‘ਗੁਜਰਾਤ ਫਾਈਲਾਂ’ ਕਿਤਾਬ ਦਲੇਰ ਪੱਤਰਕਾਰ ਰਾਣਾ ਅਯੂਬ ਦੀ ਅਜਿਹੀ ਮਿਸਾਲੀ ਲਿਖਤ ਹੈ ਜਿਸ ‘ਚ ਗੁਜਰਾਤ ਵਿਚ ਮੁਸਲਮਾਨਾਂ ਦੇ ਕਤਲੇਆਮ ਦਾ ਖੁਲਾਸਾ ਹੋਇਆ ਹੈ। ਜਦੋਂ ਇਹ ਕਿਤਾਬ ਛਾਪਣ ਲਈ ਕਿਸੇ ਪ੍ਰਕਾਸ਼ਕ ਨੇ ਹਾਮੀ ਨਹੀਂ ਭਰੀ, ਉਹਨੇ ਇਹ ਕਿਤਾਬ ਆਪੇ ਛਾਪ ਲਈ। ਇਸ ਕਿਤਾਬ ਦਾ ਪੰਜਾਬੀ ਤਰਜਮਾ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਕੀਤਾ ਹੈ। ਉਨ੍ਹਾਂ ਨੇ ਵੀ ਇਹ ਕਿਤਾਬ ਖੁਦ ਹੀ ਛਪਵਾਈ ਹੈ।
-ਸੰਪਾਦਕ
ਅਸ਼ੋਕ ਨਰਾਇਣ
ਮਾਈਕ ਨੇ ਅਜੇ ਦਿੱਲੀ ਤੋਂ ਵਾਪਸ ਮੁੜਨਾ ਸੀ। ਉਹਦਾ ਪਰਿਵਾਰ ਉਹਨੂੰ ਇਥੇ ਮਿਲਣ ਆਇਆ ਹੋਇਆ ਸੀ ਅਤੇ ਮੈਂ ਉਹਨੂੰ ਗੁਜਰਾਤ ਵਿਚਲੇ ਆਪਣੇ ਕੰਮ ਬਾਰੇ ਸੁਚੇਤ ਰਹਿਣ ਦੀ ਤਾਕੀਦ ਕਰ ਦਿੱਤੀ ਸੀ। ਇਸੇ ਦੌਰਾਨ ḔਤਹਿਲਕਾḔ ਨੇ ਗੁਜਰਾਤ ਦੇ ਆਈæਪੀæਐਸ਼ ਅਫ਼ਸਰ ਸੰਜੀਵ ਭੱਟ ਦੇ ਬਿਆਨ ਨੂੰ ਮੁੱਖ ਸਫ਼ੇ ਉਪਰ ਛਾਪਿਆ। ਇਸ ਬਿਆਨ ਦੀ ਸਟੋਰੀ ਮੇਰੇ ਸਾਥੀ ਪੱਤਰਕਾਰ ਅਸ਼ੀਸ਼ ਖੇਤਾਨ ਦੀ ਸੀ ਜੋ ਉਦੋਂ ਇਨਵੈਸਟੀਗੇਸ਼ਨ ਦਾ ਸੰਪਾਦਕ ਸੀ। ਸੰਜੀਵ ਭੱਟ ਅਨੁਸਾਰ, ਉਹ ਉਸ ਕਥਿਤ ਮੀਟਿੰਗ ਵਿਚ ਸ਼ਾਮਲ ਸੀ ਜੋ ਮੋਦੀ ਅਤੇ ਸਬੰਧਤ ਪੁਲਿਸ ਅਫ਼ਸਰਾਂ ਅਤੇ ਨੌਕਰਸ਼ਾਹਾਂ ਦਰਮਿਆਨ ਹੋਈ ਸੀ ਜਿਸ ਵਿਚ ਮੋਦੀ ਨੇ ਉਨ੍ਹਾਂ ਨੂੰ 2002 ਦੀ ਹਿੰਸਾ ਦੌਰਾਨ ਮੁਸਲਮਾਨਾਂ ਨੂੰ ਮਾਰਨ ਦੀ ਖੁੱਲ੍ਹੀ ਛੁੱਟੀ ਦਿੱਤੀ ਸੀ। ਹਿੰਸਾ ਦੀ ਕਵਰੇਜ਼ ਕਰਨ ਵਾਲੇ ਬਹੁਤ ਸਾਰੇ ਪੱਤਰਕਾਰ, ਕਾਰਕੁਨ ਅਤੇ ਵਕੀਲ ਇਸ ਨੂੰ ਲੈ ਕੇ ਹੈਰਾਨ-ਪ੍ਰੇਸ਼ਾਨ ਸਨ। ਜਿਨ੍ਹਾਂ ਬਹੁਤ ਸਾਰਿਆਂ ਨੂੰ ਮੈਂ ਜਾਣਦੀ ਸੀ ਅਤੇ ਜਿਨ੍ਹਾਂ ਨਾਲ ਮੈਂ ਗੱਲ ਕੀਤੀ, ਉਨ੍ਹਾਂ ਨੂੰ ਜ਼ਾਤੀ ਤੌਰ ‘ਤੇ ਉਹਦੀ ਦਲੀਲ ਕਾਇਲ ਨਹੀਂ ਕਰਦੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਕੋਈ ਵੀ ਮੁੱਖ ਮੰਤਰੀ ਦਰਜਨਾਂ ਚੋਟੀ ਦੇ ਨੌਕਰਸ਼ਾਹਾਂ ਅਤੇ ਅਫ਼ਸਰਾਂ ਵਿਚ ਬੈਠ ਕੇ ਇਸ ਤਰ੍ਹਾਂ ਦਾ ਹੁਕਮ ਦੇ ਕੇ ਆਪਣੇ ਸਿਆਸੀ ਭਵਿਖ ਨੂੰ ਖ਼ਤਰੇ ਵਿਚ ਨਹੀਂ ਪਾਏਗਾ। ਇਸ ਬਾਰੇ ਬਹੁਤ ਸਾਰੇ ਸਵਾਲ ਸਨ। ਸੰਜੀਵ ਭੱਟ ਨੂੰ ਅੱਗੇ ਆਉਣ ਅਤੇ ਇਹ ਬਿਆਨ ਦੇਣ ਲਈ ਐਨਾ ਵਕਤ ਕਿਉਂ ਲੱਗਿਆ? ਗੁਜਰਾਤ ਬਾਰੇ ਐਨੇ ਸਾਲਾਂ ਤੋਂ ਰਿਪੋਰਟ ਕਰਦਿਆਂ ਮੇਰਾ ਵਾਹ ਸੰਜੀਵ ਭੱਟ ਜਾਂ ਉਸ ਵਲੋਂ ਦਿੱਤੇ ਵੇਰਵਿਆਂ ਨਾਲ ਨਹੀਂ ਸੀ ਪਿਆ।
ਸ਼ੋਮਾ ਨੇ ਮੈਨੂੰ ਫ਼ੋਨ ਕੀਤਾ ਅਤੇ ਕਿਹਾ ਕਿ ਮੈਂ ਜੇ ਸੰਜੀਵ ਭੱਟ ਬਾਰੇ ਅਫ਼ਸਰਾਂ ਦਾ ਮੂੰਹ ਖੁੱਲ੍ਹਵਾ ਸਕਦੀ ਹੋਵਾਂ। ਮੈਂ ਇਸ ਬਾਰੇ ਸਵਾਲ ਪੁੱਛਣ ਨੂੰ ਲੈ ਕੇ ਥੋੜ੍ਹਾ ਚੌਕਸ ਸੀ। ਮੈਨੂੰ ਚੇਤੇ ਹੈ, ਮੈਂ ਸ਼ੋਮਾ ਨੂੰ ਕਿਹਾ ਸੀ ਕਿ ਬਹੁਤ ਸਾਰੇ ਤਕਨੀਕੀ ਕਾਰਨਾਂ ਕਰ ਕੇ ਮੈਂ ਸੰਜੀਵ ਭੱਟ ਦੇ ਬਿਆਨ ਉਪਰ ਯਕੀਨ ਨਹੀਂ ਕਰ ਸਕਦੀ। ਮੈਂ ਉਸ ਨਾਲ ਵਾਅਦਾ ਕੀਤਾ ਕਿ ਜੇ ਉਸ ਦੇ ਬਿਆਨ ਵਿਚ ਭੋਰਾ ਸਚਾਈ ਵੀ ਹੋਈ, ਇਸ ਦੀ ਸੂਹ ਲਾ ਲਵਾਂਗੀ।
ਮੈਂ ਗੁਜਰਾਤ ਹਿੰਸਾ ਦੌਰਾਨ ਅਹਿਮ ਫ਼ੈਸਲੇ ਲੈਣ ਵਾਲਿਆਂ ਨੂੰ ਮਿਲਣਾ ਚਾਹੁੰਦੀ ਸੀ। ਚਾਰ ਬੰਦੇ ਐਸੇ ਸਨ ਜਿਨ੍ਹਾਂ ਦੀ ਗੁਜਰਾਤ ਹਿੰਸਾ ਦੌਰਾਨ ਅਹਿਮ ਭੂਮਿਕਾ ਰਹੀ ਸੀ। ਗ੍ਰਹਿ ਸਕੱਤਰ ਅਸ਼ੋਕ ਨਰਾਇਣ, ਡੀæਜੀæਪੀæ ਚੱਕਰਵਰਤੀ, ਪੁਲਿਸ ਕਮਿਸ਼ਨਰ ਪੀæਸੀæਪਾਂਡੇ, ਅਤੇ ਸਵਰਨਕਾਂਤਾ ਵਰਮਾ ਜੋ 2002 ਦੀ ਹਿੰਸਾ ਦੌਰਾਨ ਮੁੱਖ ਮੰਤਰੀ ਦੀ ਪ੍ਰਮੁੱਖ ਸਲਾਹਕਾਰ ਸੀ। ਅਸ਼ੋਕ ਨਰਾਇਣ ਨੂੰ ਮੈਂ ਪਹਿਲਾਂ ਹੀ ਮਿਲਣਾ ਸ਼ੁਰੂ ਕਰ ਦਿੱਤਾ ਸੀ।
ḔਤਹਿਲਕਾḔ ਰਿਪੋਰਟ ਜਿਸ ਵਿਚ ਭੱਟ ਦਾ ਬਿਆਨ ਛਾਪਿਆ ਗਿਆ, ਅਨੁਸਾਰ ਜਿਨ੍ਹਾਂ ਅਫਸਰਾਂ ਦਾ ਮੈਂ ਉਪਰ ਜ਼ਿਕਰ ਕੀਤਾ ਹੈ, ਉਨ੍ਹਾਂ ਨੇ ਨਾਨਾਵਤੀ ਕਮਿਸ਼ਨ ਵਲੋਂ ਪੁੱਛਗਿੱਛ ਕੀਤੇ ਜਾਣ ਵਕਤ ਕੁਝ ਵੀ ਚੇਤੇ ਨਾ ਹੋਣ ਦਾ ਬਹਾਨਾ ਬਣਾ ਲਿਆ ਸੀ।
ਗੁਜਰਾਤ ਕਾਡਰ ਦੇ 1988 ਬੈਚ ਦੇ ਆਈæਪੀæਐਸ਼ ਅਫ਼ਸਰ ਦੇ ਬਿਆਨ ਅਨੁਸਾਰ, ਸੰਜੀਵ ਭੱਟ ਉਦੋਂ Ḕਉਸ ਮੀਟਿੰਗ ਵਿਚ ਸ਼ਾਮਲ ਸੀ ਜੋ ਗੁਜਰਾਤ ਦੇ ਮੁੱਖ ਮੰਤਰੀ ਮੋਦੀ ਨੇ ਸੱਦੀ ਸੀ। ਮੋਦੀ ਨੇ ਆਹਲਾ ਪੁਲਿਸ ਅਧਿਕਾਰੀਆਂ ਨੂੰ ਕਿਹਾ ਸੀ ਕਿ Ḕਹਿੰਦੂਆਂ ਨੂੰ ਘੱਟਗਿਣਤੀ ਭਾਈਚਾਰੇ ਦੇ ਖ਼ਿਲਾਫ਼ ਆਪਣਾ ਗੁੱਸਾ ਕੱਢ ਲੈਣ ਦਿਓ’।
ਬਾਅਦ ਵਿਚ, ਅਕਤੂਬਰ 2014 ਵਿਚ ਸੁਪਰੀਮ ਕੋਰਟ ਨੇ ਸੰਜੀਵ ਭੱਟ ਦੀ ਦਰਖ਼ਾਸਤ ਇਹ ਕਹਿ ਕੇ ਖਾਰਜ ਕਰ ਦਿੱਤੀ ਕਿ ਇਹ ਸਿਆਸਤ ਅਤੇ ਸਰਗਰਮੀ ਦੁਆਰਾ ਅਦਾਲਤ ਉਪਰ ਪ੍ਰਭਾਵ ਪਾਉਣ ਦਾ ਯਤਨ ਕਰਦੀ ਹੈ। ਅਦਾਲਤ ਨੇ ਕਿਹਾ:
ਜਦੋਂ ਉਸ ਨੇ ਨੌਂ ਸਾਲ ਬਾਅਦ ਐਸੇ ਸਨਸਨੀਖੇਜ਼ ਖ਼ੁਲਾਸੇ ਕੀਤੇ, ਉਸ ਨੂੰ ਈ-ਮੇਲ ਦਾ ਭੇਤ ਨਾ ਖੋਲ੍ਹਣ ਤੋਂ ਕਿਸ ਨੇ ਰੋਕਿਆ ਅਤੇ ਖ਼ਾਮੋਸ਼ ਬੈਠੇ ਰਹਿਣਾ ਰਹੱਸਮਈ ਵਤੀਰਾ ਹੈ। ਜਸਟਿਸ ਨਾਨਾਵਤੀ ਕਮਿਸ਼ਨ ਅੱਗੇ ਦਿੱਤੇ ਬਿਆਨ ਵਿਚ ਵੀ ਉਹ ਈ-ਮੇਲਾਂ ਬਾਰੇ ਦੱਸਣ ਵਿਚ ਨਾਕਾਮ ਰਿਹਾ। ਜਦੋਂ ਉਸ ਨੇ ਇਸ ਤਰ੍ਹਾਂ ਦੀਆਂ ਈ-ਮੇਲ ਭੇਜੀਆਂ ਹਨ ਕਿ ਸ਼ਰੀਕ ਸਿਆਸੀ ਪਾਰਟੀ ਵਲੋਂ ਉਸ ਦੀ ਸੰਭਾਵਨਾ ਦਾ ਪੂਰਾ ਲਾਹਾ ਨਹੀਂ ਲਿਆ ਗਿਆ, ਫਿਰ ਇਹ ਸਮਝੋਂ ਬਾਹਰ ਹੈ ਕਿ ਉਸ ਨੂੰ ਕਮਿਸ਼ਨ ਅੱਗੇ ਈ-ਮੇਲਾਂ ਬਾਰੇ ਬਿਆਨ ਦੇਣ ਤੋਂ ਕਿਸ ਚੀਜ਼ ਨੇ ਰੋਕਿਆ। ਦਰਖ਼ਾਸਤ ਕਰਤਾ ਦੇ ਕੁਲ ਵਤੀਰੇ ਉਪਰ ਯਕੀਨ ਨਹੀਂ ਬੱਝਦਾ।
ਅਗਸਤ 2015 ਵਿਚ, ਮੋਦੀ ਰਾਜ ਹੇਠ ਗ੍ਰਹਿ ਮੰਤਰਾਲੇ ਵਲੋਂ ਇੰਡੀਅਨ ਪੁਲਿਸ ਸਰਵਿਸ ਤੋਂ ਸੰਜੀਵ ਭੱਟ ਦੀਆਂ ਸੇਵਾਵਾਂ ਬਰਖ਼ਾਸਤ ਕਰ ਦਿੱਤੀਆਂ ਗਈਆਂ। ਉਸ ਦੇ ਦਾਅਵਿਆਂ ਵਿਚ ਬਹੁਤ ਸਾਰੀਆਂ ਵਿਰੋਧਤਾਈਆਂ ਹੋਣ ਕਾਰਨ, ਸੰਜੀਵ ਭੱਟ ਹਮੇਸ਼ਾ ਵਿਵਾਦਪੂਰਨ ਸ਼ਖਸੀਅਤ ਰਿਹਾ ਹੈ, ਇਹ ਉਸ ਦੇ ਸਹਿਕਰਮੀ ਕਹਿੰਦੇ ਹਨ। ਇਹ ਫਿਰ ਬਹੁਤ ਹੀ ਢੁੱਕਵਾਂ ਸੀ ਕਿ ਅਸ਼ੋਕ ਨਰਾਇਣ ਨੂੰ 2002 ਦੀਆਂ ਹੋਰ ਬੁਝਾਰਤਾਂ ਦੇ ਨਾਲ-ਨਾਲ ਇਹ ਸਵਾਲ ਵੀ ਪੁੱਛਿਆ ਜਾਵੇ।
ਜਦੋਂ ਮੈਂ ਉਸ ਨੂੰ ਮਿਲੀ, ਅਸ਼ੋਕ ਨਰਾਇਣ ਆਪਣੀ ਪਤਨੀ ਨਾਲ ਗਾਂਧੀਨਗਰ ਦੇ ਇਕ ਸੋਹਣੇ ਬੰਗਲੇ ਵਿਚ ਰਹਿ ਰਿਹਾ ਸੀ। ਇਕ ਵਾਰ ਫਿਰ ਗੁਜਰਾਤ ਪੁਲਿਸ ਦੇ ਬਹੁਤ ਹੀ ਫੁਰਤੀਲੇ ਕੰਟਰੋਲ ਰੂਮ ਦੀ ਕ੍ਰਿਪਾ ਨਾਲ ਉਸ ਨੂੰ ਮਿਲਣ ਵਿਚ ਬਹੁਤੀ ਮੁਸ਼ਕਿਲ ਨਹੀਂ ਆਈ। ਮੈਂ ਉਸ ਨੂੰ ਲੈਂਡਲਾਈਨ ਉਪਰ ਫ਼ੋਨ ਮਿਲਾਇਆ ਸੀ ਅਤੇ ਆਪਣੀ ਦਸਤਾਵੇਜ਼ੀ ਫਿਲਮ ਬਾਰੇ ਦੱਸਿਆ ਸੀ। ਮੈਂ ਉਸ ਨੂੰ ਦੱਸਿਆ ਕਿ ਉਸ ਦਾ ਜੀਵਨ ਬਿਓਰਾ ਬਹੁਤ ਪ੍ਰਭਾਵਸ਼ਾਲੀ ਸੀ ਅਤੇ ਮੈਂ ਆਪਣੇ ਸਾਥੀ ਸਮੇਤ ਉਸ ਨੂੰ ਮਿਲਣਾ ਪਸੰਦ ਕਰਾਂਗੀ।
ਜਿਸ ਸ਼ਾਮ ਮੈਂ ਅਸ਼ੋਕ ਨਰਾਇਣ ਨੂੰ ਉਸ ਦੇ ਘਰ ਮਿਲਣ ਜਾਣਾ ਸੀ, ਅਚਾਨਕ ਮੇਰਾ ਧਿਆਨ ਗਿਆ ਕਿ ਮੇਰਾ ਲੈਂਜ਼ ਸਾਲੂਸ਼ਨ ਤਾਂ ਖ਼ਤਮ ਹੋ ਚੁੱਕਾ ਸੀ। ਰਾਤ ਦੇ ਅੱਠ ਵਜੇ ਜਦੋਂ ਜ਼ਰੂਰੀ ਚੀਜ਼ਾਂ ਖ਼ਰੀਦਣੀਆਂ ਵੀ ਮੁਸ਼ਕਿਲ ਹੁੰਦੀਆਂ ਹਨ, ਮੈਂ ਕਿਤਿਓਂ ਲੈਂਜ਼ ਸਾਲੂਸ਼ਨ ਖ਼ਰੀਦਣ ਦੀ ਗੱਲ ਸੋਚ ਵੀ ਨਹੀਂ ਸਕਦੀ ਸੀ। ਮੈਂ ਆਨ-ਲਾਈਨ ਬਦਲਵੇਂ ਸਾਲੂਸ਼ਨ ਲੱਭਣ ਦੀ ਵਾਹ ਲਾਈ। ਕਿਸੇ ਸਾਈਟ ਉਪਰਲੀ ਵਿਚਾਰ-ਚਰਚਾ ਵਿਚ ਆਪਣੇ ਲੈਂਜ਼ਾਂ ਨੂੰ ਲੂਣ ਵਾਲੇ ਪਾਣੀ ਨਾਲ ਸਾਫ਼ ਕਰ ਲੈਣ ਦਾ ਮਸ਼ਵਰਾ ਦਿੱਤਾ ਗਿਆ ਸੀ। ਅਗਲੀ ਸਵੇਰ ਮੈਂ ਚਾਹ ਨਾਲ ਪਾਰਲੇ-ਜੀ ਲੈ ਕੇ ਲੂਣ ਵਾਲੇ ਪਾਣੀ ਦੇ ਪਿਆਲੇ ਵਿਚ ਰੱਖੇ ਲੈਂਜ਼ ਕੱਢੇ ਅਤੇ ਲਗਾ ਲਏ। ਮੇਰੀਆਂ ਅੱਖਾਂ ਵਿਚ ਜਲਣ ਸ਼ੁਰੂ ਹੋ ਗਈ ਅਤੇ ਮੈਨੂੰ ਅਹਿਸਾਸ ਹੋ ਗਿਆ ਕਿ ਮੈਂ ਤਾਂ ਕੰਮ ਹੋਰ ਜ਼ਿਆਦਾ ਵਿਗਾੜ ਲਿਆ ਸੀ। ਮੈਂ ਕਾਲੂ ਭਾਈ ਨੂੰ ਬਰਫ਼ ਦੇ ਟੁਕੜੇ ਲਿਆਉਣ ਲਈ ਕਿਹਾ। ਜਲਣ ਅਤੇ ਸੁੱਜ ਕੇ ਲਾਲ ਹੋਈਆਂ ਅੱਖਾਂ ਵਾਲੀ ਹਾਲਤ ਵਿਚ ਹੀ, ਮੈਂ ਟੈਕਸੀ ਕੀਤੀ ਅਤੇ ਟੈਕਸੀ ਵਾਲੇ ਦੇ ਹੱਥ ਨਰਾਇਣ ਦੇ ਘਰ ਦਾ ਸਿਰਨਾਵਾਂ ਫੜਾ ਦਿੱਤਾ। ਰਸਤੇ ਵਿਚ ਮੈਨੂੰ ਅਜੇ ਦਾ ਮੈਸੇਜ ਆਇਆ ਕਿ ਉਹ ਗਾਂਧੀਨਗਰ ਵਿਚ ਸੀ ਅਤੇ ਇਹ ਪਤਾ ਕਰਨਾ ਚਾਹੁੰਦਾ ਸੀ ਕਿ ਮੈਂ ਨੇੜੇ-ਤੇੜੇ ਹੀ ਹਾਂ। ਨਰਾਇਣ ਦੀ ਪਤਨੀ, ਇਕ ਜ਼ਿੰਦਾਦਿਲ ਸ਼ਖਸੀਅਤ ਨੇ ਮੈਨੂੰ ਜੀ ਆਇਆਂ ਨੂੰ ਕਿਹਾ। ਉਸ ਨੇ ਮੈਨੂੰ ਉਹ ਨਮਕੀਨ ਖੁਆ ਕੇ ਹੀ ਦਮ ਲਿਆ ਜੋ ਉਸ ਨੇ ਕਿਸੇ ਮਸ਼ਹੂਰ ਦੁਕਾਨ ਤੋਂ ਹੁਣੇ ਜਿਹੇ ਹੀ ਖ਼ਰੀਦਿਆ ਸੀ। ਮੈਨੂੰ ਦੱਸਿਆ ਗਿਆ ਕਿ ਅਸ਼ੋਕ ਨਰਾਇਣ ਜੋ 70ਵਿਆਂ ਦੀ ਉਮਰ ਦਾ ਬਜ਼ੁਰਗ ਸੀ, ਤਿਆਰ ਹੋ ਰਹੇ ਸਨ। ਸਾਡੇ ਚਾਹ ਪੀਂਦੇ-ਪੀਂਦੇ ਮੇਰੀ ਪਰਿਵਾਰਕ ਜ਼ਿੰਦਗੀ, ਨਾਲ ਹੀ ਕਾਨਪੁਰ ਵਿਚਲੇ ਮੇਰੇ ਜ਼ੱਦੀ ਘਰ ਅਤੇ ਮੇਰੇ ਵਿਆਹ ਦੀ ਸੰਭਾਵਨਾ ਨੂੰ ਲੈ ਕੇ ਚਰਚਾ ਹੁੰਦੀ ਰਹੀ। ਉਹ ਸਾਧਾਰਨ, ਪੜ੍ਹੀ-ਲਿਖੀ ਮੱਧ ਵਰਗੀ ਔਰਤ ਸੀ ਜੋ ਘਰੇਲੂ ਜ਼ਿੰਦਗੀ ਦਾ ਆਨੰਦ ਮਾਣ ਰਹੀ ਸੀ। ਉਸ ਦੀਆਂ ਧੀਆਂ ਵਿਦੇਸ਼ ਵਿਚ ਸਨ। ਉਸ ਨੇ ਮੈਨੂੰ ਆਪਣੀਆਂ ਦੋਹਾਂ ਧੀਆਂ ਦੀਆਂ ਤਸਵੀਰਾਂ ਦਿਖਾਈਆਂ ਅਤੇ ਅਗਲੀ ਵਾਰ ਆਉਣ ‘ਤੇ ਉਨ੍ਹਾਂ ਦੇ ਵਿਆਹ ਦੀਆਂ ਐਲਬਮ ਦਿਖਾਉਣ ਦੀ ਪੇਸ਼ਕਸ਼ ਵੀ ਕੀਤੀ।
ਅਸ਼ੋਕ ਨਰਾਇਣ ਗਰਮਜੋਸ਼ੀ ਨਾਲ ਹੈਲੋ ਕਹਿੰਦਿਆਂ ਕਮਰੇ ਵਿਚ ਆਇਆ ਅਤੇ ਇਹ ਪਤਾ ਲਾਉਣ ‘ਚ ਜੁੱਟ ਗਿਆ ਕਿ ਉਸ ਦੀ ਗ਼ੈਰਹਾਜ਼ਰੀ ਵਿਚ ਉਸ ਦੀ ਪਤਨੀ ਨੇ ਮੇਰੀ ਪੂਰੀ ਖ਼ਾਤਰਦਾਰੀ ਕੀਤੀ ਸੀ ਜਾਂ ਨਹੀਂ। ਅਸ਼ੋਕ ਜੀ ਕਾਫ਼ੀ ਬਜ਼ੁਰਗ ਸਨ ਜਾਂ ਸ਼ਾਇਦ ਮੇਰੇ ਪਿਤਾ ਜੀ ਤੋਂ ਵੀ ਵੱਧ ਉਮਰ ਦੇ ਸਨ, ਰੱਬ ਨੂੰ ਮੰਨਣ ਵਾਲਾ ਅਜਿਹਾ ਇਨਸਾਨ ਜੋ ਜੀਓ ਅਤੇ ਜਿਉਣ ਦਿਓ ਦੀ ਧਾਰਨਾ ਵਿਚ ਯਕੀਨ ਰੱਖਦਾ ਸੀ। ਸਾਹਿਤ ਅਤੇ ਮਿਥਹਾਸ ਬਾਰੇ ਉਸ ਦੇ ਇਲਮ ਤੋਂ ਮੈਂ ਹੈਰਾਨ ਰਹਿ ਗਈ। ਉਹ ਸ਼ਾਇਰ ਵੀ ਸੀ ਜੋ ਉਰਦੂ ਸ਼ਾਇਰੀ ਨੂੰ ਮੁਹੱਬਤ ਕਰਦਾ ਸੀ ਅਤੇ ਖ਼ੁਦ ਵੀ ਦੋ ਕਿਤਾਬਾਂ ਲਿਖ ਚੁੱਕਾ ਸੀ।
ਮੈਂ ਉਰਦੂ ਲੇਖਕ ਦੀ ਧੀ ਸੀ ਜਿਸ ਨੂੰ ਉਸ ਦੀਆਂ ਰਚਨਾਵਾਂ ਲਈ ਸਨਮਾਨ ਮਿਲ ਚੁੱਕੇ ਸਨ, ਤੇ ਮੈਂ ਆਪਣੇ ਘਰ ਮਹਿਫ਼ਿਲਾਂ ਅਤੇ ਮੁਸ਼ਾਇਰਿਆਂ ਦੌਰਾਨ ਜਵਾਨ ਹੋਈ ਸੀ। ਅਸ਼ੋਕ ਨਰਾਇਣ ਨੂੰ ਅੱਗਿਉਂ ਉਰਦੂ ਸ਼ੇਅਰੋ-ਸ਼ਾਇਰੀ ਵਿਚ ਜਵਾਬ ਦੇਣ ਦੀ ਪੁਰਜ਼ੋਰ ਤਲਬ ਤਾਂ ਹੋਈ, ਪਰ ਮੈਨੂੰ ਐਸਾ ਕਰਨ ਤੋਂ ਗੁਰੇਜ਼ ਕਰਨਾ ਪਿਆ। ਮੈਥਿਲੀ ਸੰਸਕ੍ਰਿਤ ਦੇ ਰੂੜ੍ਹੀਵਾਦੀ ਉਸਤਾਦ ਦੀ ਬੇਟੀ ਸੀ ਅਤੇ ਵਿਦੇਸ਼ ਵਿਚ ਰਹਿੰਦੀ ਸੀ। ਨਾਲ ਹੀ ਮੈਥਿਲੀ ਨੂੰ, ਖ਼ਾਸ ਕਰ ਕੇ ਉਸ ਦੀ ਸ਼ਨਾਖ਼ਤ ਦੇ ਹਿੱਸੇ ਵਜੋਂ ਮੁਸਲਮਾਨ ਫਿਰਕੇ ਦੇ ਤੌਰ ‘ਤੇ ਉਂਞ ਹੀ ਪਿਆਰੇ ਨਹੀਂ ਸਨ।
ਪਰ ਨਰਾਇਣ ਨੇ ਉਸ ਤਰ੍ਹਾਂ ਦਾ ਭੋਰਾ ਵੀ ਕੱਟੜਪੁਣਾ ਨਾ ਦਿਖਾਇਆ ਜੋ ਗੁਜਰਾਤ ਹਿੰਸਾ ਵਿਚ ਕਥਿਤ ਤੌਰ ‘ਤੇ ਸ਼ਾਮਲ ਅਫਸਰਾਂ ਨਾਲ ਜੁੜਿਆ ਹੋਇਆ ਸੀ। ਧਰਮ ਦੇ ਸਵਾਲ ਉਪਰ ਉਹ ਉਦਾਰ ਖ਼ਿਆਲਾਂ ਦਾ ਸੀ ਅਤੇ ਉਸ ਰਾਤ ਉਸ ਨੇ ਮੈਨੂੰ ਰੂਹਾਨੀਅਤ ਬਾਰੇ ਇਕ ਈ-ਬੁੱਕ ਮੇਲ ਕੀਤੀ। ਮੈਂ ਉਸ ਨੂੰ ਦੱਸਿਆ ਸੀ ਕਿ ਮੈਨੂੰ ਅਕਸਰ ਚਿੰਤਾ-ਰੋਗ ਦੇ ਦੌਰੇ ਪੈਂਦੇ ਹਨ। ਉਸ ਵਿਚ ਮੈਨੂੰ ਐਸਾ ਮਨੁੱਖ ਮਿਲਿਆ ਜਿਸ ਦੇ ਦਿਲ ਵਿਚ ਦੂਜੇ ਬੰਦਿਆਂ, ਸੰਸਕ੍ਰਿਤੀਆਂ ਅਤੇ ਧਰਮਾਂ ਦਾ ਸਤਿਕਾਰ ਸੀ। ਇਸ ਤੋਂ ਮੈਂ ਹੋਰ ਵੀ ਆਸ਼ਾਵਾਦੀ ਹੋ ਗਈ ਕਿ ਉਸ ਤੋਂ ਗੁਜਰਾਤ ਹਿੰਸਾ ਅਤੇ ਫਰਜ਼ੀ ਮੁਕਾਬਲਿਆਂ ਦੌਰਾਨ ਦੀਆਂ ਘਟਨਾਵਾਂ ਬਾਰੇ ਜਾਣਕਾਰੀ ਕਢਵਾਈ ਜਾ ਸਕਦੀ ਹੈ। ਉਸ ਨੇ ਦੱਸਿਆ ਕਿ ਗੁਜਰਾਤ ਦੇ ਗ੍ਰਹਿ ਸਕੱਤਰ ਵਜੋਂ ਉਸ ਨੇ ਦ੍ਰਿੜਤਾ ਨਾਲ ਕਿਹਾ ਸੀ ਕਿ ਪ੍ਰਵੀਨ ਤੋਗੜੀਆ ਵਲੋਂ ਜਥੇਬੰਦ ਕੀਤੀ ਰੈਲੀ ਸਮੇਤ ਕਿਸੇ ਨੂੰ ਵੀ ਸਿਆਸੀ ਰੈਲੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਸ ਨੇ ਇਹ ਵੀ ਕਿਹਾ ਕਿ ਉਹ ਗੁਜਰਾਤ ਦੇ ਬਿਹਤਰੀਨ ਅਫ਼ਸਰਾਂ ਵਿਚੋਂ ਇਕ ਰਾਹੁਲ ਸ਼ਰਮਾ ਦੀ ਮੁਅੱਤਲੀ ਦੇ ਖ਼ਿਲਾਫ਼ ਸੀ, ਹਿੰਸਾ ਤੋਂ ਛੇਤੀ ਬਾਅਦ ਉਸ ਨੂੰ ਮੋਦੀ ਦੀ ਅਗਵਾਈ ਹੇਠ ਸਰਕਾਰ ਵਲੋਂ ਮੁਅੱਤਲ ਕਰ ਦਿੱਤਾ ਗਿਆ ਸੀ।
ਇਹ ਗੱਲਾਂ ਚਾਰ ਦਿਨ ਚਲਦੀਆਂ ਰਹੀਆਂ, ਜ਼ਿਆਦਾਤਰ ਚਾਹ ਪੀਂਦਿਆਂ ਅਤੇ ਇਕ ਮੌਕੇ ‘ਤੇ ਉਸ ਦੀ ਪਤਨੀ ਵਲੋਂ ਬਣਾਏ ਦੁਪਹਿਰ ਦੇ ਖਾਣੇ ਮੌਕੇ। ਉਨ੍ਹਾਂ ਮੇਰੇ ਨਾਲ ਆਪਣੇ ਪਰਿਵਾਰ ਦੇ ਜੀਅ ਵਾਂਗ ਵਰਤਾਓ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹ ਅਕਸਰ ਕਹਿੰਦੇ ਕਿ ਮੈਂ ਘਰ ਵਿਚ ਧੀਆਂ ਦੀ ਗ਼ੈਰਹਾਜ਼ਰੀ ਵਿਚ ਉਨ੍ਹਾਂ ਦੀ ਥਾਂ ਲੈ ਲਈ ਸੀ। ਜਦੋਂ ਮੈਂ ਇਹ ਸੁਣਿਆ ਕਿ ਮੋਦੀ ਦੀ ਅਗਵਾਈ ਹੇਠ ਸੂਬਾਈ ਰਾਜਤੰਤਰ ਵਲੋਂ ਗੁਜਰਾਤ ਦੀ ਹਿੰਸਾ ਨੂੰ ਦਾਅ ਪੇਚਕ ਹੱਲਾਸ਼ੇਰੀ ਦੇਣ ਵਿਰੁੱਧ ਡੱਟਣ ਸਮੇਂ ਅਸ਼ੋਕ ਨਰਾਇਣ ਨੇ ਦ੍ਰਿੜ ਨਿਹਚਾ ਨਹੀਂ ਦਿਖਾਈ ਤਾਂ ਮੇਰਾ ਦਿਲ ਅੰਦਰੋ-ਅੰਦਰੀ ਰੋਂਦਾ ਰਿਹਾ। ਇਹ ਮੇਰੇ ਵਲੋਂ ਕੱਢਿਆ ਨਤੀਜਾ ਨਹੀਂ ਸੀ। ਇਹ ਖ਼ੁਦ ਅਸ਼ੋਕ ਨਰਾਇਣ ਨੇ ਭਰਪੂਰ ਸ਼ਬਦਾਂ ਵਿਚ ਬਿਆਨ ਕੀਤਾ ਸੀ।
