ਨੂੰ ਚੋਣ ਰਾਜਨੀਤੀ ਵਿਚ ਮਾਤ ਮਿਲ ਰਹੀ ਹੈ ਅਤੇ ਉਹ ਆਗੂ ਉਭਰ ਰਹੇ ਹਨ, ਜਿਹੜੇ ਰਾਜਸੀ ਤੇ ਸਮਾਜਕ ਕੁਲੀਨਤਾ ਵਰਗੀ ਦਰਜਾਬੰਦੀ ਵਿਚ ਕਦੇ ਸ਼ੁਮਾਰ ਨਹੀਂ ਸਨ। ਦਰਅਸਲ, ਯੂਰਪ ਦੇ ਬਹੁਤੇ ਦੇਸ਼ਾਂ ਦੀ ਰੋਹਲੇ ਯੁਗ ਵਾਲੀ ਦ੍ਰਿਸ਼ਾਵਲੀ ਸਾਡੀ ਹੀ ਧਰਤੀ ਉਤੇ ਸਾਡੀਆਂ ਨਜ਼ਰਾਂ ਦੇ ਸਾਹਮਣੇ ਲਗਾਤਾਰ ਸਿਰਜੀ ਜਾ ਰਹੀ ਹੈ।”
ਬੜੀ ਸਟੀਕ ਸ਼ਬਦਾਵਲੀ ਵਿਚ ਅਜੋਕੇ ਪੰਜਾਬ ਦੀ ਇਸ ਸੱਚਾਈ ਨੂੰ ਪ੍ਰਗਟ ਕਰਨ ਤੋਂ ਬਾਅਦ, ਸੂਝਵਾਨ ਸੰਪਾਦਕ ਨੇ ਇਸ ਦੇ ਕੁਝ ਕਾਰਨਾਂ ਦੀ ਨਿਸ਼ਾਨਦੇਹੀ ਵੀ ਕੀਤੀ ਹੈ, “ਪੰਜਾਬ ਵਿਚ ਜਿਹੜੀ ਰੋਹਲੀ ਹਵਾ ਵਗ ਰਹੀ ਹੈ, ਉਹ ਕੁਸ਼ਾਸਨ ਜਾਂ ਬਦਇੰਤਜਾਮੀ ਦੀ ਪੈਦਾਇਸ਼ ਹੈ।æææਕੁਸ਼ਾਸਨ ਖਿਲਾਫ ਪ੍ਰਚੰਡਤਾ ਏਨੀ ਵਿਆਪਕ ਹੈ ਕਿ ਹੁਕਮਰਾਨ ਧਿਰ ਤੋਂ ਇਲਾਵਾ ਇਸ ਦੀ ਰਵਾਇਤੀ ਵਿਰੋਧੀ ਜਮਾਤ ਵੀ ਇਸ ਵਿਚ ਲਪੇਟੀ ਜਾ ਚੁਕੀ ਹੈ। ਇਹੋ ਸਾਡੀ ਸਰਜ਼ਮੀਂ ਉਪਰ ਰੋਹ ਦੇ ਯੁਗ ਦੀ ਆਮਦ ਦਾ ਸੱਚ ਹੈ।”
ਇਹ ਚੋਣਾਂ ਇਸ ਰੋਹ ਦੇ ਯੁਗ ਦਾ ਕੀ ਹੱਲ ਕਰਨਗੀਆਂ, ਇਸ ਦਾ ਪਤਾ ਤਾਂ 11 ਮਾਰਚ ਨੂੰ ਲਗ ਜਾਏਗਾ, ਪਰ ਪੰਜਾਬ ਵਿਚ ਪੈਦਾ ਹੋਏ ਇਸ ‘ਰੋਹ ਦੇ ਯੁਗ’ ਦਾ ਕਾਰਨ ਕੁਸ਼ਾਸਨ ਤੋਂ ਕਿਤੇ ਵਡੇਰਾ ਹੈ। ਇਸ ਦੀਆਂ ਜੜ੍ਹਾਂ 1975 ਤੋਂ 1995 ਦੇ ਦੌਰ ਵਿਚ ਪਈਆਂ ਹਨ। ਇਸ ਲਿਖਤ ਵਿਚ ਸਾਡਾ ਮਸਲਾ ਇਹੀ ਦੌਰ ਹੈ, ਜਿਸ ਨੇ ਖਾਲਿਸਤਾਨ ਦੀ ਲਹਿਰ ਨੂੰ ਜਨਮ ਦਿਤਾ। ਇਥੇ ਸਾਡਾ ਮਸਲਾ ਖਾਲਿਸਤਾਨ ਦੀ ਰਾਜਨੀਤੀ ਬਾਰੇ ਚਰਚਾ ਕਰਨਾ ਨਹੀਂ, ਸਗੋਂ ਖਾਲਿਸਤਾਨ ਦੀ ਫਿਲਾਸਫੀ ਬਾਰੇ ਚਰਚਾ ਕਰਨਾ ਹੈ। ਇਹੀ ਚਰਚਾ ਸਾਨੂੰ 500 ਸਾਲ ਪਹਿਲਾਂ ਹੋਈ ‘ਸਿਧ ਗੋਸਟਿ’ ਦੀ ਫਿਲਾਸਫੀ ਤਕ ਲੈ ਜਾਂਦੀ ਹੈ। ਇਸ ਬਾਣੀ ਵਿਚ ਗੁਰੂ ਸਾਹਿਬ ਨੇ ਆਪਣੇ ਤੋਂ ਪਹਿਲੀ ਸਾਰੀ ਫਿਲਾਸਫੀ ਦੇ ਗਿਆਨ ਨੂੰ ਆਤਮਸਾਤ ਕਰਕੇ ਤੇ ਇਸ ਨੂੰ ਆਪਣੇ ਇਲਹਾਮ ਵਿਚ ਪ੍ਰਾਪਤ ਹੋਏ ਨਵੇਂ ਸੱਚ ਦੀ ਕਸਵਟੀ ਉਤੇ ਲਾ ਕੇ, ਇਸ ਨੂੰ ਉਚੇਰੇ ਤੇ ਨਵੇਂ ਰੂਪ ਵਿਚ ਪੇਸ਼ ਕੀਤਾ ਹੈ। ਇਸ ਤੋਂ ਬਾਅਦ ਸਮੁਚੇ ਮਨੁੱਖੀ ਸਮਾਜ ਨੂੰ ਤੇ ਖਾਸ ਕਰਕੇ ਪੰਜਾਬੀ ਸਮਾਜ ਨੂੰ ਇਸ ਨਵੇਂ ਗਿਆਨ ਦੇ ਆਧਾਰ ਉਤੇ ਜਥੇਬੰਦ ਕਰਨਾ ਮਨੁੱਖ ਜਾਤੀ ਦੀ ਆਪਣੀ ਲੋੜ ਹੈ, ਪਰ ਇਹ ਕਾਰਜ ਅਜੇ ਅਧੂਰਾ ਪਿਆ ਹੈ।
‘ਸਿਧ ਗੋਸਟਿ’ ਗੁਰੂ ਗੰ੍ਰਥ ਸਾਹਿਬ ਦੇ 8 ਪੰਨਿਆਂ ਵਿਚ ਫੈਲੀ ਇਕ ਲੰਬੀ ਬਾਣੀ ਹੈ, ਜਿਸ ਵਿਚ ਗੁਰੂ ਸਾਹਿਬ ਪਹਿਲਾਂ ਆਪਣੇ ਤੋਂ ਪਹਿਲੇ ‘ਬੋਧਿਕ ਜਗਤ’ ਦੇ ਆਗੂ ਸਮਝੇ ਜਾਂਦੇ ਸਿਧਾਂ ਦਾ ਪੱਖ ਪੇਸ਼ ਕਰਦੇ ਹਨ ਤੇ ਫਿਰ ਉਸ ਪੱਖ ਬਾਰੇ ਆਪਣਾ ਮਤ ਦਿੰਦੇ ਹਨ। ਗੁਰੂ ਸਾਹਿਬ ਤੋਂ ਪਹਿਲਾਂ ਪੁਰਾਣਾ ਸੱਚ ਕੀ ਸੀ ਤੇ ਗੁਰੂ ਸਾਹਿਬ ਨੇ ਕੀ ਨਵਾਂ ਸੱਚ ਪ੍ਰਗਟ ਕੀਤਾ, ਇਸ ਦੀ ਜਾਣਕਾਰੀ ਇਸ ਬਾਣੀ ਤੋਂ ਮਿਲਦੀ ਹੈ। ਉਂਜ ਇਸ ਬਾਣੀ ਦੇ ਮੁਢ ਵਿਚ ਹੀ ਸਮੁੱਚੀ ਬਾਣੀ ਦਾ ਤਤ ਬਿਆਨ ਕਰ ਦਿਤਾ ਗਿਆ ਹੈ,
ਕਿਆ ਭਵੀਐ ਸਚਿ ਸੂਚਾ ਹੋਇ॥
ਸਾਚ ਸਬਦ ਬਿਨ ਮੁਕਤਿ ਨ ਕੋਇ॥
(ਪੰਨਾ 938)
