ਕਮਿਊਨਿਸਟ (ਨਕਸਲੀ) ਆਗੂ ਤੋਂ ਸਿੱਖ ਵਿਦਵਾਨ ਬਣੇ ਸ਼ ਅਜਮੇਰ ਸਿੰਘ ਵੱਲੋਂ ਇਕ ਟੀæਵੀæ ਚੈਨਲ ਨੂੰ ਦਿਤੀ ਇੰਟਰਵਿਊ ਨਾਲ ਸਿੱਖ ਹਲਕਿਆਂ ਵਿਚ ਬੜੀ ਤਿੱਖੀ ਹਲਚਲ ਹੋਈ ਹੈ। ਇਸੇ ਪ੍ਰਸੰਗ ਵਿਚ ‘ਪੰਜਾਬ ਟਾਈਮਜ਼’ ਵਿਚ ਸੀਨੀਅਰ ਪੱਤਰਕਾਰ ਤੇ ਸਿੱਖ ਵਿਦਵਾਨ ਕਰਮਜੀਤ ਸਿੰਘ ਚੰਡੀਗੜ੍ਹ, ਹਜਾਰਾ ਸਿੰਘ ਮਿਸੀਸਾਗਾ (ਕੈਨੇਡਾ), ਤਰਲੋਕ ਸਿੰਘ ਨਿਊ ਜਰਸੀ, ਕਮਲਜੀਤ ਸਿੰਘ ਬਾਸੀ, ਡਾæ ਸੰਦੀਪ ਸਿੰਘ ਅਤੇ ਅਜਮੇਰ ਸਿੰਘ ਦੇ ਸਾਥੀ ਰਹੇ ਗੁਰਬਚਨ ਸਿੰਘ ਦੇ ਵਿਚਾਰ ਛਾਪੇ ਜਾ ਚੁਕੇ ਹਨ।
ਇਸੇ ਲੜੀ ਵਿਚ ਐਤਕੀਂ ਕਮਲਜੀਤ ਸਿੰਘ ਫਰੀਮਾਂਟ ਅਤੇ ਹਾਕਮ ਸਿੰਘ ਦੇ ਵਿਚਾਰ ਛਾਪੇ ਜਾ ਰਹੇ ਹਨ। ਅਦਾਰਾ ‘ਪੰਜਾਬ ਟਾਈਮਜ਼’ ਨੂੰ ਖੁਸ਼ੀ ਹੈ ਕਿ ਪਹਿਲਾਂ ਅਹਿਮ ਮਸਲਿਆਂ ਉਤੇ ਚੱਲੀਆਂ ਬਹਿਸਾਂ ਵਾਂਗ, ਇਸ ਮਸਲੇ ਬਾਰੇ ਵੀ ਵਿਦਵਾਨ ਆਪੋ-ਆਪਣਾ ਹਿੱਸਾ ਪਾ ਰਹੇ ਹਨ। ਸਾਡਾ ਲੇਖਕਾਂ ਦੇ ਵਿਚਾਰਾਂ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ, ਸਾਡਾ ਮਨਸ਼ਾ ਇਸ ਮਸਲੇ ਬਾਰੇ ਸੰਜੀਦਾ ਬਹਿਸ ਚਲਾਉਣਾ ਹੈ। ਆਈਆਂ ਹੋਰ ਲਿਖਤਾਂ ਨੂੰ ਵੀ ਬਣਦੀ ਥਾਂ ਦਿੱਤੀ ਜਾਵੇਗੀ। ਬੱਸ ਇਕ ਹੀ ਬੇਨਤੀ ਹੈ ਕਿ ਧੀਰਜ ਤੇ ਸ਼ਾਇਸਤਗੀ ਦਾ ਪੱਲਾ ਨਾ ਛੱਡਿਆ ਜਾਵੇ। -ਸੰਪਾਦਕ
ਹਾਕਮ ਸਿੰਘ
ਖਾਲਿਸਤਾਨ ਸਿੱਖ ਸਟੇਟ ਦਾ ਸੰਕਲਪ ਹੈ। ਸਿੱਖੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ‘ਤੇ ਆਧਾਰਤ ਨਿਜੀ ਜੀਵਨ ਮਾਰਗ ਹੈ ਅਤੇ ਸਟੇਟ ਪੱਛਮੀ ਵਿਚਾਰਧਾਰਾ ਦਾ ਸਮਾਜਕ ਸੰਕਲਪ। ਸਟੇਟ ਸਮਾਜਕ ਅਸਤਿੱਤਵ ਹੈ ਅਤੇ ਸਿੱਖੀ ਗੁਰਬਾਣੀ ਦੀ ਅਧਿਆਤਮਕ ਵਿਚਾਰਧਾਰਾ ‘ਤੇ ਆਧਾਰਤ ਵਿਅਕਤੀਗਤ ਜੀਵਨ ਢੰਗ। ਇਨ੍ਹਾਂ ਦੋ ਅਸਬੰਧਤ ਅਤੇ ਵਖਰੀਆਂ ਧਰਾਤਲਾਂ ‘ਤੇ ਵਿਚਰ ਰਹੇ ਅਸਤਿੱਤਵਾਂ ਦਾ ਸੁਮੇਲ ਸੰਭਵ ਨਹੀਂ। ਅਸਲ ਵਿਚ ਸਿੱਖ ਸਟੇਟ ਦਾ ਸੰਕਲਪ ਜਥੇਦਾਰੀ ਸੰਸਥਾ ਦੀ ਮੱਧਕਾਲੀ ਸੋਚ ਦਾ ਆਧੁਨਿਕ ਸਿਆਸਤ ਨਾਲ ਮਿਲਗੋਭੇ ਦੀ ਉਪਜ ਹੈ। ਸਿੱਖਾਂ ਨੂੰ ਆਪਣੇ ਉਜਲ ਭਵਿੱਖ ਲਈ ਜਥੇਦਾਰਾਂ ਦੀ ਸੋਚ ਦੇ ਪ੍ਰਭਾਵ ਤੋਂ ਮੁਕਤ ਹੋਣ ਅਤੇ ਸਿੱਖ ਇਤਿਹਾਸ ਦੇ ਮਾਣ ਦਾ ਭਾਰ ਹੌਲਾ ਕਰਕੇ ਸਮੇਂ ਦੇ ਹਾਣੀ ਬਣ ਕੇ ਪੰਜਾਬ ਦੇ ਭਵਿੱਖ ਬਾਰੇ ਸਮਝਦਾਰੀ ਤੇ ਸੰਜੀਦਗੀ ਨਾਲ ਸੋਚਣ ਦੀ ਲੋੜ ਹੈ।
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਧਿਆਤਮਕ ਗਿਆਨ ਹੈ। ਇਹ ਦਿਖਾਈ ਦੇ ਰਹੇ ਸੰਸਾਰ ਦਾ ਪਦਾਰਥਕ, ਸਮਾਜਕ ਜਾਂ ਮਾਨਵੀ ਗਿਆਨ ਨਹੀਂ ਹੈ। ਇਹ ਤਾਂ ਸ੍ਰਿਸ਼ਟੀ ਦੇ ਕਰਤੇ, ਨਿਰਾਕਾਰ ਅਤੇ ਸੱਚੇ ਪ੍ਰਭੂ ਦੇ ਮਨੁੱਖ ਨੂੰ ਸਮਝ ਆਉਣ ਵਾਲੇ ਗੁਣਾਂ ਦਾ ਗਿਆਨ ਹੈ। ਇਸ ਵਿਚ ਮਨੁੱਖਤਾ ਨੂੰ ਪ੍ਰਭੂ ਦੇ ਨੂਰ ਤੋਂ ਉਪਜੀ ਅਤੇ ਹਰ ਇੱਕ ਮਨੁੱਖ ਨੂੰ ਸੁਤੰਤਰ ਤੇ ਬਰਾਬਰ ਮੰਨਿਆ ਗਿਆ ਹੈ। ਗੁਰਬਾਣੀ, ਮਨੁੱਖਾ ਜੀਵਨ ਦਾ ਮਨੋਰਥ ਪ੍ਰਭੂ ਮਿਲਾਪ ਦੱਸਦੀ ਹੈ। ਗੁਰਬਾਣੀ ਅਨੁਸਾਰ ਸੰਸਾਰ ਵਿਚ ਪ੍ਰਭੂ ਨੇ ਮਾਇਆ ਦੇ ਛਲਾਵੇ ਦਾ ਭਰਮਜਾਲ ਵਿਛਾਇਆ ਹੋਇਆ ਹੈ, ਜਿਸ ਨੇ ਦਿਖਾਈ ਦੇਣ ਵਾਲੀ ਹਰ ਗਤੀਸ਼ੀਲ ਵਸਤੂ ਨੂੰ ਭਰਮਾਊ ਬਣਾ ਦਿੱਤਾ ਹੈ। ਮਾਇਆ ਦੇ ਪ੍ਰਭਾਵ ਕਾਰਨ ਸਮਾਜ ਦੇ ਸਾਰੇ ਰਿਸ਼ਤੇ-ਨਾਤੇ ਝੂਠੇ ਸੁਪਨੇ ਤੇ ਸੰਸਾਰਕ ਪਦਵੀਆਂ ਅਤੇ ਸਫਲਤਾਵਾਂ ਭਰਮਾਊ ਬਣੀਆਂ ਹੋਈਆਂ ਹਨ। ਗੁਰਬਾਣੀ ਸੰਸਾਰਕ ਪ੍ਰਾਪਤੀਆਂ ਅਤੇ ਰਾਜ ਭਾਗ ਨੂੰ ਕੋਈ ਮਹੱਤਤਾ ਨਹੀਂ ਦਿੰਦੀ।
ਖਾਲਿਸਤਾਨ ਦੀ ਸਥਾਪਨਾ ਤਾਂ ਦੂਰ ਦੀ ਗੱਲ ਹੈ, ਗੁਰਬਾਣੀ ਵਿਚ ਤਾਂ ਸਿੱਖ ਧਰਮ ਦੀ ਕੋਈ ਸੰਸਥਾ ਸੰਗਠਤ ਕਰਨ ਦਾ ਉਪਦੇਸ਼ ਵੀ ਨਹੀਂ ਹੈ। ਗੁਰੂ ਸਾਹਿਬਾਨ ਨੇ ਵੀ ਕੋਈ ਸੰਸਥਾਗਤ ਜਾਂ ਸਮਾਜਕ ਸਿੱਖ ਧਰਮ ਸਥਾਪਤ ਨਹੀਂ ਸੀ ਕੀਤਾ। ਸੰਸਥਾਗਤ ਸਿੱਖ ਧਰਮ ਗੁਰੂ ਸਾਹਿਬਾਨ ਦੇ ਪਰਿਵਾਰਕ ਵਿਰੋਧੀਆਂ ਨੇ ਗੁਰਗੱਦੀ, ਗੁਰਬਾਣੀ ਪੋਥੀ ਅਤੇ ਸੰਪਤੀ ਦੀ ਮਲਕੀਅਤ ਨੂੰ ਲੈ ਕੇ ਨਿਜੀ ਲਾਭ ਲਈ ਸਥਾਪਤ ਕੀਤਾ ਸੀ ਜੋ ਰਹਿਤ ਮਰਿਆਦਾ ਦੀ ਪਰੰਪਰਾ ਰਾਹੀਂ ਅੱਜ ਵੀ ਪ੍ਰਚਲਿਤ ਹੈ। ਨਿਜੀ ਲਾਭ ਲਈ ਅਧਿਆਤਮਕ ਗਿਆਨ ਦਾ ਸਮਾਜੀਕਰਨ ਕਰਕੇ ਸਥਾਪਤ ਕੀਤੇ ਸੰਸਥਾਗਤ ਸਿੱਖ ਧਰਮ ਵਿਚ ਖਾੜਕੂਵਾਦ ਅਤੇ ਖਾਲਿਸਤਾਨ ਦੀ ਮੰਗ ਪੈਦਾ ਹੋ ਜਾਣੀ ਸੁਭਾਵਕ ਸੀ।
ਖਾਲਿਸਤਾਨ ਦਾ ਦਸਮ ਗ੍ਰੰਥ ਨਾਲ ਡੂੰਘਾ ਸਬੰਧ ਹੈ। ਖਾਲਿਸਤਾਨ ਦੇ ਉਪਾਸ਼ਕਾਂ ਨੇ ਦਸਮ ਗ੍ਰੰਥ ਨੂੰ ਆਪਣੇ ਉਦੇਸ਼ ਦਾ ਆਧਾਰ ਬਣਾ ਲੈਣਾ ਸੀ ਜੇ ਕੁਝ ਚਿੰਤਾਜਨਕ ਔਕੜਾਂ ਪੇਸ਼ ਨਾ ਆਉਂਦੀਆਂ। ਇੱਕ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਗੁਰੂ ਗ੍ਰੰਥ ਸਾਹਿਬ ਦਾ ਸੰਕਲਣ ਕਰਕੇ ਗੁਰੂ ਘੋਸ਼ਿਤ ਕਰਨ ਨਾਲ ਦਸਮ ਗ੍ਰੰਥ ਦਾ ਸੰਕਲਪ ਹੀ ਸ਼ੱਕੀ ਬਣ ਗਿਆ ਸੀ ਅਤੇ ਦੂਜੇ, ਦਸਮ ਗ੍ਰੰਥ ਅਸ਼ਲੀਲ ਕਵਿਤਾਵਾਂ, ਹਿੰਦੂ ਮਿਥਿਹਾਸਕ ਕਥਾਵਾਂ, ਪਿਛਲੇ ਜਨਮ ਦੀਆਂ ਕਲਪਿਤ ਕਰਾਮਾਤਾਂ ਅਤੇ ਚੰਡੀ ਦੇਵੀ ਦੇ ਯੁਧਾਂ ਦੇ ਬਿਰਤਾਂਤਾਂ ਨਾਲ ਭਰਿਆ ਪਿਆ ਹੋਣ ਕਾਰਨ ਸਿੱਖ ਜਗਤ ਵਿਚ ਧਾਰਮਕ ਗ੍ਰੰਥ ਵਜੋਂ ਪ੍ਰਵਾਨ ਨਾ ਚੜ੍ਹਿਆ। ਜਿਸ ਨਾਟਕੀ ਢੰਗ ਨਾਲ ਬਚਿਤਰ ਨਾਟਕ ਲੱਭਿਆ ਗਿਆ ਅਤੇ ਉਸ ਦਾ ਨਾਂ ਬਦਲਿਆ ਗਿਆ, ਉਸ ਸਾਰੀ ਪ੍ਰਕ੍ਰਿਆ ਵਿਚ ਅੰਗਰੇਜ਼ਾਂ ਦੀ ਮਿਲੀਭੁਗਤ ਦੇ ਸ਼ੰਕੇ ਅਤੇ ਸਬੰਧਤ ਮਿਥਹਾਸ ਨੇ ਵੀ ਦਸਮ ਗ੍ਰੰਥ ਦੀ ਵਾਸਤਵਿਕਤਾ ‘ਤੇ ਪ੍ਰਸ਼ਨ ਚਿੰਨ੍ਹ ਲਾ ਦਿਤੇ। ਭਾਵੇਂ ਦਸਮ ਗ੍ਰੰਥ ਦੀਆਂ ਰਚਨਾਵਾਂ ਨੂੰ ਗੁਰਬਾਣੀ ਦਾ ਦਰਜਾ ਪ੍ਰਾਪਤ ਨਹੀਂ ਹੈ ਫਿਰ ਵੀ ਖਾਲਿਸਤਾਨੀ ਜਦੋਂ ਵੀ ਗੁਰਬਾਣੀ ਦਾ ਹਵਾਲਾ ਦਿੰਦੇ ਹਨ ਤਾਂ ਬਹੁਤੀ ਵੇਰ ਉਹ ਤੁਕਾਂ ਦਸਮ ਗ੍ਰੰਥ ਵਿਚੋਂ ਲੈਂਦੇ ਹਨ। ਦਰਅਸਲ ਦਸਮ ਗ੍ਰੰਥ ਵਿਚ ਧਰਮ ਦੀ ਰੱਖਿਆ ਲਈ ਰਾਜ ਦਾ ਹੋਣਾ ਜ਼ਰੂਰੀ ਦੱਸਿਆ ਗਿਆ ਹੈ ਅਤੇ ਇਸੇ ਵਿਚਾਰ ਨੂੰ ਖਾਲਿਸਤਾਨੀ ਆਪਣੀ ਲਹਿਰ ਦਾ ਆਧਾਰ ਮੰਨਦੇ ਹਨ।
ਭਾਰਤ ਵਿਚ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਦੀ ਰਚਨਾ ਮੰਨਣ ਵਾਲਿਆਂ ਦੇ ਦੋ ਵੱਡੇ ਧੜੇ ਹਨ: ਇੱਕ, ਖਾਲਿਸਤਾਨ ਦੇ ਸਮਰਥਕਾਂ ਦਾ; ਦੂਜਾ, ਆਰæਐਸ਼ਐਸ਼ ਤੇ ਦੂਜੀਆਂ ਹਿੰਦੂਤਵੀ ਜਥੇਬੰਦੀਆਂ ਦਾ। ਖਾਲਿਸਤਾਨੀ ਦਸਮ ਗ੍ਰੰਥ ਨੂੰ ਗੁਰੂ ਸਾਹਿਬ ਦੀ ਕਿਰਤ ਮੰਨ ਕੇ ਆਪਣੇ ਜੰਗੀ ਸੰਘਰਸ਼ ਲਈ ਪ੍ਰੇਰਨਾ ਸਰੋਤ ਵਜੋਂ ਵਰਤਦੇ ਹਨ, ਅਤੇ ਹਿੰਦੂਤਵੀ ਇਸ ਨੂੰ ਸਿੱਖ ਗੁਰੂ ਵਲੋਂ ਹਿੰਦੂ ਮਿਥਿਹਾਸ ਨੂੰ ਲੋਕ ਮਾਨਤਾ ਦੇਣ ਤੇ ਮੁਗਲ ਰਾਜ ਦੇ ਵਿਰੋਧ ਨੂੰ ਹਿੰਦੂਤਵੀ ਏਜੰਡੇ ਦਾ ਸਮਰਥਨ ਸਮਝਦੇ ਹਨ। ਪਰ ਸਿੱਖ ਜਗਤ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਦੀ ਕਿਰਤ ਮੰਨਣ ਤੋਂ ਇਨਕਾਰੀ ਹੈ।
ਖਾਲਿਸਤਾਨ ਦੀ ਮੰਗ ਪੰਜਾਬ ਨਾਲ ਸਬੰਧਤ ਹੈ। ਪੰਜਾਬ ਤੇ ਪੰਜਾਬੀ ਕੌਮ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਪ੍ਰਭਾਵ ਦੀ ਉਪਜ ਹੈ। ਸਿੱਖ ਮਿਸਲਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਪੰਜਾਬੀ ਕੌਮ ਇੱਕ ਧਰਮ ਨਿਰਪੱਖ ਨੇਸ਼ਨ ਸਟੇਟ ਵਜੋਂ ਵਿਕਸਿਤ ਹੋ ਗਈ ਸੀ। ਅੰਗਰੇਜ਼ਾਂ ਦੇ ਪੰਜਾਬ ‘ਤੇ ਕਬਜ਼ਾ ਕਰਨ ਉਪਰੰਤ ਉਨ੍ਹਾਂ ਦਾ ਪੰਜਾਬੀ ਕੌਮ ਨੂੰ ਬਰਬਾਦ ਕਰਨ ਦਾ ਮਨ ਬਣ ਗਿਆ ਸੀ ਕਿਉਂਕਿ ਅੰਗਰੇਜ਼ਾਂ ਲਈ ਗੁਰਬਾਣੀ ਦਾ ਮਨੁੱਖੀ ਬਰਾਬਰੀ ਤੇ ਸੁਤੰਤਰਤਾ ਦਾ ਮਾਨਵਵਾਦੀ ਉਪਦੇਸ਼ ਅਤੇ ਪੰਜਾਬੀ ਕੌਮ ਦੀ ਸ਼ਕਤੀ ਬਰਦਾਸ਼ਤ ਤੋਂ ਪਰੇ ਸਨ। ਉਨ੍ਹਾਂ ਨੇ 1909 ਐਕਟ ਦੇ ਮਿੰਟੋ ਮੋਰਲੇ ਰਿਫੌਰਮ ਅਤੇ 1919 ਐਕਟ ਰਾਹੀਂ ਭਾਰਤ ਵਿਚ ਧਰਮਾਂ ਦੇ ਆਧਾਰ ‘ਤੇ ਵੱਖਵਾਦੀ ਭਾਵਨਾਵਾਂ ਉਤੇਜਿਤ ਕਰ ਦਿੱਤੀਆਂ ਸਨ। ਉਨ੍ਹਾਂ ਵੱਖਵਾਦੀ ਭਾਵਨਾਵਾਂ ਦੇ ਆਧਾਰ ‘ਤੇ ਹੀ ਅੰਗਰੇਜ਼ਾਂ ਨੇ ਪੰਜਾਬੀ ਸਮਾਜ ਦੇ ਤਿੰਨੇ ਧਰਮਾਂ ਵਿਚ ਪਰਸਪਰ ਵਿਰੋਧ ਨੂੰ ਉਤਸ਼ਾਹਿਤ ਕਰਨਾ ਸ਼ੁਰੂ ਕਰ ਦਿੱਤਾ ਅਤੇ ਪੰਜਾਬੀ ਕੌਮ ਦੀ ਬਰਬਾਦੀ ਦਾ ਅਰਬ ਦੇਸ਼ਾਂ ਵਾਲਾ ਚਿਰਜੀਵੀ ਜੰਗੀ ਮਾਹੌਲ ਸਿਰਜ ਦਿੱਤਾ।
ਪੰਜਾਬੀ ਹਿੰਦੂਆਂ ਨੇ ਹਜ਼ਾਰਾਂ ਸਾਲ ਪੁਰਾਣੇ ਆਰੀਆ ਸਮਾਜੀ ਸਭਿਆਚਾਰ ਨੂੰ ਅਪਨਾਉਣ ਦਾ ਢੋਂਗ ਰਚ ਕੇ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਨੂੰ ਪਰਾਇਆ ਕਰ ਦਿੱਤਾ, ਮੁਸਲਮਾਨ ਆਪਣੇ ਆਪ ਨੂੰ ਮੁਗਲ ਰਾਜ ਦੇ ਜਾਂਨਸ਼ੀਨ ਸਮਝਣ ਲੱਗ ਪਏ, ਸਿੱਖਾਂ ਨੇ ਇੱਕ ਵਖਰੀ ਕੌਮ ਹੋਣ ਦਾ ਭਰਮ ਪਾਲ ਲਿਆ, ਭਾਵੇਂ ਸਿੱਖਾਂ ਵਿਚ ਕੌਮ ਵਾਲੇ ਗੁਣਾਂ ਦੀ ਅਣਹੋਂਦ ਸੀ।