ਜਿਸ ਦਿਨ ਮੈਂ ਨਰਾਇਣ ਪਰਿਵਾਰ ਦੇ ਘਰ ਦੁਪਹਿਰ ਦਾ ਖਾਣਾ ਖਾਣਾ ਸੀ, ਮੈਂ ਇਸ ਜੋੜੀ ਨੂੰ ਦੋ ਕੁ ਘੰਟੇ ਗੱਲਬਾਤ ਲਈ ਦੇਣ ਲਈ ਕਿਹਾ ਸੀ ਤਾਂ ਜੋ ਉਨ੍ਹਾਂ ਦੇ ਰੇਖਾ ਚਿੱਤਰ ਸਿਰਜਣ ਲਈ ਮੇਰੇ ਕੋਲ ਚੋਖੀ ਸਮੱਗਰੀ ਹੋ ਜਾਵੇ। ਇਸ ਵਾਰ ਮੈਂ ਮਨਭਾਉਂਦਾ ਹਰਾ ਕੁੜਤਾ ਪਹਿਨਿਆ ਅਤੇ ਸ਼ਾਲ ਦੀ ਬੁੱਕਲ ਮਾਰ ਲਈ। ਮੈਂ ਜੋ ਘੜੀ ਬੰਨ੍ਹੀ ਹੋਈ ਸੀ, ਜਦੋਂ ਵੀ ਉਸ ਵਿਚ ਲੱਗਿਆ ਕੈਮਰਾ ਚੱਲਦਾ ਤਾਂ ਇਸ ਵਿਚ ਮੱਧਮ ਜਿਹਾ ਚਾਨਣ ਹੋ ਜਾਂਦਾ ਸੀ। ਮੇਰੇ ਕੋਲ ਜੋ ਡਾਇਰੀ ਸੀ, ਉਸ ਵਿਚ ਵੀ ਕੈਮਰਾ ਲੱਗਿਆ ਹੋਇਆ ਸੀ। ਕੋਈ ਵੀ ਕਦੇ ਇਨ੍ਹਾਂ ਮਿਲਣੀਆਂ ਦਾ ਮੌਕਾ ਗੁਆ ਲੈਣ ਦਾ ਜੋਖ਼ਮ ਨਹੀਂ ਲੈਣਾ ਚਾਹੁੰਦਾ, ਇਸੇ ਕਰ ਕੇ ਪੇਸ਼ੇਵਰਾਂ ਨੂੰ ਕਈ ਕਈ ਜਾਸੂਸੀ ਕੈਮਰਿਆਂ ਨਾਲ ਲੈਸ ਹੋ ਕੇ ਜਾਣ ਦਾ ਮਸ਼ਵਰਾ ਦਿੱਤਾ ਜਾਂਦਾ ਹੈ।
ਜਦੋਂ ਮੈਂ ਉਨ੍ਹਾਂ ਦੇ ਘਰ ਪਹੁੰਚੀ, ਦੁਪਹਿਰ ਦਾ ਖਾਣਾ ਤਿਆਰ ਸੀ। ਉਸ ਦਿਨ ਮੈਂ ਉਸ ਦੀਆਂ ਗੁਜਰਾਤ ਦਾ ਗ੍ਰਹਿ ਸਕੱਤਰ ਹੋਣ ਸਮੇਂ ਦੀਆਂ ਸਭ ਤੋਂ ਅਹਿਮ ਜ਼ਿੰਮੇਵਾਰੀਆਂ ਬਾਰੇ ਗੱਲਬਾਤ ਕਰਨੀ ਸ਼ੁਰੂ ਕੀਤੀ। ਮਾਹੌਲ ਪੂਰਾ ਢੁੱਕਵਾਂ ਸੀ। ਮੈਂ ਵਿਸ਼ਾ ਇਸ ਤਰੀਕੇ ਨਾਲ ਛੋਹਿਆ ਸੀ ਜੋ ਖਾਣੇ ਉਪਰ ਹਲਕੀ-ਫੁਲਕੀ ਗੱਲਬਾਤ ਹੀ ਜਾਪਦਾ ਸੀ। ਨਰਾਇਣ ਲਗਾਤਾਰ ਬੋਲਦਾ ਗਿਆ।
ਜਿਸ ਵਕਤ ਅਸੀਂ ਖਾਣੇ ਤੋਂ ਬਾਅਦ ਦੀ ਚਾਹ ਪੀਣ ਬੈਠੇ, ਉਸ ਨੇ ਇਹ ਵੇਰਵੇ ਦੱਸਣੇ ਸ਼ੁਰੂ ਕਰ ਦਿੱਤੇ ਸਨ ਕਿ ਮੋਦੀ ਨੇ ਹਿੰਸਾ ਨਾਲ ਕਿਵੇਂ ਨਜਿੱਠਿਆ। ਮੈਂ ਟਿੱਪਣੀ ਕੀਤੀ, Ḕਤੁਸੀਂ ਜਾਣਦੇ ਹੋ ਨਰਾਇਣ ਜੀ, ਪਿਛਲੇ ਇਕ ਹਫ਼ਤੇ ਤੋਂ ਮੈਂ ਤੁਹਾਡੇ ਬਾਰੇ ਗੂਗਲ ਉਪਰ ਸਰਚ ਕਰ ਰਹੀ ਹਾਂ ਅਤੇ ਤੁਹਾਡੇ ਨਾਂ ਨਾਲ ਜੁੜ ਕੇ ਗੁਜਰਾਤ ਹਿੰਸਾ, ਮੋਦੀ, ਵੱਖੋ-ਵੱਖਰੇ ਕਮਿਸ਼ਨਾਂ ਬਾਰੇ ਬਹੁਤ ਸਾਰੇ ਲਿੰਕ ਸਾਹਮਣੇ ਆ ਜਾਂਦੇ ਹਨ। ਮੇਰੇ ਲਈ ਇਹ ਬਹੁਤ ਹੀ ਝੰਜੋੜਨ ਵਾਲਾ ਮਾਮਲਾ ਰਿਹਾ ਹੈ ਅਤੇ ਮੈਂ ਦਾਅਵੇ ਨਾਲ ਕਹਿ ਸਕਦੀ ਹਾਂ ਕਿ ਤੁਹਾਡੇ ਲਈ ਵੀ ਐਸੇ ਵਿਵਾਦਪੂਰਨ ਬੰਦੇ ਨਾਲ ਨਜਿੱਠਣਾ ਬਹੁਤ ਮੁਸ਼ਕਿਲ ਰਿਹਾ ਹੋਵੇਗਾ ਜੋ ਗੁਜਰਾਤ ਹਿੰਸਾ ਦੌਰਾਨ ਤਕਰੀਬਨ ਗ਼ਲਤ ਧਿਰ ਦੇ ਨਾਲ ਖੜ੍ਹਾ ਸੀ। ਤੁਹਾਡੇ ਵਰਗੇ ਐਨੇ ਆਦਰਸ਼ਵਾਦੀ, ਐਨੇ ਦਰਦਮੰਦ ਇਨਸਾਨ ਨੂੰ ਜਿਸ ਵਿਚੋਂ ਗੁਜ਼ਰਨਾ ਪਿਆ ਹੋਵੇਗਾ, ਉਸ ਦੀ ਮੈਂ ਸਿਰਫ਼ ਕਲਪਨਾ ਕਰਨ ਦਾ ਯਤਨ ਹੀ ਕਰ ਸਕਦੀ ਹਾਂ।’
ਤੇ ਗੱਲਬਾਤ ਇੰਞ ਸ਼ੁਰੂ ਹੋਈ:
ਸਵਾਲ: ਮੁੱਖ ਮੰਤਰੀ ਨੇ ਤੁਹਾਨੂੰ ਜਦੋਂ ਸੰਜਮ ਵਰਤਣ ਲਈ ਕਿਹਾ ਹੋਵੇਗਾ (ਹਿੰਸਾ ‘ਤੇ ਕਾਬੂ ਪਾਉਣ ਦੌਰਾਨ), ਉਦੋਂ ਤਾਂ ਤੁਹਾਨੂੰ ਬਹੁਤ ਗੁੱਸਾ ਆਇਆ ਹੋਵੇਗਾ?
ਜਵਾਬ: ਉਨ੍ਹਾਂ ਨੇ ਐਸਾ ਨਹੀਂ ਕੀਤਾ। ਉਹ ਕਦੇ ਕਾਗਜ਼ ਉਪਰ ਕੁਝ ਨਹੀਂ ਲਿਖਦੇ ਸਨ। ਉਨ੍ਹਾਂ ਕੋਲ ਆਪਣੇ ਲੋਕ ਹਨ ਅਤੇ ਉਨ੍ਹਾਂ ਲੋਕਾਂ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਜ਼ਰੀਏ ਹੀ ਗ਼ੈਰਰਸਮੀ ਰਸਤਿਆਂ ਤੋਂ ਉਨ੍ਹਾਂ ਦੇ ਸੁਨੇਹੇ ਹੇਠਲੇ ਦਰਜੇ ਦੇ ਪੁਲਿਸ ਅਫ਼ਸਰਾਂ ਤਕ ਪੁੱਜਦੇ ਸਨ।
ਸਵਾਲ: ਐਸੇ ਹਾਲਾਤ ਵਿਚ ਤੁਸੀਂ ਤਾਂ ਬੇਵੱਸ ਮਹਿਸੂਸ ਕਰ ਰਹੇ ਹੋਵੋਗੇ?
ਜਵਾਬ: ਬਿਲਕੁਲ। ਫਿਰ ਅਸੀਂ ਕਹਿੰਦੇ, “ਓਹ, ਇੰਞ ਕਿਵੇਂ ਹੋ ਗਿਐ” ਪਰ ਉਦੋਂ ਤਾਂ ਸਭ ਕੁਝ ਹੋ ਚੁੱਕਾ ਹੁੰਦਾ ਸੀ।
ਸਵਾਲ: ਤੇ ਜਾਂਚ ਕਮਿਸ਼ਨਾਂ ਕੋਲ ਕੋਈ ਸਬੂਤ ਨਹੀਂ?
ਜਵਾਬ: ਕਈ ਵਾਰ ਤਾਂ ਖੁਦ ਮੰਤਰੀ ਸੜਕ ਉਤੇ ਖੜ੍ਹੇ ਹੋ ਕੇ ਹਿੰਸਾ ਭੜਕਾਉਂਦੇ ਸਨ। ਇਕ ਐਸੀ ਹੀ ਘਟਨਾ ਉਦੋਂ ਹੋਈ ਜਦੋਂ ਮੈਂ ਉਨ੍ਹਾਂ ਦੇ ਕਮਰੇ ਵਿਚ ਬੈਠਾ ਹੋਇਆ ਸੀ ਅਤੇ ਮੈਨੂੰ ਫ਼ੋਨ ਆਇਆ। ਮੈਂ ਉਨ੍ਹਾਂ ਨੂੰ ਦੱਸਿਆ ਕਿ ਇਕ ਮੰਤਰੀ ਐਸਾ ਕਰ ਰਿਹਾ ਹੈ। ਉਨ੍ਹਾਂ ਨੇ ਆਪ ਫ਼ੋਨ ਲਗਾ ਕੇ ਉਸ ਨਾਲ ਗੱਲ ਕੀਤੀ। ਘੱਟੋ-ਘੱਟ ਉਸ ਵਾਰ ਤਾਂ ਉਨ੍ਹਾਂ (ਮੋਦੀ) ਨੇ (ਕਿਸੇ ਨੂੰ) ਫ਼ੋਨ ਕੀਤਾ ਹੀ।
ਸਵਾਲ: ਭਾਜਪਾ ਦਾ ਮੰਤਰੀ ਸੀ?
