ਡਾæ ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਹਨ, ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਇਕ ਅਰਸੇ ਤੋਂ ਪੰਜਾਬ ਟਾਈਮਜ਼ ਦੇ ਪਾਠਕ ਉਨ੍ਹਾਂ ਦੀਆਂ ਲਿਖਤਾਂ ਪੜ੍ਹਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਨਿਵੇਕਲੀ ਸ਼ੈਲੀ ਤੋਂ ਪ੍ਰਭਾਵਿਤ ਵੀ ਹੋਏ ਹਨ। ਡਾæ ਭੰਡਾਲ ਘਰ ਦੀਆਂ ਬਰਕਤਾਂ ਦੀ ਵਾਰਤਾ ਸੁਣਾ ਚੁਕੇ ਹਨ ਕਿ ਘਰ ਜਦੋਂ ਘਰ ਦੇ ਸਮੁੱਚੇ ਅਰਥਾਂ ‘ਚ ਸਾਡੀ ਜ਼ਿੰਦਗੀ ਦਾ ਹਿੱਸਾ ਬਣਦਾ ਏ ਤਾਂ ਉਹ ਸਾਡੀ ਝੋਲੀ ‘ਚ ਹਰ ਤਰ੍ਹਾਂ ਦੀਆਂ ਨਿਆਮਤਾਂ ਪਾਉਂਦਾ, ਸਾਡੀ ਸਰਬ-ਸੁੱਖੀ ਖੁਸ਼ਹਾਲੀ ਦਾ ਸ਼ੁਭਚਿੰਤਕ ਬਣ ਜਾਂਦਾ ਏ।
ਉਨ੍ਹਾਂ ਘਰ ਦੇ ਬੂਹੇ ਦੀਆਂ ਬਰਕਤਾਂ ਦੀ ਬਾਤ ਪਾਈ ਹੈ ਅਤੇ ਵਿਹੜੇ ਦੀਆਂ ਸਿਫਤਾਂ ਕਰਦਿਆਂ ਕਿਹਾ ਹੈ, ਵਿਹੜਾ ਅਕੀਦਤ ਏ, ਨਰੋਈਆਂ ਕਦਰਾਂ-ਕੀਮਤਾਂ ਤੇ ਸਭਿਆਚਾਰ ਦੀ, ਸਾਡੇ ਬੀਤੇ ਹੋਏ ਸਹਿਜ ਸੰਸਾਰ ਦੀ, ਸਾਡੇ ਬਜ਼ੁਰਗਾਂ ਦੀ ਅਸੀਸ ਤੇ ਸਹਿਚਾਰ ਦੀ ਅਤੇ ਸਾਡੇ ਉਪਰ ਅਸਰ ਅੰਦਾਜ਼ ਹੋਏ ਰੌਸ਼ਨ-ਵਿਚਾਰ ਦੀ। ਹਥਲੇ ਲੇਖ ਵਿਚ ਉਨ੍ਹਾਂ ਕੰਧਾਂ ਦੀ ਵਾਰਤਾ ਸੁਣਾਉਂਦਿਆਂ ਕਿਹਾ ਹੈ ਕਿ ਕੰਧਾਂ ਇਤਿਹਾਸ ਬਣਦੀਆਂ ਨੇ। ਅਕੀਦਤਯੋਗ ਥਾਂਵਾਂ ਬਣਦੀਆਂ ਨੇ। ਕੰਧਾਂ ਹੁੰਗਾਰਾ ਭਰਦੀਆਂ ਨੇ, ਸੰਵਾਦ ਰਚਾਉਂਦੀਆਂ ਨੇ। ਕਦੇ ਕੰਧ ਦੀ ਓਟ Ḕਚ ਬੈਠ ਕੇ ਨੀਝ ਨਾਲ ਨਿਹਾਰਿਓ, ਕੰਧ ਤੁਹਾਥੋਂ ਕੁਝ ਮੰਗਦੀ, ਤੁਹਾਡਾ ਧਿਆਨ ਲੋੜਦੀ ਏ। ਤਾਹੀਓਂ ਤਾਂ ਕਹਿੰਦੇ ਨੇ ਕਿ ਕੰਧਾਂ ਦੇ ਵੀ ਕੰਨ ਹੁੰਦੇ ਨੇ। -ਸੰਪਾਦਕ