ਗੁਰੂ ਸਾਹਿਬਾਨ ਨੇ ਤਾਂ ਸਿੱਖਾਂ ਨੂੰ ਸਭ ਨਾਲ ਇਕੱਠੇ ਰਹਿਣ ਦਾ ਉਪਦੇਸ਼ ਦਿਤਾ ਸੀ ਪਰ ਉਨ੍ਹਾਂ ਨੇ ਮੀਣਿਆਂ, ਧੀਰਮੱਲੀਆਂ, ਰਾਮਰਾਈਆਂ, ਉਦਾਸੀਆਂ ਅਤੇ ਨਿਰਮਲਿਆਂ ਦੇ ਪਿਛੇ ਲੱਗ ਕੇ ਪਹਿਲਾਂ ਗੁਰਮਤਿ ਵਿਚਾਰਧਾਰਾ ਨੂੰ ਤਿਲਾਂਜਲੀ ਦਿੱਤੀ ਅਤੇ ਫਿਰ ਇੱਕ ਵਖਰੀ ਕੌਮ ਹੋਣ ਦਾ ਐਲਾਨ ਕਰ ਦਿੱਤਾ। 1947 ਦਾ ਕਹਿਰ ਤੇ ਪੰਜਾਬ ਦੀ ਵੰਡ, ਪੰਜਾਬੀ ਸੂਬੇ ਦੀ ਨਿਆਂਹੀਣ ਵੰਡ, 1984 ਦੀ ਕਤਲੋਗਾਰਤ ਅਤੇ ਖਾਲਿਸਤਾਨੀ ਲਹਿਰ ਵਿਚ ਸਿੱਖਾਂ ਦੀ ਨਸਲਕੁਸ਼ੀ-ਇਹ ਸਭ ਉਸੇ ਵੱਖਵਾਦੀ ਸੋਚ ਦੇ ਪਰਿਣਾਮ ਸਨ।
1947 ਦੀ ਵੰਡ ਪਿਛੋਂ ਪੰਜਾਬ ਵਿਚ ਚਿਰਜੀਵੀ ਅਸ਼ਾਂਤੀ ਦਾ ਮਾਹੌਲ ਬਣ ਗਿਆ ਹੈ ਜਿਸ ਦਾ ਸਭ ਤੋਂ ਵਧ ਨੁਕਸਾਨ ਸਿੱਖਾਂ ਨੂੰ ਝਲਣਾ ਪੈ ਰਿਹਾ ਹੈ। ਕੁਦਰਤ ਨੇ ਪੰਜਾਬ (ਅਤੇ ਕਸ਼ਮੀਰ) ਨੂੰ ਸਭਿਆਚਾਰਕ ਏਕਤਾ ਅਤੇ ਆਰਥਕ ਖੁਸ਼ਹਾਲੀ ਦੀ ਬਖਸ਼ਿਸ਼ ਕੀਤੀ ਸੀ ਪਰ ਪੰਜਾਬੀਆਂ ਦੀ ਧਰਮ ਆਧਾਰਤ ਭਰਾ-ਮਾਰੂ ਸੋਚ ਅਤੇ ਗੈਰਪੰਜਾਬੀਆਂ ਵਲੋਂ ਉਨ੍ਹਾਂ ਦੇ ਵੈਰ ਵਿਚ ਵਾਧਿਆਂ ਨੇ ਭਰਾਵਾਂ ਨੂੰ ਪੱਕੇ ਦੁਸ਼ਮਣ ਬਣਾ ਦਿੱਤਾ।
ਖਾਲਿਸਤਾਨ ਦੀ ਮੰਗ ਸਿੱਖ ਸੰਘਰਸ਼ ਦੇ ਪਿਛੋਕੜ ਨੂੰ ਨਜ਼ਰ-ਅੰਦਾਜ਼ ਕਰਕੇ ਹੋਂਦ ਵਿਚ ਆਈ ਹੈ। ਸਭ ਨੂੰ ਪਤਾ ਹੈ ਕਿ 1947 ਵਿਚ ਪੰਜਾਬ ਦੀ ਵੰਡ ਸਮੇਂ ਅਕਾਲੀ ਆਗੂਆਂ ਨੇ, ਇਹ ਜਾਣਦਿਆਂ ਵੀ ਕਿ ਕਾਂਗਰਸ ਵਿਚ ਸਿੱਖ ਤੇ ਪੰਜਾਬ ਵਿਰੋਧੀ ਆਰੀਆਂ ਸਮਾਜੀਆਂ ਦਾ ਡੂੰਘਾ ਪ੍ਰਭਾਵ ਹੈ, ਬਿਨਾ ਕਿਸੇ ਸ਼ਰਤ ਦੇ ਭਾਰਤ ਵਿਚ ਸ਼ਾਮਲ ਹੋਣ ਦਾ ਪ੍ਰਸਤਾਵ ਰੱਖ ਦਿੱਤਾ ਸੀ। ਉਨ੍ਹਾਂ ਨੇ ਤਾਂ ਮਾਲਵੇ ਅਤੇ ਬਾਂਗਰ ਦੇ ਇਲਾਕੇ ਵਿਚ ਫੂਲਕੀਆਂ ਰਿਆਸਤਾਂ ਨਾਲ ਹੋਰ ਇਲਾਕਾ ਮਿਲਾ ਕੇ ਭਾਰਤ ਤੇ ਪਾਕਿਸਤਾਨ ਵਿਚਕਾਰ ਆਜ਼ਾਦ ਸਿੱਖ ਦੇਸ਼ ਬਣਾਉਣ ਬਾਰੇ ਸੋਚਣ ਤੋਂ ਵੀ ਇਨਕਾਰ ਕਰ ਦਿੱਤਾ ਸੀ। ਕਹਿੰਦੇ ਹਨ ਕਿ ਸਰ ਸਟੈਫੋਰਡ ਕਰਿਪਸ ਨੇ ਪੰਜਾਬ ਦੇ ਨਕਸ਼ੇ ਉਤੇ ਫੂਲਕੀਆਂ ਸਟੇਟਾਂ ‘ਤੇ ਪੈਂਸਲ ਫੇਰ ਕੇ ਸਿੱਖ ਆਗੂਆਂ ਨੂੰ ਇਸ਼ਾਰਾ ਕੀਤਾ ਸੀ ਕਿ ਉਹ ਸਿੱਖ ਰਾਜਿਆਂ ਦੇ ਰਾਜ-ਖੇਤਰ ਨਾਲ ਕੁਝ ਹੋਰ ਇਲਾਕਾ ਮਿਲਾ ਕੇ ਵਖਰਾ ਸੁਤੰਤਰ ਰਾਜ ਸਥਾਪਤ ਕਰਨ ਬਾਰੇ ਵੀ ਵਿਚਾਰ ਕਰਨ ਪਰ ਉਨ੍ਹਾਂ ਨੇ ਨਨਕਾਣਾ ਸਾਹਿਬ, ਲਾਹੌਰ ਅਤੇ ਅੰਮ੍ਰਿਤਸਰ ਦੀ ਰਟ ਲਾਈ ਰੱਖੀ ਅਤੇ ਉਸ ਦੇ ਸੁਝਾ ਨੂੰ ਅਣਗੌਲਿਆਂ ਕਰ ਦਿੱਤਾ। ਅਸਲ ਵਿਚ ਮਝੈਲ, ਮਾਲਵੇ ਦੇ ਸਿੱਖ ਰਾਜਿਆਂ ਨੂੰ ਸਿੱਖ ਹੀ ਨਹੀਂ ਸਮਝਦੇ ਸਨ ਅਤੇ ਪੋਠੋਹਾਰ ਦੇ ਅਕਾਲੀ ਆਗੂਆਂ ਨੂੰ ਮਾਲਵੇ ਤੇ ਬਾਂਗਰ ਬਾਰੇ ਬਹੁਤਾ ਪਤਾ ਨਹੀਂ ਸੀ। ਜਦੋਂ ਅਗਿਆਨ ਤੇ ਪੱਖਪਾਤ ਪ੍ਰਧਾਨ ਹੋਵੇ ਅਤੇ ਅਠਾਰਵੀਂ ਸਦੀ ਦੀਆਂ ਪ੍ਰਾਪਤੀਆਂ ਦੀ ਪੰਡ ਸਿਰ ‘ਤੇ ਚੁੱਕੀ ਹੋਵੇ ਤਾਂ ਵਿਵੇਕ ਅਤੇ ਯਥਾਰਥ ਦੀ ਪ੍ਰਤੀਤ ਕਰਨੀ ਔਖੀ ਹੋ ਜਾਂਦੀ ਹੈ।
ਮੁਹੰਮਦ ਅਲੀ ਜਿਨਾਹ ਨੇ ਵੀ ਸਿੱਖ ਆਗੂਆਂ ਨੂੰ ਪਾਕਿਸਤਾਨ ਨਾਲ ਮਿਲਣ ਦਾ ਪ੍ਰਸਤਾਵ ਰੱਖਿਆ ਸੀ। ਗੁਰਬਾਣੀ ਹਿੰਦੂਆਂ ਤੇ ਮੁਸਲਮਾਨਾਂ ਵਿਚ ਕੋਈ ਫਰਕ ਨਹੀਂ ਕਰਦੀ ਅਤੇ ਨਾ ਹੀ ਗੁਰੂ ਨਾਨਕ ਸਾਹਿਬ ਨੇ ਕੀਤਾ ਸੀ, ਪਰ ਗੁਰੂ ਨਾਨਕ ਦੇ ਸਿੱਖ ਅਖਵਾਉਣ ਵਾਲੇ ਆਗੂਆਂ ਨੇ ਮੁਸਲਮਾਨਾਂ ਨੂੰ ਪਰਾਏ ਅਤੇ ਹਿੰਦੂਆਂ ਨੂੰ ਆਪਣੇ ਹਿਤੈਸ਼ੀ ਭਾਈ ਸਮਝਿਆ। ਜੇ ਸਿੱਖ ਆਗੂ ਪਾਕਿਸਤਾਨ ਦੀ ਹੋਂਦ ਨੂੰ ਸਵੀਕਾਰ ਕਰ ਲੈਂਦੇ ਅਤੇ ਉਸ ਵਿਚ ਰਹਿਣ ਦਾ ਮਨ ਬਣਾ ਲੈਂਦੇ ਤਾਂ ਹਿੰਦੂਆਂ ਨੇ ਵੀ ਐਸਾ ਹੀ ਕਰਨਾ ਸੀ। ਅਜਿਹਾ ਕਰਨ ਨਾਲ ਪੰਜਾਬ ਦੀ ਵੰਡ ਅਤੇ 1947 ਦਾ ਕਹਿਰ ਵਾਪਰਨ ਦੀ ਸੰਭਾਵਨਾ ਘਟ ਜਾਣੀ ਸੀ, ਰੈਡਕਲਿਫ ਲਾਈਨ ਸ਼ਾਇਦ ਥੋੜੀ ਪੂਰਬ ਵਲ ਖਿਸਕ ਜਾਂਦੀ, ਪਾਕਿਸਤਾਨ ਤੇ ਪੰਜਾਬ ਦਾ ਭਵਿੱਖ ਅਤੇ ਭਾਰਤ ਦਾ ਪਾਕਿਸਤਾਨ ਨਾਲ ਰਿਸ਼ਤਾ ਸੁਖਾਵਾਂ ਹੋਣ ਦੀ ਆਸ ਬਝ ਜਾਣੀ ਸੀ। ਖੈਰ, ਜੋ ਹੋਇਆ ਹੀ ਨਹੀਂ ਉਸ ਬਾਰੇ ਹੁਣ ਕਿਆਸ ਲਾਉਣ ਦਾ ਕੀ ਅਰਥ!
