ਸੋਹਲੇ ਸਿਆਸਤੀ ਆਪਣੇ ਗਾਈ ਜਾਂਦੇ, ਤੇਜੀ ਫੜ ਗਿਆ ‘ਮਿਸ਼ਨ’ ਪ੍ਰਚਾਰ ਦਾ ਜੀ।
ਪਈ ਲੀਹ ਵਿਚ ਤੁਰਨ ਤੋਂ ਹੋਏ ਨਾਬਰ, ਹਰ ਕੋਈ ਨਾਅਰੇ ਤਬਦੀਲੀ ਦੇ ਮਾਰਦਾ ਜੀ।
ਦਸਾਂ ਸਾਲਾਂ ਦਾ ਗੁੱਸਾ ਹੁਣ ਭੜਕਿਆ ਏ, ਜ਼ਖਮੀ ਹੋਇਆ ਜਿਉਂ ਸ਼ੇਰ ਭਬਕਾਰਦਾ ਜੀ।
ਭਰ ਕੇ ਆਏ ਜਹਾਜ਼ ਪਰਵਾਸੀਆਂ ਦੇ, ‘ਯੂਥ’ ਹਾਕਮਾਂ ਤਾਈਂ ਲਲਕਾਰਦਾ ਜੀ।
ਇਕੋ ਤਰਫ ਨੂੰ ਤੁਰਿਆ ਵਹੀਰ ਜਾਪੇ, ਕੋਈ ਵਿਰਲਾ ਹੀ ਝੱਲ ਖਿਲਾਰਦਾ ਜੀ।
ਚੜ੍ਹਿਆ ਚਾਅ ਜਵਾਨੀ ਪੰਜਾਬ ਦੀ ਨੂੰ, ਹੋਵੇ ਵਿਆਹ ਜਿਉਂ ਫਰਵਰੀ ਚਾਰ ਦਾ ਜੀ!