ਜਵਾਬ: ਹਾਂ, ਉਨ੍ਹਾਂ ਦਾ ਆਪਣਾ ਮੰਤਰੀ ਸੀ।
ਸਵਾਲ: ਉਥੇ ਕੋਈ ਮਾਇਆ ਕੋਡਨਾਨੀ ਵੀ ਸੀ। ਮੈਂ ਸੁਣਿਆ, ਉਹ ਪੂਰੀ ਤਰ੍ਹਾਂ ਸਰਕਾਰ ਵਿਰੋਧੀ ਹੋ ਗਈ ਹੈ।
ਜਵਾਬ: ਹਾਂ, ਉਹ ਉਥੇ ਹੋਵੇਗੀ।
ਸਵਾਲ: ਜਨੂੰਨੀ ਮਾਹੌਲ ਸੀ?
ਜਵਾਬ: ਮੈਂ ਤੁਹਾਨੂੰ ਸਿੱਧੇ ਅਨੁਭਵ ਦੀ ਗੱਲ ਸੁਣਾਉਂਦਾ ਹਾਂ। ਮੈਂ ਇਕ ਐਸੇ ਮੁਸਲਿਮ ਸਿਵਲ ਸਰਵਿਸਜ਼ ਅਫ਼ਸਰ, ਪ੍ਰਸ਼ਾਸਨਿਕ ਅਫ਼ਸਰ ਨੂੰ ਜਾਣਦਾ ਹਾਂ। ਉਸ ਨੇ ਮੈਨੂੰ ਫ਼ੋਨ ਕੀਤਾ ਅਤੇ ਕਿਹਾ- ਸਰ, ਮੇਰੀ ਜਾਨ ਬਚਾ ਲਓ, ਮੇਰੇ ਘਰ ਨੂੰ ਘੇਰਾ ਪਾਇਆ ਜਾ ਰਿਹਾ ਹੈ। ਮੈਂ ਪੁਲਿਸ ਕਮਿਸ਼ਨਰ ਨੂੰ ਫ਼ੋਨ ਕੀਤਾæææ ਉਸ ਨੇ ਇਹ ਮਾਮਲਾ ਦਰਜ ਕੀਤਾ ਜਾਂ ਨਹੀਂ, ਪਰ ਮੈਂ ਇਹ ਜਾਣਦਾ ਹਾਂ, ਉਸ ਬੰਦੇ ਦੀ ਜਾਨ ਬਚ ਗਈ। ਅਗਲੇ ਦਿਨ ਅਫ਼ਸਰ ਨੇ ਮੈਨੂੰ ਫ਼ੋਨ ਕੀਤਾ ਅਤੇ ਕਿਹਾ- ਸਰ ਕੱਲ੍ਹ ਤਾਂ ਮੈਂ ਜਿਵੇਂ ਕਿਵੇਂ ਬਚ ਗਿਆ, ਪਰ ਅੱਜ ਇਹ ਸੰਭਵ ਨਹੀਂ ਲੱਗਦਾ।
ਸੋ ਮੈਂ ਦੁਬਾਰਾ ਕਮਿਸ਼ਨਰ ਨੂੰ ਫ਼ੋਨ ਕੀਤਾ ਤੇ ਉਸ ਦੀ ਜਾਨ ਬਚਾਉਣ ਲਈ ਕਿਹਾ। ਪੰਦਰਾਂ ਦਿਨ ਬਾਅਦ ਉਹ ਅਫ਼ਸਰ ਮੇਰੇ ਕੈਬਿਨ ਵਿਚ ਆਇਆ। ਉਸ ਨੇ ਦੱਸਿਆ- ਸਰ, ਪੂਰੀ ਬਸਤੀ ਵਿਚ ਇਹੀ ਕਹਾਣੀ ਸੀ। ਹਿੰਦੂ ਬਹੁ-ਗਿਣਤੀ ‘ਚ ਸਨ ਅਤੇ ਮੁਸਲਮਾਨਾਂ ਨੂੰ ਮਾਰਿਆ ਜਾ ਰਿਹਾ ਸੀ। ਉਸ ਨੇ ਮੈਨੂੰ ਦੱਸਿਆ- Ḕਜਦੋਂ ਤੁਸੀਂ ਫ਼ੋਨ ਕੀਤਾ, ਪੁਲਿਸ ਫੋਰਸ ਆ ਗਈ ਅਤੇ ਇਕ ਮੰਤਰੀ ਉਥੇ ਖੜ੍ਹਾ ਹਜੂਮ ਦੀ ਅਗਵਾਈ ਕਰ ਰਿਹਾ ਸੀ। ਪੁਲਿਸ ਅਫ਼ਸਰ ਨੇ ਉਸ ਨੂੰ ਸਲੂਟ ਮਾਰਿਆ। ਉਸ ਨੇ ਪੁਲਿਸ ਅਫ਼ਸਰ ਵੱਲ ਦੇਖਿਆ ਅਤੇ ਉਸ ਨੂੰ ਦੱਸਿਆ ਕਿ ਉਥੇ ਸਭ ਕੁਝ ਠੀਕ-ਠਾਕ ਹੈ। ਬਾਅਦ ਵਿਚ ਕਿਵੇਂ ਨਾ ਕਿਵੇਂ ਇਕ ਪੁਲਿਸ ਅਫ਼ਸਰ ਨੇ ਮੈਨੂੰ ਪਛਾਣ ਲਿਆ ਅਤੇ ਮੇਰੀ ਜਾਨ ਬਚਾ ਲਈ।’
ਸਵਾਲ: ਇਹ ਮੰਤਰੀ ਜੇਲ੍ਹ ਦੀਆਂ ਸੀਖਾਂ ਪਿੱਛੇ ਹੈ?
ਜਵਾਬ: ਉਹ ਸਾਰੇ ਬਾਹਰ ਤੁਰੇ ਫਿਰਦੇ ਹਨ, ਪਰ ਕਿਸੇ ਨਾ ਕਿਸੇ ਨੂੰ ਤਾਂ ਇਹ ਕਰਨਾ ਹੀ ਪਵੇਗਾ। ਜਦੋਂ ਤਕ ਕੋਈ ਗਵਾਹੀ ਨਹੀਂ ਦਿੰਦਾ, ਕੋਈ ਐਸਾ ਕਿਵੇਂ ਕਰ ਸਕਦਾ ਹੈ?
ਸਵਾਲ: ਕਿਸੇ ਵਿਚ ਐਸਾ ਕਰਨ ਦੀ ਹਿੰਮਤ ਨਹੀਂ?
ਜਵਾਬ: ਕਿਸੇ ਵਿਚ ਵੀ ਐਸਾ ਕਰਨ ਦੀ ਹਿੰਮਤ ਨਹੀਂ।
ਸਵਾਲ: ਆਖ਼ਰਕਾਰ ਮੰਤਰੀਆਂ ਦੇ ਖ਼ਿਲਾਫ਼ ਕਾਰਵਾਈ ਕੌਣ ਕਰੇਗਾ?
ਜਵਾਬ: ਮੈਂ ਤੁਹਾਨੂੰ ਇਕ ਗੱਲ ਦੱਸਦਾ ਹਾਂ। ਗ੍ਰਹਿ ਸਕੱਤਰ ਤੋਂ ਬਾਅਦ ਮੈਂ ਵਿਜੀਲੈਂਸ ਵਿਭਾਗ ਦਾ ਸਕੱਤਰ ਬਣਿਆ। ਤੁਸੀਂ ਜਾਣਦੇ ਹੋ ਕਿ ਹਰ ਸੂਬੇ ਵਿਚ ਲੋਕ ਆਯੁਕਤ ਹੁੰਦਾ ਹੈ ਜੋ ਮੰਤਰੀਆਂ ਉਤੇ ਨਿਗਰਾਨੀ ਰੱਖਦਾ ਹੈ। ਇਕ ਦਿਨ ਮੈਂ ਉਨ੍ਹਾਂ ਕੋਲ ਗਿਆ। ਇਮਾਨਦਾਰੀ ਨਾਲ ਕਹਾਂ ਤਾਂ ਏæਸੀæ ਕਮਰੋਂ ਮੇਂ ਮੱਖੀਆਂ ਨਹੀਂ ਹੋਤਾ, ਵਰਨਾ ਮੈਂ ਉਸ ਬਾਬਤ ਯੇ ਹੀ ਕਹਤਾ, ਕੀ ਵੋਹ ਮੱਖੀਆਂ ਮਾਰ ਰਹੇ ਥੇ। ਮੈਂ ਪੁੱਛਿਆ- ਕੀ ਹੋ ਰਿਹਾ ਹੈ। ਉਹ ਬੋਲਿਆ- ਸਰ ਕੀ ਕਰੀਏ। ਮੰਤਰੀਆਂ ਦੇ ਖ਼ਿਲਾਫ਼ ਕੋਈ ਸ਼ਿਕਾਇਤ ਹੀ ਨਹੀਂ ਕਰਦਾ। ਜਦੋਂ ਭ੍ਰਿਸ਼ਟਾਚਾਰ ਅਤੇ ਰਿਸ਼ਵਤਖ਼ੋਰੀ ਦੇ ਮਾਮਲਿਆਂ ਵਿਚ ਲੋਕ ਮੰਤਰੀਆਂ ਨੂੰ ਚੁਣੌਤੀ ਦੇਣ ਲਈ ਤਿਆਰ ਹੀ ਨਹੀਂ ਹਨ, ਤਾਂ ਫ਼ਸਾਦਾਂ ਵਿਚ ਲੱਗੇ ਮੰਤਰੀਆਂ ਦੇ ਖ਼ਿਲਾਫ਼ ਜਾਣ ਦੀ ਹਿੰਮਤ ਉਹ ਕਿਵੇਂ ਜੁਟਾਉਣਗੇ। ਕਿਸ ਕੀ ਸ਼ਾਮਤ ਆਈ ਹੈ।
ਉਂਞ ਵੀ ਉਹ ਸਾਹਮਣੇ ਨਹੀਂ ਆਉਂਦੇ। ਉਹ ਇੰਨੇ ਚਲਾਕ ਨੇ ਅਤੇ ਫ਼ੋਨ ਉਤੇ ਏਨੀ ਚਤੁਰਾਈ ਨਾਲ ਗੱਲ ਕਰਦੇ ਹਨ- ਉਹ ਅਫ਼ਸਰਾਂ ਨੂੰ ਫ਼ੋਨ ਕਰ ਕੇ ਕਹਿੰਦੇ ਹਨ, “ਅੱਛਾ, ਉਸ ਇਲਾਕੇ ਦਾ ਖ਼ਿਆਲ ਰੱਖਣਾ।”
ਆਮ ਬੰਦੇ ਲਈ ਇਸ ਦਾ ਮਤਲਬ ਹੈ ਕਿ “ਖ਼ਿਆਲ ਰੱਖਣਾ ਉਸ ਇਲਾਕੇ ਵਿਚ ਫ਼ਸਾਦ ਨਾ ਹੋ ਸਕਣ” ਪਰ ਇਸ ਦਾ ਅਸਲ ਭਾਵ ਇਹ ਹੁੰਦਾ ਹੈ ਕਿ ਖ਼ਿਆਲ ਰੱਖਿਓ, ਉਸ ਇਲਾਕੇ ਵਿਚ ਫ਼ਸਾਦ ਲਾਜ਼ਮੀ ਕਰਵਾਉਣੇ ਹਨ।
ਉਹ ਖ਼ੁਦ ਕੋਈ ਕੰਮ ਨਹੀਂ ਕਰਦੇ, ਇਸ ਦੇ ਲਈ ਉਨ੍ਹਾਂ ਕੋਲ ਏਜੰਟਾਂ-ਦਰ-ਏਜੰਟਾਂ ਦਾ ਪੂਰਾ ਸਿਲਸਿਲਾ ਹੈ।
ਅੱਛਾ ਫਿਰ ਤੁਸੀਂ ਦੇਖੋਗੇ ਕਿ ਐਫ਼æਆਈæਆਰæ ਹਜੂਮ ਦੇ ਖ਼ਿਲਾਫ਼ ਦਰਜ ਕੀਤੀਆਂ ਜਾਂਦੀਆਂ ਹਨ। ਹੁਣ ਤੁਸੀਂ ਹਜੂਮ ਨੂੰ ਕਿਵੇਂ ਗ੍ਰਿਫ਼ਤਾਰ ਕਰੋਗੇ?