ਡਾæ ਗੁਰਬਖਸ਼ ਸਿੰਘ ਭੰਡਾਲ
ਫਤਿਹਗੜ੍ਹ ਸਾਹਿਬ ਗੁਰਦੁਆਰੇ Ḕਚ ਮੱਥਾ ਟੇਕਣ ਲੱਗਿਆਂ, ਸਰਹਿੰਦ ਦੀ ਦੀਵਾਰ ਦੇ ਦੀਦਾਰ। ਦੀਵਾਰ ਜੋ ਜਾਲਮ ਤੇ ਜ਼ੁਲਮ ਦੀ ਚਸ਼ਮਦੀਦ ਗਵਾਹ। ਸੂਬਾ ਸਰਹਿੰਦ ਦੇ ਹੁਕਮਨਾਮਿਆਂ ਤੇ ਜ਼ਾਲਮਾਨਾ ਵਰਤਾਰੇ ਦੀ ਆਹ। ਕੰਧ ਦੀ ਓਟ Ḕਚ ਦੋ ਮਾਸੂਮ ਟਹਿਕਦੇ ਫੁੱਲ। ਉਨ੍ਹਾਂ ਦੇ ਮੁੱਖੜਿਆਂ ਤੋਂ ਟਪਕਦੀ ਨੂਰੀ ਝਲਕ ਅਤੇ ਜ਼ੁਲਮ ਸਾਹਵੇਂ ਹਿੱਕ ਡਾਹੁਣ ਦੀ ਦਲੇਰੀ। ਈਨ ਨਾ ਮੰਨਣ ਦਾ ਜੇਰਾ। ਮਲੇਰਕੋਟਲਾ ਦੇ ਨਵਾਬ ਦਾ ਹਾਅ ਦਾ ਨਾਅਰਾ। ਨਿੱਕੇ-ਨਿੱਕੇ ਸਾਹਿਬਜ਼ਾਦਿਆਂ ਨੂੰ ਕੰਧਾਂ Ḕਚ ਚਿਣਨ ਦਾ ਹੁਕਮ ਅਤੇ ਉਨ੍ਹਾਂ ਦੀ ਲਾਸਾਨੀ ਸ਼ਹਾਦਤ। ਕੰਧ ਆਪਣੀ ਹੋਂਦ ਨੂੰ ਕੋਸਦੀ, ਵਕਤ ਦੇ ਨੈਣਾਂ Ḕਚ ਪ੍ਰਸ਼ਨ ਕਰਦੀ ਕਿ ਇਹ ਕਿਸ ਕਿਸਮ ਦੀ ਬਹਾਦਰੀ ਅਤੇ ਕਿਹੜੇ ਧਰਮ ਦਾ ਈਮਾਨ! ਸਦੀਆਂ ਤੋਂ ਰੋਂਦੀ ਕੰਧ, ਆਪਣੀ ਅਉਧ Ḕਤੇ ਪਛਤਾਉਂਦੀ। ਪਛਤਾਵੇ ਦੇ ਹੌਕਿਆਂ Ḕਚ ਆਪੇ ਨੂੰ ਗਾਲ਼ਦੀ। ਹਰ ਸ਼ਰਧਾਲੂ ਦੀ ਸੋਚ Ḕਚ, ਉਸ ਅਜ਼ੀਮ ਸ਼ਹਾਦਤ ਦਾ ਤਸੱਵੁਰ ਧਰ, ਅੱਖਾਂ Ḕਚ ਰੋਹ ਧਰਦੀ। ਹਰ ਨਮ ਅੱਖ, ਉਸ ਕੰਧ ਤੋਂ ਕਈ ਪ੍ਰਸ਼ਨ ਪੁੱਛਦੀ। ਪਰ ਮੌਨ ਹੋ ਚੁੱਕੀ ਕੰਧ, ਹੁੰਗਾਰਾ ਕਿੰਜ ਭਰੇ। ਉਸ ਦੇ ਦੀਦਿਆਂ Ḕਚੋਂ ਪੜ੍ਹਨ ਵਾਲੇ ਬੜਾ ਕੁਝ ਪੜ੍ਹ, ਅਕੀਦਤ ਕਰ, ਘਰਾਂ ਨੂੰ ਪਰਤਦੇ।
ਅਸੀਂ ਕੰਧਾਂ ਉਸਾਰਦੇ ਹਾਂ, ਵਲਗਣਾਂ ਲਈ, ਕਬਜ਼ੇ ਲਈ, ਆਪਣਾ ਹੱਕ ਜਤਾਉਣ ਲਈ ਅਤੇ ਉਸ ਕੰਧ ਤੀਕ ਹੀ ਆਪਣੇ ਸੋਚ ਦੇ ਦਾਇਰੇ ਸੀਮਤ ਕਰਨ ਲਈ। ਵਿਸ਼ਾਲ ਸੋਚ ਵਾਲੇ ਮਨੁੱਖ ਨੂੰ, ਕੰਧਾਂ ਦੀ ਕਦੇ ਲੋੜ ਨਹੀਂ ਪੈਂਦੀ।
