ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਪੰਜਾਬ ਵਿਧਾਨ ਸਭਾ ਚੋਣਾਂ ਵਿਚ ਹੁਣ ਗਿਣਵੇਂ ਦਿਨ ਬਾਕੀ ਹਨ। ਨਾਮਜ਼ਦਗੀਆਂ ਤੇ ਹੋਰ ਰਸਮੀ ਕਾਰਵਾਈਆਂ ਪੂਰੀਆਂ ਕਰ ਕੇ ਸਿਆਸੀ ਧਿਰਾਂ ਵੋਟਰਾਂ ਨੂੰ ਆਪਣੇ ਹੱਕ ਵਿਚ ਭੁਗਤਾਉਣ ਲਈ ਪੂਰੀ ਵਾਹ ਲਾ ਰਹੀਆਂ ਹਨ। ਇਸ ਵਾਰ ਸਭ ਤੋਂ ਵੱਧ ਚਰਚਾ ਸੂਬੇ ਵਿਚ ਚੋਣ ਪ੍ਰਚਾਰ ਲਈ ਪੁੱਜੇ ਵੱਡੀ ਗਿਣਤੀ ਪਰਵਾਸੀ ਪੰਜਾਬੀਆਂ ਦੀ ਹੈ। ਇਹ ਪਰਵਾਸੀ ਜਥਿਆਂ ਦੇ ਰੂਪ ਵਿਚ ਪੰਜਾਬ ਆਏ ਹਨ।
ਚੋਣਾਂ ਤੋਂ ਪਹਿਲਾਂ ਭਾਵੇਂ ਸਿਆਸੀ ਧਿਰਾਂ ਹਰ ਵਾਰ ਵਿਦੇਸ਼ ਵਸੇ ਹਮਾਇਤੀਆਂ ਨੂੰ ਪ੍ਰਚਾਰ ਲਈ ਬੁਲਾਉਂਦੀਆਂ ਹਨ, ਪਰ ਇਸ ਵਾਰ ਨਜ਼ਾਰਾ ਕੁਝ ਵੱਖਰਾ ਹੈ। ਚਰਚਾ ਹੈ ਕਿ ਵਿਦੇਸ਼ਾਂ ਤੋਂ ਆ ਰਹੇ ਜ਼ਿਆਦਾਤਰ ਪਰਵਾਸੀ ਪੱਕੇ ਤੌਰ ਉਤੇ ਕਿਸੇ ਪਾਰਟੀ ਨਾਲ ਨਹੀਂ ਜੁੜੇ ਹੋਏ ਅਤੇ ਪ੍ਰਚਾਰ ਦੌਰਾਨ ਪੰਜਾਬ ਨੂੰ ਬਚਾਉਣ ਦੀ ਗੱਲ ਕਰ ਰਹੇ ਹਨ। ਇਹ ਪਰਵਾਸੀ ਖੁੱਲ੍ਹ ਕੇ ਆਮ ਆਦਮੀ ਪਾਰਟੀ (ਆਪ) ਦੇ ਹੱਕ ਵਿਚ ਭੁਗਤਣ ਦੀ ਅਪੀਲ ਕਰ ਰਹੇ ਹਨ। ਇਨ੍ਹਾਂ ਦੇ ਪ੍ਰਚਾਰ ਦੇ ਮੁੱਖ ਕੇਂਦਰ ਬਾਦਲ ਪਰਿਵਾਰ ਦਾ ਗੜ੍ਹ ਲੰਬੀ, ਜਲਾਲਾਬਾਦ, ਸੰਗਰੂਰ ਅਤੇ ਮਜੀਠਾ ਹਲਕੇ ਹਨ।
ਪਰਵਾਸ ਵਿਭਾਗ ਨਾਲ ਜੁੜੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਚਾਲੂ ਮਹੀਨੇ ਵਿਚ ਭਾਰਤ ਆਉਣ ਵਾਲਿਆਂ ਦਾ ਪਿਛਲੇ ਸਾਲਾਂ ਦੀ ਤੁਲਨਾ ਵਿਚ ਚਾਰ ਗੁਣਾਂ ਵਾਧਾ ਹੋਇਆ ਹੈ। ਪਿਛਲੇ ਸਾਲਾਂ ਦੌਰਾਨ ਸਰਦੀਆਂ ਵਿਚ ਭਾਰਤ ਜਾਣ ਵਾਲੇ 60 ਫੀਸਦੀ ਤੋਂ ਵੱਧ ਬਜ਼ੁਰਗ ਹੁੰਦੇ ਸਨ, ਪਰ ਇਸ ਵਾਰ ਨੌਜਵਾਨਾਂ ਦੀ ਗਿਣਤੀ ਤਿੰਨ ਚੁਥਾਈ ਹੈ। ਆਪ ਦੇ ਪ੍ਰਚਾਰ ਲਈ ਬਰਤਾਨੀਆ ਦੇ ਪਰਵਾਸੀ ਸਭ ਤੋਂ ਵੱਧ ਸਰਗਰਮੀ ਦਿਖਾ ਰਹੇ ਹਨ। ਯੂæਕੇæ ਤੋਂ 100 ਪਰਵਾਸੀਆਂ ਦਾ ਜਥਾ ‘ਫਲੇਮ ਆਫ ਹੋਪ ਫਾਰ ਪੰਜਾਬ’ ਦੀ ਮਸ਼ਾਲ ਵੀ ਆਪਣੇ ਨਾਲ ਲੈ ਕੇ ਆਇਆ।
ਪੰਜਾਬ ਪਹੁੰਚੇ ਪਰਵਾਸੀਆਂ ਦਾ ਕਹਿਣਾ ਸੀ ਕਿ ਉਹ ਅਕਾਲੀਆਂ ਦੀਆਂ ਨਾਕਾਮੀਆਂ ਅਤੇ ਧੱਕੇਸ਼ਾਹੀਆਂ ਨੂੰ ਘਰ-ਘਰ ਤੱਕ ਲੈ ਕੇ ਜਾਣਗੇ। ਮੰਨਿਆ ਜਾ ਰਿਹਾ ਹੈ ਕਿ ਪਰਵਾਸੀਆਂ ਵੱਲੋਂ ਚੋਣਾਂ ਵਿਚ ਦਿਖਾਈ ਜਾ ਰਹੀ ਸਰਗਰਮੀ ਦਾ ਕਾਰਨ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਬਾਦਲ ਪ੍ਰਤੀ ਰੋਹ ਹੈ। ਇਨ੍ਹਾਂ ਪਰਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਜਾ ਮੁੱਖ ਮਕਸਦ ਬਾਦਲ ਪਰਿਵਾਰ ਨੂੰ ਸੱਤਾ ਤੋਂ ਲਾਂਭੇ ਕਰਨਾ ਹੈ ਅਤੇ ‘ਆਪ’ ਵਿਚ ਇਹ ਕਰਨ ਦਾ ਦਮ-ਖਮ ਹੈ। ਦੱਸਣਯੋਗ ਹੈ ਕਿ ਡੇਰਾ ਸਿਰਸਾ ਮੁਖੀ ਨੂੰ ਅਕਾਲ ਤਖਤ ਵੱਲੋਂ ਮੁਆਫੀ ਦਿਵਾਉਣ, ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਕਾਰਨ ਪਰਵਾਸੀ ਪੰਜਾਬੀਆਂ ਵਿਚ ਬਾਦਲ ਲਾਣੇ ਪ੍ਰਤੀ ਖਾਸਾ ਰੋਹ ਹੈ। ਇਸ ਦੀ ਮਿਸਾਲ ਉਦੋਂ ਵੀ ਵੇਖਣ ਨੂੰ ਮਿਲੀ ਸੀ ਜਦੋਂ ਵਿਦੇਸ਼ ਦੌਰੇ ਉਤੇ ਗਏ ਪੰਜਾਬ ਦੇ ਮੰਤਰੀਆਂ ਨੂੰ ਅਮਰੀਕਾ ਅਤੇ ਕੈਨੇਡਾ ਵਿਚ ਪਰਵਾਸੀਆਂ ਦੀ ਖਿੱਚ-ਧੂਹ ਦਾ ਸ਼ਿਕਾਰ ਹੋਣਾ ਪਿਆ ਸੀ। ਆਪਣੇ ਆਗੂਆਂ ਦੀ ਇਹ ਦੁਰਦਸ਼ਾ ਵੇਖ ਸੁਖਬੀਰ ਸਿੰਘ ਬਾਦਲ ਨੂੰ ਐਨ ਮੌਕੇ ‘ਤੇ ਆਪਣਾ ਵਿਦੇਸ਼ ਦੌਰਾ ਰੱਦ ਕਰਨਾ ਪਿਆ ਸੀ।