ਭਾਵ ਥਾਂ-ਥਾਂ (ਤੀਰਥ ਅਸਥਾਨਾਂ ਉਤੇ) ਜਾ ਕੇ ਭੌਣ ਦਾ ਕੋਈ ਲਾਭ ਨਹੀਂ, ਸੱਚ ਹਮੇਸ਼ਾਂ ਪਵਿਤਰ ਹੁੰਦਾ ਹੈ। ਇਹ ਪਵਿਤਰ ਸੱਚ ਕੀ ਹੈ? ਸੱਚੇ ਸ਼ਬਦ ਭਾਵ ਸਦੀਵੀ ਸੱਚ ਦਾ ਗਿਆਨ ਦੇਣ ਵਾਲੇ ਸ਼ਬਦ ਤੋਂ ਬਿਨਾ ਮੁਕਤੀ ਨਹੀਂ ਮਿਲ ਸਕਦੀ। ਸਾਰੇ ਗੁਰੂ ਗ੍ਰੰਥ ਸਾਹਿਬ ਵਿਚ ਮੁਕਤੀ ਸ਼ਬਦ ਦੀ ਵਾਰ-ਵਾਰ ਵਿਆਖਿਆ ਕੀਤੀ ਗਈ ਹੈ। ਇਸ ਮੁਕਤੀ ਦਾ ਤਤਸਾਰ ਹੈ, ਸ਼ਬਦ ਵਿਚ ਪ੍ਰਗਟ ਹੁੰਦੇ ਆਤਮਕ ਗਿਆਨ ਨਾਲ ਆਪਣੇ ਮਨ ਨੂੰ ਵਿਕਸਿਤ ਕਰਕੇ ਤੇ ਸਦਜਾਗਤ ਰਖ ਕੇ ਉਸ ਨੂੰ ਸਵੈਜਬਤ ਵਿਚ ਰਖਣਾ ਭਾਵ ਆਪਣਾ ਆਤਮਕ ਤੇ ਮਾਨਸਿਕ ਵਿਕਾਸ ਕਰਕੇ ਆਪਣੇ ਵਿਕਾਰਾਂ ਉਤੇ ਕਾਬੂ ਪਾਉਣਾ।
ਇਸ ਗੋਸਟਿ ਵਿਚ ਸਿਧ ਗੁਰੂ ਸਾਹਿਬ ਨੂੰ ਸੁਆਲ ਕਰਦੇ ਹਨ,
ਕਵਣ ਮੂਲੁ ਕਵਣ ਮਤਿ ਵੇਲਾ॥
ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ॥
ਕਵਣ ਕਥਾ ਲੇ ਰਹਹੁ ਨਿਰਾਲੇ॥
ਬੋਲੇ ਨਾਨਕੁ ਸੁਣਹੁ ਤੁਮ ਬਾਲੈ॥
ਏਸੁ ਕਥਾ ਕਾ ਦੇਇ ਬੀਚਾਰੁ॥
ਭਵਜਲ ਸਬਦਿ ਲੰਘਾਵਣਹਾਰ॥
(ਪੰਨਾ 942)
ਭਾਵ ਮਨੁੱਖੀ ਜਿੰਦਗੀ ਦਾ ਮੂਲ ਕੀ ਹੈ? ਮਤਿ ਭਾਵ ਅਕਲ ਜਾਂ ਬੁਧਿ ਪ੍ਰਾਪਤ ਕਰਨ ਦਾ ਠੀਕ ਸਮਾਂ ਕੀ ਹੈ? ਤੇਰਾ ਗੁਰੂ ਕੌਣ ਹੈ, ਜਿਸ ਦਾ ਤੂੰ ਸ਼ਾਗਿਰਦ ਹੈਂ? ਕਿਹੜੀ ਸਿੱਖਿਆ ਲੈ ਕੇ ਤੂੰ ਨਿਰਲੇਪ ਭਾਵ ਵਿਕਾਰਾਂ ਤੋਂ ਬਚਿਆ ਰਹਿ ਸਕਦਾ ਹੈ? ਹੇ ਨਾਨਕ! ਸਾਨੂੰ ਵਿਚਾਰ ਕੇ ਦੱਸ, ਕਿ ਇਸ ਸੰਸਾਰ ਭਵਸਾਗਰ ਤੋਂ ਸ਼ਬਦ ਕਿਵੇਂ ਪਾਰ ਲੰਘਾ ਸਕਦਾ ਹੈ?
