ਚੋਣ ਪਿੜ ਦਾ ਭੇੜ

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਪੰਜਾਬ ਦੀ ਸਿਆਸਤ ਨਾਲ ਜਮਾਂਦਰੂ ਤਿਹ-ਮੋਹ ਹੋਣ ਅਤੇ ਖੁਦ ਦੋ ਚੋਣਾਂ ਦੇ ਭੇੜ ਵਿਚ ਪਿਆ ਹੋਣ ਕਰ ਕੇ, ਲੂਹਰੀਆਂ ਤਾਂ ਮੇਰੇ ਉਦੋਂ ਤੋਂ ਹੀ ਉਠਣੀਆਂ ਸ਼ੁਰੂ ਹੋ ਗਈਆਂ ਸਨ, ਜਦੋਂ ਆਮ ਆਦਮੀ ਪਾਰਟੀ ਨੇ ਚੋਣ ਪਿੜ ਵਿਚ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਸਨ, ਪਰ ਪਰਿਵਾਰਕ ਮਜਬੂਰੀ ਕਾਰਨ ਲੱਖ ਚਾਹੁੰਦਿਆਂ ਵੀ ਪੰਜਾਬ ਜਾਣਾ ਮੁਲਤਵੀ ਕਰਨਾ ਪਿਆ। ਉਂਜ, ਅੰਦਰੋਂ ਉਠਦੀਆਂ ਹੁੱਲਾਂ ਸ਼ਾਂਤ ਕਰਨ ਲਈ ਸੋਸ਼ਲ ਸਾਈਟਾਂ, ਫੋਨ ਸੰਪਰਕ ਅਤੇ ਕਲਮ ਦੀ ਵਰਤੋਂ ਦਾ ਢੰਗ ਲੱਭ ਲਿਆ।

ਹਰ ਚੜ੍ਹਦੇ ਸੂਰਜ ਨਵੀਂ ‘ਪੋਸਟ’ ਪਾਉਣੀ ਅਤੇ ਵਿਦੇਸ਼ਾਂ ਵਿਚ ਛਪਦੀਆਂ ਹਫਤਾਵਾਰੀ ਪੰਜਾਬੀ ਅਖਬਾਰਾਂ ਲਈ ਕੁਝ ਨਾ ਕੁਝ ਲਿਖਣ ਦਾ ਸਿਲਸਿਲਾ ਸ਼ੁਰੂ ਕਰ ਲਿਆ। ਇਸ ਤੋਂ ਇਲਾਵਾ ਦੇਸ਼ ਨੂੰ ਫੋਨ ਕਰਨ ਲਈ ਵਿਸ਼ੇਸ਼ ‘ਅਨ ਲਿਮਟਿਡ ਕਾਲ ਪਲੈਨ’ ਵੀ ਲੈ ਲਈ। ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਮਿਹਰਬਾਨੀ ਸਦਕਾ ਆਪਣੇ ਜ਼ਿਲ੍ਹੇ ਨਵਾਂ ਸ਼ਹਿਰ ਤੋਂ ਇਲਾਵਾ ਜਲੰਧਰ, ਹੁਸ਼ਿਆਰਪੁਰ, ਲੁਧਿਆਣਾ ਅਤੇ ਰੋਪੜ ਜ਼ਿਲ੍ਹਿਆਂ ਦੇ ਕਈ ਵਿਦਿਅਕ ਅਦਾਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਵਿਚ ਸ਼ਾਮਲ ਰਿਹਾ ਹੋਣ ਦੀ ਬਦੌਲਤ, ਇਨ੍ਹਾਂ ਇਲਾਕਿਆਂ ਦੇ ਜਾਣੂ-ਪਛਾਣੂਆਂ ਨਾਲ ‘ਹੈਲੋ-ਸ਼ੈਲੋ’ ਸ਼ੁਰੂ ਕਰ ਦਿੱਤੀ।
ਪੁਰਾਣੀਆਂ ਡਾਇਰੀਆਂ ਅਤੇ ਪੱਤਰਕਾਰ ਦੋਸਤਾਂ ਦੀ ਮਦਦ ਨਾਲ ਚਿਰ ਪੁਰਾਣੇ ਮਿੱਤਰ ਲੱਭ-ਲੱਭ ਕੇ ਇਕ ਤਰ੍ਹਾਂ ਦਾ ‘ਫੋਨ ਵਾਲਾ’ ਚੋਣ ਪ੍ਰਚਾਰ ਅਰੰਭ ਦਿੱਤਾ। ਫਿਲੌਰ ਲਾਗੇ ਦੇ ਇਤਿਹਾਸਕ ਪਿੰਡ ਸੰਗ ਢੇਸੀਆਂ ਦੇ ਇਕ ਬਜ਼ੁਰਗ ਨੂੰ ਫਤਿਹ ਬੁਲਾਈ। ਨਾਂ ਦੱਸਣ ‘ਤੇ ਪਹਿਲਾਂ ਤਾਂ ਉਸ ਨੇ ਇਹ ਕਹਿ ਕੇ ਹਿਰਖ ਛਾਂਟਿਆ ਕਿ ਅੱਜ ਕਿਧਰੋਂ ਚੇਤਾ ਆ ਗਿਆ ਸਾਡਾ ਤੈਨੂੰ? ਪਰ ਜਦੋਂ ਲੱਲੇ-ਭੱਬੇ ਲਾਉਣ ਤੋਂ ਬਾਅਦ ਮੈਂ ਆਪਣੀ ‘ਅਸਲ ਗੱਲ’ ਛੇੜੀ ਤਾਂ ਉਹ ਮੈਨੂੰ ਉਹੀ ਸੰਨ 96-97 ਦਾ ਟੌਹੜਾ ਸਾਹਿਬ ਵਾਲਾ ‘ਅਕਾਲੀ ਦਲੀਆ’ ਸਮਝ ਕੇ ਕੁਝ ਹਿਚਕਚਾਉਂਦਿਆਂ ਕਹਿਣ ਲੱਗਾ, “ਬਈ ਜਥੇਦਾਰਾ, ਹੁਣ ਤੂੰ ਐਵੇਂ ਆਪਣੇ ਮੂੰਹ ਦਾ ਸਵਾਦ ਤਾਂ ਖਰਾਬ ਨਾ ਕਰੀḔ, ਸਾਨੂੰ ਕੁਛ ਕਹਿ ਕੇæææ! ਤੇਰਾ ਮੈਨੂੰ ਪਤਾ ਨ੍ਹੀਂ, ਪਰ ਸਾਡੇ ਇਥੇ ਸਾਰੇ ਅਕਾਲੀ, ਝਾੜੂ ਚੱਕੀ ਫਿਰਦੇ ਆ।” ਜੋਸ਼ ਵਿਚ ਆਏ ਨੇ ਤਬਦੀਲੀ ਦੀ ਗੱਲ ਦੱਸ ਕੇ ਫਿਰ ਮੈਨੂੰ ਕਿਹਾ, “ਹੁਣ ਤੂੰ ਹੁਕਮ ਕਰ।” ਜਦੋਂ ਮੈਂ ਉਸ ਨੂੰ ਦੱਸਿਆ ਕਿ ਮੈਂ ਤੁਹਾਨੂੰ ਇਹੀ ਬੇਨਤੀ ਕਰਨ ਲਈ ਫੋਨ ਕਰਿਆ ਹੈ, ਤਾਂ ਉਸ ਨੇ ਦੁਖੀ ਹੁੰਦਿਆਂ ਅਕਾਲੀ ਦਲ ਤੋਂ ਅਲਹਿਦਗੀ ਦੇ ਉਹ ਸਾਰੇ ਕਾਰਨ ਗਿਣਾਏ ਜਿਨ੍ਹਾਂ ਬਾਰੇ ਸਾਰਾ ਸਿੱਖ ਜਗਤ ਦੁਹਾਈਆਂ ਦੇ ਰਿਹਾ ਹੈ।