ਇਸ ਤੋਂ ਤੁਰੰਤ ਬਾਅਦ ਬਾਦਲ ਅਕਾਲੀ ਦਲ ਨੇ ‘ਅਕਸ ਸੁਧਾਰ ਮੁਹਿੰਮ’ ਚਲਾਈ ਸੀ ਜਿਸ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਐਨæਆਰæਆਈæ ਲਈ ਵੱਖਰੇ ਸੰਗਤ ਦਰਸ਼ਨ ਸ਼ੁਰੂ ਕੀਤੇ ਸਨ, ਪਰ ਇਨ੍ਹਾਂ ਸੰਗਤ ਦਰਸ਼ਨਾਂ ਵਿਚ ਗਿਣਤੀ ਦੇ ਲੋਕ ਹੀ ਪੁੱਜੇ, ਜਿਸ ਕਾਰਨ ਇਹ ਪ੍ਰੋਗਰਾਮ ਰੱਦ ਕਰ ਦਿੱਤੇ ਗਏ। ਇਹੀ ਨਹੀਂ, ਪਰਵਾਸੀਆਂ ਨੂੰ ਪਤਿਆਉਣ ਲਈ ਬਾਦਲ ਸਰਕਾਰ ਨੇ ਜਿਥੇ ਐਨæਆਰæਆਈæ ਸਭਾ, ਮੰਤਰਾਲਾ, ਹਾਟ ਲਾਈਨ ਤੇ ਪੁਲਿਸ ਸੈੱਲ ਆਦਿ ਸਥਾਪਤ ਕੀਤੇ, ਉਥੇ ਪਰਵਾਸੀਆਂ ਨੇ ਪੰਜਾਬ ਦੇ ਉਦਯੋਗ ਵਿਚ ਨਿਵੇਸ਼ ਕਰਨ ਲਈ, ਦਾਨ ਰਾਹੀਂ ਵਿਕਾਸ ਦੇ ਪੇਂਡੂ ਪ੍ਰੋਜੈਕਟ ਅਪਣਾਉਣ ਲਈ ਸਹਿਮਤੀਆਂ ਉਤੇ ਸਹੀ ਪਾਉਣ ਦੀ ਮੁਹਿੰਮ ਵੀ ਵਿੱਢੀ ਸੀ। ਪਰਵਾਸੀਆਂ ਨਾਲ ਰਾਬਤੇ ਲਈ ਬਾਦਲ ਸਰਕਾਰ ਨੇ ਵੱਡੇ ਫੰਡ ਖਰਚ ਕੇ ਸਾਲਾਨਾ ਪਰਵਾਸੀ ਸੰਮੇਲਨ ਵੀ ਕਰਵਾਏ, ਪਰ ਇਨ੍ਹਾਂ ਸਮਾਗਮਾਂ ਵਿਚ ਪਰਵਾਸੀਆਂ ਦੇ ਅਣਸੁਲਝੇ ਪੁਲਿਸ ਕੇਸਾਂ, ਜਾਇਦਾਦਾਂ ਦੇ ਨਾਜਾਇਜ਼ ਕਬਜ਼ਿਆਂ ਤੇ ਸੁਰੱਖਿਆ ਨਾਲ ਸਬੰਧਤ ਮਾਮਲਿਆਂ ਦੀ ਗਿਣਤੀ ਵਧ ਗਈ ਅਤੇ ਪੀੜਤਾਂ ਦੀ ਸੁਰ ਇੰਨੀ ਤਿੱਖੀ ਹੋ ਗਈ ਕਿ ਬਾਦਲ ਸਰਕਾਰ ਲਈ ਇਹ ਸੰਮੇਲਨ ਘਾਟੇ ਦਾ ਸੌਦਾ ਬਣਦੇ ਜਾਪੇ।
ਯਾਦ ਰਹੇ ਕਿ ਪਰਵਾਸੀਆਂ ਦੀ ਭਰਵੀਂ ਹਮਾਇਤ ਨਾਲ ਇਹ ਪਾਰਟੀ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਭਗਵੰਤ ਮਾਨ ਦੀ ਰਿਕਾਰਡ ਜਿੱਤ ਸਮੇਤ ਪਾਰਲੀਮੈਂਟ ਦੀਆਂ ਚਾਰ ਸੀਟਾਂ ਜਿੱਤ ਗਈ। ਪਰਵਾਸੀ ਭਾਈਚਾਰੇ ਦੀ ਚੋਣਾਂ ਵਿਚ ਤਾਜ਼ੀ ਉਜਾਗਰ ਹੋਈ ਤਾਕਤ ਨੂੰ ਸਿਆਸੀ ਕਲਾਵੇ ਵਿਚ ਲੈਣ ਲਈ ਭਾਵੇਂ ਦੂਜੀਆਂ ਪਾਰਟੀਆਂ ਖਾਸ ਤੌਰ ਉਤੇ ਕਾਂਗਰਸ ਤੇ ਸੱਤਾਧਾਰੀ ਬਾਦਲ ਅਕਾਲੀ ਦਲ ਨੇ ਵੀ ਆਪਣੇ ਲੀਡਰਾਂ ਦੇ ਵਿਦੇਸ਼ੀ ਦੌਰਿਆਂ ਰਾਹੀਂ ਕੋਸ਼ਿਸ਼ ਕੀਤੀ, ਪਰ ਇਨ੍ਹਾਂ ਨੂੰ ‘ਆਪ’ ਵਾਲਾ ਹੁੰਗਾਰਾ ਨਹੀਂ ਮਿਲਿਆ।