ਸਿੱਖ ਆਗੂਆਂ ਨੇ ਫੂਲਕੀਆਂ ਸਟੇਟਾਂ ਨੂੰ ਨਜ਼ਰ-ਅੰਦਾਜ਼ ਕਰਕੇ ਅਤੇ ਜਿਨਾਹ ਦੇ ਪ੍ਰਸਤਾਵ ਨੂੰ ਠੁਕਰਾ ਕੇ ਭਾਰਤ ਵਿਚ ਸ਼ਾਮਲ ਹੋਣ ਦਾ ਨਿਰਣਾ ਕੀਤਾ ਸੀ। ਪਰ ਉਹ ਆਪਣੇ ਇਸ ਫੈਸਲੇ ‘ਤੇ ਵੀ ਕਾਇਮ ਨਾ ਰਹਿ ਸਕੇ ਕਿਉਂਕਿ ਧਰਮ ਅਤੇ ਸਿਆਸਤ ਦੇ ਮਨੋਰਥਾਂ ਵਿਚ ਇੱਕਸੁਰਤਾ ਨਹੀਂ ਸੀ। ਇੱਕਸੁਰਤਾ ਕਿਵੇਂ ਹੋਣੀ ਸੀ ਜਦੋਂ ਜਿਸ ਮਾਇਆ ਨੂੰ ਧਰਮ ਤਿਆਗਣ ਦੀ ਗੱਲ ਕਰਦਾ ਹੈ, ਉਸੇ ਮਾਇਆ ਦੀ ਸਿਆਸਤ ਦਾਸੀ ਬਣਨ ਲਈ ਉਤਸੁਕ ਹੁੰਦੀ ਹੈ। ਧਰਮ ਅਧਿਆਤਮਕ ਜੀਵਨ ਢੰਗ ਹੈ ਅਤੇ ਸਿਆਸਤ ਇੱਕ ਸੰਸਾਰਕ ਕਿੱਤਾ। ਇਨ੍ਹਾਂ ਦੋਵਾਂ ਦੇ ਦ੍ਰਿਸ਼ਟੀਕੋਣ, ਸੋਚ ਅਤੇ ਮਨੋਰਥ ਵਿਚ ਬਹੁਤ ਅੰਤਰ ਹੈ।
ਸਿੱਖ ਸਿਆਸਤ ਸਿੱਖ ਜਥੇਦਾਰਾਂ ਦੇ ਕੰਟਰੋਲ ਵਿਚ ਰਹੀ ਹੈ। ਜਥੇਦਾਰ ਰਾਜਨੀਤੀ ਵਿਗਿਆਨ ਤੋਂ ਅਣਜਾਣ ਹੁੰਦੇ ਹਨ। ਬਹੁਤੇ ਜਥੇਦਾਰ ਪਾਠੀ ਜਾਂ ਪੁਜਾਰੀ ਸ਼੍ਰੇਣੀ ਨਾਲ ਸਬੰਧਤ ਹਨ। ਉਨ੍ਹਾਂ ਦੀ ਸੋਚ ਤੇ ਅਨੁਭਵ ਧਾਰਮਕ ਪਰੰਪਰਾ ਅਤੇ ਰਹਿਤ ਮਰਿਆਦਾ ਤੋਂ ਪ੍ਰਭਾਵਿਤ ਹੋਣ ਕਾਰਨ ਉਹ ਇੱਕੀਵੀਂ ਸਦੀ ਦੀ ਸਿਆਸਤ ਵੀ ਅਠਾਰਵੀਂ ਸਦੀ ਦੀ ਸੋਚ ਨਾਲ ਕਰਦੇ ਹਨ, ਜਿਸ ਨਾਲ ਅਕਸਰ ਨਿਰਾਸ਼ਾ ਪੱਲੇ ਪੈਂਦੀ ਹੈ ਕਿਉਂਕਿ ਆਧੁਨਿਕ ਸਿਆਸਤ ਵਿਚ ਸਫਲਤਾ ਬਹੁਤ ਹੱਦ ਤੱਕ ਉਚ ਵਿਦਿਆ, ਵਿਸ਼ਾਲ ਸੂਝ-ਬੂਝ, ਦੂਰ ਅੰਦੇਸ਼ੀ, ਦ੍ਰਿੜਤਾ, ਲੋਕਾਂ ਦੀਆਂ ਭਾਵਨਾਵਾਂ ਅਤੇ ਲੋੜਾਂ ਦਾ ਸਹੀ ਅਨੁਮਾਨ ਲਾ ਕੇ ਪ੍ਰਗਟਾਉਣ ਤੇ ਹੱਲ ਕਰਨ ਦੀ ਯੋਗਤਾ ਦੀ ਮੰਗ ਕਰਦੀ ਹੈ। ਸਿਆਸਤ ਨੂੰ ਸਮਾਜ ਦਾ ਇੱਕ ਬਹੁਤ ਔਖਾ ਕਿੱਤਾ ਸਮਝਿਆ ਗਿਆ ਹੈ। ਇਸ ਵਿਚ ਭਾਵਨਾਵਾਂ ਅਤੇ ਅਤੀਤ ਦੀ ਕੋਈ ਪ੍ਰਸੰਗਿਕਤਾ ਨਹੀਂ ਹੁੰਦੀ ਪਰ ਸਿੱਖ ਸਿਆਸਤ ਦਾ ਤਾਂ ਜ਼ਿਆਦਾਤਰ ਆਧਾਰ ਹੀ ਭਾਵਨਾਵਾਂ ਅਤੇ ਇਤਿਹਾਸਕ ਪ੍ਰਾਪਤੀਆਂ ਹਨ। ਖਾਲਿਸਤਾਨ ਦੀ ਮੰਗ ਜਥੇਦਾਰੀ ਸੋਚ ਦਾ ਹੀ ਇੱਕ ਅਸਧਾਰਨ ਵਿਸਥਾਰ ਹੈ ਜੋ ਸ਼ਰਧਾਵੱਸ ਪੰਜਾਬ ਦੀਆਂ ਜ਼ਮੀਨੀ ਹਕੀਕਤਾਂ ਨੂੰ ਨਜ਼ਰ-ਅੰਦਾਜ਼ ਕਰਕੇ ਹੋਂਦ ਵਿਚ ਆਇਆ ਹੈ। ਪੰਜਾਬ ਵਿਚ ਹਿੰਦੂਆਂ, ਦਲਿਤਾਂ, ਈਸਾਈਆਂ ਅਤੇ ਮੁਸਲਮਾਨਾਂ ਦੀ ਭਾਰੀ ਗਿਣਤੀ ਹੈ। ਖਾਲਿਸਤਾਨੀ ਉਨ੍ਹਾਂ ਨਾਲ ਗੱਲ ਕਰਨ ਲਈ ਵੀ ਤਿਆਰ ਨਹੀਂ ਹਨ, ਫਿਰ ਉਹ ਲੋਕ ਖਾਲਿਸਤਾਨ ਦਾ ਸਮਰਥਨ ਕਿਉਂ ਕਰਨਗੇ? ਉਨ੍ਹਾਂ ਦੇ ਸਹਿਯੋਗ ਅਤੇ ਸਮਰਥਨ ਤੋਂ ਬਿਨਾ ਖਾਲਿਸਤਾਨ ਬਣਾਉਣਾ ਅਤੇ ਬਰਕਰਾਰ ਰੱਖਣਾ ਸੰਭਵ ਨਹੀਂ। ਉਨ੍ਹਾਂ ਦਾ ਸਮਰਥਨ ਕਿਵੇਂ ਪ੍ਰਾਪਤ ਕੀਤਾ ਜਾਵੇ? ਇਸ ਸਵਾਲ ਦਾ ਭਰੋਸੇਯੋਗ ਉਤਰ ਸ਼ਾਇਦ ਖਾਲਿਸਤਾਨ ਦੇ ਉਪਾਸ਼ਕਾਂ ਕੋਲ ਵੀ ਨਾ ਹੋਵੇ।
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਵਿਕਸਿਤ ਅਧਿਆਤਮਕ ਵਿਚਾਰਧਾਰਾ ਦੇ ਨਾਲ ਨਾਲ ਮਨੁੱਖ ਦੇ ਮੂਲ ਹੱਕਾਂ ਦਾ ਮਾਨਵਵਾਦੀ ਉਪਦੇਸ਼ ਵੀ ਹੈ। ਸਿੱਖ ਸਿਆਸਤ ਨੇ ਗੁਰਬਾਣੀ ਉਪਦੇਸ਼ ਨੂੰ ਧੁੰਦਲਾ ਕਰਕੇ ਪ੍ਰਭਾਵਹੀਣ ਬਣਾ ਦਿੱਤਾ ਹੈ। ਇਸੇ ਕਰਕੇ ਸਿੱਖ ਵਿਦਵਾਨ ਗੁਰਬਾਣੀ ਉਪਦੇਸ਼ ਦਾ ਸਿੱਖੀ ਜੀਵਨ ਨਾਲ ਨਾਤਾ ਜੋੜਨ ਵਿਚ ਸਫਲ ਨਹੀਂ ਹੁੰਦੇ। ਸਿਆਸਤ ਵਿਚ ਸਿੱਖ ਧਰਮ ਦੀ ਭਾਗੀਦਾਰੀ ਦਾ ਇੱਕ ਹੋਰ ਚਿੰਤਾਜਨਕ ਪਹਿਲੂ ਵੀ ਹੈ। ਸਿੱਖ ਧਰਮ ਦੀ ਵਾਗਡੋਰ ਧਰਮ-ਸ਼ਾਸਤਰੀਆਂ ਅਤੇ ਸਿੱਖ ਵਿਦਵਾਨਾਂ ਦੀ ਥਾਂ ਸਰਕਾਰੀ ਕਾਨੂੰਨ ਨਾਲ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਅਤੇ ਉਨ੍ਹਾਂ ਦੇ ਨਿਯੁਕਤ ਕੀਤੇ ਪਾਠੀ/ਪੁਜਾਰੀਆਂ ਦੇ ਹੱਥ ਵਿਚ ਹੈ। ਇਹ ਪ੍ਰਬੰਧਕ ਅਤੇ ਪੁਜਾਰੀ ਸਿੱਖ ਵਿਦਵਾਨਾਂ ਨੂੰ ਧਰਮ ਕਾਰਜਾਂ ਵਿਚ ਭਾਗੀਦਾਰ ਨਹੀਂ ਬਣਾਉਂਦੇ। ਦੁਨੀਆਂ ਦੇ ਹੋਰ ਕਿਸੇ ਧਰਮ ਵਿਚ ਸ਼ਾਇਦ ਹੀ ਐਸਾ ਹੁੰਦਾ ਹੋਵੇ। ਇਹ ਪ੍ਰਬੰਧਕ ਅਤੇ ਜਥੇਦਾਰ ਵਿਦਵਾਨਾਂ ਦੀਆਂ ਲਿਖਤਾਂ ਨੂੰ ਸੈਂਸਰ ਕਰਕੇ ਉਨ੍ਹਾਂ ਦੀ ਸੋਚ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ਨੂੰ ਕਾਬੂ ਵਿਚ ਰੱਖਣ ਦਾ ਯਤਨ ਵੀ ਕਰਦੇ ਹਨ। ਸਿੱਖ ਧਰਮ ‘ਤੇ ਗੈਰਰਸਮੀ ਰਚਨਾ ਕਰਨ ਵਾਲੇ ਲੇਖਕ ਨੂੰ ਅਕਸਰ ਡਰਾਇਆ-ਧਮਕਾਇਆ ਜਾਂਦਾ ਹੈ। ਸਿੱਖ ਸਿਆਸਤ ਨੇ ਗੁਰਬਾਣੀ ਉਪਦੇਸ਼ ਦੀ ਖੁਲ੍ਹੀ ਵਿਚਾਰ-ਚਰਚਾ ਵੀ ਔਖੀ ਕੀਤੀ ਹੋਈ ਹੈ।