ਗੁਲਜ਼ਾਰ ਸਿੰਘ ਸੰਧੂ
ਹੁਣ ਜਦੋਂ ਕਿ ਟਿਕਟਾਂ ਦੀ ਦੌੜ ਤੇ ਨਾਮਜ਼ਦਗੀਆਂ ਦਾ ਕੰਮ ਸਮਾਪਤ ਹੋ ਚੁਕਾ ਹੈ, ਅੰਤਮ ਨਤੀਜਿਆਂ ਬਾਰੇ ਭਾਂਤ-ਭਾਂਤ ਦੇ ਸਰਵੇਖਣ ਪੜ੍ਹਨ ਨੂੰ ਮਿਲ ਰਹੇ ਹਨ। ਉਤਰ ਪ੍ਰਦੇਸ਼ ਦਾ ਅਖਿਲੇਸ਼ ਯਾਦਵ ਬਿਹਾਰ ਦੇ ਨਿਤੀਸ਼ ਕੁਮਾਰ ਤੇ ਲਾਲੂ ਯਾਦਵ ਗਠਜੋੜ ਵਰਗੀ ਸਫਲਤਾ ਪ੍ਰਾਪਤ ਕਰੇ ਨਾ ਕਰੇ, ਉਹ ਕਾਂਗਰਸ ਤੇ ਅਜੀਤ ਸਿੰਘ ਦੇ ਰਾਸ਼ਟਰੀ ਲੋਕ ਦਲ ਨਾਲ ਹੱਥ ਮਿਲਾ ਕੇ ਭਾਜਪਾ ਦੇ 2014 ਵਾਲੇ ਹੜ੍ਹ ਨੂੰ ਰੋਕਣ ਵਿਚ ਸਫਲ ਹੁੰਦਾ ਦਿਖਾਈ ਦੇ ਰਿਹਾ ਹੈ।
ਪੰਜਾਬ ਵਿਚ ਅਕਾਲੀ ਦਲ-ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਦੇ ਸਿੰਗ ਫਸੇ ਹੋਏ ਹਨ। ਭਾਵੇਂ ਹਾਲ ਦੀ ਘੜੀ ਕਾਂਗਰਸ ਪਾਰਟੀ ਦਾ ਹੱਥ ਉਚਾ ਜਾਪ ਰਿਹਾ ਹੈ ਪਰ ਹਾਕਮ ਗਠਜੋੜ ਨੂੰ ਚਿੱਤ ਕਰਨਾ ਸੌਖਾ ਨਹੀਂ। ਹੋ ਸਕਦਾ ਹੈ, ਨਤੀਜੇ ਆਉਣ ਤੋਂ ਪਿੱਛੋਂ ਕਾਂਗਰਸ ਪਾਰਟੀ ਨੂੰ ਸਰਕਾਰ ਬਣਾਉਣ ਲਈ ‘ਆਪ’ ਜਾਂ ਟੁੱਟ ਭੱਜ ਵਿਚ ਨੁਕਰੇ ਲੱਗੀਆਂ ਦੋ-ਤਿੰਨ ਮੈਂਬਰੀ ਇਕਾਈਆਂ ਤੇ ਆਜ਼ਾਦ ਉਮੀਦਵਾਰਾਂ ਨੂੰ ਬਾਹਰੋਂ ਚੋਗਾ ਪਾਉਣਾ ਪਵੇ। ਸਥਿਤੀ ਏਨੀ ਗੁੰਝਲਦਾਰ ਹੈ ਕਿ ਪੰਜਾਬ ਦੀ ਬਿਹਤਰੀ ਦੇ ਚਾਹਵਾਨ ਪੰਜਾਬ ਦੀ ਖੇਰੂੰ-ਖੇਰੂ ਹੋ ਰਹੀ ਆਮ ਆਦਮੀ ਪਾਰਟੀ ਉਤੇ ਵੀ ਆਸ ਲਾਈ ਬੈਠੇ ਹਨ। ਅਜੋਕੇ ਪੰਜਾਬੀ ਬੰਦੇ ਨੂੰ ਵਿਕਾਸ ਦੀ ਏਨੀ ਚਿੰਤਾ ਨਹੀਂ ਜਿੰਨੀ ਬੇਰੁਜ਼ਗਾਰੀ, ਰਿਸ਼ਵਤਖੋਰੀ ਤੇ ਨਸ਼ਾਖੋਰੀ ਨੂੰ ਨੱਥ ਪਾਉਣ ਦੀ ਹੈ; ਅਮਨ-ਸ਼ਾਂਤੀ ਦੀ ਤਾਂਘ ਉਸ ਤੋਂ ਵੱਧ। ਅਜਿਹੀ ਸਥਿਤੀ ਲਿਆਉਣ ਵਿਚ ਕਿਹੜਾ ਗਠਜੋੜ ਠੀਕ ਰਹੇਗਾ, ਇਹ ਤਾਂ ਸਮਾਂ ਹੀ ਦੱਸੇਗਾ ਪਰ ਸਾਡੇ ਵਰਗੇ ਸ਼ੁਭਚਿੰਤਕਾਂ ਨੂੰ ਮਨਭਾਉਂਦੇ ਸੁਪਨੇ ਲੈਣ ਤੋਂ ਕੌਣ ਰੋਕ ਸਕਦਾ ਹੈ!
ਮੈਂ ਖੁਸ਼ ਹਾਂ ਕਿ ਸੰਭਾਵੀ ਜੇਤੂਆਂ ਵਿਚ ਮੇਰਾ ਪੱਤਰਕਾਰ ਮਿੱਤਰ ਕੰਵਰ ਸੰਧੂ, ਮੁਕਤਸਰ ਦੇ ਭਾਈ ਘਰਾਣੇ ਦਾ ਹਰਨਿਰਪਾਲ ਸਿੰਘ ਕੁੱਕੂ ਤੇ ਸੇਵਾ ਮੁਕਤ ਜਰਨੈਲ ਜੇæਜੇæ ਸਿੰਘ ਵੀ ਸ਼ਾਮਲ ਹਨ। ਇਹ ਤਿੰਨੇ ਕ੍ਰਮਵਾਰ ‘ਆਪ’, ਕਾਂਗਰਸ ਤੇ ਅਕਾਲੀ ਦਲ ਦੇ ਪ੍ਰਤੀਨਿਧ ਹਨ। ਜਿੱਤਣ ਦੀ ਸੂਰਤ ਵਿਚ ਕੰਵਰ ਸੰਧੂ ਦੀ ‘ਆਪ’ ਉਸ ਨੂੰ ਵੱਡੀ ਪਦਵੀ ਦੇ ਸਕਦੀ ਹੈ, ਘਟੋ ਘੱਟ ਭਗਵੰਤ ਮਾਨ ਤੋਂ ਉਚੀ। ਅਕਾਲੀ ਦਲ-ਭਾਜਪਾ ਗਠਜੋੜ ਵਿਚ ਬਾਦਲਾਂ ਦੇ ਸਾਲੇ-ਭਣੋਈਏ ਤੋਂ ਅਗਲਾ ਨੰਬਰ ਜੇæਜੇæ ਸਿੰਘ ਦਾ ਲੱਗ ਸਕਦਾ ਹੈ। ਉਹ ਨਰਿੰਦਰਪਾਲ ਸਿੰਘ ਤੇ ਪ੍ਰਭਜੋਤ ਕੌਰ ਦਾ ਦਾਮਾਦ ਹੋਣ ਦੇ ਨਾਤੇ ਸਾਡੇ ਲਈ ਵੀ ਜੁਆਈਆਂ ਵਰਗਾ ਹੈ। ਕਾਂਗਰਸੀ ਉਮੀਦਵਾਰ ਹਰਨਿਰਪਾਲ ਸਿੰਘ ਕੁੱਕੂ ਦਾ ਭਾਈ ਘਰਾਣਾ ਮੇਰੀਆਂ ਲਿਖਤਾਂ ਦਾ ਪ੍ਰੇਮੀ ਹੋਣ ਦੇ ਨਾਤੇ ਮੈਨੂੰ ਸਭ ਤੋਂ ਪਿਆਰਾ ਹੈ। ਮੇਰੀਆਂ ਪੰਜਾਂ ਵਿਚੋਂ ਤਿੰਨ ਉਂਗਲਾਂ ਘਿਓ ਵਿਚ ਹਨ। ਜੇ ਕਿਧਰੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਤੇ ਮੇਰੇ ਭਾਣਜੇ ਵਲੋਂ ਸੁਝਾਏ ਅੱਧੀ ਦਰਜਨ ਜ਼ਿਲਾ ਯੂਥ ਪ੍ਰਧਾਨ ਤੇ ਦਸੂਹਾ ਵਾਲਾ ਮਿੱਕੀ ਡੋਗਰਾ ਵੀ ਬਾਜ਼ੀ ਮਾਰ ਗਏ ਤਾਂ ਮੇਰੀਆਂ ਪੰਜੇ ਦੀਆਂ ਪੰਜੇ ਉਂਗਲਾ ਘਿਓ ਵਿਚ ਹੋ ਸਕਦੀਆਂ ਹਨ। ਇਹ ਪਹਿਲੀ ਵਾਰ ਹੋਵੇਗਾ ਕਿ ਪੰਜਾਬ ਦੀ ਰਾਜਨੀਤੀ ਵਿਚ ਮੇਰੀ ਵੀ ਸੁਣੀ ਜਾਵੇਗੀ। ਦੇਖੋ ਕੀ ਬਣਦਾ ਹੈ, ਮਹਸ਼ਰ ਬਦਾਯੂੰਆਨੀ ਦੇ ਕਹਿਣ ਅਨੁਸਾਰ,
ਅਬ ਹਵਾਏਂ ਹੀ ਕਰੇਂਗੀ ਰੌਸ਼ਨੀ ਕਾ ਫੈਸਲਾ,
ਜਿਸ ਦੀਏ ਮੇਂ ਜਾਨ ਹੋਗੀ, ਵੁਹ ਦੀਆ ਰਹਿ ਜਾਏਗਾ।
