ਵਿਚਾਰਾਂ ਦੀ ਤਬਦੀਲੀ ਅਤੇ ਸ਼ਖਸੀਅਤਾਂ ਬਾਰੇ

ਕਮਲਜੀਤ ਸਿੰਘ ਫਰੀਮਾਂਟ
‘ਵਿਚਾਰ ਚਰਚਾ’ ਹੇਠ ਅਜਮੇਰ ਸਿੰਘ ਉਤੇ ਚੱਲ ਰਹੀ ਟੀਕਾ-ਟਿੱਪਣੀ ਵਿਚ ਉਨ੍ਹਾਂ ਨੂੰ ਕਈ ਲੇਖਕਾਂ ਦਾ ਵਿਰੋਧ ਝੱਲਣਾ ਪੈ ਰਿਹਾ ਹੈ। ਮੇਰਾ ਇਸ਼ਾਰਾ ‘ਪੰਜਾਬ ਟਾਈਮਜ਼’ (ਅੰਕ 28 ਜਨਵਰੀ) ਵਿਚ ਦਰਜ ਕਰਮਜੀਤ ਸਿੰਘ, ਗੁਰਬਚਨ ਸਿੰਘ ਅਤੇ ਇਸ ਤੋਂ ਪਹਿਲਾਂ ਸੰਦੀਪ ਸਿੰਘ ਸਿੰਘ ਦੀਆਂ ਲਿਖਤਾਂ ਵੱਲ ਹੈ।

ਸਧਾਰਨ ਪਾਠਕ ਨੂੰ ਇਨ੍ਹਾਂ ‘ਚਿੰਤਕਾਂ’ ਦੀਆਂ ਲਿਖਤਾਂ ਤੋਂ ਇਹ ਮਹਿਸੂਸ ਹੁੰਦਾ ਹੈ ਕਿ ਇਹ ਲਿਖਾਰੀ ਅਜਮੇਰ ਸਿੰਘ ਨਾਲ ਜ਼ਾਤੀ ਤੌਰ ‘ਤੇ ਕੁਝ ਜ਼ਿਆਦਾ ਉਲਾਂਭਾ ਜਾਂ ਆਪਣੀਆਂ ਖਾਲਿਸਤਾਨ ਵਾਸਤੇ ਪ੍ਰਾਪਤੀਆਂ ਹੀ ਦੱਸ ਰਹੇ ਹਨ। ਚਾਹੀਦਾ ਤਾਂ ਇਹ ਸੀ ਕਿ ਇਹ ਸੱਜਣ ਅਜਮੇਰ ਸਿੰਘ ਦੀ ਬਦਲੀ ਹੋਈ ਵਿਚਾਰਧਾਰਾ ਤੱਕ ਸੀਮਤ ਰਹਿੰਦੇ, ਉਨ੍ਹਾਂ ਦੀ ਇਸ ਬਦਲੀ ਹੋਈ ਵਿਚਾਰਧਾਰਾ ਦੇ ਕਾਰਨ ਜਾਂ ਉਨ੍ਹਾਂ ਦੀ ਮਨੋਵਿਗਿਆਨਕ ਚੀਰ-ਫਾੜ ਕਰਨਾ ਸ਼ੁਰੂ ਨਾ ਕਰਦੇ। ਹਾਂ, ਉਹ ਅਜਮੇਰ ਸਿੰਘ ਦੀ ਬਦਲੀ ਹੋਈ ਵਿਚਾਰਧਾਰਾ ਦੇ ਕਾਰਨਾਂ ਦਾ ਸਬੂਤ ਮੰਗ ਸਕਦੇ ਸਨ। ਜੇ ਅਜਮੇਰ ਸਿੰਘ ਨੇ ਖਾਲਿਸਤਾਨੀਆਂ ਨੂੰ ‘ਡਿਸਗਸਟਿੰਗ’ ਕਹਿ ਦਿੱਤਾ ਤਾਂ ਇਸ ਬਾਰੇ ਅਜਮੇਰ ਸਿੰਘ ਪਾਸੋਂ ਹੀ ਵਜ੍ਹਾ ਦੀ ਮੰਗ ਕਰਨੀ ਬਿਹਤਰ ਸੀ।