ਸਵਾਲ: ਤਾਂ ਕੀ ਫ਼ਸਾਦਾਂ ਦੀ ਜਾਂਚ ਲਈ ਬਣੇ ਕਮਿਸ਼ਨ ਕਿਸੇ ਕੰਮ ਦੇ ਸਾਬਤ ਨਹੀਂ ਹੋਏ?
ਜਵਾਬ: ਇਕ ਨਾਨਾਵਤੀ ਕਮਿਸ਼ਨ ਸੀ ਜਿਸ ਵਿਚੋਂ ਅੱਜ ਤਕ ਕੁਝ ਵੀ ਨਹੀਂ ਨਿਕਲਿਆ। ਉਹ ਹੁਣ ਤਕ ਆਪਣੀ ਕੋਈ ਰਿਪੋਰਟ ਹੀ ਨਹੀਂ ਦੇ ਸਕਿਆ।
ਮੈਂ ਜਦੋਂ ਤੱਕ ਗ੍ਰਹਿ ਸਕੱਤਰ ਰਿਹਾ ਹਾਂ, ਮੈਂ ਨਿਰਦੇਸ਼ ਜਾਰੀ ਕੀਤੇ ਸਨ ਕਿ ਬਿਨਾ ਲਿਖਤੀ ਆਦੇਸ਼ ਦੇ ਕੋਈ ਵੀ ਕੰਮ ਨਹੀਂ ਕੀਤਾ ਜਾਵੇਗਾ। ਜਦੋਂ ਬੰਦ ਦਾ ਸੱਦਾ ਦਿੱਤਾ ਗਿਆ, ਤਾਂ ਮੁੱਖ ਸਕੱਤਰ ਸੂਬਾਰਾਓ ਨੇ ਮੈਨੂੰ ਫ਼ੋਨ ਕੀਤਾ ਅਤੇ ਕਿਹਾ ਕਿ ਵੀæਐਚæਪੀæ ਦੇ ਨੇਤਾ ਪ੍ਰਵੀਨ ਤੋਗੜੀਆ ਰੈਲੀ ਕਰਨਾ ਚਾਹੁੰਦੇ ਹਨ। ਮੈਂ ਕਿਹਾ- ਸਰ ਐਸੀ ਕੋਈ ਵੀ ਇਜਾਜ਼ਤ ਹਰਗਿਜ਼ ਨਹੀਂ ਦਿੱਤੀ ਜਾਣੀ ਚਾਹੀਦੀ, ਨਹੀਂ ਤਾਂ ਹਾਲਾਤ ਬੇਕਾਬੂ ਹੋ ਸਕਦੇ ਹਨ। ਮੁੱਖ ਮੰਤਰੀ ਨੂੰ ਇਸ ਬਾਰੇ ਪਤਾ ਲੱਗ ਗਿਆ। ਉਹ ਬੋਲੇ, ਤੁਸੀਂ ਐਸਾ ਕਿਵੇਂ ਕਹਿ ਸਕਦੇ ਹੋ। ਸਾਨੂੰ ਇਜਾਜ਼ਤ ਦੇਣੀ ਹੀ ਹੋਵੇਗੀ। ਮੈਂ ਕਿਹਾ- ਠੀਕ ਹੈ ਫਿਰ, ਮੈਨੂੰ ਲਿਖ ਕੇ ਦੇ ਦਿਓ। ਉਨ੍ਹਾਂ (ਮੋਦੀ) ਘੂਰ ਕੇ ਮੇਰੇ ਵੱਲ ਦੇਖਿਆ।
ਇਕ ਵਕਤ ਸੀ ਜਦੋਂ ਗੁਜਰਾਤ ਵਿਚ ਹਿੰਦੂਤਵ ਦੇ ਵਧਾਰੇ-ਪਸਾਰੇ ਲਈ ਮੋਦੀ ਅਤੇ ਪ੍ਰਵੀਨ ਤੋਗੜੀਆ ਸਮਾਨਅਰਥੀ ਸਨ। ਮੋਦੀ (64) ਅਤੇ ਡਾæ ਪ੍ਰਵੀਨ ਤੋਗੜੀਆ (58) ਸੂਬੇ ਵਿਚ ਇਕੱਠੇ ਆਰæਐਸ਼ਐਸ਼ ਦੀਆਂ ਸ਼ਾਖਾਵਾਂ ਵਿਚ ਜਾਂਦੇ ਰਹੇ ਹਨ। ਦੋਹਾਂ ਬਾਰੇ ਬਹੁਤ ਹੀ ਪ੍ਰਚਲਤ ਕਥਾ ਹੈ ਕਿ ਇਹ ਜੋੜੀ ਇਕੋ ਮੋਟਰਸਾਈਕਲ ਜਾਂ ਸਕੂਟਰ ‘ਤੇ ਸਵਾਰ ਹੋ ਕੇ ਗੁਜਰਾਤ ਵਿਚ ਸੰਘ ਦੀ ਵਿਚਾਰਧਾਰਾ ਦਾ ਪ੍ਰਚਾਰ ਕਰਦੀ ਸੀ। ਤੋਗੜੀਆ ਹਮੇਸ਼ਾ ਬਾਈਕ ਚਲਾਉਂਦਾ ਅਤੇ ਮੋਦੀ ਪਿਛਲੀ ਸੀਟ ‘ਤੇ ਬੈਠਾ ਹੁੰਦਾ। ਤੋਗੜੀਆ ਕੈਂਸਰ ਦਾ ਮਾਹਰ ਸਰਜਨ ਸੀ ਜੋ 1983 ਵਿਚ ਵਿਸ਼ਵ ਹਿੰਦੂ ਪ੍ਰੀਸ਼ਦ ਵਿਚ ਸ਼ਾਮਲ ਹੋਇਆ, ਤੇ ਕੁਲ-ਵਕਤੀ ਪ੍ਰਚਾਰਕ ਮੋਦੀ ਨੂੰ 1984 ਵਿਚ ਭਾਜਪਾ ਵਿਚ ਲਿਆ ਗਿਆ। ਜਦੋਂ ਕੇਸ਼ੂਭਾਈ ਪਟੇਲ ਮੁੱਖ ਮੰਤਰੀ ਸੀ, ਦੋਵੇਂ ਉਸ ਕੋਰ ਕਮੇਟੀ ਵਿਚ ਸਨ ਜੋ ਸਰਕਾਰ ਲਈ ਅਹਿਮ ਫ਼ੈਸਲੇ ਕਰਦੀ ਸੀ। ਜਦੋਂ ਕੇਸ਼ੂਭਾਈ ਪਟੇਲ ਨੂੰ ਸ਼ੰਕਰ ਸਿੰਘ ਵਘੇਲਾ ਦੀ ਬਗ਼ਾਵਤ ਦਾ ਸਾਹਮਣਾ ਕਰਨਾ ਪਿਆ ਜਿਸ ਨੇ ਤੋਗੜੀਆ ਨੂੰ ਕੈਦ ਕਰ ਲਿਆ ਸੀ, ਤਾਂ ਇਹ ਮੋਦੀ ਸੀ ਜੋ ਉਸ ਦੇ ਨਾਲ ਖੜ੍ਹਿਆ।
1995 ਤੋਂ ਲੈ ਕੇ 2001 ਤਕ ਜਦੋਂ ਮੋਦੀ ਨੂੰ ਸੂਬੇ ਵਿਚੋਂ ਤਕਰੀਬਨ ਜਲਾਵਤਨ ਹੀ ਕਰ ਦਿੱਤਾ ਗਿਆ ਸੀ ਅਤੇ ਗੁਜਰਾਤ ਵਿਚ ਉਸ ਨੂੰ ਕੋਈ ਪੁੱਛਦਾ ਨਹੀਂ ਸੀ, ਉਹ ਭਾਜਪਾ ਦੀ ਬਜਾਏ ਵੀæਐਚæਪੀæ ਦੇ ਦਫ਼ਤਰ ਵਿਚ ਆਪਣਾ ਜ਼ਿਆਦਾ ਵਕਤ ਗੁਜ਼ਾਰਦਾ ਸੀ। ਰਿਪੋਰਟ ਇਹ ਹੈ ਕਿ ਇਹ ਅਡਵਾਨੀ ਸੀ ਜਿਸ ਨੇ ਤੋਗੜੀਆ ਨੂੰ ਅਕਤੂਬਰ 2001 ਵਿਚ ਮੋਦੀ ਨੂੰ ਗੁਜਰਾਤ ਲਿਆ ਕੇ ਮੁੱਖ ਮੰਤਰੀ ਬਣਾਉਣ ਲਈ ਮਨਾਇਆ। ਤੋਗੜੀਆ ਰੱਦੋਬਦਲ ਕਰਨ ਲਈ ਸਹਿਮਤ ਹੋ ਗਿਆ ਅਤੇ ਮੋਦੀ ਵਜ਼ਾਰਤ ਵਿਚ ਆਪਣੇ ਸੱਜੇ ਹੱਥ ਗੋਰਧਨ ਜ਼ੜਫੀਆ ਨੂੰ ਸੂਬੇ ਦਾ ਗ੍ਰਹਿ ਮੰਤਰੀ ਬਣਾ ਲਿਆ। ਭਗਵੇਂ ਪੁਲਿਸ ਅਫ਼ਸਰਾਂ ਦੀਆਂ ਨਿਯੁਕਤੀਆਂ ਕਰਨ ਵਿਚ ਤੋਗੜੀਆ ਦੀ ਵਾਹਵਾ ਪੁੱਗਤ ਸੀ ਜਿਨ੍ਹਾਂ ਵਿਚੋਂ ਜ਼ਿਆਦਾਤਰ ਨੇ ਗੋਧਰਾ ਕਾਂਡ ਤੋਂ ਪਿੱਛੋਂ ਫਰਵਰੀ-ਮਾਰਚ 2002 ਦੀ ਹਿੰਸਾ ਵਿਚ ਸ਼ੱਕੀ ਭੂਮਿਕਾ ਨਿਭਾਈ ਜਦੋਂ ਵੀæਐਚæਪੀæ ਅਤੇ ਬਜਰੰਗ ਦਲ ਦੇ ਕਾਡਰਾਂ ਨੇ ਸੂਬੇ ਅੰਦਰ ਦਹਿਸ਼ਤ ਦਾ ਸਿਲਸਿਲਾ ਚਲਾਇਆ।
ਜੇ ਲੋਕਾਂ ਦੇ ਚੇਤਿਆਂ ਵਿਚੋਂ ਤਾਜ਼ਾ ਮਿਸਾਲ ਲੈਣੀ ਹੋਵੇ, ਤਾਂ ਇਹ ਪਟੇਲ ਭਾਈਚਾਰੇ ਦੇ 21 ਸਾਲਾ ਨੌਜਵਾਨ ਹਾਰਦਿਕ ਪਟੇਲ ਨੇ ਰਾਖਵੇਂਕਰਨ ਦੇ ਸਵਾਲ ਉਪਰ ਸੂਬੇ ਨੂੰ ਜਾਮ ਕਰ ਦਿੱਤਾ ਹੈ। ਉਹ ਨੰਗੀ ਤਲਵਾਰ ਲਹਿਰਾਉਂਦਾ ਹੈ ਅਤੇ ਕਿਸੇ ਰਿਪੋਰਟਰ ਨੂੰ ਪੁੱਛਦਾ ਹੈ ਕਿ ਉਹ ਜਾਣਦਾ ਹੈ ਕਿ ਉਹ ਕਿੰਨਿਆਂ ਦੇ ਹੱਥ ਵੱਢ ਚੁੱਕਾ ਹੈ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਹਾਰਦਿਕ ਕੇਸ਼ੂਭਾਈ ਪਟੇਲ ਅਤੇ ਪ੍ਰਵੀਨ ਤੋਗੜੀਆ ਦਾ ਪੈਦਾ ਕੀਤਾ ਹੋਇਆ ਹੈ ਜਿਨ੍ਹਾਂ ਨੂੰ ਮੋਦੀ ਨੇ ਗੁਜਰਾਤ ਵਿਚ ਖੂੰਜੇ ਲਾ ਦਿੱਤਾ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਹਾਰਦਿਕ, ਗੁਜਰਾਤ ਦੀ (ਤਤਕਾਲੀ) ਮੁੱਖ ਮੰਤਰੀ ਆਨੰਦੀਬੇਨ ਨੂੰ ਪਾਸੇ ਕਰਨ ਦੀ ਚਾਲ ਹੈ ਜੋ ਮੋਦੀ ਦੇ ਸਭ ਦੇ ਨੇੜਲਿਆਂ ਵਿਚੋਂ ਹੈ। ਆਨੰਦੀਬੇਨ ਖ਼ੁਦ ਪਟੇਲ ਹੈ ਅਤੇ ਉਹ ਹੁਣ ਖ਼ੁਦ ਨੂੰ ਉਸੇ ਹਾਲਤ ਵਿਚ ਦੇਖ ਰਹੀ ਹੈ ਜਿਵੇਂ ਕੇਸ਼ੂਭਾਈ ਨੇ ਗੁਜਰਾਤ ਵਿਚ ਮੋਦੀ ਦੇ ਦਾਖ਼ਲ ਹੋਣ ਤੋਂ ਪਹਿਲਾਂ ਕੀਤਾ ਸੀ।
2002 ਦੀ ਹਿੰਸਾ ਅਤੇ ਇਸ ਤੋਂ ਪਿੱਛੋਂ ਇਹ ਪ੍ਰਵੀਨ ਤੋਗੜੀਆ ਸੀ ਜਿਸ ਨੇ ਵੀæਐਚæਪੀæ ਦੇ ਕਾਡਰਾਂ ਦੀ ਅਗਵਾਈ ਹੇਠ ਹਿੰਦੂ ਅਵਾਮ ਨੂੰ ਕਤਲੋਗ਼ਾਰਤ ਲਈ ਭੜਕਾਇਆ ਸੀ। ਗੁਜਰਾਤ ਵਿਚ ਕੀਤੀ ਇਕ ਤਕਰੀਰ ਵਿਚ ਪ੍ਰਵੀਨ ਤੋਗੜੀਆ ਨੇ ਕਿਹਾ- ਗੋਧਰਾ ਕੇ ਰੇਲਵੇ ਸਟੇਸ਼ਨ ਉਪਰ ਆਤੰਕਵਾਦ ਇਸ ਲੀਏ ਆਯਾ ਕਿਉਂਕਿ ਇਸ ਦੇਸ਼ ਮੇਂ ਮਹਾਤਮਾ ਗਾਂਧੀ ਕੀ ਵਿਚਾਰਧਾਰਾ ਚਲ ਰਹੀ ਹੈ। ਹਮਨੇ ਅਠਾਈਸ ਤਾਰੀਕ ਕੋ ਮਹਾਤਮਾ ਗਾਂਧੀ ਕੋ ਆਪਣੇ ਕਰੜੇ ਤਾਲੇ ਮੇਂ ਬੰਦ ਕਰ ਦੀਯਾ ਥਾ। ਯਾ ਤੋ ਤੁਮ (ਮੁਸਲਮਾਨ) ਗਤੀਵਿਧੀ ਛੋੜ ਦੋ, ਯਾ ਹਮ ਗਾਂਧੀ ਕੋ ਛੋੜ ਦੇਗੇਂ। ਔਰ ਜਬ ਤਕ ਇਸ ਧਰਤੀ ਪਰ ਬਾਕੀ ਹੈ ਗਾਂਧੀ ਕੀ ਵਿਚਾਰਧਾਰਾ, ਮੁਸਲਮਾਨੋਂ ਕੇ ਸਾਹਮਣੇ ਘੁਟਨੇ ਟੇਕਨੇ ਕੀ ਵਿਚਾਰਧਾਰਾ ਹਮ ਨਹੀਂ ਛੋੜੇਂਗੇ। ਆਤੰਕਵਾਦ ਨਹੀਂ ਨਿਪਟੇਗਾ। ਮੇਰੇ ਭਾਈਓ, ਹਮੇ ਗਾਂਧੀ ਕੋ ਛੋੜਨਾ ਹੋਗਾ। ਰਾਮਾਇਣ ਕੀ ਘਟਨਾ ਤੋ ਆਪ ਜਾਨਤੇ ਹੈਂ। ਵੋ ਕੌਨ ਥਾ ਗੋਧਰਾ ਸਟੇਸ਼ਨ ਪਰ, ਵੋ ਆਜ ਵੀ ਪ੍ਰਾਸਤੁਤ ਹੈ। ਸਤਾਈਸ ਤਾਰੀਕ, ਸੁਬਹਾ ਪੌਨੇ ਆਠ ਵਜੇ ਸਿਗਨਲ ਫਾਲੀਆ ਕੇ ਪਾਸ ਜਲਾਯਾ ਹੂਯਾ ਐਸ-6 ਕਾ ਡਿੱਬਾ ਵੋਹ ਹਨੂਮਾਨ ਜੀ ਕੀ ਪੂੰਛ ਥੀ।
ਸਰੋਤੇ ਤਾੜੀਆਂ ਮਾਰਦੇ ਹਨ, ਜੈ ਸ਼੍ਰੀ ਰਾਮ ਦੇ ਨਾਅਰੇ ਲਾਉਂਦੇ ਹਨ। ਫਿਰ ਉਹ ਹਜੂਮ ਨੂੰ ਸਵਾਲ ਕਰਦਾ ਹੈ ਜੋ ਰਾਤ ਨੂੰ ਹਜ਼ਾਰਾਂ ਦੀ ਤਾਦਾਦ ‘ਚ ਉਥੇ ਜੁੜਿਆ ਹੋਇਆ ਸੀ- ਹਨੂਮਾਨ ਜੀ ਕੀ ਪੂੰਛ ਕਿਸ ਨੇ ਜਲਾਈ, ਕਿਸ ਨੇ ਜਲਾਈ? ਰਾਵਣ ਨੇ ਜਲਾਈ। ਹਨੂਮਾਨ ਜੀ ਪੂੰਛ ਲੇ ਕੇ ਨਿਕਲੇ। ਸੁਨਾ ਹੈ ਕੀ ਹਨੂਮਾਨ ਜੀ ਗੋਧਰਾ ਮੇਂ ਆਏ ਥੇ (ਹਜੂਮ ਹੱਸਦਾ ਹੈ ਅਤੇ ਖ਼ੁਸ਼ੀ ਨਾਲ ਚੀਕ ਰਿਹਾ ਹੈ) ਹਾਲੋਲ ਮੇਂ ਆਏ ਥੇ, ਕਾਲੋਲ ਮੇਂ ਆਏ ਥੇ, ਸਰਦਾਰਪੁਰਾ ਮੇਂ ਗਏ ਥੇ ਔਰ ਕਰਣਾਵਤੀ (ਅਹਿਮਦਾਬਾਦ) ਮੇਂ ਸੇ ਤੋਂ ਵਾਪਸ ਜਾਨੇ ਕਾ ਨਾਮ ਨਹੀਂ ਲੇ ਰਹੇ ਥੇ।
ਹਵਾਲਾ ਸਾਫ਼ ਸੀ, ਰਾਵਣ ਸ਼ਬਦ ਮੁਸਲਮਾਨਾਂ ਲਈ ਇਸਤੇਮਾਲ ਕੀਤਾ ਗਿਆ ਹੈ। ਇਹ ਗੁਜਰਾਤ ਵਿਚ ਮੁਸਲਮਾਨਾਂ ਨੂੰ ਮਾਰਨ ਅਤੇ ਉਨ੍ਹਾਂ ਦੀ ਕਤਲੋਗ਼ਾਰਤ ਕਰਨ ਦਾ ਜੰਗੀ ਹੋਕਾ ਸੀ। ਜਦੋਂ ਤੋਗੜੀਆ ਇਹ ਸਖ਼ਤ ਮਿਹਨਤ ਕਰ ਰਿਹਾ ਸੀ, ਮੋਦੀ ਨੂੰ ਬਹੁਗਿਣਤੀ ਦਾ Ḕਹਿੰਦੂ ਹਿਰਦੇ ਸਮਰਾਟḔ ਸਮਝੇ ਜਾਣ ਦੀ ਪੁੱਛ-ਪ੍ਰਤੀਤ ਵਧਦੀ ਜਾ ਰਹੀ ਸੀ ਜਿਨ੍ਹਾਂ ਨੂੰ ਇਹ ਵਾਰ-ਵਾਰ ਚੇਤੇ ਕਰਾਇਆ ਜਾ ਰਿਹਾ ਸੀ ਕਿ ਮੁਸਲਮਾਨ ਉਨ੍ਹਾਂ ਦਾ ਖ਼ਾਤਮਾ ਕਰਨ ‘ਤੇ ਤੁਲੇ ਹੋਏ ਹਨ; ਪਰ ਜਦੋਂ ਮੋਦੀ ਮੁੱਖ ਮੰਤਰੀ ਬਣ ਗਿਆ, ਇਸ ਭਾਈਬੰਦੀ ਦਾ ਥੋੜ੍ਹੇ ਦਿਨਾਂ ਵਿਚ ਹੀ ਭੋਗ ਪੈ ਗਿਆ। ਦੋਹਾਂ ਵਿਚ ਅਣਬਣ ਹੋ ਗਈ। Ḕਟਾਈਮਜ਼ ਆਫ ਇੰਡੀਆḔ ਦੀ ਰਿਪੋਰਟ ਤਾਂ ਠੋਕ-ਵਜਾ ਕੇ ਕਹਿੰਦੀ ਹੈ: ਦਸੰਬਰ 2002 ਵਿਚ ਹੋਈਆਂ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਤੋਗੜੀਆ ਭਾਜਪਾ ਦੀ ਹਮਾਇਤ ਵਿਚ 100 ਤੋਂ ਉਪਰ ਰੈਲੀਆਂ ਨੂੰ ਸੰਬੋਧਨ ਕਰਦੇ ਨਜ਼ਰ ਆਏ, ਤਕਰੀਬਨ ਦੋ ਹਫ਼ਤੇ ਇਕ ਹੈਲੀਕਾਪਟਰ ਲਗਾਤਾਰ ਇਸਤੇਮਾਲ ਕੀਤਾ ਗਿਆ। ਜਦੋਂ ਮੋਦੀ ਨੇ ਚੋਣਾਂ ਜਿੱਤ ਲਈਆਂ ਤਾਂ ਹਾਲਤ ਬਦਲ ਗਈ। ਉਸ ਨੇ ਤੁਰੰਤ ਜ਼ੜਫੀਆ ਨੂੰ ਆਪਣੇ ਮੰਤਰੀ ਮੰਡਲ ਵਿਚੋਂ ਹਟਾ ਦਿੱਤਾ, ਇਹ ਤੋਗੜੀਆ ਨੂੰ ਸਪਸ਼ਟ ਇਸ਼ਾਰਾ ਸੀ ਕਿ ਹੁਣ ਸਰਕਾਰ ਚਲਾਉਣ ਲਈ ਉਸ ਦੀ ਦਖ਼ਲਅੰਦਾਜ਼ੀ ਦੀ ਲੋੜ ਨਹੀਂ। ਤੋਗੜੀਆ ਅਤੇ ਸੰਘ ਪਰਿਵਾਰ ਦੇ ਹੋਰ ਧੜਿਆਂ ਨਾਲ ਸਲਾਹ-ਮਸ਼ਵਰੇ ਦਾ ਅਮਲ ਠੱਪ ਹੋ ਗਿਆ।