ਨਰਿੰਦਰ ਮੋਦੀ ਬਨਾਮ ਮਹਾਤਮਾ ਗਾਂਧੀ: ਹਰਿਆਣਾ ਦੇ ਖੇਡਾਂ ਤੇ ਯੁਵਕ ਸਰੋਕਾਰਾਂ ਨਾਲ ਸਬੰਧਤ ਮੰਤਰੀ ਅਨਿਲ ਵਿੱਜ ਨੇ ਮੋਦੀ ਨੂੰ ਗਾਂਧੀ ਦੇ ਬਰਾਬਰ ਦਾ ਹੀ ਨਹੀਂ, ਉਸ ਤੋਂ ਉਚਾ ਦੱਸਿਆ ਹੈ। ਮਹਾਤਮਾ ਗਾਂਧੀ ਦਾ ਭਾਰਤ ਦੀ ਸੁਤੰਤਰਤਾ ਵਿਚ ਹੀ ਉਚਾ ਯੋਗਦਾਨ ਨਹੀਂ, ਉਹ ਸੁਤੰਤਰਤਾ ਤੋਂ ਪਿਛੋਂ ਸੈਕੂਲਰ ਕਦਰਾਂ-ਕੀਮਤਾਂ ‘ਤੇ ਪਹਿਰਾ ਦਿੰਦਾ ਨੱਥੂ ਰਾਮ ਗੌਡਸੇ ਦੀ ਗੋਲੀ ਦਾ ਸ਼ਿਕਾਰ ਹੋ ਗਿਆ ਸੀ। ਅਨਿਲ ਵਿੱਜ ਦੀ ਟਿੱਪਣੀ ਚਾਪਲੂਸੀ ਦੀ ਸਿਖਰ ਹੈ ਪਰ ਇਸ ਨੂੰ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਲੋਂ ਹੋਊ ਪਰੇ ਕਰਨਾ ਜਹਾਲਤ ਦੀ। ਪ੍ਰਧਾਨ ਮੰਤਰੀ ਮੋਦੀ ਦਾ ਏਨੀ ਫੂਕ ਪਚਾ ਜਾਣਾ ਹੋਰ ਵੀ ਦੁਰਭਾਗਾ। ਸਾਡੀ ਡੈਮੋਕਰੇਸੀ ਕਿਸ ਰਾਹ ਤੁਰ ਪਈ ਹੈ? ਆਮੀਨ!
ਧਾਰਮਿਕਤਾ ਦੀਆਂ ਪੌੜੀਆਂ: ਜਪਾਨ ਵਾਸੀਆਂ ਨੇ ਆਪਣੇ ਨੈਨਜੋਇਨ ਮੰਦਿਰ ਵਿਚ ਮਹਾਤਮਾ ਬੁੱਧ ਦੀ ਪਰਬਤ ਰੂਪੀ ਮੂਰਤੀ ਸਥਾਪਤ ਕੀਤੀ ਹੈ। ਕਾਂਸੀ ਧਾਤ ਦੀ ਬਣੀ ਇਹ ਮੂਰਤੀ 41 ਮੀਟਰ ਲੰਬੀ ਤੇ 11 ਮੀਟਰ ਉਚੀ ਹੈ। ਹਰ ਵਰ੍ਹੇ ਦੇ ਅੰਤ ਉਤੇ ਇਸ ਮੂਰਤੀ ਨੂੰ ਸਾਫ ਕਰਨ ਦਾ ਸਮਾਗਮ ਹੁੰਦਾ ਹੈ, ਜਿਸ ਵਿਚ 200 ਭਿਕਸ਼ੂ ਤੇ ਅਨੇਕਾਂ ਯਾਤਰੀ ਭਾਗ ਲੈਂਦੇ ਹਨ। ਸਫਾਈ ਲਈ ਵੱਡੀਆਂ ਪੌੜੀਆਂ ਤੋਂ ਬਿਨਾ ਚੰਦ ਤਾਰਿਆਂ ਨੂੰ ਵਾਜਾਂ ਮਾਰਦੇ ਬਾਂਸ ਵਰਤੇ ਜਾਂਦੇ ਹਨ। ਰੱਬ ਖੈਰ ਕਰੇ!
ਅੰਤਿਕਾ: ਮਿਰਜ਼ਾ ਗਾਲਿਬ
ਮੁੱਦਤ ਹੂਈ ਹੈ ਯਾਰ ਕੋ ਮਹਿਮਾ ਕੀਏ ਹੂਏ,
ਜੋਸ਼-ਏ-ਕਦਾਹ ਜੋ ਬਜ਼ਸੇ ਚਿਰਾਗਾਂ ਕੀਏ ਹੂਏ।
ਜੀ ਢੂੰਡਤਾ ਹੈ ਫਿਰ ਵੁਹੀ ਫੁਰਸਤ ਕੇ ਰਾਤ-ਦਿਨ।