ਜਲੰਧਰ: ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਵਿਚ ਸਖਤੀ ਦੇ ਬਾਵਜੂਦ ਗੈਂਗਸਟਰਾਂ ਦੇ ਹੌਸਲੇ ਬੁਲੰਦ ਹਨ। ਸਿਆਸੀ ਧਿਰਾਂ ਦੀ ਸ਼ਹਿ ਉਤੇ ਇਨ੍ਹਾਂ ਅਨਸਰਾਂ ਨੇ ਪੁਲਿਸ ਨੂੰ ਵੀ ਸ਼ਰੇਆਮ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਫਰੀਦਕੋਟ ਜੇਲ੍ਹ ਦੇ ਬਾਹਰ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਦੇ ਹਵਾਲੇ ਨਾਲ ਪੋਸਟਰ ਲਾ ਕੇ ਜੇਲ੍ਹ ਉਤੇ ਹਮਲਾ ਕਰ ਕੇ ਸਾਥੀਆਂ ਨੂੰ ਰਿਹਾਅ ਕਰਵਾਉਣ ਦਾ ਦਾਅਵਾ ਕੀਤਾ ਗਿਆ।
ਜਿਸ ਪਿੱਛੋਂ ਡਰੀ ਪੁਲਿਸ ਨੇ ਪੰਜਾਬ ਦੀਆਂ ਜੇਲ੍ਹਾਂ ਦੀ ਰਾਖੀ ਸੀæਆਰæਪੀæਐਫ਼ ਹਵਾਲੇ ਕਰ ਦਿੱਤੀ। ਇਸ ਧਮਕੀ ਦੇ ਅਗਲੇ ਦਿਨ ਜਲੰਧਰ ਸ਼ਹਿਰ ਦੇ ਵਿਚਕਾਰ ਦਿਨ-ਦਿਹਾੜੇ ਭਾਲੂ ਗੈਂਗ ਦੇ ਮੈਂਬਰਾਂ ਨੇ ਪੰਚਮ ਉਰਫ ਨੂਰ ਸਿੰਘ ਉਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਅਤੇ ਮੌਕੇ ਤੋਂ ਫਰਾਰ ਹੋ ਗਏ। ਪੰਚਮ ਦੇ ਢਿੱਡ ਅਤੇ ਪਿੱਠ ਵਿਚ ਦੋ-ਦੋ ਗੋਲੀਆਂ ਅਤੇ ਇਕ ਗੋਲੀ ਸੱਜੀ ਬਾਂਹ ਉਤੇ ਲੱਗੀ। ਸਾਰੀ ਘਟਨਾ ਨੂੰ ਆਗਾਮੀ ਚੋਣਾਂ ਵਿਚ ਜਲੰਧਰ ਉਤਰੀ ਹਲਕੇ ਦੀ ਸਿਆਸੀ ਲੜਾਈ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਹਾਲਾਂਕਿ ਪੁਲਿਸ ਦਾਅਵਾ ਕਰ ਰਹੀ ਹੈ ਕਿ ਦੋਵੇਂ ਧਿਰਾਂ ਦੀ ਆਪਸ ‘ਚ ਰੰਜਿਸ਼ ਚੱਲ ਰਹੀ ਸੀ ਅਤੇ ਇਹ ਗੈਂਗਵਾਰ ਉਸੇ ਦਾ ਨਤੀਜਾ ਹੈ।
