ਲੜਾਈ ਤੋਂ ਲੜਕੇ ਤੱਕ ਦਾ ਸਫ਼ਰ!

ਬਲਜੀਤ ਬਾਸੀ
ਰੂਪ ਅਤੇ ਅਰਥ ਪੱਖੋਂ ਸ਼ਬਦਾਂ ਦੇ ਵਿਕਾਸ ਦਾ ਅਧਿਐਨ ਕਰਨ ਲਈ ਸਾਨੂੰ ਆਪਣਾ ਜਾਲ ਦੇਸ਼ ਅਤੇ ਕਾਲ ਦੇ ਪਸਾਰ ਵਿਚ ਦੂਰ ਤੱਕ ਸੁੱਟਣਾ ਚਾਹੀਦਾ ਹੈ। ਸਾਡੀ ਭਾਸ਼ਾ ਵਿਚ ਪਾ੍ਰਪਤ ਕਿਸੇ ਸ਼ਬਦ ਦੀ ਅਜੋਕੀ ਨੁਹਾਰ ਬਣਨ ਵਿਚ ਸਦੀਆਂ ਲੱਗੀਆਂ ਹੋ ਸਕਦੀਆਂ ਹਨ, ਫਿਰ ਬਹੁਤੇ ਸ਼ਬਦ ਕੇਵਲ ਪੰਜਾਬ ਵਿਚ ਹੀ ਨਹੀਂ ਸਗੋਂ ਪੂਰੇ ਉਤਰੀ ਭਾਰਤ ਦੀਆਂ ਹਿੰਦ-ਆਰੀਆਈ ਭਾਸ਼ਾਵਾਂ ਦੇ ਖਿੱਤੇ ਵਿਚ ਫੈਲੇ ਹੋਏ ਹਨ।

ਸ਼ਬਦਾਂ ਦੇ ਅਸਲ ਤੱਕ ਪੁੱਜਣ ਲਈ ਕੋਈ ਸਿੱਧੀ ਡੰਡੀ ਨਹੀਂ ਜਾਂਦੀ। ਸੋ ਸ਼ਬਦ ਦਾ ਅਧਿਐਨ ਜੇ ਇਸ ਦੇ ਵਰਤਮਾਨ ਵਿਚ ਉਪਲਬਧ ਰੂਪ ਨੂੰ ਹੀ ਸਾਹਮਣੇ ਰੱਖ ਕੇ ਕੀਤਾ ਜਾਵੇ ਤਾਂ ਅਜਿਹੇ ਯਤਨ ਦੇ ਸਿੱਟੇ ਲਾਜ਼ਮੀ ਅਪ੍ਰਮਾਣਿਕ ਹੀ ਨਹੀਂ, ਸਗੋਂ ਕਈ ਹਾਲਤਾਂ ਵਿਚ ਹਾਸੋਹੀਣੇ ਹੀ ਹੋਣਗੇ। ਪਿਛਲੇ ਦੋ ਲੇਖਾਂ ਵਿਚ ਅਸੀਂ ਜਲੌਰ ਸਿੰਘ ਖੀਵਾ ਦੇ ਨਿਬੰਧ ਵਿਚ ਅੰਗਰੇਜ਼ੀ ਦੇ ਪ੍ਰਭਾਵ ਅਧੀਨ ਬਣੇ ਪੰਜਾਬੀ ਸ਼ਬਦਾਂ ਦਾ ਚੌੜ-ਚਾਨਣ ਦੇਖ ਆਏ ਹਾਂ। ਉਸ ਦਾ ਇਕ ਹੋਰ ਲੇਖ ਹੈ ‘ਪੰਜਾਬੀ ਭਾਸ਼ਾ ਵਿਚ ਬਹੁ-ਅਰਥਕ ਸ਼ਬਦਾਂ ਦੀ ਉਤਪਤੀ ਤੇ ਵਿਕਾਸ’ ਜਿਸ ਵਿਚ ਉਸ ਨੇ ਆਪਣੇ ਵਲੋਂ ਸ਼ਬਦ ਦੇ ਬਹੁਅਰਥੀ ਹੋਣ ਦੀ ਪ੍ਰਕਿਰਿਆ ਵਲ ਝਾਤ ਪੁਆਈ ਹੈ। ਉਸ ਨੇ ਧਾਰਨਾ ਪੇਸ਼ ਕੀਤੀ ਹੈ ਕਿ ਮਾਨਵੀ ਚੇਤਨਾ ਅਤੇ ਸਭਿਆਚਾਰ ਦੇ ਵਿਕਾਸ ਕਾਰਨ ਇਕੋ ਸ਼ਬਦ ਨੂੰ ਲੋੜ ਅਨੁਸਾਰ ਹੋਰ ਪ੍ਰਸੰਗਾਂ ਵਿਚ ਵਰਤੇ ਜਾਣ ਦੇ ਫਲਸਰੂਪ ਇਸ ਦੇ ਕਈ ਅਰਥ ਉਜਾਗਰ ਹੋ ਗਏ। ਪ੍ਰਗਟ ਤੌਰ ‘ਤੇ ਇਹ ਆਮ ਜਿਹੀ ਧਾਰਨਾ ਠੀਕ ਹੈ ਜਿਸ ‘ਤੇ ਬਹੁਤਾ ਕਿੰਤੂ ਨਹੀਂ ਹੋ ਸਕਦਾ, ਹਾਲਾਂ ਕਿ ਕਿਸੇ ਸ਼ਬਦ ਦੇ ਬਹੁਅਰਥੀ ਹੋਣ ਪਿਛੇ ਹੋਰ ਕਈ ਕਾਰਨ ਵੀ ਹੁੰਦੇ ਹਨ। ਮਸਲਾ ਤਾਂ ਇਹ ਹੈ ਕਿ ਜਿਸ ਸ਼ਬਦ ਦਾ ਵਿਸ਼ਲੇਸ਼ਣ ਹੋ ਰਿਹਾ ਹੈ, ਉਸ ਦੀ ਹਸਤੀ ਦੀ ਥਾਹ ਪਾਉਣ ਲਈ ਕਿੰਨੀ ਦੂਰ ਤੱਕ ਗਏ ਹਾਂ।
ਇਸ ਵਿਚ ਦੋ ਰਾਵਾਂ ਨਹੀਂ ਹੋ ਸਕਦੀਆਂ ਕਿ ਪੰਜਾਬੀ ਦਾ ਵਿਕਾਸ ਵਖ ਵਖ ਕੌਮਾਂ ਦੀਆਂ ਭਾਸ਼ਾਵਾਂ ਦੇ ਲੈਣ-ਦੇਣ ਨਾਲ ਹੋਇਆ ਹੈ ਤੇ ਆਪਣੀਆਂ ਵਿਸ਼ੇਸ਼ ਭਾਸ਼ਾਈ ਅਤੇ ਸਭਿਆਚਾਰਕ ਜੁਗਤਾਂ ਅਨੁਸਾਰ ਉਨ੍ਹਾਂ ਭਾਸ਼ਾਵਾਂ ਦੀਆਂ ਧੁਨੀਆਂ ਤੇ ਸ਼ਬਦਾਂ ਨੂੰ ਆਪਣੇ ਵਿਚ ਜਜ਼ਬ ਕੀਤਾ ਹੈ। ਅਸੀਂ ਦੇਖਾਂਗੇ ਕਿ ਲੇਖਕ ਨੇ ਆਪਣੀ ਇਸ ਧਾਰਨਾ ਨੂੰ ਅਵਿਗਿਆਨਕ ਤੇ ਮਕੈਨਕੀ ਢੰਗ ਨਾਲ ਲਾਗੂ ਕਰਕੇ ਕਿੰਨੇ ਗਲਤ ਸਿੱਟੇ ਕਢੇ ਹਨ।
ਉਸ ਨੇ ‘ਲੜ’ ਸ਼ਬਦ ਦੇ ਵਿਸ਼ਲੇਸ਼ਣ ਤੋਂ ਆਪਣੀ ਗੱਲ ਸ਼ੁਰੂ ਕੀਤੀ ਹੈ ਜੋ ‘ਭਾਸ਼ਾ ਵਿਗਿਅਨ ਦੀ ਦ੍ਰਿਸ਼ਟੀ ਤੋਂ ‘ਲ’ ਤੇ ‘ੜ’ ਦੋ ਧੁਨੀਆਂ (ਵਿਅੰਜਨਾਂ) ਦਾ ਸੁਮੇਲ ਹੈ।’ ਲੜ ਸ਼ਬਦ ਦਾ ਇਕ ਅਰਥ ਹੈ ਪੱਲਾ, ਸਿਰਾ ਆਦਿ ਜਿਵੇਂ ਪੱਗ ਜਾਂ ਚੁੰਨੀ ਦਾ। ਪਰ ਲੜ ਸ਼ਬਦ ਦਾ ਇਕ ਹੋਰ ਅਰਥ ਵੀ ਹੈ ਜੋ ਲੜਨ ਕਿਰਿਆ ਵਿਚ ਯਾਨਿ ਝਗੜਨ, ਭਿੜਨ ਦਾ ਭਾਵ ਸਮਾਈ ਬੈਠਾ ਹੈ। ਪੰਜਾਬੀ ਕੌਮ ਨੂੰ ਇਤਿਹਾਸਕ ਤੌਰ ‘ਤੇ ਸੰਗਰਾਮੀ ਸਥਿਤੀਆਂ ਵਿਚ ਵਿਚਰਦੇ ਰਹਿਣ ਕਾਰਨ ਪੰਜਾਬੀਆਂ ਦੇ ਲੜਨ-ਭਿੜਨ ਦੇ ਸੁਭਾਅ ਦੇ ਅਨੁਸਾਰੀ ਬਣਾਉਂਦਿਆਂ ਲੇਖਕ ਨੇ ਨਤੀਜਾ ਕਢਿਆ ਹੈ ਕਿ ਸਭ ਤੋਂ ਪਹਿਲਾਂ ਲੜਾਈ ਦੇ ਭਾਵਾਂ ਵਾਲਾ ‘ਲੜ’ ਸ਼ਬਦ ਕਿਰਿਆ ਦੇ ਰੂਪ ਵਿਚ ਸਾਹਮਣੇ ਆਇਆ ਕਿਉਂਕਿ ਲੜਾਈ ਇਕ ਸਰਗਰਮ ਕਿਰਿਆ ਹੈ ਜੋ ਪੰਜਾਬੀਆਂ ਦੇ ਸੁਭਾਅ ਦੇ ਅਨੁਕੂਲ ਹੈ। ਫਿਰ ਲੜ ਸ਼ਬਦ ਦੀ ‘ੜ’ ਧੁਨੀ ਖੜਕਵੀਂ ਹੋਣ ਕਾਰਨ ਕੁਦਰਤੀ ਤੌਰ ‘ਤੇ ਰੋਹ ਤੇ ਗੁੱਸੇ ਦੇ ਪ੍ਰਗਟਾਵੇ ਲਈ ਅਨੁਕੂਲ ਹੈ ਜੋ ਕਿ ਪੰਜਾਬੀਆਂ ਦੀ ਖੜਕੇ-ਦੜਕੇ ਵਾਲੀ ਫਿਤਰਤ ਨਾਲ ਖੂਬ ਮੇਲ ਖਾਂਦੀ ਹੈ। ਸਭ ਤੋਂ ਪਹਿਲਾਂ ਦੱਸ ਦੇਈਏ ਕਿ ਲੜਨ ਦੇ ਅਰਥਾਂ ਵਾਲਾ ਲੜ ਸ਼ਬਦ ਪੰਜਾਬੀ ਵਿਚ ਹੀ ਨਹੀਂ ਬਲਕਿ ਗੁਜਰਾਤ ਤੋਂ ਲੈ ਕੇ ਆਸਾਮ ਤੱਕ ਅਤੇ ਕਸ਼ਮੀਰ ਤੋਂ ਲੈ ਕੇ ਵਿੰਧੀਆਚਲ ਤੱਕ ਲਗਭਗ ਸਾਰੀਆਂ ਹਿੰਦ-ਆਰੀਆਈ ਭਾਸ਼ਾਵਾਂ ਵਿਚ ਇਨ੍ਹਾਂ ਹੀ ਅਰਥਾਂ ਵਿਚ ਮੌਜੂਦ ਹੈ। ਇਸ ਤੱਥ ਤੋਂ ਕੀ ਨਤੀਜਾ ਕਢੀਏ? ਕੀ ਇਹ ਸ਼ਬਦ ਜੂਝਦੇ ਪੰਜਾਬ ਵਿਚ ਪੈਦਾ ਹੋਇਆ ਤੇ ਦੂਰ ਤੱਕ ਫੈਲ ਗਿਆ? ਜੀਵਨ ਨੂੰ ਕਾਇਮ ਰੱਖਣ ਲਈ ਦੁਨੀਆਂ ਭਰ ਦੀਆਂ ਸਭਿਆਤਾਵਾਂ ਨੂੰ ਸੰਘਰਸ਼ ਕਰਨਾ ਪਿਆ ਤੇ ਅਜਿਹੀ ਪ੍ਰਕਿਰਿਆ ਲਈ ਸਭ ਕੋਲ ਆਪਣਾ ਆਪਣਾ ਸ਼ਬਦ ਹੈ ਜੋ ਜ਼ਰੂਰੀ ਨਹੀਂ ਖੜਕਵਾਂ ਹੋਵੇ। ਕੀ ਪੰਜਾਬੀਆਂ ਦੀ ਲੜਾਈ ਸਭ ਤੋਂ ਖੜਕਵੀਂ ਸੀ?