ਚਾਰ ਕੰਧਾਂ ਰਲ਼ ਕੇ ਕਮਰਾ ਬਣਾਉਂਦੀਆਂ ਨੇ। ਜੇ ਕੰਧਾਂ Ḕਚ ਬੂਹੇ, ਬਾਰੀਆਂ ਅਤੇ ਰੋਸ਼ਨਦਾਨ ਹੋਣ ਤਾਂ ਉਹ ਘਰ ਦਾ ਹਿੱਸਾ ਬਣ ਜਾਂਦਾ ਹੈ। ਬਾਰੀਆਂ ਜਾਂ ਰੌਸ਼ਨਦਾਨ ਤੋਂ ਵਿਰਵਾ ਕਮਰਾ, ਸੈਲੂਲਰ ਜੇਲ੍ਹ ਦਾ ਹਿੱਸਾ ਬਣਦਾ ਏ ਜਿਸ ਵਿਚ ਗੁੰਮ ਜਾਂਦੀਆਂ ਨੇ ਆਸਾਂ, ਵਿਧਵਾ ਹੋ ਜਾਂਦੇ ਨੇ ਬੋਲ, ਵਿਰਲਾਪ ਬਣਦਾ ਏ ਹਾਸਾ ਅਤੇ ਪੱਲੇ ਪੈਂਦੀ ਏ ਨਿਰਾਸ਼ਾ। ਦੇਸ਼ ਭਗਤਾਂ ਲਈ ਕੈਦ ਕੋਠੜੀ ਦਾ ਲੰਮਾ ਸਾਥ ਨੈਲਸਨ ਮੰਡੇਲਾ ਪੈਦਾ ਕਰਦਾ ਏ, ਭਗਤ ਸਿੰਘ ਦੀ ਸ਼ਹਾਦਤ ਬਣਦਾ ਏ, ਜਾਂ ਡਾæ ਦੀਵਾਨ ਸਿੰਘ ਕਾਲੇਪਾਣੀ ਵਰਗੀ ਸ਼ਖਸੀਅਤ ਘੜਦਾ ਏ, ਜਿਹੜੀ ਤਸੀਹਿਆਂ Ḕਚੋਂ ਵੀ ਮਨੁੱਖਤਾ ਦਾ ਧਰਮ ਪਾਲਦੀ ਏ।
ਕੰਧਾਂ ਇਤਿਹਾਸ ਬਣਦੀਆਂ ਨੇ। ਅਕੀਦਤਯੋਗ ਥਾਂਵਾਂ ਬਣਦੀਆਂ ਨੇ। ਇਤਿਹਾਸ ਦੇ ਅਮੀਰ ਖਜ਼ਾਨੇ ਨੂੰ ਸਮੋਈ ਬਾਬੇ ਨਾਨਕ ਦੇ ਵਿਆਹ ਦੀ ਚਸ਼ਮਦੀਦ ਬਟਾਲੇ ਦੀ ਕੰਧ, ਖੁਸ਼ੀਆਂ ਤੇ ਖੇੜਿਆਂ ਦੀ ਨਿੱਘੀ ਯਾਦ, ਹਿੱਕ Ḕਚ ਛੁਪਾਈ, ਹਰ ਸ਼ਰਧਾਲੂ ਦੀ ਸੋਚ Ḕਚ ਰਾਂਗਲੇ ਦਿਨਾਂ ਦੇ ਨਕਸ਼ ਉਘਾੜਦੀ ਏ। ਇਤਿਹਾਸ ਦਾ ਇਕ ਸੁਨਹਿਰੀ ਵਰਕਾ, ਅੱਖਾਂ ਸਾਹਵੇਂ ਸਿਰਜਦੀ।
ਉਸਰਦੀਆਂ ਕੰਧਾਂ ਸ਼ੁਭ ਸ਼ਗਨ ਹੁੰਦਾ ਏ ਇਕ ਘਰ ਵਸਾਉਣ ਲਈ, ਇਕ ਪਰਿਵਾਰ ਨੂੰ ਆਪਣੀ ਹਿਫਾਜ਼ਤ Ḕਚ ਲਿਆਉਣ ਲਈ। ਪਰ ਝੜੀ Ḕਚ ਜਦੋਂ ਕੱਚੀਆਂ ਕੰਧਾਂ ਢਹਿੰਦੀਆਂ ਨੇ ਤਾਂ ਗੁੰਮ ਜਾਂਦਾ ਏ ਉਹਲਾ, ਅਲੋਪ ਹੋ ਜਾਂਦੀ ਏ ਛੱਤ, ਮਿੱਟ ਜਾਂਦਾ ਏ ਘਰ ਦਾ ਵਜੂਦ ਅਤੇ ਦਫਨ ਹੋ ਜਾਂਦੇ ਨੇ ਗਰੀਬ ਦੇ ਸੁਪਨੇ। ਗਰੀਬ ਦੀ ਜ਼ਿੰਦਗੀ ਦਾ ਸੱਚ, ਜੱਗ-ਜ਼ਾਹਰ ਹੋ, ਬਹੁਤੀ ਵਾਰ ਕਿਸੇ ਦੇ ਮਨ Ḕਚ ਤਰਸ ਦੀ ਭਾਵਨਾ ਉਪਜਾਉਣ ਤੋਂ ਵੀ ਇਨਕਾਰੀ ਹੁੰਦਾ ਏ।
ਕੰਧਾਂ ਹੁੰਗਾਰਾ ਭਰਦੀਆਂ ਨੇ, ਸੰਵਾਦ ਰਚਾਉਂਦੀਆਂ ਨੇ। ਕਦੇ ਕੰਧ ਦੀ ਓਟ Ḕਚ ਬੈਠ ਕੇ ਨੀਝ ਨਾਲ ਨਿਹਾਰਿਓ, ਕੰਧ ਤੁਹਾਥੋਂ ਕੁਝ ਮੰਗਦੀ, ਤੁਹਾਡਾ ਧਿਆਨ ਲੋੜਦੀ ਏ। ਤਾਹੀਓਂ ਤਾਂ ਕਹਿੰਦੇ ਨੇ ਕਿ ਕੰਧਾਂ ਦੇ ਵੀ ਕੰਨ ਹੁੰਦੇ ਨੇ।
ਧਾਰਮਿਕ ਕੱਟੜਤਾ ਦੀ ਕੰਧ, ਜਦੋਂ ਮਨ Ḕਚ ਉਸਰਦੀ ਏ ਤਾਂ ਉਡ ਜਾਂਦਾ ਏ ਵਿਵੇਕ, ਠੁੱਸ ਹੋ ਕੇ ਰਹਿ ਜਾਂਦੀ ਏ ਹਰ ਦਲੀਲ ਅਤੇ ਠੁਕਰਾਈ ਜਾਂਦੀ ਏ ਹਰ ਅਪੀਲ। ਜਨੂੰਨ ਦੀ ਹੱਦ ਤੀਕ ਪਹੁੰਚਦਿਆਂ ਧਰਮ, ਅਧਰਮ ਬਣ, ਖੰਜ਼ਰ ਤੋਂ ਖੂਨ-ਖਰਾਬੇ ਤੀਕ ਦਾ ਸਫਰ ਤੈਅ ਕਰ ਅੱਗਾਂ ਲਾਉਂਦਾ, ਆਮ ਮਨੁੱਖ ਦੀ ਝੋਲੀ Ḕਚ ਹਾਉਕੇ ਤੇ ਹਾਵੇ ਪਾਉਂਦਾ ਏ।
ਮਹਿਲਾਂ ਤੇ ਕਿਲਿਆਂ ਦੀਆਂ ਬੌੜੀਆਂ ਕੰਧਾਂ ਮੀਂਹ ਹਨੇਰੀ Ḕਚ ਖੁਰਦੀਆਂ ਆਪਣੀ ਹੋਂਦ ਨੂੰ ਗਵਾ, ਕੁਕਰਮਾਂ ਤੇ ਕੁਲਹਿਣੇ ਵਕਤਾਂ ਦੀ ਕਰੂਰ ਯਾਦ ਨੂੰ, ਮਨਾਂ Ḕਚੋਂ ਮਿਟਾਉਣਾ ਲੋਚਦੀਆਂ ਨੇ। ਇਸੇ ਲਈ ਤਾਂ ਉਜੜੇ ਥੇਹਾਂ ਵੰਨੀ ਕੋਈ ਮੂੰਹ ਨਹੀਂ ਕਰਦਾ।
ਖੁਸ਼ੀਆਂ, ਖੇੜਿਆਂ ਦੇ ਵਿਹੜੇ Ḕਚ ਉਸਰਦੀ ਹੌਕਿਆਂ ਦੀ ਕੰਧ ਦੀ ਕੌਣ ਤਮੰਨਾ ਕਰੇਗਾ? ਕੌਣ ਹਾਮੀ ਭਰੇਗਾ? ਅਜਿਹੀ ਕੰਧ ਉਸਰਨ ਤੋਂ ਪਹਿਲਾਂ ਹੀ ਆਪਣਾ ਮਰਸੀਆ ਪੜ੍ਹਨ ਬਹਿ ਜਾਂਦੀ ਏ।
ਮਾਨਸਿਕ ਹਨੇਰਿਆਂ ਦੀ ਕੰਧ ਉਸਾਰ, ਚਾਨਣ ਦੀ ਕਿੰਜ ਆਸ ਕਰੋਗੇ? ਕਿਹੜੇ ਚਿਰਾਗ ਸੰਵੇਦਨਾਵਾਂ ਦੀਆਂ ਪਲਕਾਂ Ḕਤੇ ਧਰੋਗੇ? ਨਿੱਘ ਤੋਂ ਬਗੈਰ ਠੁਰ ਠੁਰ ਕੇ ਮਰੋਗੇ ਅਤੇ ਇਲਜ਼ਾਮ ਆਪਣੀ ਹੋਣੀ ਦੇ ਸਿਰ ਮੜੋਗੇ।
ਦੋ ਭਰਾਵਾਂ Ḕਚ ਗਲਤਫਹਿਮੀ ਅਤੇ ਨਿਜੀ ਮੁਫਾਦ ਦੇ ਟਕਰਾਅ ਕਾਰਨ, ਘਰ Ḕਚ ਉਸਰੀ ਹੋਈ ਕੰਧ, ਵੰਡ ਦਿੰਦੀ ਏ ਮਾਂ-ਪਿਓ। ਟੋਟੇ ਟੋਟੇ ਹੋ ਜਾਂਦੇ ਨੇ ਰਿਸ਼ਤੇ। ਦੋਫਾੜ ਹੋ ਜਾਂਦਾ ਏ ਮੋਹ ਦਾ ਚੌਂਕਾ। ਮਸੋਸੇ ਜਾਂਦੇ ਨੇ ਸਾਂਝੇ ਪਰਿਵਾਰ ਦੇ ਕਹਿਕਹੇ। ਰੁਆਂਸੀ ਜਾਂਦੀ ਏ ਖੁਸ਼-ਗਵਾਰ ਫਿਜ਼ਾ। ਸਿਸਕਦੇ ਨੇ ਕੰਧਾਂ ਤੇ ਓਟਿਆਂ Ḕਤੇ ਪਾਏ ਘੁੱਗੀਆਂ ਤੇ ਮੋਰ। ਟੁੱਟ ਟੁੱਟ ਜਾਂਦੀ ਏ ਚਰਖੇ ਦੀ ਤੰਦ ਅਤੇ ਹਟਕੋਰਾ ਬਣ ਜਾਂਦੇ ਨੇ ਸੰਦੂਕ Ḕਚ ਸਾਂਭੇ ਦਰੀਆਂ ਤੇ ਖੇਸ। ਕੁਤਰਿਆ ਜਾਂਦਾ ਏ ਮਾਪਿਆ ਦਾ ਕਾਲਜਾ। ਕਈ ਵਾਰ ਤਾਂ ਬੁੱਢੇ ਮਾਪਿਆਂ ਦੀਆਂ ਅਸਥੀਆਂ ਦੀ ਵੰਡ-ਵੰਡਾਈ ਤੱਕ ਕੇ ਹਵਾ ਵੀ ਰੋਣ ਲੱਗ ਪੈਂਦੀ ਏ।
ਕਦੇ ਕਦੇ ਕੰਧ, ਕਹਿਰ ਤੇ ਕੁੜਿੱਤਣਾਂ ਦਾ ਸਿਰਲੇਖ ਬਣੀ, ਕਲਯੁੱਗ ਦੇ ਕੁਲਹਿਣੇ ਵਕਤ ਦਾ ਕਾਲਾ ਵਰਕਾ ਵੀ ਬਣਦੀ ਹੈ।
ਸਮਾਜਿਕ ਤੇ ਆਰਥਿਕ ਨਾ-ਬਰਾਬਰੀ ਦੀ ਕੰਧ ਨੇ ਮਨੁੱਖ ਨੂੰ ਵਰਣਾਂ ਤੇ ਧੜਿਆਂ Ḕਚ ਵੰਡਿਆ। ਲੜਾਈਆਂ ਝਗੜਿਆਂ ਦਾ ਮੁੱਢ ਬੰਨਿਆ। ਮਨੁੱਖਤਾ ਦਾ ਵਿਨਾਸ਼ ਕੀਤਾ। ਇਕ ਲੰਮੀ ਜੱਦੋ ਜਹਿਦ ਨੂੰ ਜਨਮ ਦਿੱਤਾ ਜੋ ਅਜੇ ਤੀਕ ਵੀ ਜਾਰੀ ਏ। ਅਤੇ ਉਨਾਂ ਚਿਰ ਜਾਰੀ ਰਹੇਗੀ ਜਦੋਂ ਤੀਕ ਹਰ ਮਨੁੱਖ ਨੂੰ ਕੁੱਲੀ, ਗੁੱਲੀ ਤੇ ਜੁੱਲੀ ਵਰਗੀਆਂ ਮੁੱਢਲੀਆਂ ਸਹੂਲਤਾਂ ਨਸੀਬ ਨਹੀਂ ਹੁੰਦੀਆਂ।
ਕੰਧ ਵੰਡਦੀ ਏ ਥਾਂਵਾਂ ਨੂੰ, ਰਾਹਵਾਂ ਨੂੰ, ਭਰਾਵਾਂ ਅਤੇ ਧਾਰਾਵਾਂ ਨੂੰ। ਪਰ ਕੰਧ ਕਦੇ ਵੀ ਵੰਡ ਨਹੀਂ ਸਕੀ, ਵਗਦੇ ਦਰਿਆਵਾਂ ਨੂੰ, ਰੁਮਕਦੀਆਂ ਹਵਾਵਾਂ ਨੂੰ, ਪੰਛੀਆਂ ਦੀਆਂ ਉਡਾਣਾਂ ਨੂੰ, ਸਾਂਝੀਆਂ ਭਾਸ਼ਾਵਾਂ ਨੂੰ, ਵਿਰਸੇ ਨੂੰ, ਮੋਹ ਦੇ ਭਰੇ ਵਗਦੇ ਦਰਿਆ ਨੂੰ, ਮਨਾਂ Ḕਚ ਮਿਲਣ ਦੇ ਚਾਅ ਨੂੰ ਅਤੇ ਇਕ ਦੂਜੇ ਤੋਂ ਸਦਕੇ ਜਾਣ ਦੇ ਸ਼ੁਦਾਅ ਨੂੰ।
ਮਾਨਵੀ ਕਦਰਾਂ-ਕੀਮਤਾਂ ਅਤੇ ਮਰਿਆਦਾ ਦੀ ਉਸਰੀ ਹੋਈ ਕੰਧ ਹੀ, ਮਨੁੱਖ ਨੂੰ ਹੈਵਾਨ ਬਣਨ ਤੋਂ ਰੋਕਦੀ ਏ ਅਤੇ ਨਿਰਧਾਰਿਤ ਦਾਇਰਿਆਂ Ḕਚ ਰਹਿੰਦਿਆਂ, ਸਮਾਜ ਦਾ ਨਰੋਆ ਅੰਗ ਬਣਨ ਦਾ ਕਾਰਨ ਬਣਦੀ ਏ। ਇਨਸਾਨੀਅਤ ਦੇ ਮਾਪਦੰਡ ਅਪਨਾਉਂਦਿਆਂ ਹੀ, ਮਨੁੱਖ, ਮਨੁੱਖ ਬਣਨ ਦਾ ਹੱਕ ਅਦਾ ਕਰ, ਸਮੁੱਚੀ ਜੀਵ-ਪ੍ਰਣਾਲੀ ਦਾ ਮੁੱਖੀ ਬਣਨ ਦਾ ਮਾਣ ਹਾਸਲ ਕਰਦਾ ਏ।
ਕੰਧਾਂ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਗਈਆਂ ਨੇ। ਚਾਰ ਚੁਫੇਰੇ ਦੀਆਂ ਕੰਧਾਂ, ਮਨੁੱਖ ਨੇ ਆਪਣੇ ਦੁਆਲੇ ਆਪ ਉਸਾਰੀਆਂ ਨੇ। ਜੰਗਲਾਂ Ḕਚ ਰਹਿੰਦੇ ਆਦਿ ਮਨੁੱਖ ਨੂੰ, ਕਦੇ ਵੀ ਕੰਧਾਂ ਉਸਾਰਨ ਦੀ ਜ਼ਰੂਰਤ ਮਹਿਸੂਸ ਨਹੀਂ ਸੀ ਹੋਈ। ਉਹ ਤਾਂ ਕੁਦਰਤ ਵਿਚ ਵਿਚਰਦਾ, ਕੁਦਰਤ ਦਾ ਹਿੱਸਾ ਬਣ, ਕੁਦਰਤ ਨੂੰ ਵਿਸਥਾਰਦਾ ਤੇ ਨਮਸਕਾਰਦਾ ਵੀ ਰਿਹਾ।
