ਗੁਲਜ਼ਾਰ ਸਿੰਘ ਸੰਧੂ
ਸਦਾ ਵਾਂਗ ਇਸ ਮਹੀਨੇ ਚੰਡੀਗੜ੍ਹ ਸਾਹਿਤ ਅਕਾਡਮੀ ਤੇ ਮੰਟੋ ਫਾਊਂਡੇਸ਼ਨ ਨੇ ਏਸ਼ੀਆ ਦੇ ਮੰਨੇ-ਪ੍ਰਮੰਨੇ ਕਹਾਣੀਕਾਰ ਸਆਦਤ ਹਸਨ ਮੰਟੋ ਦੇ ਅਕਾਲ ਚਲਾਣੇ ਵਾਲੇ ਦਿਨ ਉਸ ਨੂੰ ਫੇਰ ਚੇਤੇ ਕੀਤਾ। ਖਾਸ ਕਰਕੇ ਉਹਦੇ ਵੱਲੋਂ ਚਿਤਰੇ ਸੈਕਸ ਵਰਕਰਾਂ, ਦੱਲਿਆਂ, ਕਪਟੀਆਂ ਤੇ ਗਰੀਬ-ਗੁਰਬਿਆਂ ਦੇ ਮਾਨਵੀ ਗੁਣਾਂ ਨੂੰ। ਉਹ ਜੀਵਨ ਭਰ ਸਮਾਜ ਦੀਆਂ ਪ੍ਰਚਲਿਤ ਕਦਰਾਂ-ਕੀਮਤਾਂ ਨੂੰ ਲਿਤਾੜ ਕੇ ਨਵੀਂ ਦੁਨੀਆਂ ਸਿਰਜਣ ਵਿਚ ਰੁੱਝਿਆ ਰਿਹਾ।
ਇਸ ਮੌਕੇ ਪਿਛਲੇ ਤੋਂ ਪਿਛਲੇ ਵਰ੍ਹੇ ਕਲਕੱਤਾ ਦੀ ਸੰਸਥਾ ਰੰਗਕਰਮੀ ਵੱਲੋਂ Ḕਬਦਨਾਮ ਮੰਟੋḔ ਨਾਟਕ ਵਿਚਲੇ ਇਸਤਰੀ ਪਾਤਰਾਂ ਨੂੰ ਚੇਤੇ ਕੀਤਾ ਸੀ। ਇਹ ਨਾਟਕ ਮੰਟੋ ਦੀਆਂ ਤਿੰਨ ਕਹਾਣੀਆਂ-ਕਾਲੀ ਸਲਵਾਰ, ਲਾਈਸੈਂਸ ਅਤੇ ਹੱਤਕ ਉਤੇ ਆਧਾਰਤ ਸੀ। Ḕਕਾਲੀ ਸਲਵਾਰḔ ਵਿਚ ਸੁਲਤਾਨਾ ਨਾਂ ਦੀ ਵੇਸਵਾ ਆਪਣਾ ਧੰਦਾ ਅੰਬਾਲਾ ਛੱਡ ਕੇ ਦਿੱਲੀ ਜਾ ਕੇ ਕਰਨਾ ਚਾਹੁੰਦੀ ਹੈ ਤਾਂ ਉਸ ਦਾ ਦਲਾਲ ਹੀ ਉਸ ਦੇ ਝੁਮਕੇ ਲੁੱਟ ਲੈਂਦਾ ਹੈ। ਇਹ ਝੁਮਕੇ ਉਸ ਦੀ ਮਾਂ ਨੇ ਉਸ ਨੂੰ ਦਿੱਤੇ ਸਨ ਤੇ ਉਸ ਦੀ ਮਾਂ ਨੂੰ ਉਸ ਦੀ ਮਾਂ ਨੇ। Ḕਲਾਈਸੈਂਸ’ ਵਿਚ ਅਨਾਇਤ ਨਾਂ ਦੀ ਨਾਇਕਾ ਆਪਣੇ ਤਾਂਗੇ ਵਾਲੇ ਪਤੀ ਦੇ ਦੇਹਾਂਤ ਤੋਂ ਬਾਅਦ ਆਪਣੇ ਗੁਜ਼ਾਰੇ ਲਈ ਖੁਦ ਤਾਂਗਾ ਚਲਾਉਣ ਲੱਗਦੀ ਹੈ ਤਾਂ ਅਮੀਰਜ਼ਾਦੇ ਕਿਰਾਇਆ ਦੇਣ ਦੀ ਥਾਂ ਉਸ ਨਾਲ ਰਲਮਿਲ ਕੇ ਰਹਿਣ ਦੇ ਝਾਂਸੇ ਦੇ ਕੇ ਉਸ ਨੂੰ ਫੁਸਲਾ ਲੈਂਦੇ ਹਨ। ḔਹੱਤਕḔ ਦੀ ਨਾਇਕਾ ਸੁਗੰਧੀ ਦਾ ਅਮੀਰ ਗਾਹਕ ਉਸ ਦੇ ਮੂੰਹ ਉਤੇ ਥੁੱਕ ਕੇ ਚਲਾ ਜਾਂਦਾ ਹੈ ਤਾਂ ਉਹ ਆਪਣੇ ਪਾਲਤੂ ਕੁੱਤੇ ਦੀ ਵਫਾ ਨਾਲ ਦਿਲ ਬਹਿਲਾਉਣ ਲਈ ਮਜ਼ਬੂਰ ਹੋ ਜਾਂਦੀ ਹੈ।
ਮੰਟੋ ਆਪਣੇ ਪਾਤਰਾਂ ਦਾ ਪੱਖ ਪੂਰਨ ਸਮੇਂ ਆਪਣੀ ਕਲਾਕਾਰੀ ਦੀ ਸਿਖਰ Ḕਤੇ ਹੁੰਦਾ ਹੈ। ਇਹ ਤਿੰਨੋ ਨਾਟਕ Ḕਬਦਨਾਮ ਮੰਟੋḔ ਨੂੰ ਮਾਨਵੀ ਕਦਰਾਂ-ਕੀਮਤਾਂ ਦੇ ਰਾਖੇ ਅਤੇ ਲਾਚਾਰ ਤੇ ਬੇਵੱਸ ਜੀਵਾਂ ਨਾਲ ਖਲੋਤੇ ਵਿਖਾਉਂਦੇ ਹਨ। ਮੰਟੋ ਦੀ ਧਾਰਨਾ ਸੀ ਕਿ ਹਰ ਔਰਤ ਵੇਸਵਾ ਨਹੀਂ ਹੁੰਦੀ ਪਰ ਹਰ ਵੇਸਵਾ ਔਰਤ ਹੁੰਦੀ ਹੈ। ਇਸ ਮਹੀਨੇ ਇਕ ਵਾਰੀ ਫੇਰ ਉਸ ਦੀ ਇਸ ਧਾਰਨਾ ਨੂੰ ਮਾਣ ਨਾਲ ਚੇਤੇ ਕੀਤਾ ਗਿਆ। ਇਹ ਵੀ ਕਿ ਮੰਟੋ ਦੇ ਪਿਤਾ ਗੁਲਾਮ ਹੁਸੈਨ ਨੇ ਆਪਣੀ ਪਹਿਲੀ ਪਤਨੀ ਦੇ ਤਿੰਨ ਪੁੱਤਰਾਂ ਨੂੰ ਚੰਗੀ ਵਿੱਦਿਆ ਦਿਵਾ ਕੇ ਚੰਗੀਆਂ ਨੌਕਰੀਆਂ ਦੇ ਯੋਗ ਬਣਾਇਆ ਪਰ ਮੰਟੋ ਦੀ ਪੜ੍ਹਾਈ ਵੱਲ ਉਕਾ ਹੀ ਧਿਆਨ ਨਹੀਂ ਦਿੱਤਾ। ਇਹ ਗੱਲ ਵੱਖਰੀ ਹੈ ਕਿ ਹੁਣ ਮੰਟੋ ਦੇ ਉਨ੍ਹਾਂ ਭਰਾਵਾਂ ਦਾ ਕਿਸੇ ਨੂੰ ਨਾਂ ਤੱਕ ਵੀ ਚੇਤੇ ਨਹੀਂ ਪਰ ਮੰਟੋ ਦੀ ਪੂਰੀ ਦੁਨੀਆਂ ਵਿਚ ਬੱਲੇ-ਬੱਲੇ ਹੈ। ਖਾਸ ਕਰਕੇ ਏਸ਼ੀਆ ਦੀ ਸਾਹਿਤਕ ਦੁਨੀਆਂ ਵਿਚ।