ਇਸ ਸਬੰਧ ਵਿਚ ਪਹਿਲਾ ਉਜ਼ਰ ਤਾਂ ਇਹ ਹੈ ਕਿ ਲੇਖਕ ਨੂੰ ਲੜਾਈ ਦੇ ਅਰਥਾਂ ਵਾਲੇ ‘ਲੜ’ ਸ਼ਬਦ ਦੀਆਂ ਜੜਾਂ ਦਾ ਹੀ ਪਤਾ ਨਹੀਂ, ਉਹ ਇਸ ਨੂੰ ਸਦਾ ਤੋਂ ਇਸੇ ਰੂਪ ਵਿਚ ਕਾਇਮ ਕਲਪਦਾ ਹੈ। ਟਰਨਰ ਅਨੁਸਾਰ ਲੜਾਈ ਦੇ ਭਾਵਾਂ ਵਾਲੇ ਲੜ ਸ਼ਬਦ ਦਾ ਧਾਤੂ ‘ਲਡ’ ਹੈ ਜਿਸ ਵਿਚ ਕ੍ਰੀੜਾ ਕਰਨ, ਹਿੱਲਣ-ਜੁੱਲਣ ਆਦਿ ਦੇ ਭਾਵ ਹਨ। ‘ਮਹਾਨ ਕੋਸ਼’ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ, “ਲੜਨਾ:ਲਡ (ਜੀਭ) ਹਿਲਾਉਣਾæ ਝਗੜਨਾ। (2) ਯੁੱਧ ਕਰਨਾ, ਭਿੜਨਾ। (3) ਕੱਟਣਾæ ਵੱਢਣਾæ ਡੰਗ ਮਾਰਨਾ।” ‘ਮਹਾਨ ਕੋਸ਼’ ਅਕਸਰ ਅਰਥਾਂ ਦੀਆਂ ਵਿਭਿੰਨ ਪ੍ਰਛਾਈਆਂ ਨੂੰ ਰਲਗੱਡ ਕਰ ਦਿੰਦਾ ਹੈ, ਜਿਵੇਂ ਇਥੇ ਕੀਤਾ ਗਿਆ ਹੈ। ਗ਼ ਸ਼ ਰਿਆਲ ਨੇ ਲਡ ਧਾਤੂ ਤੋਂ ਲੜਨ ਦੇ ਭਾਵ ਵਿਕਸਿਤ ਹੋਣ ਦੀ ਵਿਆਖਿਆ ਇਸ ਤਰ੍ਹਾਂ ਕੀਤੀ ਹੈ, “ਲੜਨ ਦਾ ਮੂਲ ਭਾਵ ਹਿੱਲਣਾ-ਜੁੱਲਣਾ, ਹਲਚਲ ਮਚਾਉਣਾ ਜਾਪਦਾ ਹੈ, ਜਿਸ ਦਾ ਸਬੰਧ ‘ਗੜਬੜ, ਹੰਗਾਮੇ’ ਨਾਲ ਜਾ ਜੁੜਦਾ ਹੈ।” ਇਸ ਤਰ੍ਹਾਂ ਪਾਠਕ ਦੇਖਣਗੇ ਕਿ ਲੜਾਈ ਦੇ ਪਿਛੇ ਹਿਲਜੁਲ ਵਾਲੇ ਭਾਵ ਗਹਿਗੱਚ ਖੜਕਵੀਂ ਲੜਾਈ ਦੇ ਭਾਵਾਂ ਤੋਂ ਕਿੰਨੇ ਦੂਰ ਹਨ। ‘ਮਿਰਚਾਂ ਲੜਨ’, ‘ਠੂਹਾਂ ਲੜਨ’, ‘ਮੱਖ ਲੜਨ’ ਜਾਂ ‘ਅੱਖਾਂ ਲੜਨ’ ਜਿਹੀਆਂ ਉਕਤੀਆਂ ਵਿਚ ਲੜਨ ਸ਼ਬਦ ਦੇ ਅਰਥ ਖੜਕਵੀਂ ਲੜਾਈ ਤੋਂ ਉਰੇ ਰਹਿ ਜਾਂਦੇ ਹਨ। ਇਥੇ ਭਾਵ ਗੜਬੜਾਉਣ ਦਾ ਵਧੇਰੇ ਹੈ।
ਖੀਵਾ ਸਾਹਿਬ ਦੀ ਵਿਸ਼ਾਲ ਤੇ ਵਿਕੋਲਿਤਰੀ ਭਾਸ਼ਾ-ਵਿਗਿਆਨਕ ਸੂਝ ਦੇਖੋ ਕਿ ਉਨ੍ਹਾਂ ਲੜਾਈ-ਝਗੜੇ ਦੇ ਅਰਥਾਂ ਵਾਲੇ ‘ਲੜ’ ਸ਼ਬਦ ਨੂੰ ਪੱਗ-ਚੁੰਨੀ ਵਾਲੇ ਲੜ ਨਾਲ ਜੋੜ ਦਿੱਤਾ। ਇਸ ਅਰਥ-ਵਿਕਾਸ ਦਾ ਪਿਛੋਕੜ ਵੀ ਬੜਾ ਰਾਂਗਲਾ ਬੰਨ੍ਹ ਦਿੱਤਾ। ਸਭਿਆਚਾਰ ਦੇ ਵਿਕਾਸ ਵਿਚ ਜੀਵਨ ਸ਼ੈਲੀ ਆਪਸੀ ਸਬੰਧਾਂ ‘ਤੇ ਆਧਾਰਤ ਹੁੰਦੀ ਹੈ, ਸੋ ਲੜਾਈ ਦੀਆਂ ਦੋ ਧਿਰਾਂ ਦੇ ਭੇੜ ਜਾਂ ਟਕਰਾਅ ਦੇ ਅਰਥਾਵੇਂ ਲੜ ਸ਼ਬਦ ਦੇ ਅਰਥ ਸਬੰਧ, ਸੁਮੇਲ ਦੇ ਅਰਥਾਂ ਵਿਚ ਪਲਟ ਗਏ। ਖੀਵਾ ਸਾਹਿਬ ਦੇ ਤਰਕ ਅਨੁਸਾਰ ਤਾਂ ਸ਼ਬਦਾਂ ਦੇ ਅਰਥ ਕਿਸੇ ਤਰ੍ਹਾਂ ਵੀ ਵਟ ਸਕਦੇ ਹਨ ਸਿਰਫ ਦਿਮਾਗੀ ਕਸਰਤ ਦੀ ਜ਼ਰੂਰਤ ਹੈ। ਜਦ ਸ਼ਬਦਾਂ ਦੀ ਗੱਲ ਹੋ ਰਹੀ ਹੈ ਤਾਂ ਇਨ੍ਹਾਂ ਦੇ ਆਪਣੇ ਇਤਿਹਾਸ ‘ਤੇ ਵੀ ਜ਼ਰਾ ਝਾਤੀ ਮਾਰ ਲੈਣੀ ਚਾਹੀਦੀ ਹੈ, ਕਿਤੇ ਗੱਲ ਹੋਰ ਪਾਸੇ ਤਾਂ ਨਹੀਂ!