ਇਕ ਡਿੱਗੀ ਕੰਧ, ਵਕਤ ਦੀ ਅੱਖ Ḕਚ ਸੁਪਨਾ ਵੀ ਧਰ ਸਕਦੀ ਏ ਅਤੇ ਸੰਤਾਪ ਵੀ। ਕੁਝ ਚੰਗੇਰਾ ਕਰਨ ਦੀ ਆਸ ਵੀ ਅਤੇ ਵਿਨਾਸ਼ ਵੀ। ਇਹ ਤਾਂ ਕੰਧ ਦੀ ਤਾਸੀਰ ‘ਤੇ ਨਿਰਭਰ ਕਰਦਾ ਹੈ। ਜਦੋਂ ਬਰਲਿਨ ਦੀ ਦੀਵਾਰ ਡਿਗਦੀ ਹੈ ਤਾਂ ਚਿਰ-ਵਿਛੁੰਨੇ ਅੰਮਾ-ਜਾਏ ਗਲੇ ਮਿਲਦੇ ਨੇ। ਸਾਂਝਾਂ ਦੀ ਪੌਣ ਰੁਮਕਦੀ ਏ। ਮੁਹੱਬਤ ਦੇ ਬੋਲ ਹੁੰਗਾਰਾ ਭਰਦੇ ਨੇ। ਵਿਛੋੜੇ ਦਾ ਡੂੰਘਾ ਸੱਲ ਮਿਲਣੀ ਸੰਗ ਭਰ ਜਾਂਦਾ ਏ। ਆਪਣਿਆਂ ਦੀ ਗਲਵੱਕੜੀ ਦਾ ਨਿੱਘ, ਚੁਫੇਰੇ ਫੈਲ ਜਾਂਦਾ ਏ। ਵਕਤ ਦੁਆਵਾਂ ਮੰਗਦਾ ਹੈ ਕਿ ਅਜਿਹੀ ਸਾਂਝ ਦੀ ਮਿਠਾਸ Ḕਚ ਕੋਈ ਕੁੜਿੱਤਣ ਨਾ ਘੋਲੇ ਅਤੇ ਹਰ ਸਾਹ Ḕਚ ਹੀ ਆਪਣਿਆਂ ਦੇ ਚੰਗੇਰੇ ਭਵਿੱਖ ਦੀ ਕਾਮਨਾ ਦਾ ਵਰ ਟੋਲੇ। ਹੱਦਾਂ, ਸਰਹੱਦਾਂ ਦੇ ਰੇੜਕੇ ਮੁੱਕ ਜਾਣ। ਹਰ ਖੇਤ ਕੇਸਰ ਦੀ ਖੇਤੀ ਕਰੇ ਅਤੇ ਹਰ ਸੁਪਨੇ ਦੀ ਸੰਪੂਰਨਤਾ, ਮਨੁੱਖੀ ਅੱਖ Ḕਚ ਤਰੇ। ਯੂਰਪੀ ਦੇਸ਼ਾਂ ਵਲੋਂ ਯੂਰਪੀਨ ਸੰਗਠਨ ਦਾ ਹੰਭਲਾ, ਬਰਲਿਨ ਦੀ ਟੁੱਟੀ ਦੀਵਾਰ ਦਾ, ਉਸਾਰੂ ਹੁੰਗਾਰਾ ਹੀ ਤਾਂ ਹੈ।
ਕੰਧਾਂ ਇਤਿਹਾਸ ਬਣਦੀਆਂ ਨੇ। ਉਨ੍ਹਾਂ ਦੀ ਹਰ ਇੱਟ Ḕਤੇ ਇਤਿਹਾਸ ਦੀਆਂ ਚਿੱਪਰਾਂ, ਬੀਤੇ ਸਮੇਂ ਦੀਆਂ ਪਰਤਾਂ ਫਰੋਲਦੀਆਂ, ਸਾਡੀਆਂ ਸੰਵੇਦਨਾਵਾਂ ਝੰਜੋੜਦੀਆਂ, ਸਾਡਾ ਪ੍ਰਤੀਕਰਮ ਲੋੜਦੀਆਂ ਨੇ। ਚੀਨ ਦੀ ਦੀਵਾਰ, ਆਪਣੀ ਹਦੂਦ Ḕਚ ਵਾਪਰੀਆਂ ਹੋਣੀਆਂ, ਅਣਹੋਣੀਆਂ ਨੂੰ ਜੱਗ ਜ਼ਾਹਰ ਹੋਣ ਤੋਂ ਰੋਕਦੀ, ਆਜ਼ਾਦ ਪੌਣਾਂ ਲਈ ਬੰਦਿਸ਼ਾਂ ਪੈਦਾ ਕਰਦੀ, ਮਹਿਕਾਂ ਨੂੰ ਜੰਜ਼ੀਰਾਂ Ḕਚ ਬੰਨ੍ਹਦੀ, ਕਦੇ-ਕਦੇ ਤਾਈਮਨ ਸੁਕੇਅਰ ਦਾ ਸੰਤਾਪ ਵੀ ਬਣਦੀ ਏ। ਇਸ ਦੀ ਕਠੋਰਤਾ Ḕਚ ਆਈ ਨਰਮਾਈ ਸਦਕਾ ਹੀ ਦੁਨਿਆਵੀ ਸਾਂਝ ਦਾ ਸੰਕਲਪ, ਉਸ ਧਰਤ Ḕਤੇ ਪੁੰਗਰਨਾ ਸ਼ੁਰੂ ਹੋਇਆ ਏ ਅਤੇ ਉਸ ਚੌਗਿਰਦੇ ਦੀ ਬਦਹਵਾਸੀ ਪੌਣ, ਇਸ ਦੇ ਫਲਣ ਤੇ ਫੈਲਣ ਦੀਆਂ ਸ਼ੁਭ-ਕਾਮਨਾਵਾਂ ਮੰਗਦੀ ਏ।