_________________________________________________
ਰਵਾਇਤੀ ਧਿਰਾਂ ਨੂੰ ਰੜਕੀ ਪਰਵਾਸੀਆਂ ਦੀ ਸਰਗਰਮੀ
ਚੰਡੀਗੜ੍ਹ: ਚੋਣ ਪ੍ਰਚਾਰ ਲਈ ਆਏ ਪਰਵਾਸੀ ਪੰਜਾਬੀਆਂ ਦੀਆਂ ਗਤੀਵਿਧੀਆਂ ਕੁਝ ਸਿਆਸੀ ਧਿਰਾਂ ਨੂੰ ਰੜਕਣ ਲੱਗੀਆਂ ਹਨ। ਪਰਵਾਸੀਆਂ ਦੀ ਚੋਣਾਂ ਵਿਚ ਭੂਮਿਕਾ ਦੇ ਮੁੱਦੇ ਉਤੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਪਹੁੰਚ ਗਈ ਹੈ। ਕਮਿਸ਼ਨ ਵੱਲੋਂ ਇਹ ਮਾਮਲਾ ਵਿਚਾਰਿਆ ਜਾ ਰਿਹਾ ਹੈ। ਚੋਣ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਿੱਧੇ ਤੌਰ ‘ਤੇ ਪਰਵਾਸੀਆਂ ਉਤੇ ਚੋਣ ਪ੍ਰਚਾਰ ਕਰਨ ਉਤੇ ਕੋਈ ਰੋਕ ਜਾਂ ਪਾਬੰਦੀ ਨਹੀਂ, ਫਿਰ ਵੀ ਕਮਿਸ਼ਨ ਵੱਲੋਂ ਵਿਦੇਸ਼ ਮੰਤਰਾਲੇ ਦੀ ਸਲਾਹ ਲਈ ਜਾ ਰਹੀ ਹੈ। ਅਮਰੀਕਾ, ਕੈਨੇਡਾ, ਇੰਗਲੈਂਡ ਅਤੇ ਹੋਰ ਯੂਰਪੀ ਮੁਲਕਾਂ ਤੋਂ ਪਰਵਾਸੀਆਂ ਦੀ ਇਨ੍ਹਾਂ ਦਿਨਾਂ ਦੌਰਾਨ ਭਰਵੀਂ ਆਮਦ ਹੋਣ ਲੱਗੀ ਹੈ। ਪਰਵਾਸੀਆਂ ਵੱਲੋਂ ਆਪਣੇ ਸਕੇ ਸਬੰਧੀਆਂ ‘ਤੇ ਇਕੋ ਪਾਰਟੀ ਦੀ ਹਮਾਇਤ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ। ਪਰਵਾਸੀਆਂ ਵੱਲੋਂ ਪਿਛਲੇ ਦੋ ਕੁ ਸਾਲਾਂ ਤੋਂ ਅਕਾਲੀ-ਭਾਜਪਾ ਸਰਕਾਰ ਖਾਸਕਰ ਬਾਦਲ ਪਰਿਵਾਰ ਵਿਰੁੱਧ ਸੋਸ਼ਲ ਮੀਡੀਆ ਉਤੇ ਤਿੱਖੀ ਮੁਹਿੰਮ ਚਲਾਈ ਹੋਈ ਹੈ। ਸੂਬੇ ਵਿਚ ਚੋਣਾਂ ਸਮੇਂ ਪਰਵਾਸੀਆਂ ਵੱਲੋਂ ਸਿਆਸੀ ਪਾਰਟੀਆਂ ਨੂੰ ਫੰਡ ਵੀ ਭੇਜਿਆ ਜਾਂਦਾ ਹੈ।