ਗੁਰੂ ਸਾਹਿਬ ਦਾ ਜੁਆਬ ਹੈ,
ਪਵਨ ਅਰੰਭੁ ਸਤਿਗੁਰ ਮਤਿ ਵੇਲਾ॥
ਸਬਦੁ ਗੁਰੂ ਸੁਰਤਿ ਧੁਨਿ ਚੇਲਾ॥
(ਪੰਨਾ 943)
ਪ੍ਰਾਣ ਮਨੁੱਖੀ ਜਿੰਦਗੀ ਦਾ ਮੂਲ ਆਧਾਰ ਹਨ ਭਾਵ ਜਦੋਂ ਮਨੁੱਖ ਜਨਮਦਾ ਹੈ ਜਾਂ ਪਹਿਲਾ ਸਾਹ ਲੈਂਦਾ ਹੈ, ਉਦੋਂ ਜਿੰਦਗੀ ਸ਼ੁਰੂ ਹੁੰਦੀ ਹੈ। ਭਾਵ ਮਨੁੱਖੀ ਜਿੰæਦਗੀ ਦਾ ਮੂਲ ਮਨੁੱਖੀ ਸਰੀਰ ਹੈ। ਜਦੋਂ ਸਦੀਵੀ ਸੱਚ ਦਾ ਗਿਆਨ ਦੇਣ ਵਾਲਾ ਗੁਰੂ ਮਿਲ ਜਾਏ, ਗਿਆਨ ਲੈਣ ਦਾ ਉਹੀ ਠੀਕ ਸਮਾਂ ਹੈ। ਸ਼ਬਦ ਗੁਰੂ ਹੈ ਤੇ ਮਨੁੱਖ ਦੀ ਸੁਰਤੀ ਭਾਵ ਉਸ ਦਾ ਮਨ ਸ਼ਬਦ ਦਾ ਚੇਲਾ ਹੈ। ਭਾਵ ਸਦੀਵੀ ਸੱਚ ਦਾ ਗਿਆਨ ਦੇਣ ਵਾਲੇ ਗੁਰੂ ਰਾਹੀਂ ਸ਼ਬਦ ਵਿਚ ਪ੍ਰਗਟ ਹੋਏ ਆਤਮਕ ਗਿਆਨ ਦਾ ਮਨੁੱਖੀ ਮਨ ਵਿਚ ਹੋਇਆ ਸੰਚਾਰ ਹੀ ਇਸ ਭਵਜਲ ਰੂਪੀ ਸੰਸਾਰ ਨੂੰ ਪਾਰ ਕਰਨ ਵਿਚ ਸਹਾਇਤਾ ਕਰ ਸਕਦਾ ਹੈ।
ਗਿਆਨ ਕਾ ਬਧਾ ਮਨੁ ਰਹੇ
ਗੁਰ ਬਿਨੁ ਗਿਆਨ ਨ ਹੋਇ॥ (ਪੰਨਾ 469)
ਗਿਆਨੀ ਹੋਇ ਜੋ ਚੇਤੰਨੁ ਹੋਇ
ਅਗਿਆਨੀ ਅੰਧੁ ਕਮਾਇ॥ (ਪੰਨਾ556)
ਚੇਤਨਾ ਹੋਰ ਕੁਝ ਨਹੀਂ, ਸਗੋਂ ਚੇਤੰਨ ਮਨੁੱਖੀ ਹੋਂਦ ਹੈ। (ਮਾਰਕਸ, ਜਰਮਨ ਵਿਚਾਰਧਾਰਾ)
ਅਜੋਕੀ ਮਨੁੱਖ ਜਾਤੀ ਨੂੰ ਦਰਪੇਸ਼ ਸਾਰੀਆਂ ਗੰਭੀਰ ਸਮੱਸਿਆਵਾਂ ਦਾ ਕਾਰਨ ਇਹੀ ਹੈ, ਉਸ ਨੇ ਸਾਮਰਾਜੀ ਖਪਤਕਾਰੀ ਦੇ ਮਾਨਸਿਕ ਰੋਗ ਵਿਚ ਗ੍ਰਸਤ ਹੋ ਕੇ, ਸਦੀਆਂ ਵਿਚ ਹੰਢਾਈ ਤੇ ਪਰਖੀ ਚੇਤਨਾ (ਆਤਮਿਕ ਗਿਆਨ) ਨੂੰ ਵਿਸਾਰ ਦਿਤਾ ਹੈ। ਗੁਰਮਤਿ ਤੇ ਮਾਰਕਸ ਦੇ ਵਿਕਸਿਤ ਕੀਤੇ ਫਿਲਾਸਫੀ ਦੇ ਇਸੇ ਗਿਆਨ ਨੂੰ ਫਿਰ ਤੋਂ ਜੀਵਤ ਕਰਨ ਦੀ ਲੋੜ ਹੈ।
ਮਨੁੱਖ ਜਾਤੀ ਨੂੰ ਦਰਪੇਸ਼ ਕੁਝ ਸਮਸਿਆਵਾਂ ਦਾ ਜਿਕਰ ਸ਼æ ਅਜਮੇਰ ਸਿੰਘ ਨੇ ਵੀ ਕੀਤਾ ਹੈ। ਉਨ੍ਹਾਂ ਅਨੁਸਾਰ, “ਇਸ ਵੇਲੇ ਕੁਝ ਵਿਕਰਾਲ ਸਮੱਸਿਆਵਾਂ ਤੇ ਚੁਣੌਤੀਆਂ ਮਾਨਵਤਾ ਨੂੰ ਘੂਰ ਰਹੀਆਂ ਹਨ। ਹਕੀਕਤ ਨੂੰ ਜੇਕਰ ਖੁਲ੍ਹੀਆਂ ਅੱਖਾਂ ਨਾਲ ਦੇਖਿਆ ਜਾਏ ਤਾਂ ਮਾਨਵਤਾ ਦੇ ਸਿਰ ਉਤੇ ਸਰਬਨਾਸ ਦਾ ਖਤਰਾ ਮੰਡਰਾ ਰਿਹਾ ਹੈ। ਦਰਪੇਸ਼ ਸੰਕਟ ਦਾ ਸਭ ਤੋਂ ਗੂੜ੍ਹਾ ਇਜ਼ਹਾਰ ਵਾਤਾਵਰਣ ਦੀ ਖਰਾਬੀ ਦੇ ਰੂਪ ਵਿਚ ਹੋ ਰਿਹਾ ਏ।æææਇਸ ਕਰਕੇ ਇਸ ਵੇਲੇ ਮਨੁੱਖਤਾ ਦੇ ਸਨਮੁਖ ਸਭ ਨਾਲੋਂ ਵਡਾ ਤੇ ਤਦੀ ਵਾਲਾ ਸੁਆਲ ਇਹ ਖੜਾ ਹੋ ਗਿਆ ਹੈ, ਵਾਤਾਵਰਣ ਦੀ ਖਰਾਬੀ ਦੇ ਬੇਰੋਕ ਵਗ ਰਹੇ ਇਸ ਰੁਝਾਣ ਨੂੰ ਠੱਲ੍ਹ ਕਿਵੇਂ ਪਾਈ ਜਾਵੇ?”
“ਦੂਜਾ ਵਡਾ ਮਸਲਾ ਚਾਰੇ ਤਰਫ਼ ਫੈਲੀ ਲੁਟ-ਖਸੁਟ, ਖੋਹਾ-ਖੋਹੀ, ਜੁਰਮ-ਜਬਰ, ਹਿੰਸਾ ਤੇ ਖੂਨ-ਖਰਾਬੇ ਦਾ ਹੈæææਚਕਾਚੂੰਧ ਕਰ ਦੇਣ ਵਾਲੀ ਸਾਰੀ ਪਦਾਰਥਕ ਤਰੱਕੀ ਦੇ ਬਾਵਜੂਦ ਮਨੁੱਖ ਰੂਹਾਨੀ ਤੌਰ ਉਤੇ ਪਹਿਲਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਕੰਗਾਲ ਹੋ ਗਿਆ ਹੈ। ਉਸ ਦੀ ਹਿਰਸ ਦਾ ਕੋਈ ਹੱਦ-ਬੰਨਾ ਨਹੀਂ ਰਿਹਾ। ਹਰ ਕਿਸਮ ਦੇ ਵਿਸ਼ੇ-ਵਿਕਾਰ ਵਧੇ ਹਨ, ਘਟੇ ਨਹੀਂ। ਸੰਸਾਰ ਅੰਦਰ ਆਰਥਕ ਨਾਬਰਾਬਰੀ, ਸਮਾਜੀ ਵਿਤਕਰਾ, ਰਾਜਸੀ ਦਾਬਾ ਤੇ ਜਬਰ, ਅਨਿਆਂ, ਜ਼ੁਲਮੋਂ-ਤਸ਼ਦਦ, ਜੁਰਮ, ਹਿੰਸਾ, ਝਗੜੇ-ਬਿਖਾਦ, ਖੂਨੀ ਜੰਗਾਂ, ਸਮੂਹਕ ਕਤਲੇਆਮ ਤੇ ਨਸਲਕੁਸ਼ੀ ਦੀਆਂ ਵਾਰਦਾਤਾਂ ਵਿਚ ਓੜਕਾਂ ਦਾ ਵਾਧਾ ਹੋਇਆ ਹੈ।”
ਅਜੋਕੀ ਮਨੁੱਖ ਜਾਤੀ ਦੀਆਂ ਇਹੀ ਗੰਭੀਰ ਸਮੱਸਿਆਵਾਂ ਹਨ, ਜਿਨ੍ਹਾਂ ਦਾ ਮੌਜੂਦਾ ਰਾਜ ਪ੍ਰਬੰਧ ਕੋਲ ਕੋਈ ਹੱਲ ਨਹੀਂ ਹੈ। ਆਪਣੀ ਇਕ ਗੱਲਬਾਤ ਵਿਚ ਪੰਕਜ ਮਿਸ਼ਰਾ ਨੇ ਇਸੇ ਨੁਕਤੇ ਵੱਲ ਇਸ਼ਾਰਾ ਕੀਤਾ ਹੈ। ਉਸ ਦਾ ਕਹਿਣਾ ਹੈ ਕਿ 19ਵੀਂ ਸਦੀ ਤੇ 20ਵੀਂ ਸਦੀ ਦੇ ਸ਼ੁਰੂ ਵਿਚਲੇ ਆਧੁਨਿਕਤਾਵਾਦੀਆਂ ਨੇ ਧਰਮ ਤੇ ਫਿਲਾਸਫੀ ਵਿਚਲੀਆਂ ਜਿਹੜੀਆਂ ਕਦਰਾਂ-ਕੀਮਤਾਂ ਨੂੰ ਬੁਲੰਦ ਕਰਨ ਦੀ ਗੱਲ ਕੀਤੀ ਸੀ, ਪਿਛਲੇ 20-30 ਸਾਲਾਂ ਵਿਚ ਉਨ੍ਹਾਂ ਨੂੰ ਬਿਲਕੁਲ ਭੁਲਾ ਦਿਤਾ ਗਿਆ ਹੈ। ਸਿਰਫ ਤੇ ਸਿਰਫ ਪਦਾਰਥਕ ਤਰੱਕੀ ਨੂੰ ਮਨੁੱਖੀ ਵਿਕਾਸ ਦਾ ਇਕੋ-ਇਕ ਪੈਮਾਨਾ ਬਣਾ ਲਿਆ ਗਿਆ ਹੈ। ਮਨੁੱਖੀ ਜਿੰਦਗੀ ਦਾ ਇਕੋ-ਇਕ ਮੰਤਵ ਮੁਨਾਫਾ ਕਮਾਉਣਾ ਤੇ ਵਧਾਉਣਾ ਰਹਿ ਗਿਆ ਹੈ। ਇਹ ਗੱਲ ਅਸਲੋਂ ਹੀ ਵਿਸਾਰ ਦਿਤੀ ਗਈ ਹੈ ਕਿ ਮਨੁੱਖੀ ਸਵੈਮਾਣ, ਅਣਖ, ਸਥਿਰਤਾ, ਸੁਰੱਖਿਆ ਅਤੇ ਸਾਰਿਆਂ ਦੀ ਬਰਾਬਰੀ ਵਰਗੇ ਪ੍ਰੇਰਨਾਮਈ ਆਦਰਸ਼, ਪਦਾਰਥਕ ਤਰੱਕੀ ਨਾਲੋਂ ਮਨੁੱਖੀ ਸਭਿਅਤਾ ਦੇ ਵਿਕਾਸ ਲਈ ਜਿਆਦਾ ਕੀਮਤੀ ਹਨ। ਇਹੀ ਇਕ ਨੁਕਤਾ ਖਾਲਿਸਤਾਨ ਲਈ ਸੰਘਰਸ਼ ਕਰ ਰਹੀਆਂ ਧਿਰਾਂ ਦੀ ਸੋਚ ਦਾ ਅੰਗ ਬਣਾਉਣ ਦੀ ਲੋੜ ਹੈ।
ਇਹ ਧਿਰਾਂ ਗੁਰੂ ਸਾਹਿਬ ਦੀ ਫਿਲਾਸਫੀ ਨੂੰ ਆਪਣੇ ਮਨੋਂ ਵਿਸਾਰ ਬੈਠੀਆ ਹਨ। ਇਹੀ ਕਾਰਨ ਹੈ, ‘ਖਾਲਿਸਤਾਨ ਹੁਣ ਉਨ੍ਹਾਂ ਦੀ ਰੂਹ ਦੀ ਪਿਆਸ ਨਹੀਂ’, ‘ਜਦੋਂ ਖਾਲਿਸਤਾਨ ਦੀ ਮੰਜਿਲ ਉਤੇ ਪਤਝੜ ਦੇ ਪਹਿਰੇ ਹਨ’, ਜਦੋਂ ਖਾਲਿਸਤਾਨੀ ਵੀਰ, ਉਨ੍ਹਾਂ ਦੇ ਹਮਦਰਦ ਅਤੇ ਦੂਰ ਨੇੜੇ ਦੇ ਸਮਰਥਕ ਵੀ ਥਕੇ-ਥਕੇ ਲਗਦੇ ਹਨ ਅਤੇ ਮਹਿਸੂਸ ਕਰਨ ਲਗ ਪਏ ਹਨ ਕਿ ਹੁਣ ਇਹੋ ਜਿਹੀਆਂ ਬਹਿਸਾਂ ਦਾ ਕੋਈ ਫਾਇਦਾ ਨਹੀਂ।’ ਜਦੋਂ ਇਹ ਧਿਰਾਂ ਭੇਖ ਨੂੰ ਟਪ ਕੇ ਗੁਰਮਤਿ ਦੇ ਤਤ ਨੂੰ ਫੜਨਗੀਆਂ ਤਾਂ ਇਨ੍ਹਾਂ ਨੂੰ ਖਾਲਿਸਤਾਨ, ਖਾਲਸਾ ਰਾਜ, ਹਲੇਮੀ ਰਾਜ, ਬੇਗਮ ਪੁਰਾ ਸਮਾਜ ਵਰਗੇ ਸੰਕਲਪਾਂ ਦੀ ਸਮਝ ਆਵੇਗੀ। ਫਿਰ ਇਨ੍ਹਾਂ ਨੂੰ ਸਮਝ ਆਵੇਗੀ ਕਿ ‘ਹਲੇਮੀ ਰਾਜ’ ਦਾ ਰਾਹ ਖਾਲਿਸਤਾਨ ਵਿਚੋਂ ਹੋ ਕੇ ਲੰਘਦਾ ਹੈ। ਇਸ ਵਿਚ ‘ਨੇਸ਼ਨ ਸਟੇਟ’ ਦਾ ਕੋਈ ਰੌਲਾ ਨਹੀਂ ਤੇ ‘ਸਾਵਰੈਨਿਟੀ’ ਤੇ ‘ਪਾਤਿਸ਼ਾਹੀ’ ਦਾ ਭਾਵ ਅਰਥ ਇਕੋ ਹੀ ਹੈ। ਫਿਰ ਇਨ੍ਹਾਂ ਨੂੰ ਇਹ ਵੀ ਸਮਝ ਆਵੇਗਾ ਕਿ ਮਸਲਾ ਸ਼ਬਦਾਂ ਦਾ ਨਹੀਂ ਤਤ ਦਾ ਹੈ।