ਕੜਾਕੇ ਦੀ ਠੰਢ ਦੇ ਬਾਵਜੂਦ ਪੰਜਾਬ ਦਾ ਸਿਆਸੀ ਪਾਰਾ ਨਿੱਤ ਦਿਨ ਉਤਾਂਹ ਜਾ ਰਿਹਾ ਹੈ। ਹੋਰ ਹਫਤੇ ਨੂੰ ਵੋਟਾਂ ਦਾ ਕੰਮ ਨਜਿੱਠਿਆ ਜਾਣਾ ਹੈ ਅਤੇ ਫਿਰ ਨਤੀਜੇ ਲਈ ਮਹੀਨਾ ਭਰ ਉਡੀਕਣਾ ਪੈਣਾ ਹੈ। ਹਾਲ ਦੀ ਘੜੀ ਸਾਰੀਆਂ ਸਿਆਸੀ ਧਿਰਾਂ ਦਾ ਜ਼ੋਰ ਵੋਟਰਾਂ ਨੂੰ ਭਰਮਾਉਣ/ਪਤਿਆਉਣ ‘ਤੇ ਲੱਗਿਆ ਹੋਇਆ ਹੈ। ਇਸ ਵਾਰ ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਉਕਾ ਹੀ ਨਿਵੇਕਲੀਆਂ ਅਤੇ ਨਿਆਰੀਆਂ ਹਨ। ਸ਼੍ਰੋਮਣੀ ਅਕਾਲੀ ਦਲ ਅਤੇ ਇਸ ਦੀ ਸਿਆਸੀ ਭਾਈਵਾਲ ਭਾਰਤੀ ਜਨਤਾ ਪਾਰਟੀ ਪੂਰੇ ਦਸ ਸਾਲ ਸੱਤਾ ਦਾ ਸੁਖ ਭੋਗ ਚੁੱਕੀ ਹੈ।
ਇਸ ਰਾਜ-ਭਾਗ ਦੌਰਾਨ ਆਵਾਮ ਨੂੰ ਕੀ ਕੁਝ ਮਿਲਿਆ ਹੈ, ਇਹ ਤਾਂ ਰਤਾ ਕੁ ਵਿਚਾਰਨ ਵਾਲਾ ਮਸਲਾ ਹੈ, ਪਰ ਇਕ ਤੱਥ ਸਾਰਿਆਂ ਲਈ ਸਪਸ਼ਟ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੇ ਖੂਬ ਚੰਮ ਦੀਆਂ ਚਲਾਈਆਂ ਹਨ। ਇਨ੍ਹਾਂ ਸਾਲਾਂ ਦੌਰਾਨ ਪੰਜਾਬ ਦੀ ਇਤਿਹਾਸਕ ਜਥੇਬੰਦੀ-ਸ਼੍ਰੋਮਣੀ ਅਕਾਲੀ ਦਲ, ਪੂਰੀ ਤਰ੍ਹਾਂ ਬਾਦਲ ਪਰਿਵਾਰ ਦੇ ਕਬਜ਼ੇ ਅਧੀਨ ਹੋ ਗਈ ਹੈ। ਆਪੋ-ਆਪਣੇ ਕੁਨਬੇ ਨੂੰ ਸਿਆਸੀ ਪਿੜ ਵਿਚ ਬਣਾਈ ਰੱਖਣ ਜਾਂ ਉਤਾਰਨ ਲਈ ਅਕਾਲੀ ਦਲ ਦੇ ਆਗੂਆਂ ਨੇ ਇਸ ਸਬੰਧੀ ਕੋਈ ਹੀਲ-ਹੁੱਜਤ ਨਹੀਂ ਕੀਤੀ ਹੈ। ਉਂਜ ਵੀ ਜਿਹੜਾ ਆਗੂ ਬਾਦਲਾਂ ਖਿਲਾਫ ਬੋਲਿਆ ਹੈ, ਸਿਆਸੀ ਦਾਅ ਨਾਲ ਉਸ ਦੀ ਸਫ ਤੁਰੰਤ ਵਲ੍ਹੇਟ ਦਿੱਤੀ ਗਈ। ਨਤੀਜਾ ਇਹ ਨਿਕਲਿਆ ਹੈ ਕਿ ਇਹ ਇਤਿਹਾਸਕ ਜਥੇਬੰਦੀ ਹੁਣ ਕੁਝ ਬਾਦਲ ਪਰਿਵਾਰ ਸਮੇਤ ਕੁਝ ਕੁ ਪਰਿਵਾਰਾਂ ਤੱਕ ਸੀਮਤ ਹੋ ਕੇ ਰਹਿ ਗਈ ਹੈ। ਇਹ ਸੰਸਾਰ ਦੇ ਸਭ ਤੋਂ ਵੱਡੇ ਜਮਹੂਰੀ ਮੁਲਕ ਦੀ ਹੋਣੀ ਹੀ ਗਿਣੀ ਜਾਵੇਗੀ ਜਿਥੇ ਜਥੇਬੰਦੀਆਂ ਦੇ ਜਮਹੂਰੀਕਰਨ ਵੱਲ ਕਿਸੇ ਨੇ ਧਿਆਨ ਦੇਣਾ ਤਾਂ ਇਕ ਪਾਸੇ ਰਿਹਾ, ਕੰਨ ਵੀ ਨਹੀਂ ਧਰਿਆ ਹੈ। ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦਾ ਖਾਸਾ ਵੀ ਸ਼੍ਰੋਮਣੀ ਅਕਾਲੀ ਦਲ ਤੋਂ ਵੱਖਰਾ ਨਹੀਂ, ਬਲਕਿ ਰਤਾ ਵਧ ਕੇ ਹੀ ਹੈ। ਹੁਣ ਵਿਧਾਨ ਸਭਾ ਚੋਣਾਂ ਲਈ ਹੋਈ ਟਿਕਟਾਂ ਦੀ ਕੁੱਕੜ-ਖੋਹ ਨੇ ਸਪਸ਼ਟ ਕਰ ਦਿੱਤਾ ਹੈ ਕਿ ਇਹ ਆਗੂ ਕਿਸ ਨਿਵਾਣ ਤੱਕ ਗਰਕ ਸਕਦੇ ਹਨ। ਸਭ ਸਿਆਸੀ ਧਿਰਾਂ ਦੇ ਬਾਗੀ ਆਪੋ-ਆਪਣੀ ਪਾਰਟੀ ਅਤੇ ਆਗੂਆਂ ਲਈ ਸਿਰਦਰਦੀ ਹੀ ਨਹੀਂ ਬਣੇ ਹੋਏ, ਹਾਰ ਦਾ ਕਾਰਨ ਬਣਦੇ ਵੀ ਨਜ਼ਰ ਆ ਰਹੇ ਹਨ। ਯਾਦ ਰਹੇ, ਪਿਛਲੀ ਵਾਰ ਕਾਂਗਰਸ ਦੀ ਹਾਰ ਦਾ ਇਕ ਕਾਰਨ ਇਹ ਬਾਗੀ ਹੀ ਬਣੇ ਸਨ ਜਿਨ੍ਹਾਂ ਨੇ ਟਿਕਟ ਨਾ ਮਿਲਣ ਦੀ ਸੂਰਤ ਵਿਚ ਖੁਦ ਆਜ਼ਾਦ ਉਮੀਦਵਾਰ ਵਜੋਂ ਚੋਣ-ਪਿੜ ਮੱਲ ਲਿਆ ਸੀ।
ਅਸਲ ਵਿਚ ਮੁਲਕ ਦੀ ਮਸੁੱਚੀ ਸਿਆਸਤ ਕਿਉਂਕਿ ਚੋਣ ਢਾਂਚੇ ਦੁਆਲੇ ਹੀ ਸਿਮਟ ਕੇ ਰਹਿ ਗਈ ਹੈ, ਇਸ ਲਈ ਹਰ ਆਗੂ ਦੀ ਹੋਂਦ ਦਾ ਸਵਾਲ ਚੋਣ ਲੜਨ ਅਤੇ ਜਿੱਤਣ ਨਾਲ ਜੁੜਿਆ ਹੋਇਆ ਹੈ। ਇਸੇ ਕਰ ਕੇ ਟਿਕਟ ਨਾ ਮਿਲਣ ਤੋਂ ਬਾਅਦ ਹਰ ਆਗੂ ਆਪਣੀ ਹੋਂਦ ਬਚਾਉਣ ਖਾਤਰ ਹੱਥ-ਪੈਰ ਮਾਰਦਾ ਨਜ਼ਰ ਆਉਂਦਾ ਹੈ। ਸਿਤਮਜ਼ਰੀਫੀ ਇਹ ਹੈ ਕਿ ਇਸ ਨਿਘਾਰ ਵੱਲ ਕਿਸੇ ਸਿਆਸੀ ਧਿਰ ਦਾ ਕੋਈ ਧਿਆਨ ਨਹੀਂ ਹੈ, ਬਲਕਿ ਸਾਰੀਆਂ ਧਿਰਾਂ ਇਸੇ ਨੂੰ ਸਿਆਸਤ ਮੰਨ ਕੇ ਆਪੋ-ਆਪਣੇ ਰਾਹ ਪਈਆਂ ਹੋਈਆਂ ਹਨ ਅਤੇ ਇਹ ਰਾਹ ਬਿਨਾ ਸ਼ੱਕ, ਆਵਾਮ ਦੀ ਮੁਕਤੀ ਦਾ ਨਹੀਂ ਹੈ।