ਇਸ ਲੜੀ ਵਿਚ ਚੱਲ ਰਹੀਆਂ ਲਿਖਤਾਂ ਤੋਂ ਆਮ ਪਾਠਕ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਇਹ ਸੱਜਣ ਮਾਜ਼ੀ ਵਿਚ ਇਕੋ ਕਿਸ਼ਤੀ ਵਿਚ ਸਵਾਰ ਸਨ ਜਿਹੜੇ ਹੁਣ ਵੱਖ-ਵੱਖ ਪੱਤਣਾਂ ਵੱਲ ਚੱਲ ਪਏ ਹਨ। ਮੈਂ ਕਦੇ ਵੀ ਅੰਗਰੇਜ਼ੀ ਲਿਖਾਰੀਆਂ ਨੂੰ ਅਖਬਾਰ ਦੇ ਸਫਿਆਂ ‘ਤੇ ਸਿੱਧੇ ਨਾਂ ਲੈ-ਲੈ ਕੇ ਵਿਰੋਧੀਆਂ ਦੀ ਸੋਚ ਨੂੰ ਕੱਟਦਿਆਂ ਨਹੀਂ ਦੇਖਿਆ, ਬਲਕਿ ਉਹ ਵਿਚਾਰਾਂ ਜਾਂ ਫਿਲਾਸਫੀਆਂ ਤੱਕ ਹੀ ਸੀਮਤ ਰਹਿੰਦੇ ਹਨ। ਇਹ ਰੁਝਾਨ ਪੰਜਾਬੀ ਲਿਖਾਰੀਆਂ ਵਿਚ ਜ਼ਰੂਰ ਮਿਲਦਾ ਹੈ। ਪੰਜਾਬੀ ਚਿੰਤਕ ਆਪਣਾ ਫਲਸਫ਼ਾ ਪੇਸ਼ ਕਰਨ ਵਕਤ ਵਿਰੋਧੀ ਫਲਸਫੇ ਦੇ ਲਿਖਾਰੀਆਂ ਨੂੰ ਜ਼ਾਤੀ ਤੌਰ ‘ਤੇ ਕੋਸਣ ਲੱਗ ਪੈਂਦੇ ਹਨ। ਖੈਰ, ਸਮੱਸਿਆ ਤਾਂ ਅਜਮੇਰ ਸਿੰਘ ਵੱਲੋਂ ਖਾਲਿਸਤਾਨੀਆਂ ਨਾਲ ਗਹਿ-ਗੱਚ ਹੋਣ ਦੇ ਕਈ ਦੇਰ ਬਾਅਦ ਉਨ੍ਹਾਂ ਵਿਚ ਬਦਲਾਓ ਆਉਣ ਦੀ ਹੈ।
ਵਿਚਾਰ ਬਦਲਣਾ ਜਾਂ ਨਵਿਆਉਣਾ ਕੋਈ ਗੁਨਾਹ ਨਹੀਂ। ਵੱਡੇ-ਵੱਡੇ ਲੀਡਰ, ਫਿਲਾਸਫ਼ਰ ਵੀ ਇਸ ਪੈਂਡੇ ਤੋਂ ਗੁਜ਼ਰ ਚੁੱਕੇ ਹਨ। ਖਾਲਿਸਤਾਨੀ ਵੀਰ ਤਾਂ ਬਹੁਤ ਛੋਟੀ ਜਿਹੀ ਸੰਖਿਆ ਤੱਕ ਪਹੁੰਚ ਸਕੇ ਸਨ। ਹੁਣ ਜਦ ਕਰਮਜੀਤ ਸਿੰਘ ਨੇ ਵਿਚਾਰ ਚਰਚਾ ਦੇ ਪਿੜ ਵਿਚੋਂ ਬਾਹਰ ਹੋ ਕੇ ਸ਼ਖਸੀਅਤਾਂ ਦਾ ਜ਼ਿਕਰ ਕਰ ਹੀ ਦਿੱਤਾ ਹੈ ਤਾਂ ਪਾਠਕ ਦਾ ਮਨ ਉਨ੍ਹਾਂ ਸ਼ਖਸੀਅਤਾਂ ਬਾਰੇ ਜਾਣਨ ਨੂੰ ਉਤਸੁਕ ਹੋ ਜਾਂਦਾ ਹੈ ਜਿਨ੍ਹਾਂ ਤੋਂ ਕਰਮਜੀਤ ਸਿੰਘ ਪ੍ਰਭਾਵਿਤ ਹੋਏ ਜਾਪਦੇ ਹਨ। ਮੇਰੀ ਮੁਰਾਦ ਇਕ ਸੱਜਣ, ਜਸਜੀਤ ਸਿੰਘ ਤੋਂ ਹੈ ਜਿਸ ਬਾਰੇ ਜ਼ਿਕਰ ਕਰਮਜੀਤ ਸਿੰਘ ਨੇ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਇਹ ਸੱਜਣ ਗੁਰਦੁਆਰਿਆਂ ਦੀਆਂ ਚੋਣਾਂ ਦੇ ਯੋਧੇ ਹਨ ਅਤੇ ਸਿੱਖਾਂ ਵਿਚ ਇਨ੍ਹਾਂ ਦੀ ਕਾਫੀ ਪੁੱਛ-ਪ੍ਰਤੀਤ ਹੈ। ਪਰ ਮੈਂ ਦੇਖਿਆ ਹੈ ਕਿ ਆਮ ਸ਼ਹਿਰੀ ਸਿੱਖ ਇਸ ਸੱਜਣ ਨੂੰ ਘੱਟ ਹੀ ਜਾਣਦੇ ਹਨ, ਸ਼ਾਇਦ ਉਹ ਸਾਧਾਰਨ ਸਿੱਖਾਂ ਵਿਚ ਵਿਚਰਦੇ ਨਾ ਹੋਣ।
ਕਰਮਜੀਤ ਸਿੰਘ ਨੇ ਦੱਸਿਆ ਹੈ ਕਿ ਇਹ ਸੱਜਣ ‘ਅੰਮ੍ਰਿਤਸਰ ਟਾਈਮਜ਼’ ਨਾਂ ਦਾ ਅਖਬਾਰ ਵੀ ਚਲਾਉਂਦੇ ਹਨ, ਹੁਣ ਇਸ ਦਾ ਨਾਂ ‘ਕੌਮਾਂਤਰੀ ਅੰਮ੍ਰਿਤਸਰ ਟਾਈਮਜ਼’ ਰੱਖ ਲਿਆ ਗਿਆ ਹੈ। ਹੋ ਸਕਦਾ ਹੈ ਕਿ ਇਹ ਕੋਈ ਕਾਨੂੰਨੀ ਦਾਅ-ਪੇਚ ਹੋਵੇ। ਇਥੇ ਇਕ ਗੱਲ ਨੋਟ ਕਰਨੀ ਬਣਦੀ ਹੈ ਕਿ ਬੇਅ ਏਰੀਏ ਵਿਚ ਅੱਧੀ ਦਰਜਨ ਤੋਂ ਵੱਧ ਪੰਜਾਬੀ ਹਫਤਾਵਾਰ ਮੁਫਤ ਵੰਡੇ ਜਾਂਦੇ ਹਨ। ਇਨ੍ਹਾਂ ਸਾਰੇ ਪਰਚਿਆਂ ਵਿਚ ਐਡੀਟਰਾਂ ਦੇ ਨਾਮ, ਪਤੇ, ਫੋਨ ਨੰਬਰ ਉਪਲਬਧ ਹਨ, ਪਰ ‘ਕੌਮਾਂਤਰੀ ਅੰਮ੍ਰਿਤਸਰ ਟਾਈਮਜ਼’ ਇਕੱਲਾ ਐਸਾ ਪਰਚਾ ਹੈ ਜਿਸ ਵਿਚ ਨਾ ਮਾਲਕ, ਨਾ ਸੰਪਾਦਕ ਤੇ ਨਾ ਪ੍ਰਬੰਧਕ ਦਾ ਨਾਂ ਹੁੰਦਾ ਹੈ। ਇਹ ਗੁੰਮਨਾਮ ਪੱਤਰਕਾਰੀ ਜੇ ਕਰਮਜੀਤ ਸਿੰਘ ਵੱਲੋਂ ਵਡਿਆਈ ਸ਼ਖਸੀਅਤ ਵੱਲੋਂ ਹੀ ਕੀਤੀ ਜਾ ਰਹੀ ਹੈ ਤਾਂ ਉਹ ਆਪ ਅੰਦਾਜ਼ਾ ਲਗਾ ਸਕਦੇ ਹਨ ਕਿ ਐਸੀਆਂ ਹਸਤੀਆਂ ਕਿਸੇ ਮੁੱਦੇ ਦੇ ਹੱਕ ਵਿਚ ਜਾਂ ਉਲਟ ਕਿੰਨਾ ਕੁ ਪਹਿਰਾ ਦੇ ਸਕਦੀਆਂ ਹਨ। ਕਰਮਜੀਤ ਸਿੰਘ ਨੇ ਜਿਸ ਜਸਜੀਤ ਸਿੰਘ ਦਾ ਜ਼ਿਕਰ ਕੀਤਾ ਹੈ, ਉਨ੍ਹਾਂ ਮੁਤਾਬਕ ਇਹ ਸੱਜਣ ਖਾਲਿਸਤਾਨੀ ਹਨ ਅਤੇ ਪੱਤਰਕਾਰ ਵੀ।