ਦੇਸ਼ ਦੇ ਰਹਿਨੁਮਾ, ਪੰਜ ਪਾਣੀਆਂ Ḕਚ ਕੰਧ ਉਸਾਰਨ ਦਾ ਭਰਮ ਪਾਲਦੇ ਰਹੇ। ਨਫਰਤਾਂ ਦੀ ਜ਼ਹਿਰ ਉਗਲਦੇ ਰਹੇ। ਸਾਹਾਂ ਨੂੰ ਵੰਡਣ ਦੀਆਂ ਤਰਕੀਬਾਂ ਘੜਦੇ ਰਹੇ ਅਤੇ ਸੋਚ Ḕਚ ਕੁੜਿੱਤਣਾਂ ਦਾ ਵਣਜ ਕਰਦੇ ਰਹੇ। ਕੰਧ Ḕਚ ਪਏ ਨਿੱਕੇ ਜਿਹੇ ਮਘੋਰੇ ਸਦਕਾ, ਮੋਹ-ਮੁਹੱਬਤਾਂ ਦੀ ਭਿੱਜੀ ਪੌਣ ਦੀ ਰੁਮਕਣੀ, ਧਰਤ ਸੁਹਾਵੀ ਕਰ, ਮਨਾਂ Ḕਚ ਉਪਜੀ ਮਸਨੂਈ ਨਫਰਤ ਨੂੰ ਮਲੀਆਮੇਟ ਕਰ, ਨਵੀਆਂ ਸਾਂਝਾਂ ਦਾ ਨਵਾਂ ਦੌਰ ਸਿਰਜਣ ਦੇ ਆਹਰ ਵਿਚ ਏ।
ਕੰਧ ਦੀ ਕਥਾ ਜ਼ਰੂਰ ਸੁਣਿਓ। ਹੁੰਗਾਰਾ ਜ਼ਰੂਰ ਭਰਿਓ। ਇਸ ਉਪਰ ਨਰੋਏ ਵਕਤਾਂ ਦੀ ਚਿਤਰਕਾਰੀ ਕਰਿਓ। ਇਸ ਦੇ ਨਕਸ਼ ਨਿਹਾਰੋ, ਇਸ ਦੀ ਸਾਰਥਿਕਤਾ ਵਿਚਾਰੋ ਅਤੇ ਉਸ ਵਿਚਾਰ-ਰਿੜਕਵੀ Ḕਚੋਂ, ਨਵੇਂ ਸੰਸਾਰਕ ਸੰਦਰਭ ਉਸਾਰੋ ਤੇ ਵਿਸਥਾਰੋ। ਇਹ ਕੰਧ ਮਨੁੱਖੀ ਵਰਤਾਰਿਆਂ ਦੇ ਸਲੀਕੇ ਦੀ ਹੋਵੇ, ਸਮਾਜਕ ਵਿਚਰਨ ਦੀ ਹੋਵੇ। ਪਰਿਵਾਰ ਨੂੰ ਪਰਿਭਾਸ਼ਤ ਕਰਨ ਦੀ ਹੋਵੇ। ਜੀਵਨ ਨੂੰ ਨਵੇਂ ਦਿਸਹੱਦਿਆਂ ਦੀ ਬੁਲੰਦੀ ਬਖਸ਼ਣ ਦੀ ਹੋਵੇ। ਇਸ Ḕਚੋਂ ਨਵੇਂ ਅਰਥਾਂ ਦੀ ਅਤੇ ਜੀਵਨ ਦੇ ਮਾਨਵੀ ਸਰੋਕਾਰਾਂ ਦੀ ਝਲਕ ਪਵੇ। ਇਸ ਦੀ ਅਰਾਧਨਾ ਕਰਦਿਆਂ ਅਸੀਂ ਜੀਵਨ ਵਿਚਲੇ ਸੂਹੇ ਸਵੇਰਿਆਂ ਦੀ ਆਰਤੀ ਉਤਾਰੀਏ ਅਤੇ ਮਨੁੱਖਾ ਜੀਵਨ ਨੂੰ ਦੂਰ-ਦਿਸੇਂਦੇ ਅੰਬਰ ਤੀਕ ਵਿਸਥਾਰ ਸਕੀਏ।