ਇਕ ਲਿਖਾਰੀ ਮਿੱਤਰ ਨਾਲ ਪੰਜਾਬ ਚੋਣਾਂ ਬਾਰੇ ਵਿਸਥਾਰ ਸਹਿਤ ਚਰਚਾ ਹੋਈ। ਬਾਦਲ ਸਰਕਾਰ ਦੀਆਂ ਪ੍ਰਸ਼ਾਸਕੀ ਅਤੇ ਸਿਆਸੀ ਨਾਕਾਮੀਆਂ ਤੋਂ ਇਲਾਵਾ ਸਿੱਖ ਸਿਧਾਂਤਾਂ ਨਾਲ ਖਿਲਵਾੜ ਦੀਆਂ ਇੰਨੀਆਂ ਸਪਸ਼ਟ ਤੇ ਠੋਸ ਮਿਸਾਲਾਂ ਉਸ ਨੇ ਅੱਧ-ਪਚੱਧੀਆਂ ਮੰਨ ਤਾਂ ਲਈਆਂ, ਪਰ ਉਸ ਸਵਾਲ ਕੀਤਾ ਕਿ ਆਮ ਲੋਕਾਂ ਨੂੰ ਇੰਨਾ ਜ਼ੋਰ ਕਿਉਂ ਲਾਉਣ ਪੈ ਰਿਹਾ ਹੈ; ਉਸ ਦੇ ਖਿਲਾਫ਼ ਮੋਰਚਾਬੰਦੀ ਕਰਨ ਵਾਲੀਆਂ ਧਿਰਾਂ ਨੂੰ ਇੰਨਾ ਤੀਂਘੜਨਾ ਕਿਉਂ ਪੈ ਰਿਹਾ ਹੈ? ਮੈਂ ਦੱਸਿਆ ਕਿ ਪੁਰਾਣੇ ਬੋਹੜ ਪੁੱਟਣੇ ਸੌਖੇ ਨਹੀਂ ਹੁੰਦੇ ਭਰਾਵਾ! ਬੁੱਢੇ ਬੋਹੜ ਨੂੰ ਲੈ ਕੇ ਪੇਂਡੂ ਮਿੱਤਰ ਨੇ ਇਹ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ, “æææਇਸ ਵਿਚ ਕੋਈ ਸ਼ੱਕ ਨਹੀਂ ਕਿ ਪੁਰਾਣੇ ਬੋਹੜ ਦੀਆਂ ਜੜ੍ਹਾਂ ਕਾਫੀ ਫੈਲ ਜਾਂਦੀਆਂ ਨੇ, ਤੇ ਨਾਲ-ਨਾਲ ਇਹ ਵੀ ਸੱਚ ਹੈ ਕਿ ਘਣੇ-ਸੰਘਣੇ ਬੋਹੜਾਂ ਉਤੇ ਮਾਸ-ਖੋਰੀਆਂ ਇੱਲ੍ਹਾਂ, ਉਲੂ ਤੇ ਚਮਗਿੱਦੜ ਵੀ ਰਹਿਣ ਲੱਗ ਪੈਂਦੇ ਹਨ। ਅਜਿਹੇ ਬੋਹੜਾਂ ਬਾਰੇ ਲੋਕਾਂ ਵਿਚ ਇਹ ਵੀ ਮਨੌਤ ਹੈ ਕਿ ਇਨ੍ਹਾਂ ਉਤੇ ਭੂਤ-ਚੁੜੇਲਾਂ ਦਾ ਵੀ ਵਾਸਾ ਹੁੰਦਾ ਹੈ। ਡਰਾਕਲ ਲੋਕ ਰਾਤ-ਬਰਾਤੇ ਇਨ੍ਹਾਂ ਕੋਲੋਂ ਲੰਘਣੋਂ ਵੀ ਡਰਦੇ ਹਨ। ਜੇ ਕਿਤੇ ਇਨ੍ਹਾਂ ਨੂੰ ਪੁੱਟਣ ਦੀ ਨੌਬਤ ਆਵੇ ਤਾਂ ਲੋਕ ਡਰਦੇ ਮਾਰੇ ਅਜਿਹਾ ਨਹੀਂ ਕਰਦੇ, ਪਰ ਕਈ ਦਫਾ ਅਜਿਹਾ ਭਾਣਾ ਵੀ ਵਾਪਰ ਜਾਂਦਾ ਹੈ ਕਿ ਕਿਤੇ ਅਚਾਨਕ ਆਏ ਤੂਫਾਨ-ਹਨ੍ਹੇਰੀ ਦੀ ਮਾਰ ਨਾ ਸਹਿੰਦਿਆਂ, ਇਹ ਧਰਤੀ ‘ਤੇ ਧੜੰਮ ਆ ਡਿਗਦੇ ਨੇ। ਉਦੋਂ ਲੋਕਾਂ ਨੂੰ ਹਕੀਕਤ ਦਾ ਪਤਾ ਲੱਗਦਾ ਹੈ ਕਿ ਜੁਗਾਂ ਪੁਰਾਣੇ ਬੋਹੜ ਬਾਹਰੋਂ ਦੇਖਣ ਨੂੰ ਭਾਵੇਂ ਮਜ਼ਬੂਤ ਵਿਖਾਈ ਦਿੰਦੇ ਹੋਣ, ਪਰ ਅੰਦਰਲੀਆਂ ਖੋੜਾਂ ਕਾਰਨ ਉਹ ਬੋਦੇ ਜਿਹੇ ਖੜ੍ਹ-ਸੁੱਕ ਹੋ ਚੁੱਕੇ ਹੁੰਦੇ ਹਨ। ਇਸੇ ਕਰ ਕੇ ਉਹ ਚਾਣਚੱਕ ਉਠੀ ਸ਼ੂਕਦੀ ਹਨ੍ਹੇਰੀ ਮੂਹਰੇ ਆਪਣਾ ਵਜੂਦ ਨਹੀਂ ਬਚਾਅ ਪਾਉਂਦੇ।”
ਲੁਧਿਆਣੇ ਲਾਗਿਓਂ ਆਲਮਗੀਰ ਦਾ ਸ਼੍ਰੋਮਣੀ ਕਮੇਟੀ ਦਾ ਸਾਬਕਾ ਮੁਲਾਜ਼ਮ ਮੇਰੀਆਂ ਸਾਰੀਆਂ ਅਪੀਲਾਂ ਦੇ ਬਾਵਜੂਦ ਬਾਦਲ ਦਲ ਨੂੰ ਕਸੂਰਵਾਰ ਨਹੀਂ ਸੀ ਕਹਿ ਰਿਹਾ। ਉਸ ਕਹਿਣਾ ਸੀ ਕਿ ਫੇਸਬੁੱਕ ਜਾਂ ਮੀਡੀਏ ‘ਤੇ ਦਿਸਦੇ ਹਾਲਾਤ ਅਸਲੀਅਤ ਨਹੀਂ ਹਨ। ਜ਼ਮੀਨੀ ਹਕੀਕਤਾਂ ਹੋਰ ਹਨ, ਜਦਕਿ ਸੋਸ਼ਲ ਸਾਈਟਾਂ ‘ਤੇ ਜ਼ਿਆਦਾਤਰ ਬੇ-ਮੁਹਾਰੀ ਮੁੰਡੀਹਰ ਭਾਫਾਂ ਕੱਢੀ ਜਾਂਦੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਮਹਿਜ਼ ‘ਬਾਦਲ ਦਲ’ ਬਣਨ ਵਾਲੀ ਮੇਰੀ ਦਲੀਲ ਨਾਲ ਤਾਂ ਉਹ ਥੋੜ੍ਹਾ-ਬਹੁਤ ਸਹਿਮਤ ਹੋ ਗਿਆ, ਪਰ ਸ਼੍ਰੋਮਣੀ ਕਮੇਟੀ ਸਦਾ ਸਿਆਸੀ ਆਗੂਆਂ ਕੋਲ ਰਹਿਣ ਦੀ ਗੱਲ ‘ਤੇ ਅੜਿਆ ਰਿਹਾ।
ਇਕ ਗੈਰ-ਸਿੱਖ ਅਧਿਆਪਕ ਨੂੰ ਮੈਂ ਸਵਾਲ ਕੀਤਾ ਕਿ ਆਖਰ ਅਰਵਿੰਦ ਕੇਜਰੀਵਾਲ ਕੋਲ ਕਿਹੜੀ ਮਮੀਰੇ ਦੀ ਗੱਠੀ ਹੈ ਕਿ ਉਸ ਨੇ ਪੰਜਾਬ ਦੀ ਸਿਆਸਤ ਵਿਚ ਇਕ ਕਿਸਮ ਦੀ ਭੂਚਾਲ ਵਰਗੀ ਸਥਿਤੀ ਬਣਾ ਦਿੱਤੀ ਹੈ? ਹਿੰਦੂ ਗ੍ਰੰਥਾਂ ਦੇ ਹਵਾਲੇ ਨਾਲ ਉਸ ਨੇ ਦੱਸਿਆ ਕਿ ਮਹਾਂ ਭਾਰਤ ਦੇ ਯੁੱਧ ਦੀ ਸਮਾਪਤੀ ਤੋਂ ਬਾਅਦ ਪੰਜੇ ਪਾਂਡਵ ਭਗਵਾਨ ਕ੍ਰਿਸ਼ਨ ਕੋਲ ਜਾ ਕੇ ਕਹਿਣ ਲੱਗੇ ਕਿ ਸਾਡੇ ਰਾਜ-ਸਮਾਜ ਦੇ ਭਵਿੱਖੀ ਨਕਸ਼ਾਂ ਬਾਰੇ ਕੁਝ ਫਰਮਾਓ, ਅਗਾਂਹ ਕਿਹੋ ਜਿਹੇ ਹਾਲਾਤ ਹੋਣਗੇ? ਕਹਿੰਦੇ, ਭਗਵਾਨ ਕ੍ਰਿਸ਼ਨ ਨੇ ਪੰਜਾਂ ਨੂੰ ਹੀ ਅਲੱਗ-ਅਲੱਗ ਦਿਸ਼ਾਵਾਂ ਵੱਲ ਚਲੇ ਜਾਣ ਦਾ ਹੁਕਮ ਕੀਤਾ ਅਤੇ ਆਖਿਆ ਕਿ ਆਪਣੀ ਯਾਤਰਾ ਦੌਰਾਨ ਜਦੋਂ ਵੀ ਉਹ ਕੋਈ ਅਨੋਖੀ ਜੱਗੋਂ ਤੇਰ੍ਹਵੀਂ ਘਟਨਾ ਦੇਖਣ, ਤਾਂ ਉਥੋਂ ਹੀ ਵਾਪਸੀ ਕਰ ਲੈਣ ਤੇ ਆ ਕੇ ਦੇਖੇ ਹੋਏ ਅਲੋਕਾਰੇ ਦ੍ਰਿਸ਼ ਮੈਨੂੰ ਦੱਸਣ।
ਕੁਝ ਅਰਸੇ ਬਾਅਦ ਉਹ ਪੰਜੇ ਵਾਪਸ ਆ ਗਏ। ਇਕ ਨੇ ਦੱਸਿਆ ਕਿ ਉਹ ਕਿਸੇ ਬੀਆਬਾਨ ਜੰਗਲ ਵਿਚੋਂ ਲੰਘ ਰਿਹਾ ਸੀ। ਅਚਾਨਕ ਕਾਲੀ-ਬੋਲੀ ਹਨ੍ਹੇਰੀ ਚੜ੍ਹ ਆਈ। ਤੂਫਾਨ ਵਿਚ ਉਸ ਦੇਖਿਆ ਕਿ ਵੱਡਾ ਭਾਰੀ ਪੱਥਰ ਉਡਦਾ ਆ ਰਿਹਾ ਹੈ। ਉਚੀਆਂ-ਤਿੱਖੀਆਂ ਪਹਾੜੀਆਂ ਨਾਲ ਟਕਰਾ ਕੇ ਚਕਨਾਚੂਰ ਕਰਦਾ ਹੋਇਆ ਉਹ ਸ਼ੂਕਦਾ ਮੇਰੀ ਤਰਫ ਆ ਰਿਹਾ ਸੀ। ਵੱਡੇ ਅਤੇ ਭਾਰੇ ਦਰਖਤਾਂ ਨੂੰ ਧਰਤੀ ‘ਤੇ ਵਿਛਾਉਂਦਾ ਆ ਰਿਹਾ ਉਹ ਪੱਥਰ ਮੇਰੇ ਸਾਹਮਣੇ ਆ ਕੇ ਧਰਤੀ ‘ਤੇ ਡਿੱਗਿਆ, ਪਰ ਉਹ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਤਬਾਹੀ ਮਚਾਉਂਦੇ ਆ ਰਹੇ ਉਸ ਭਾਰੀ-ਭਰਕਮ ਪੱਥਰ ਨੂੰ ਘਾਹ ਦੀ ਤਿੜ ਵਰਗੇ ਕੋਮਲ ਜਿਹੇ ਬੂਟੇ ਨੇ ਰੋਕ ਲਿਆ। ਬਿਨਾ ਕਿਸੇ ਪਾਸੇ ਨੂੰ ਲਿਫਿਆਂ ਉਸ ਬੂਟੇ ਨੇ ਭਾਰੇ ਪੱਥਰ ਨੂੰ ਇਉਂ ਰੋਕ ਲਿਆ, ਜਿਵੇਂ ਉਹ ਹਲਕਾ ਫੁੱਲ ਹੋਵੇ।
ਭਗਵਾਨ ਕ੍ਰਿਸ਼ਨ ਨੇ ਇਸ ਦ੍ਰਿਸ਼ਟਾਂਤ ਦੀ ਵਿਆਖਿਆ ਕਰਦਿਆਂ ਆਖਿਆ ਕਿ ਇਹ ਇਸ ਗੱਲ ਦਾ ਸੂਚਕ ਹੈ ਕਿ ਭਾਵੇਂ ਝੂਠ-ਫਰੇਬ ਦੇ ਤੂਫਾਨ ਵਿਚ ਬੇਈਮਾਨੀ ਅਤੇ ਮਕਾਰੀ ਦੇ ਭਾਰੇ ਪੱਥਰ ਸਭ ਕਾਸੇ ਨੂੰ ਫਨਾਹ ਕਰਦੇ ਆਉਣ, ਪਰ ਉਹ ਇਮਾਨਦਾਰੀ ਅਤੇ ਦਿਆਨਤਦਾਰੀ ਦੀ ਤਿੜ ਦਾ ਵੀ ਕੁਝ ਵਿਗਾੜ ਨਹੀਂ ਸਕਣਗੇ। ਸੱਚਾਈ ਦੀ ਤਿੜ ਵੀ ਇੰਨੀ ਬਲਵਾਨ ਹੋਵੇਗੀ।
ਇਕ ਮਖੌਲੀਏ ਪੱਤਰਕਾਰ ਨੇ ਅਨੋਖਾ ‘ਡਰ’ ਪ੍ਰਗਟਾਉਂਦਿਆਂ ਕਿਹਾ ਕਿ ਪੰਜਾਬੀਆਂ ਦਾ ਸੁਭਾਅ ਬਣਿਆ ਹੋਇਆ ਹੈ ਕਿ ਇਹ ਲਿਤਾੜੇ, ਲਾਚਾਰ ਤੇ ਮਾਰ ਸਹਿੰਦੇ ਮੂਹਰੇ-ਮੂਹਰੇ ਭੱਜੇ ਜਾਂਦੇ ਤਰਸ ਵੀ ਕਰਨ ਲੱਗ ਜਾਂਦੇ ਹਨ। ਸੋਸ਼ਲ ਸਾਈਟਾਂ ਉਤੇ ਬਾਦਲ ਪਰਿਵਾਰ ਤੇ ਉਸ ਦੇ ਦਲ ਦੀ ਹੋ ਰਹੀ ਚੁਤਰਫੀ ਬੇਇਜ਼ਤੀ ਵੱਲ ਇਸ਼ਾਰਾ ਕਰਦਿਆਂ ਉਸ ਇਹ ਤੌਖਲਾ ਜ਼ਾਹਰ ਕੀਤਾ ਕਿ ਹੱਦ ਸਿਰੇ ਦੀ ਦੁਰਗਤੀ ਹੁੰਦੀ ਦੇਖ ਕੇ ਕਿਤੇ ਪੰਜਾਬੀ ਭਰਾ ਇਸ ਟੱਬਰ ‘ਤੇ ਤਰਸ ਨਾ ਕਰਨ ਲੱਗ ਪੈਣ! ਹੋਰ ਨਾ ਸਾਰੀ ਕੀਤੀ ਕਰਾਈ ਸਿਰ ਪਾਣੀ ਫਿਰ ਜਾਏ!