ਕਰਮਜੀਤ ਸਿੰਘ ਆਪਣੀ ਗੱਲ ਵਿਚਾਰਾਂ ਦੇ ਪਿੜ ਵਿਚੋਂ ਕੱਢ ਕੇ ਸ਼ਖਸੀਅਤਾਂ ਵੱਲ ਲੈ ਗਏ ਹਨ, ਪਰ ਮੁੜ ਮੁੱਦੇ ਨੂੰ ਵਿਚਾਰ ਦੇ ਹੰਦ੍ਹਿਆਂ ਵਿਚੋਂ ਹੀ ਲੰਘਾਉਣਾ ਬਣਦਾ ਹੈ।
ਅਜਮੇਰ ਸਿੰਘ ਨੂੰ ਗੁਮਨਾਮੀ ਵਾਲੀ ਪੱਤਰਕਾਰੀ ਦੇ ਜਿਸ ਮਾਲਕ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਹੈ, ਇਹ ਉਨ੍ਹਾਂ ਦਾ ਹੱਕ ਹੈ, ਵਿਚਾਰ ਦਾ ਹੱਕ ਹੈ, ਜ਼ਾਤੀ ਕੁਝ ਨਹੀਂ। ਹਲੀਮੀ ਵੀ ਇਸ ਵਿਚ ਹੀ ਹੈ ਕਿ ਹਰ ਕਿਸੇ ਦੇ ਵਿਚਾਰ, ਸੋਚ ਨੂੰ ਬਣਦਾ ਮਾਣ-ਸਨਮਾਨ ਖਿੜੇ ਮੱਥੇ ਦਿੱਤਾ ਜਾਵੇ। ਕਿਸੇ ਨੂੰ ਵੀ ਕਿਸੇ ਹੋਰ ਬਾਰੇ ਮਾਨਸਿਕ ਚੀਰ-ਫਾੜ ਕਰਨ ਦਾ ਹੱਕ ਨਾ ਦਿੱਤਾ ਜਾਵੇ। ਇਸ ਸਬੰਧ ਵਿਚ ਕਿਹਾ ਜਾ ਸਕਦਾ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵੀ ਕਦੇ ਕਾਂਗਰਸੀਆਂ ਦੇ ਫੰਕਸ਼ਨ ਮਾਣਦੇ ਰਹੇ ਹਨ (ਦੇਖੋ ਸਫਾ 96-97, ਮਾਰਕ ਤੁਲੀ ਦੀ ਕਿਤਾਬ ‘ਅੰਮ੍ਰਿਤਸਰ: ਮਿਸੇਜ਼ ਗਾਂਧੀ’ਜ਼ ਲਾਸਟ ਬੈਟਲ’। ਇਸ ਕਿਤਾਬ ਦੀ ਇਕ ਫੋਟੋ ਵਿਚ ਉਹ ਗਿਆਨੀ ਜ਼ੈਲ ਸਿੰਘ ਅਤੇ ਰਾਜੀਵ ਗਾਂਧੀ ਨਾਲ ਸਟੇਜ ਸਾਂਝੀ ਕਰਦੇ ਦੇਖੇ ਜਾ ਸਕਦੇ ਹਨ)। ਸਮਾਂ ਪਾ ਕੇ ਉਨ੍ਹਾਂ ਵਿਚ ਵੀ ਤਬਦੀਲੀ ਆਈ ਸੀ।
ਇਵੇਂ ਹੀ ਸਭ ਨੂੰ ਅਜਮੇਰ ਸਿੰਘ ਦੀ ਜ਼ਿਹਨੀ, ਵਿਚਾਰਕ, ਬੌਧਿਕ ਆਜ਼ਾਦੀ ਨੂੰ ਬਣਦਾ ਸਨਮਾਨ ਦੇਣਾ ਚਾਹੀਦਾ ਹੈ ਅਤੇ ਅਜਮੇਰ ਸਿੰਘ ਵੱਲੋਂ ਇੰਨਾ ਹੀ ਕਹਿਣਾ ਬਣਦਾ ਹੈ,
ਹੰਗਾਮਾ ਹੈ ਕਿਉਂ ਬਰਪਾ ਥੋੜ੍ਹੀ ਸੀ ਜੋ ਤਬਦੀਲੀ ਹੈ,
ਡਾਕਾ ਤੋਂ ਨਹੀਂ ਡਾਲਾ, ਚੋਰੀ ਤੋਂ ਨਹੀਂ ਕੀ ਹੈ।