ਜ਼ਿਕਰਯੋਗ ਹੈ ਕਿ ਪੰਚਮ ਉਤੇ ਪਹਿਲਾਂ ਵੀ ਕਈ ਅਪਰਾਧਕ ਕੇਸ ਦਰਜ ਹਨ ਅਤੇ ਇਸ ਵੇਲੇ ਉਹ ਜ਼ਮਾਨਤ ਉਤੇ ਬਾਹਰ ਆਇਆ ਹੋਇਆ ਸੀ। ਯਾਦ ਰਹੇ ਕਿ ਮਹੀਨਾ ਪਹਿਲਾ ਗੈਂਗਸਟਰਾਂ ਨੇ ਨਾਭਾ ਜੇਲ੍ਹ ਉਤੇ ਹਮਲਾ ਕਰ ਕੇ ਆਪਣੇ ਸਾਥੀ ਛੁਡਾ ਲਏ ਸਨ। ਪੁਲਿਸ ਨੂੰ ਇਸ ਹਮਲੇ ਦੀ ਅਗਾਊਂ ਸੂਚਨਾ ਵੀ ਸੀ, ਪਰ ਉਹ ਹੱਥ ਉਤੇ ਹੱਥ ਧਰੀ ਬੈਠੀ ਰਹੀ। ਇਸ ਘਟਨਾ ਤੋਂ ਡੇਢ ਮਹੀਨੇ ਬਾਅਦ ਮੁੜ ਫਰੀਦਕੋਟ ਦੀ ਜੇਲ੍ਹ ਦੀ ਕੰਧ ਉਤੇ ਸਾਥੀਆਂ ਨੂੰ ਛੁਡਵਾਉਣ ਦਾ ਪੋਸਟਰ ਚਿਪਕਾ ਕੇ ਗੈਂਗਸਟਰਾਂ ਨੇ ਪੰਜਾਬ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਵੰਗਾਰਿਆ।
ਪੰਜਾਬ ਵਿਚ ਪਿਛਲੇ ਡੇਢ ਸਾਲ ਵਿਚ ਗੈਂਗਸਟਰਾਂ ਦੀ ਗਿਣਤੀ ਵਿਚ ਇਕਦਮ ਵਾਧਾ ਹੋਇਆ ਹੈ। ਦੋਸ਼ ਲੱਗਦੇ ਹਨ ਕਿ ਮਾੜੇ ਅਨਸਰਾਂ ਦੇ ਅਜਿਹੇ ਗਰੁੱਪਾਂ ਨੂੰ ਸਿਆਸੀ ਧਿਰਾਂ ਦੀ ਹਮਾਇਤ ਹਾਸਲ ਹੈ। ਅਕਾਲੀ ਸਰਕਾਰ ਉਤੇ ਤਾਂ ਇਹ ਵੀ ਦੋਸ਼ ਲੱਗੇ ਸਨ ਕਿ ਉਹ ਚੋਣਾਂ ਤੋਂ ਪਹਿਲਾਂ ਜੇਲ੍ਹ ਵਿਚ ਬੰਦ ਵੱਡੀ ਗਿਣਤੀ ਗੈਂਗਸਟਰਾਂ ਨੂੰ ਰਿਹਾਅ ਕਰ ਰਹੀ ਹੈ, ਹਾਲਾਂਕਿ ਇਸ ਬਾਰੇ ਪਤਾ ਲੱਗਣ ‘ਤੇ ਸਰਕਾਰ ਨੇ ਇਹ ਕਾਰਵਾਈ ਟਾਲ ਦਿੱਤੀ, ਪਰ ਗੈਂਗਸਟਰਾਂ ਨੇ ਜੇਲ੍ਹ ਵਿਚ ਜਬਰੀ ਆਪਣੇ ਸਾਥੀ ਭਜਾਉਣ ਦਾ ਰਾਹ ਚੁਣ ਲਿਆ। ਸੂਬੇ ਵਿਚ ਵੱਡੇ ਪੱਧਰ ‘ਤੇ ਗੈਂਗਸਟਰ ਅਤੇ ਮਾਫੀਆ ਗਰੋਹਾਂ ਦੀ ਮੌਜੂਦਗੀ ਅਮਨ-ਕਾਨੂੰਨ ਲਈ ਗੰਭੀਰ ਚੁਣੌਤੀ ਬਣੀ ਹੋਈ ਹੈ। ਮੁਲਕ ਦੇ ਕੁਲ ਲਾਇਸੈਂਸੀ ਹਥਿਆਰਾਂ ਵਿਚੋਂ 20 ਫੀਸਦੀ ਇਕੱਲੇ ਪੰਜਾਬ ਵਿਚ ਹਨ ਜਦੋਂਕਿ ਸੂਬੇ ਦੀ ਆਬਾਦੀ ਮੁਲਕ ਦਾ ਸਿਰਫ 2æ3 ਫੀਸਦੀ ਹੀ ਹੈ।