ਇਕ ਪੱਤਰਕਾਰ ਨੇ ਆਪਣੇ ਗੁਆਂਢ ਵਿਚ ਰਹਿੰਦੇ ਕਿਸੇ ਸਿੱਖ ਫੌਜੀ ਨੌਜਵਾਨ ਦਾ ਦਿਲਚਸਪ ਕਿੱਸਾ ਸੁਣਾਇਆ। ਦੋ ਮਹੀਨੇ ਦੀ ਛੁੱਟੀ ਆਏ ਦੀ ਮੰਗਣੀ ਹੋ ਗਈ। ਦੇਖ-ਦਿਖਾਈ ਦੌਰਾਨ ਇਹ ਆਪਣੇ ਸਹੁਰੇ ਘਰ ਵੀ ਜਾ ਆਇਆ। ਛੁੱਟੀ ਖਤਮ ਹੋਣ ਉਪਰੰਤ ਜਦੋਂ ਇਹ ਵਾਪਸ ਜਾਣ ਲੱਗਾ ਤਾਂ ਇਸ ਦੀ ਨਵੀਂ ਬਣੀ ਮੰਗੇਤਰ ਨੇ ਮੋਹ ਪਿਆਰ ਨਾਲ ਇਸ ਨੂੰ ਕੋਈ ਰੁਮਾਂਟਿਕ ਜਿਹਾ ਮੈਸੇਜ ਭੇਜਿਆ। ਆਪਣੇ ਗੁਰਸਿੱਖ ਸਹੁਰੇ ਪਰਿਵਾਰ ਦੇ ਮਾਹੌਲ ਤੋਂ ਜਾਣੂ ਇਸ ਫੌਜੀ ਨੇ ‘ਵਟਸਐਪ’ ਰਾਹੀਂ ਆਪਣੀ ਮੰਗੇਤਰ ਨੂੰ ਇਹ ਮੈਸੇਜ ਲਿਖ ਭੇਜਿਆ,
ਪੂਰਾ ਕੱਟੜ ਅਕਾਲੀ ਥੋਡਾ ਲਾਣਾ ਬੱਲੀਏ
ਨੀਲੀ ਬੰਨ੍ਹਦਾ ਨਿਆਣਾ ਕੀ ਸਿਆਣਾ ਬੱਲੀਏ।
ਰੱਖ ਲੱਗੀਆਂ ਦੀ ਲਾਜ
ਨੀ ਤੂੰ ਪੂਰ ਦਈਂ ਲਿਹਾਜ
ਕੁਝ ਮੰਗਣਾ ਨਾ ਤੇਰੇ ਕੋਲੋਂ ਹੋਰ ਜੱਟੀਏ
ਭਾਵੇਂ ਸ਼ਰ੍ਹੇਆਮ ਪਾ ਦਈਂ
ਭਾਵੇਂ ਪਰਦੇ ਨਾ’ ਲਾ ਦਈਂ
ਨੀ ਤੂੰ ਝਾੜੂ ‘ਤੇ ਸਕੂਲ ਵਿਚ ਮੋਹਰ ਜੱਟੀਏ।
ਪਿੰਡ ਵਿਚ ਬੈਠੇ ਕਿਸੇ ਆਰæਐਮæਪੀæ (ਡਾਕਟਰ) ਨੇ ਕਿਸੇ ਮਰੀਜ਼ ਕੋਲੋਂ ਤਾਜ਼ਾ ਸੁਣਿਆ ਚੁਟਕਲਾ ਸੁਣਾਇਆ: ਕੋਈ ਪੇਂਡੂ ਮੂੰਹ ‘ਤੇ ਹੱਥ ਰੱਖੀ ‘ਹਾਏ ਹਾਏ’ ਕਰਦਾ ਤੁਰਿਆ ਜਾਵੇ। ਕਿਸੇ ਸਾਥੀ ਨੇ ਪੁੱਛ ਲਿਆ, ਕਿਥੇ ਚਲਿਐਂ? ਕਹਿੰਦੈ, ਦੰਦ ਪੁਟਾਉਣ ਸ਼ਹਿਰ ਚੱਲਿਆਂ। ਸਲਾਹੂ ਕਹਿੰਦਾ, ਸ਼ਹਿਰ ਜਾਏਂਗਾ, ਨਾਲੇ ਪੈਸੇ ਦੇ ਕੇ ਦੰਦ ਪੁਟਾਏਂਗਾ। ਇਥੇ ਈ ਮੁਫਤੀ ਪੁਟਾ ਲੈ। ਬੰਦੇ ਨੇ ਪੁੱਛਿਆ ਕਿ ਮੁਫਤ ਕਿਥੇ ਪੁੱਟਦੇ ਐ? ਪਿੰਡ ਵਿਚ ਜਾ ਕੇ ਇਕ ਵਾਰੀ ਕਹਿ ਕਿ ਫਲਾਣੀ ਪਾਰਟੀ ਜ਼ਿੰਦਾਬਾਦæææਫਿਰ ਦੇਖੀਂ ਕੀ ਹੁੰਦੈ। ‘ਫਲਾਣੀ ਪਾਰਟੀ’ ਕਿਹੜੀ ਹੋਊ? ਅੰਦਾਜ਼ਾ ਤੁਸੀਂ ਆਪੇ ਲਾ ਲਉ ਜੀ!