ਪੰਜਾਬ ਵਿਚ ਲੋਕ ਸਭਾ ਚੋਣਾਂ ਦੌਰਾਨ ਨਵੀਂ ਉਭਰੀ ਸਿਆਸੀ ਧਿਰ ਆਮ ਆਦਮੀ ਪਾਰਟੀ ਨੂੰ ਵੀ ਭਾਵੇਂ ਸਿਆਸੀ ਮਾਹਿਰ ਹੁਣ ਇਸੇ ਸ਼੍ਰੇਣੀ ਵਾਲੀ ਪਾਰਟੀ ਮੰਨਣ ਲੱਗ ਪਏ ਹਨ, ਪਰ ਇਸ ਪਾਰਟੀ ਦਾ ਪੰਜਾਬ ਦੀ ਸਿਆਸਤ ਵਿਚ ਵੱਡਾ ਰੋਲ ਬਣ ਚੁੱਕਾ ਹੈ ਜਿਹੜਾ ਇਨ੍ਹਾਂ ਵਿਧਾਨ ਸਭਾ ਚੋਣਾਂ ਦੌਰਾਨ ਉਭਰ ਕੇ ਸਾਹਮਣੇ ਵੀ ਆ ਗਿਆ ਹੈ। ਟਿਕਟਾਂ ਦੀ ਵੰਡ, ਬਗਾਵਤ ਅਤੇ ਸਿਆਸੀ ਨੀਤੀਆਂ-ਰਣਨੀਤੀਆਂ ਦੇ ਮਾਮਲੇ ਵਿਚ ਇਹ ਪਾਰਟੀ ਭਾਵੇਂ ਦੂਜੀਆਂ ਪਾਰਟੀਆਂ ਦੇ ਨੇੜੇ-ਤੇੜੇ ਹੀ ਪੁੱਜ ਗਈ ਜਾਪਦੀ ਹੈ, ਪਰ ਇਸ ਪਾਰਟੀ ਦਾ ਦਿੱਲੀ ਸਰਕਾਰ ਚਲਾਉਣ ਦਾ ਰਿਕਾਰਡ ਦੱਸਦਾ ਹੈ ਕਿ ਇਹ ਰਵਾਇਤੀ ਸਿਆਸਤ ਨੂੰ ਵੱਢ ਮਾਰਨ ਦਾ ਮਾਦਾ ਰੱਖਦੀ ਹੈ। ਪੰਜਾਬ ਦੇ ਸਿਆਸੀ ਪਿੜ ਵਿਚ ਹੁਣ ਤੱਕ ਭਾਵੇਂ ਸ਼ਖਸੀਅਤਾਂ ਦੀ ਹੀ ਚਰਚਾ ਚੱਲੀ ਹੈ ਅਤੇ ਮੁੱਦਿਆਂ ਦੀ ਸਿਆਸਤ ਉਹ ਰੂਪ ਅਖਤਿਆਰ ਨਹੀਂ ਕਰ ਸਕੀ ਜਿਸ ਤਰ੍ਹਾਂ ਦੀ ਆਸ ਆਮ ਆਦਮੀ ਪਾਰਟੀ ਦੀ ਆਮਦ ਨਾਲ ਕੀਤੀ ਜਾ ਰਹੀ ਸੀ, ਫਿਰ ਵੀ ਇਸ ਪਾਰਟੀ ਨੇ ਸਿਆਸੀ ਪਿੜ ਵਿਚ ਕਈ ਪਿਰਤਾਂ ਪਾ ਦਿੱਤੀਆਂ ਹਨ। ਇਨ੍ਹਾਂ ਪਿਰਤਾਂ ਨੇ ਆਵਾਮ ਅੰਦਰ ਇਕ ਵਾਰ ਫਿਰ ਇਹ ਆਸ ਜਗਾਈ ਹੈ ਕਿ ਇਸ ਢਾਂਚੇ ਅੰਦਰ ਅਜੇ ਵੀ ਸੁਧਾਰ ਦੀ ਗੁੰਜਾਇਸ਼ ਹੈ; ਇਹ ਗੱਲ ਵੱਖਰੀ ਹੈ ਕਿ ਕੁਝ ਮਾਮਲਿਆਂ ਬਾਰੇ ਇਹ ਪਾਰਟੀ ਖੁਦ ਕਈ ਅੰਤਰ-ਵਿਰੋਧਾਂ ਅੰਦਰ ਘਿਰ ਗਈ ਹੋਈ ਹੈ ਅਤੇ ਇਸ ਦੇ ਜਥੇਬੰਦਕ ਮਸਲੇ ਅਜੇ ਤੱਕ ਵੀ ਅਣਸੁਲਝੇ ਪਏ ਹਨ। ਹੁਣ ਵਿਚਾਰਨ ਵਾਲਾ ਮੁੱਖ ਨੁਕਤਾ ਇਹ ਹੈ ਕਿ ਪੰਜਾਬ ਦੇ ਲੋਕ, ਖਾਸ ਕਰ ਕੇ ਨੌਜਵਾਨ ਵਰਗ, ਇਨ੍ਹਾਂ ਚੋਣਾਂ ਦੌਰਾਨ ਕਿਸ ਧਿਰ ਦੇ ਹੱਕ ਵਿਚ ਭੁਗਤਦੇ ਹਨ। ਤਿੰਨਾਂ ਰਵਾਇਤੀ ਪਾਰਟੀਆਂ-ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀਆਂ ਸਰਗਰਮੀਆਂ ਅਤੇ ਆਗੂਆਂ ਦੀ ਸਿਆਸੀ ਪਹੁੰਚ ਦੱਸਦੀ ਹੈ ਕਿ ਇਨ੍ਹਾਂ ਦਾ ਸਾਰਾ ਜ਼ੋਰ ਹਰ ਹੀਲੇ ਚੋਣਾਂ ਜਿੱਤਣ ‘ਤੇ ਲੱਗਿਆ ਹੋਇਆ ਹੈ। ਇਸ ਮਾਮਲੇ ਵਿਚ ਆਮ ਆਦਮੀ ਪਾਰਟੀ ਵੀ ਭਾਵੇਂ ਇਸੇ ਰਾਹ ਦੀ ਰਾਹੀ ਬਣ ਗਈ ਹੈ, ਪਰ ਇਸ ਪਾਰਟੀ ਨੇ ਨੌਜਵਾਨਾਂ ਵੱਲੋਂ ਮਿਲੇ ਹੁੰਗਾਰੇ ਨੂੰ ਜਿਸ ਤਰ੍ਹਾਂ ਚੋਣ ਮਾਹੌਲ ਵਿਚ ਢਾਲਣ ਦਾ ਯਤਨ ਕੀਤਾ ਹੈ, ਉਸ ਨਾਲ ਇਸ ਧਿਰ ਨੂੰ ਸਿਆਸੀ ਪਿੜ ਵਿਚ ਹੁਲਾਰਾ ਮਿਲਿਆ ਹੈ। ਪੰਜਾਬ ਵਿਚ ਅਗਲੀ ਸਰਕਾਰ ਕਿਸੇ ਵੀ ਸਿਆਸੀ ਧਿਰ ਦੀ ਬਣੇ, ਪਰ ਆਮ ਆਦਮੀ ਪਾਰਟੀ ਦੀ ਆਮਦ ਨੇ ਇਹ ਤੈਅ ਕਰ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਦੌਰਾਨ ਸੂਬੇ ਦੀ ਸਿਆਸਤ ਲੰਘ ਚੁੱਕੇ ਸਮੇਂ ਨਾਲੋਂ ਵੱਖਰੀ ਹੋਵੇਗੀ। ਜ਼ਾਹਰ ਹੈ ਕਿ ਪੰਜਾਬ ਵਿਚ ਨਵੀਂ ਸਿਆਸਤ ਉਸਲਵੱਟੇ ਲੈ ਰਹੀ ਹੈ। ਅਸਲ ਵਿਚ ਸਿਆਸੀ ਪਿੜ ਅੰਦਰ ਆ ਰਹੀ ਇਹ ਤਬਦੀਲੀ ਅਗਲੀ ਵਾਰ, 2022 ਵਿਚ ਹੋਣ ਵਾਲੀਆਂ ਵਿਧਾਨ ਸਭਾਈ ਚੋਣਾਂ ਲਈ ਪਿੜ ਵੀ ਤਿਆਰ ਕਰ ਰਹੀ ਹੈ।