ਇਸ ਯਾਦਗਾਰੀ ਪ੍ਰੋਗਰਾਮ ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਨਾਸ਼ਿਰ ਨਕਵੀ ਤੇ ਚੰਡੀਗੜ੍ਹ ਦੀ ਕਸ਼ਮੀਰ ਕੌਰ ਸੰਧੂ ਨੇ ਮੰਟੋ ਦੀ ਰਚਨਾਕਾਰੀ ਉਤੇ ਵਿਦਵਤਾ ਭਰਪੂਰ ਪਰਚੇ ਪੜ੍ਹੇ। ਸਮਾਗਮ ਦੀ ਪ੍ਰਧਾਨਗੀ ਵੀæਕੇæ ਸਿੱਬਲ ਨੇ ਕੀਤੀ ਜਿਹੜਾ ਹੀਰਾ ਲਾਲ ਸਿੱਬਲ ਦਾ ਬੇਟਾ ਹੈ। ਜੇ ਹੀਰਾ ਲਾਲ ਨੇ ਮੰਟੋ ਦੀਆਂ ਕਹਾਣੀਆਂ ਉਤੇ ਚੱਲੇ ਕੇਸਾਂ ਦੀ ਪੈਰਵੀ ਕੀਤੀ ਸੀ ਤਾਂ ਵੀæਕੇæ ਨੇ ਸਆਦਤ ਹਸਨ ਮੰਟੋ ਕਾਲ ਨੂੰ ਉਰਦੂ ਅਫਸਾਨਾ ਨਿਗਾਰੀ ਦਾ ਸੁਨਹਿਰੀ ਕਾਲ ਦਰਸਾਇਆ। ਇਹ ਉਹ ਸਮਾਂ ਸੀ ਜਿਸ ਨੂੰ ਕ੍ਰਿਸ਼ਨ ਚੰਦਰ, ਇਸਮ ਚਗਤਾਈ ਤੇ ਰਾਜਿੰਦਰ ਸਿੰਘ ਬੇਦੀ ਵਰਗੇ ਅਦੀਬਾਂ ਨੇ ਚਾਰ ਚੰਨ ਲਾਏ। ਮੰਟੋ ਜ਼ਿੰਦਾਬਾਦ।
ਬਾਬਾ ਬਿਲਗਾ ਸਿਮਰਤੀ ਗ੍ਰੰਥ: ਮੈਂ 2016 ਵਿਚ ਪ੍ਰਾਪਤ ਹੋਈਆਂ ਪੁਸਤਕਾਂ ਨੂੰ ਕੰਢੇ ਲਾ ਰਿਹਾ ਸਾਂ ਕਿ ਪ੍ਰੋæ ਗੋਪਾਲ ਸਿੰਘ ਬੁੱਟਰ ਦੇ ਸੰਪਾਦਤ ਬਾਬਾ ਭਗਤ ਸਿੰਘ ਬਿਲਗਾ ਸਿਮਰਤੀ ਗ੍ਰੰਥ (ਪੰਜ ਆਬ ਪ੍ਰਕਾਸ਼ਨ, ਜਲੰਧਰ) ਦੇ ਵਰਕੇ ਫਰੋਲਣ ਨੂੰ ਜੀਅ ਕਰ ਆਇਆ। ਇਸ ਵਿਚ ਜਗਜੀਤ ਸਿੰਘ ਆਨੰਦ, ਮੰਗਤ ਰਾਮ ਪਾਸਲਾ, ਬਲਬੀਰ ਪਰਵਾਨਾ, ਹਰੀਸ਼ ਪੁਰੀ, ਜਸਵੰਤ ਸਿੰਘ ਕੰਵਲ, ਨੌਨਿਹਾਲ ਸਿੰਘ ਤੇ ਜਗਜੀਤ ਲਾਇਲਪੁਰੀ ਵਰਗੇ 6 ਦਰਜਨ ਵਿਦਵਾਨਾਂ ਤੇ ਸਨੇਹੀਆਂ ਦੇ ਜਾਣਕਾਰੀ ਭਰਪੂਰ ਲੇਖ ਹਨ। ਇਹ ਲੇਖ ਹਿੰਦੁਸਤਾਨ ਦੀ ਸੰਗਰਾਮੀ ਲਹਿਰ ਨੂੰ ਪਹਿਚਾਨਣ ਤੋਂ ਬਿਨਾ ਬਾਬਾ ਬਿਲਗਾ ਦੀ ਧਾਰਨਾ, Ḕਚੁੱਪ ਕੀਤੀ ਸੋਚ ਨਾਲੋਂ ਤੁਰਦੇ ਜਾਣ ਦਾ ਅਮਲ ਪੁਰਾਣੇ ਗਿਆਨ ਨੂੰ ਢਾਹ ਕੇ ਨਵਾਂ ਗਿਆਨ ਪੈਦਾ ਕਰਦਾ ਹੈḔ ਉਤੇ ਪਹਿਰਾ ਦਿੰਦੇ ਹਨ। ਇਸ ਵਿਚ ਉਨ੍ਹਾਂ ਸਾਥੀਆਂ ਦੇ ਗੁਣ ਵੀ ਦਰਜ ਹਨ ਜਿਹੜੇ ਬਾਬਾ ਬਿਲਗਾ ਦੇ ਪ੍ਰੇਰਨਾ ਸ੍ਰੋਤ ਰਹੇ ਤੇ ਉਨ੍ਹਾਂ ਦੇ ਵੀ ਜਿਨ੍ਹਾਂ ਨੇ ਬਾਬਾ ਬਿਲਗਾ ਦੀ ਸਮਾਜਵਾਦੀ ਦ੍ਰਿਸ਼ਟੀ ਨੂੰ ਅਪਨਾਇਆ। ਸੰਪਾਦਕ ਨੇ ਬਿਲਗਾ ਦੇ ਸਾਥੀਆਂ ਤੇ ਸਨੇਹੀਆਂ ਤੋਂ ਜਿਹੜੇ ਲੇਖ ਪ੍ਰਾਪਤ ਕੀਤੇ, ਉਹ ਸੁਤੰਤਰਤਾ ਪ੍ਰਾਪਤੀ ਤੋਂ ਪਹਿਲਾਂ ਤੇ ਪਿਛੋਂ ਦੇ ਸੰਗਰਾਮੀ ਘੋਲ ਦਾ ਦਸਤਾਵੇਜ਼ ਹਨ। ਖੂਬੀ ਇਹ ਕਿ ਉਨ੍ਹਾਂ ਵਿਚੋਂ ਬਹੁਤਿਆਂ ਦੇ ਚਿਹਰੇ ਇਸ ਗ੍ਰੰਥ ਵਿਚ ਸ਼ਾਮਿਲ 40 ਤਸਵੀਰਾਂ ਵਿਚ ਵੇਖੇ ਜਾ ਸਕਦੇ ਹਨ। ਇਹ ਗ੍ਰੰਥ ਸੰਗਰਾਮੀ ਲਹਿਰ ਦੇ ਪਾਠਕਾਂ ਤੇ ਖੋਜੀਆਂ ਲਈ ਇੱਕ ਵੱਖਰੀ ਤਰ੍ਹਾਂ ਦਾ ਮਹੱਤਵ ਰੱਖਦਾ ਹੈ।
ਅੰਤਿਕਾ: (ਮਨਜਿੰਦਰ ਸਿੰਘ ਧਨੋਆ ਦੀ Ḕਸੁਰਮ ਸਲਾਈḔ ਵਿਚੋਂ)
ਬੜਾ ਬੇਰਹਿਮ ਹੈ ਇਸ ਝਿਲਮਿਲਾਉਂਦੇ ਸ਼ਹਿਰ ਦਾ ਆਲਮ
ਖੁਦੀ ਅੰਦਰ ਗੁਆਚਾ ਹੈ ਖੁਦਾ ਦੀ ਗੱਲ ਕਰਦਾ ਹੈ।
ਨਵੀਂ ਤਹਿਜ਼ੀਬ ਦਾ ਇਹ ਵੀ ਭਲਾ ਅੰਦਾਜ਼ ਕੀ ਹੋਇਆ?
ਪਿਤਾ ਬੱਚੇ ਦੇ ਕਮਰੇ ਵਿਚ ਪੁੱਛ ਕੇ ਪੈਰ ਧਰਦਾ ਹੈ।
ਤੇਰੇ ਇਨਸਾਫ ਦੀ ਤੱਕੜੀ ਨੂੰ ਤੱਕ ਪਥਰਾ ਗਏ ਹੰਝੂ
ਕਿਸੇ ਦਾ ਸੱਚ ਡੁੱਬ ਜਾਂਦਾ, ਕਿਸੇ ਦਾ ਝੂਠ ਤਰਦਾ ਹੈ।