ਅਸ਼ੋਕ ਨਰਾਇਣ ਨਾਲ ਮਿਲਣੀ ਅਤੇ ਗੁਜਰਾਤ ਦੀ ਹਿੰਸਾ ਬਾਰੇ ਉਸ ਦੀ ਗੱਲਬਾਤ ਦੇ ਅੰਸ਼ ਟੇਪਾਂ ਉਪਰ ਹਾਸਲ ਕਰ ਲੈਣ ਤੋਂ ਬਾਅਦ ਮੈਂ ਉਸ ਨੂੰ ਦੱਸਿਆ ਕਿ ਮੈਂ ਉਸ ਦੇ ਮਿੱਤਰ ਅਤੇ ਹਿੰਸਾ ਦੇ ਉਨ੍ਹਾਂ ਦਿਨਾਂ ਦੇ ਵਿਸ਼ਵਾਸਪਾਤਰ ਚਕਰਵਰਤੀ ਨੂੰ ਮਿਲਣਾ ਚਾਹਾਂਗੀ ਜੋ ਉਦੋਂ ਗੁਜਰਾਤ ਪੁਲਿਸ ਦਾ ਡਾਇਰੈਕਟਰ ਜਨਰਲ ਸੀ। ਮੈਂ ਉਸ ਦੀ ਭੂਮਿਕਾ ਬਾਰੇ ਉਦੋਂ ਚੁਕੰਨੀ ਹੋਈ ਜਦੋਂ ਨਰਾਇਣ ਅਤੇ ਉਸ ਦੀ ਪਤਨੀ ਇਹ ਕਹਿ ਰਹੇ ਸਨ ਕਿ ਕਿਵੇਂ ਉਨ੍ਹਾਂ ਭਿਆਨਕ ਦਿਨਾਂ ਵਿਚ ਇਹ ਨਰਾਇਣ ਦਾ ਇਕੋ ਇਕ ਮਿੱਤਰ ਚਕਰਵਰਤੀ ਸੀ ਜਿਸ ਦੀ ਬਦੌਲਤ ਉਨ੍ਹਾਂ ਦੀ ਜ਼ਿੰਦਗੀ ਘੱਟ ਸੰਤਾਪੀ ਹੋਈ ਸੀ। ਇਹ ਉਸ ਵਕਤ ਦੀ ਗੱਲ ਹੈ ਜਦੋਂ ਜ਼ਿਆਦਾਤਰ ਪੁਲਿਸ ਅਫ਼ਸਰਾਂ ਨੇ ਦਿਆਨਤਦਾਰੀ ਦਾ ਪੱਲਾ ਛੱਡ ਕੇ ਮੋਦੀ ਸਰਕਾਰ ਨਾਲ ਸਮਝੌਤੇ ਦਾ ਫ਼ੈਸਲਾ ਕਰ ਲਿਆ ਸੀ। ਚਕਰਵਰਤੀ ਨਾਲ ਮਿਲਣੀਆਂ ਅਤੇ ਉਸ ਵਲੋਂ ਕੀਤੇ ਖ਼ੁਲਾਸਿਆਂ ਬਾਰੇ ਚਰਚਾ ਤਾਂ ਅਗਲੇ ਕਾਂਡ ਵਿਚ ਕੀਤੀ ਜਾਵੇਗੀ, ਪਰ ਅਸ਼ੋਕ ਨਰਾਇਣ ਬਾਰੇ ਇਹ ਅਹਿਮ ਹੈ ਕਿ ਮੈਂ ਪਾਠਕਾਂ ਨਾਲ ਉਹ ਬਾਕੀ ਵਾਰਤਾਲਾਪ ਸਾਂਝੀਆਂ ਕਰਾਂ ਜੋ ਉਸ ਨਾਲ ਕੀਤੀਆਂ ਗਈਆਂ। ਇਸ ਵਕਤ ਜਦੋਂ ਮੈਂ ਚਕਰਵਰਤੀ ਨੂੰ ਮੁੰਬਈ ਵਿਚ ਮਿਲੀ, ਉਸ ਨਾਲ ਮੈਂ ਪਹਿਲੀ ਮਿਲਣੀ ਨਿਪਟਾ ਚੁੱਕੀ ਸੀ, ਵਾਕਈ ਗੁਜਰਾਤ ਹਿੰਸਾ ਬਨਾਮ ਹੋਰ ਅਫਸਰਾਂ ਬਾਰੇ ਮੇਰੀ ਚਰਚਾ ਲਈ ਵਧੇਰੇ ਸੌਖ ਹੋ ਗਈ ਸੀ ਅਤੇ ਇਹ ਘੱਟ ਸ਼ੱਕੀ ਹੋ ਗਈ ਸੀ।
ਅਸ਼ੋਕ ਨਰਾਇਣ ਨਾਲ ਮੇਰੀ ਮਿਲਣੀ ਲਗਭਗ ਉਸ ਸਭ ਕਾਸੇ ਦੀ ਤਸਦੀਕ ਸੀ ਜੋ ਮੈਂ ਸਾਲਾਂ ਤੋਂ ਅਧਿਕਾਰੀਆਂ ਨਾਲ ਆਫ-ਦਿ-ਰਿਕਾਰਡ ਗੱਲਬਾਤ ਵਿਚ ਸੁਣਦੀ ਆ ਰਹੀ ਸੀ। ਜਿਨ੍ਹਾਂ ਕੁਝ ਸਰਕਾਰੀ ਅਧਿਕਾਰੀਆਂ ਨੇ ਸਰਕਾਰ ਦਾ ਸਾਥ ਦੇਣ ਦੀ ਚੋਣ ਕੀਤੀ, ਉਨ੍ਹਾਂ ਨੂੰ ਸਨਮਾਨਿਆ ਗਿਆ, ਬਾਕੀਆਂ ਨੂੰ ਪਾਸੇ ਕਰ ਦਿੱਤਾ ਗਿਆ। ਦਲੀਲ ਖ਼ਾਤਰ ਮੰਨ ਲੈਂਦੇ ਹਾਂ ਕਿ ਅਸ਼ੋਕ ਨਰਾਇਣ ਫ਼ਤਵੇ ਦੇ ਰਿਹਾ ਸੀ ਅਤੇ ਮੂੜ੍ਹਮੱਤੀਆ ਸੀ, ਫਿਰ ਵੀ ਉਨ੍ਹਾਂ ਅਫ਼ਸਰਾਂ ਪ੍ਰਤੀ ਮੋਦੀ ਸਰਕਾਰ ਦਾ ਬਦਲੇਖ਼ੋਰ ਰਵੱਈਆ ਅਤੇ ਉਨ੍ਹਾਂ ਦੇ ਤਬਾਦਲੇ ਸਾਰਿਆਂ ਨੂੰ ਸਪਸ਼ਟ ਨਜ਼ਰ ਆਉਂਦੇ ਹਨ ਜਿਨ੍ਹਾਂ ਨੇ ਸਰਕਾਰ ਨਾਲ ਆਢਾ ਲਾਇਆ। ਰਾਹੁਲ ਸ਼ਰਮਾ, ਰਜਨੀਸ਼ ਰਾਏ, ਸਤੀਸ਼ ਵਰਮਾ, ਕੁਲਦੀਪ ਸ਼ਰਮਾ, ਇਨ੍ਹਾਂ ਸਾਰੇ ਹੀ ਅਫ਼ਸਰਾਂ ਦੇ ਖ਼ਿਲਾਫ਼ ਘੱਟੋ-ਘੱਟ 20 ਸਾਲ ਪੁਰਾਣੇ ਗ਼ੈਰ-ਨੁਕਸਾਨਦੇਹ ਮਾਮਲੇ ਕੱਢ ਲਏ ਗਏ ਅਤੇ ਫਿਰ ਉਨ੍ਹਾਂ ਦੇ ਖ਼ਿਲਾਫ਼ ਇਸਤੇਮਾਲ ਕੀਤੇ ਗਏ। ਇਹ ਉਹ ਅਫ਼ਸਰ ਸਨ ਜਿਨ੍ਹਾਂ ਨੇ ਉਸ ਵਕਤ ਨਿਆਂ ਦਾ ਪਰਚਮ ਬੁਲੰਦ ਰੱਖਣ ਦੀ ਵਾਹ ਲਾਈ ਜਦੋਂ ਗੁਜਰਾਤ ਅੰਦਰ ਨਿਆਂ ਨਿਵਾਣਾਂ ਛੂਹ ਰਿਹਾ ਸੀ, ਤੇ ਇਸ ਦੇ ਕਾਰਨ ਉਨ੍ਹਾਂ ਨੂੰ ਅੱਜ ਤਕ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਹੁਣ ਅਸੀਂ ਦੇਖਾਂਗੇ ਕਿਵੇਂ ਕੁਲਦੀਪ ਸ਼ਰਮਾ ਜਿਸ ਨੇ ਗੁਜਰਾਤ ਦਾ ਡੀæਜੀæਪੀæ ਬਣਨਾ ਸੀ, ਨੂੰ ਬਸ ਇਸ ਕਾਰਨ ਤਰੱਕੀ ਤੋਂ ਨਾਂਹ ਕਰ ਦਿੱਤੀ ਗਈ ਕਿਉਂਕਿ ਉਸ ਨੇ ਤੱਤਕਾਲੀ ਗ੍ਰਹਿ ਮੰਤਰੀ ਅਮਿਤ ਸ਼ਾਹ ਖ਼ਿਲਾਫ਼ ਮਾਧੋਪੁਰਾ ਕੋਆਪਰੇਟਿਵ ਮਾਮਲੇ ਵਿਚ ਜਾਂਚ ਸ਼ੁਰੂ ਕਰ ਦਿੱਤੀ ਸੀ। ਐਸ਼ਪੀæ ਰਾਹੁਲ ਸ਼ਰਮਾ ਨੂੰ ਮੁਅੱਤਲ ਕਰ ਦਿੱਤਾ ਗਿਆ ਅਤੇ ਮਦਰੱਸੇ ਵਿਚ ਫ਼ਸਾਦੀਆਂ ਨੂੰ ਰੋਕਣ ਅਤੇ ਬਾਅਦ ਵਿਚ ਗੁਜਰਾਤ ਹਿੰਸਾ ਦੌਰਾਨ ਵੱਖ-ਵੱਖ ਮੰਤਰੀਆਂ ਵਲੋਂ ਕੀਤੀਆਂ ਫ਼ੋਨ ਕਾਲਾਂ ਦਾ ਰਿਕਾਰਡ ਜਾਂਚ ਕਮਿਸ਼ਨਾਂ ਨੂੰ ਮੁਹੱਈਆ ਕਰਾਉਣ ਦੇ ਕੇਸ ਉਸ ਦੇ ਉਪਰ ਪਾ ਦਿੱਤੇ ਗਏ। ਇਹ ਤਾਂ ਧੁੰਦ ਮਿਟਣ ਦੀ ਅਜੇ ਸ਼ੁਰੂਆਤ ਹੀ ਹੋਈ ਸੀ। ਅਸ਼ੋਕ ਨਰਾਇਣ ਨੇ ਉਸ ਸਟੇਟ ਦੇ ਪੱਖਪਾਤ ਅਤੇ ਮਿਲੀਭੁਗਤ ਦੀ ਤਸਦੀਕ ਕੀਤੀ ਸੀ ਜਿਥੇ ਇਕ ਸਭ ਤੋਂ ਘਾਤਕ ਹਿੰਸਾ ਅੰਦਰ ਲਹੂ ਵਹਾਏ ਜਾਣ ਦੀ ਪੂਰੀ ਖੁੱਲ੍ਹ-ਖੇਡ ਦਿੱਤੀ ਗਈ ਜੋ ਤਿੰਨ ਮਹੀਨੇ ਤਕ ਜਾਰੀ ਰਹੀ।
(ਚਲਦਾ)