ਪੱਲੂ, ਸਿਰੇ ਦੇ ਅਰਥਾਂ ਵਾਲੇ ‘ਲੜ’ ਸ਼ਬਦ ਵਿਚ ਵੀ ਹਿੱਲਣ-ਜੁੱਲਣ ਦੇ ਅਰਥਾਂ ਵਾਲਾ ‘ਲਡ’ ਧਾਤੂ ਹੀ ਕੰਮ ਕਰ ਰਿਹਾ ਹੈ ਪਰ ਇਥੇ ‘ਲਡ’ ਪਹਿਲਾਂ ‘ਲਟ’ ਵਿਚ ਪਲਟਿਆ ਤੇ ਇਸ ਵਿਚ ਲਟਕਣ ਦੇ ਭਾਵ ਆਏ ਤੇ ਫਿਰ ਇਸ ਤੋਂ ਲੜ ਬਣਿਆ, ਜਿਸ ਵਿਚ ਕੱਪੜੇ ਆਦਿ ਦਾ ਲਟਕਦਾ ਭਾਗ, ਪੱਲਾ, ਕੰਨੀ, ਲਟਕਣ ਵਾਲੀ ਕੋਈ ਚੀਜ਼ ਵਾਲੇ ਅਰਥ ਆਏ। ਦਰਅਸਲ, ਲਟਕ ਅਤੇ ਲਟਕਣਾ ਸ਼ਬਦ ਵੀ ਇਸੇ ਤੋਂ ਬਣੇ ਹਨ। ਧਿਆਨ ਦਿਉ ਲਟਕਣਾ ਸ਼ਬਦ ਵਿਚ ਵਿਚਕਾਰ ਹੋਣਾ, ਰੁਕਣਾ ਦੇ ਭਾਵ ਵੀ ਆ ਗਏ ਹਨ ਜਿਵੇਂ ਕਿਸੇ ਕੰਮ ਦਾ ਲਟਕਣਾ। ਅੰਗਰੇਜ਼ੀ ੍ਹਅਨਗ ਅਤੇ ੁੰਸਪeਨਦ ਸ਼ਬਦਾਂ ਦੇ ਵੀ ਇਹੋ ਦੋ ਭਾਵ ਹਨ। ਇਸੇ ਸ਼ਬਦ ਦਾ ਅਗਲੇਰਾ ਵਿਕਾਸ ਹੈ ਲਹਿੰਦੀ ਦਾ ਲੜਕਣਾ, ਜਿਸ ਦਾ ਅਰਥ ਝੂਲਣਾ, ਲਟਕਣਾ ਹੀ ਹੈ, “ਕੰਨੀਂ ਸੋਹਣੇ ਬੁੰਦੇ, ਤੇ ਬੁੰਦੇ ਵਾਂਗ ਕਨਾਰਾਂ ਲੜ੍ਹਕਣ।” ਵਾਲਾਂ ਦਾ ਗੁੱਛਾ, ਜ਼ੁਲਫ਼ ਦੇ ਅਰਥਾਂ ਵਾਲਾ ‘ਲਟ’, ‘ਲਿਟ’ ਤੇ ‘ਲਟੂਰੀ’ ਵੀ ਇਸੇ ਕੜੀ ਦੇ ਸ਼ਬਦ ਹਨ।
ਜਨਾਬ ਖੀਵਾ ਨੇ ਮਕੈਨਕੀ ਜਿਹੇ ਢੰਗ ਨਾਲ ਅਰਥਾਂ ਦੀ ਕੁੰਡੀ ਨਾਲ ਕੁੰਡੀ ਜੋੜਦਿਆਂ ਅਖੀਰ ਵਿਚ ਇਕ ਹੋਰ ਕੁੰਡੀ ਜੋੜ ਲਈ ਹੈ, ਅਖੇ ‘ਲੜਕਾ’ ਸ਼ਬਦ ਵੀ ਲੜ ਤੋਂ ਹੀ ਬਣਿਆ ਹੈ। ਇਸ ਨੂੰ ਪੰਜਾਬੀ ਸਭਿਆਚਾਰ ਵਿਚ ਵਿਚਰਦੀ ਵਿਰਾਸਤ ਦੀ ਰਵਾਇਤ ਨਾਲ ਜੋੜ ਦਿੱਤਾ ਹੈ। ਸਾਡੇ ਸਭਿਆਚਾਰ ਵਿਚ ਨਰ-ਸੰਤਾਨ ਜ਼ਮੀਨ-ਜਾਇਦਾਦ ਦੀ ਵਾਰਸ ਬਣਦੀ ਹੈ। ਵਾਰਸ ਹੀ ਨਹੀਂ ਔਲਾਦ ਪ੍ਰਲੋਕ ਵਿਚ ਵੀ ਅਗਲੇਰੇ ਸਬੰਧ ਜੋੜਨ ਜਾਂ ਗੰਢਣ ਦਾ ਇਕ ਵਸੀਲਾ ਹੈ। ‘ਲੜ’ ਸ਼ਬਦ ਦੇ ਸਬੰਧ ਜੋੜਨ ਵਾਲੇ ਅਰਥਾਂ ਕਾਰਨ ਇਸ ਸ਼ਬਦ ਦੇ ਪਿੱਛੇ ਵਿਸ਼ੇਸ਼ਣਸੂਚਕ ਪਿਛੇਤਰ ‘ਕਾ’ ਲਗ ਕੇ ਮੁੰਡਾ ਦੇ ਅਰਥਾਂ ਵਾਲਾ ਸ਼ਬਦ ‘ਲੜਕਾ’ ਬਣ ਗਿਆ ਕਿਉਂਕਿ ਲੜਕਾ ਵਿਰਾਸਤ ਦਾ ਲੜ ਅੱਗੇ ਫੜਾਉਂਦਾ ਹੈ ਅਰਥਾਤ ਅਗਲੇਰੇ ਜੀਵਨ ਨਾਲ ਜੋੜਦਾ ਹੈ, ਲੌਕਿਕ ਪੱਧਰ ‘ਤੇ ਵੀ ਤੇ ਪਰਲੋਕ ਪੱਧਰ ‘ਤੇ ਵੀ। ਕਿਆ ਅਜੀਬ ਤਰਕ ਹੈ। ਕਹਿਣਾ ਹੋਵੇਗਾ ਕਿ ਦੁਨੀਆਂ ਦੀਆਂ ਬਹੁਤ ਸਾਰੀਆਂ ਸਭਿਅਤਾਵਾਂ ਵਿਚ ਲੜਕਾ ਹੀ ਵਿਰਾਸਤ ਦਾ ਹੱਕਦਾਰ ਹੈ, ਪੰਜਾਬੀ ਰਵਾਇਤ ਕੋਈ ਵੱਖਰੀ ਨਹੀਂ। ਪਰ ਸਾਡੇ ਇਤਰਾਜ਼ ਦਾ ਮੁੱਖ ਕਾਰਨ ਹੋਰ ਹੈ। ਨਿਰੁੱਕਤਕਾਰਾਂ ਅਨੁਸਾਰ ਬਾਲਕ, ਮੁੰਡੇ ਦੇ ਅਰਥਾਂ ਵਾਲਾ ਲੜਕਾ ਸ਼ਬਦ ਸੰਸਕ੍ਰਿਤ ‘ਲਡਿਕਾ’ ਦਾ ਬਦਲਿਆ ਰੂਪ ਹੈ। ਭਗਤ ਤ੍ਰਿਲੋਚਨ ਨੇ ਪੁੱਤਰ ਦੇ ਅਰਥਾਂ ਵਿਚ ‘ਲੜਿਕੇ’ ਸ਼ਬਦ ਵਰਤਿਆ ਹੈ, ‘ਅੰਤਿ ਕਾਲਿ ਜੋ ਲੜਿਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥” ਸੰਸਕ੍ਰਿਤ ਲਡਿਕਾ ਦਾ ਅਰਥ ਮੁੰਡੂ, ਨੌਕਰ ਵੀ ਹੈ। ਮੁੰਡੇ ਦੇ ਅਰਥਾਂ ਵਾਲੇ ਸ਼ਬਦਾਂ ਵਿਚ ਨੌਕਰ ਦਾ ਭਾਵ ਆਮ ਹੀ ਆ ਜਾਂਦਾ ਹੈ, ਪੰਜਾਬੀ ਮੁੰਡੇ ਤੋਂ ਮੁੰਡੂ ਬਣਿਆ। ਚੌਧਵੀਂ ਸਦੀ ਵਿਚ ਅੰਗਰੇਜ਼ੀ ‘ਬੁਆਏ’ ਵਿਚ ਨੌਕਰ ਦਾ ਭਾਵ ਸੀ। ‘ਲਡਿਕਾ’ ਜਿਸ ਤੋਂ ਅੱਗੇ ‘ਲੜਿਕਾ’ ਤੇ ‘ਲੜਕਾ’ ਦਾ ਵਿਕਾਸ ਹੋਇਆ ਹੈ, ‘ਲਡ’ ਧਾਤੂ ਤੋਂ ਬਣਿਆ। ‘ਲਡ’ ਵਿਚ ਲਾਡ ਕਰਨ, ਦੁਲਾਰਨ, ਪੁਚਕਾਰਨ, ਕਲੋਲ ਕਰਨ ਦੇ ਭਾਵ ਹਨ। ਸੋ ਲਡਿਕਾ ਜਾਂ ਲੜਕਾ ਦਾ ਸ਼ਾਬਦਿਕ ਅਰਥ ਬਣਦਾ ਹੈ, ‘ਜਿਸ ਨਾਲ ਲਾਡ ਕੀਤਾ ਜਾਵੇ।’ ਲਾਡ, ਲਾਡਲਾ ਅਤੇ ਲਾੜਾ ਵੀ ਇਸੇ ਧਾਤੂ ਤੋਂ ਬਣੇ ਹਨ। ਲਡ ਦਾ ਇਕ ਜੁੜਵਾਂ ਧਾਤੂ ਹੈ ‘ਲਲ’ ਜਿਸ ਵਿਚ ਵੀ ‘ਲਡ’ ਜਿਹੇ ਹੀ ਭਾਵ ਹੈ। ਲੱਲਾ ਜਿਵੇਂ ‘ਰਾਮ ਲੱਲਾ’ ਆਦਿ ਸ਼ਬਦ ਇਸੇ ਧਾਤੂ ਦੀ ਸੰਤਾਨ ਹੈ।
ਸ਼ਬਦਾਂ ਦੇ ਅਰਥਾਂ ਦਾ ਵਿਕਾਸ ਉਲੀਕਣ ਸਮੇਂ ਬਾਹਰੀ ਤਰਕ ਨੂੰ ਨਹੀਂ ਠੋਸਣਾ ਚਾਹੀਦਾ ਬਲਕਿ ਸ਼ਬਦ ਦੇ ਆਪਣੇ ਇਤਿਹਾਸ ਦੇ ਵੇਰਵਿਆਂ ਨੂੰ ਫਰੋਲਣਾ ਹੁੰਦਾ ਹੈ।
ਖੀਵੇ ਵਲੋਂ ਛੇੜੀ ਸ਼ਬਦਾਂ ਦੀ ਇਸ ਚਰਚਾ ਵਿਚ ਸਭਿਆਚਾਰਕ-ਸਮਾਜਕ-ਭਾਸ਼ਾਵਿਗਿਆਨਕ ਪਿੱਠਭੂਮੀ ‘ਤੇ ਜ਼ੋਰ ਦਿੱਤਾ ਗਿਆ ਹੈ, ਜਦ ਕਿ ਚਰਚਿਤ ਸ਼ਬਦਾਂ ਦਾ ਆਪਣਾ ਇਤਿਹਾਸ ਕੀ ਕਹਿੰਦਾ ਹੈ, ਉਸ ਬਾਰੇ ਗਿਆਨ ਦਾ ਕੋਈ ਪ੍ਰਮਾਣ ਨਹੀਂ ਦਿੱਤਾ ਜਿਸ ਤੋਂ ਉਸ ਦੀਆਂ ਧਾਰਨਾਵਾਂ ਦੀ ਪੁਸ਼ਟੀ ਹੋ ਸਕੇ। ਖੀਵਾ ਜੀ ਦਾ ਇਹ ਲੇਖ ਪੜ੍ਹਨ ਪਿਛੋਂ ਮੈਂ ਆਪਣੇ ਲੜਕੇ ਨੂੰ ਪੁੱਛਿਆ, ਤੈਨੂੰ ਪਤਾ ਹੈ, ਲੜਾਈ ਅਤੇ ਲੜਕਾ ਸ਼ਬਦ ਸਬੰਧਤ ਹਨ? ਉਸ ਨੇ ਜਵਾਬ ਦਿੱਤਾ, “ਹਾਂ, ਲੜਕੇ ਲੜਾਕੇ ਹੀ ਹੁੰਦੇ ਹਨ।”