ਰਸਮੀ ਕਾਰਵਾਈਆਂ ਨਿਬੇੜ ਚੋਣ ਮੈਦਾਨ ‘ਚ ਡਟੀ ਪੰਜਾਬ ਦੀ ਸਿਆਸਤ

ਚੰਡੀਗੜ੍ਹ: ਕਾਗਜ਼-ਪੱਤਰ ਵਾਪਸ ਲੈਣ ਦਾ ਕੰਮ ਖਤਮ ਹੋਣ ਤੋਂ ਬਾਅਦ ਹੁਣ ਸਮੁੱਚੀ ਸਿਆਸੀ ਜੰਗ ਚੋਣ ਮੈਦਾਨ ਵਿਚ ਤਬਦੀਲ ਹੋ ਗਈ ਹੈ। ਪੰਜਾਬ ਵਿਧਾਨ ਸਭਾ ਚੋਣਾਂ ਲਈ 1146 ਉਮੀਦਵਾਰ ਆਪਣੇ ਸਿਆਸੀ ਭਵਿੱਖ ਨੂੰ ਅਜ਼ਮਾਉਣਗੇ। ਨਾਮਜ਼ਦਗੀਆਂ ਵਾਪਸ ਲੈਣ ਦੇ ਅੰਤਮ ਦਿਨ 114 ਉਮੀਦਵਾਰਾਂ ਨੇ ਨਾਮ ਵਾਪਸ ਲੈ ਲਏ। ਸਾਲ 2012 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਕੁੱਲ 1078 ਉਮੀਦਵਾਰ ਮੈਦਾਨ ਵਿਚ ਸਨ।

ਇਸ ਵਾਰ ਈæਵੀæਐਮਜ਼ ਵਿਚ ਨੋਟਾ ਦਾ ਵੀ ਬਟਨ ਹੋਏਗਾ ਤਾਂ ਜੋ ਵੋਟਰ ਕੋਈ ਉਮੀਦਵਾਰ ਪਸੰਦ ਨਾ ਆਉਣ ਉਤੇ ਇਹ ਬਟਨ ਦੱਬ ਕੇ ਆਪਣੀ ਨਾਰਾਜ਼ਗੀ ਜ਼ਾਹਰ ਕਰ ਸਕਦਾ ਹੈ।
ਚੋਣ ਅਖਾੜਾ ਭਖਦਿਆਂ ਹੀ ਪੰਜਾਬੀਆਂ ਦੀਆਂ ਨਜ਼ਰਾਂ ਲੰਬੀ, ਜਲਾਲਾਬਾਦ, ਪਟਿਆਲਾ (ਸ਼ਹਿਰ), ਮਜੀਠਾ, ਅੰਮ੍ਰਿਤਸਰ (ਪੂਰਬੀ), ਲਹਿਰਾਗਾਗਾ ਆਦਿ ਵਿਧਾਨ ਸਭਾ ਹਲਕਿਆਂ ਉਤੇ ਟਿਕ ਗਈਆਂ ਹਨ। ਇਨ੍ਹਾਂ ਹਲਕਿਆਂ ‘ਚ ਵੱਡੀਆਂ ਸਿਆਸੀ ਹਸਤੀਆਂ ਦਾ ਭਵਿੱਖ ਦਾਅ ਉਤੇ ਲੱਗਿਆ ਹੋਇਆ ਹੈ। ਇਸ ਵਾਰ ਦੀਆਂ ਚੋਣਾਂ ਦਾ ਸਭ ਤੋਂ ਵੱਡਾ ਤੇ ਦਿਲਚਸਪ ਪੱਖ ਇਹ ਹੈ ਕਿ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਲੰਬੀ ਵਿਚ ਮੁਕਾਬਲਾ ਹੋਣ ਜਾ ਰਿਹਾ ਹੈ। ਆਮ ਆਦਮੀ ਪਾਰਟੀ (ਆਪ) ਵੱਲੋਂ ਇਸ ਹਲਕੇ ਤੋਂ ਦਿੱਲੀ ਦੇ ਸਿੱਖ ਆਗੂ ਜਰਨੈਲ ਸਿੰਘ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ‘ਆਪ’ ਦੇ ਸੰਸਦ ਮੈਂਬਰ ਭਗਵੰਤ ਸਿੰਘ ਮਾਨ ਵੱਲੋਂ ਜਲਾਲਾਬਾਦ ਹਲਕੇ ਤੋਂ ਸਿੱਧੀ ਚੁਣੌਤੀ ਦਿੱਤੀ ਜਾ ਰਹੀ ਹੈ। ਕਾਂਗਰਸ ਨੇ ਇਸ ਹਲਕੇ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਉਮੀਦਵਾਰ ਬਣਾਇਆ ਹੈ। ਪਟਿਆਲਾ (ਸ਼ਹਿਰੀ) ਤੋਂ ਭਾਰਤੀ ਥਲ ਸੈਨਾ ਦੇ ਸਾਬਕਾ ਮੁਖੀ ਜਨਰਲ ਜੇæਜੇæ ਸਿੰਘ, ਕੈਪਟਨ ਅਮਰਿੰਦਰ ਸਿੰਘ ਨੂੰ ਟੱਕਰ ਦੇਣ ਲਈ ਅਕਾਲੀ ਦਲ ਵੱਲੋਂ ਮੈਦਾਨ ਵਿਚ ਹਨ।
ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਮੁਤਾਬਕ ਨਾਮਜ਼ਦਗੀਆਂ ਵਾਪਸ ਲੈਣ ਉਪਰੰਤ ਜ਼ਿਲ੍ਹਾ ਵਾਰ ਉਮੀਦਵਾਰਾਂ ਦੀ ਗਿਣਤੀ ਪਠਾਨਕੋਟ ਵਿਚ 35, ਗੁਰਦਾਸਪੁਰ ਵਿਚ 66, ਅੰਮ੍ਰਿਤਸਰ ਵਿਚ 120, ਤਰਨ ਤਾਰਨ ਵਿਚ 30, ਕਪੂਰਥਲਾ ਵਿਚ 35, ਜਲੰਧਰ ਵਿਚ 84, ਹੁਸ਼ਿਆਰਪੁਰ ਵਿਚ 70, ਸ਼ਹੀਦ ਭਗਤ ਸਿੰਘ ਨਗਰ ਵਿਚ 26, ਰੂਪਨਗਰ ‘ਚ 24, ਮੁਹਾਲੀ ਵਿਚ 34, ਫਤਹਿਗੜ੍ਹ ਸਾਹਿਬ ‘ਚ 25, ਲੁਧਿਆਣਾ ਵਿਚ 137, ਮੋਗਾ ਵਿਚ 41, ਫਿਰੋਜ਼ਪੁਰ ਵਿਚ 48, ਫਾਜ਼ਿਲਕਾ ‘ਚ 44, ਮੁਕਤਸਰ ਵਿਚ 30, ਫਰੀਦਕੋਟ ‘ਚ 28, ਬਠਿੰਡਾ ਵਿਚ 60, ਮਾਨਸਾ ‘ਚ 27, ਸੰਗਰੂਰ ‘ਚ 66, ਬਰਨਾਲਾ ਵਿਚ 30, ਪਟਿਆਲਾ ‘ਚ 86 ਰਹਿ ਗਈ ਹੈ। ਅੰਮ੍ਰਿਤਸਰ ਸੰਸਦੀ ਹਲਕੇ ਦੀ ਉਪ ਚੋਣ ਲਈ ਕੁੱਲ 9 ਉਮੀਦਵਾਰ ਮੈਦਾਨ ਵਿਚ ਹਨ। ਕਾਂਗਰਸ ਦੇ ਗੁਰਜੀਤ ਸਿੰਘ ਔਜਲਾ, ਭਾਜਪਾ ਦੇ ਰਾਜਿੰਦਰ ਮੋਹਨ ਸਿੰਘ ਛੀਨਾ ਅਤੇ ਆਪ ਦੇ ਉਪਕਾਰ ਸਿੰਘ ਸੰਧੂ ਦਰਮਿਆਨ ਮੁਕਾਬਲਾ ਹੋਣ ਦੇ ਆਸਾਰ ਹਨ।
___________________________
ਅਕਾਲੀ, ਕਾਂਗਰਸ ਅਤੇ ‘ਆਪ’ ਵਿਚਕਾਰ ਵੱਕਾਰੀ ਟੱਕਰ
ਚੰਡੀਗੜ੍ਹ: ਪੰਜਾਬ ‘ਚ 10 ਸਾਲਾਂ ਦੇ ਲੰਮੇ ਰਾਜ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਸਥਾਪਤੀ ਵਿਰੋਧੀ ਲਹਿਰ ਦਾ ਜ਼ਬਰਦਸਤ ਸਾਹਮਣਾ ਕਰਨਾ ਪੈ ਰਿਹਾ ਹੈ। ਵਿਧਾਨ ਸਭਾ ਚੋਣਾਂ ਦੌਰਾਨ ਭਾਵੇਂ ਦੋ ਦਰਜਨ ਦੇ ਕਰੀਬੀ ਸਿਆਸੀ ਧਿਰਾਂ ਵੱਲੋਂ ਆਪੋ-ਆਪਣੇ ਉਮੀਦਵਾਰ ਮੈਦਾਨ ਵਿਚ ਉਤਾਰੇ ਹੋਏ ਹਨ, ਪਰ ਮੁੱਖ ਤੌਰ ਉਤੇ ਹਾਲ ਦੀ ਘੜੀ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਦਰਮਿਆਨ ਹੀ ਵੱਕਾਰੀ ਟੱਕਰ ਹੋਣ ਦੇ ਆਸਾਰ ਬਣੇ ਹੋਏ ਹਨ। ਕੁਝ ਹਲਕਿਆਂ ਤੋਂ ਚਹੁੰ ਕੋਨੇ ਜਾਂ ਬਹੁ ਕੋਨੇ ਮੁਕਾਬਲੇ ਵੀ ਹੋ ਸਕਦੇ ਹਨ। ਉਂਜ ਚੋਣ ਮੈਦਾਨ ਵਿਚ ਉਕਤ ਤਿੰਨਾਂ ਪਾਰਟੀਆਂ ਸਮੇਤ ਬਹੁਜਨ ਸਮਾਜ ਪਾਰਟੀ, ਖੱਬੀਆਂ ਪਾਰਟੀਆਂ, ਸੁੱਚਾ ਸਿੰਘ ਛੋਟੇਪੁਰ ਦੀ ਅਗਵਾਈ ਵਾਲੀ ਆਪਣਾ ਪੰਜਾਬ ਪਾਰਟੀ, ਤ੍ਰਿਣਮੂਲ ਕਾਂਗਰਸ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ‘ਆਪ’ ਦੇ ਬਾਗੀ ਸੰਸਦ ਮੈਂਬਰ ਧਰਮਵੀਰ ਗਾਂਧੀ ਦੀ ਅਗਵਾਈ ਵਾਲੇ ਫਰੰਟ ਅਤੇ ਹੋਰਨਾਂ ਕਈ ਦਲਾਂ ਨੇ ਵੀ ਉਮੀਦਵਾਰ ਮੈਦਾਨ ਵਿਚ ਉਤਾਰੇ ਹਨ। ਉਪਰੋਕਤ ਆਗੂਆਂ ਸਮੇਤ ਰਾਜਿੰਦਰ ਕੌਰ ਭੱਠਲ, ਮਨਪ੍ਰੀਤ ਬਾਦਲ, ਸੁਨੀਲ ਜਾਖੜ, ਚਰਨਜੀਤ ਸਿੰਘ ਚੰਨੀ, ਪਰਮਿੰਦਰ ਢੀਂਡਸਾ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਬਿਕਰਮ ਮਜੀਠੀਆ ਆਦਿ ਵੀ ਚੁਣੌਤੀ ਦੇ ਰਹੇ ਹਨ।
__________________________
ਇਸ ਵਾਰ ਸਭ ਤੋਂ ਵੱਧ ਉਮੀਦਵਾਰ ਮੈਦਾਨ ਵਿਚ
ਬਠਿੰਡਾ: ਪੰਜਾਬ ਚੋਣਾਂ ਦੇ ਪਿੜ ਵਿਚ ਐਤਕੀਂ ਦੋ ਨਵੇਂ ਰਿਕਾਰਡ ਬਣੇ ਹਨ। ਇਕ ਤਾਂ ਸਭ ਤੋਂ ਵੱਧ ਉਮੀਦਵਾਰ ਚੋਣ ਮੈਦਾਨ ਵਿਚ ਹਨ ਤੇ ਦੂਜਾ ਸਭ ਤੋਂ ਘੱਟ ਉਮੀਦਵਾਰਾਂ ਨੇ ਕਾਗਜ਼ ਵਾਪਸ ਲਏ ਹਨ। ਕਰੀਬ ਪੰਜਾਹ ਵਰ੍ਹਿਆਂ ਵਿਚ ਅਜਿਹਾ ਨਹੀਂ ਹੋਇਆ। ਆਮ ਆਦਮੀ ਪਾਰਟੀ ਦੇ ਚੋਣ ਮੈਦਾਨ ਵਿਚ ਨਿੱਤਰਨ ਮਗਰੋਂ ਉਮੀਦਵਾਰਾਂ ਦੀ ਗਿਣਤੀ ਵਧੀ ਹੈ। ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿਚ 1146 ਉਮੀਦਵਾਰ ਚੋਣ ਪਿੜ ਵਿਚ ਹਨ, ਜਦਕਿ ਸਾਲ 2012 ‘ਚ 1078 ਉਮੀਦਵਾਰ ਚੋਣ ਮੈਦਾਨ ਵਿਚ ਸਨ। ਸਾਲ 1972 ਦੀਆਂ ਚੋਣਾਂ ਵਿਚ ਸਭ ਤੋਂ ਘੱਟ 468 ਉਮੀਦਵਾਰਾਂ ਨੇ ਚੋਣਾਂ ਲੜੀਆਂ ਸਨ। ਪੰਜਾਬੀ ਸੂਬਾ ਬਣਨ ਮਗਰੋਂ ਸਾਲ 1967 ਦੀਆਂ ਚੋਣਾਂ ਵਿਚ ਉਮੀਦਵਾਰਾਂ ਦੀ ਗਿਣਤੀ 602 ਸੀ, ਜਿਹੜੀ ਅਗਲੀਆਂ 1969 ਦੀਆਂ ਚੋਣਾਂ ਵਿਚ ਘਟ ਕੇ 471 ਰਹਿ ਗਈ ਸੀ। 2007 ਦੀਆਂ ਚੋਣਾਂ ਵਿਚ 1055 ਅਤੇ ਸਾਲ 2002 ਦੀਆਂ ਚੋਣਾਂ ਵਿਚ 923 ਉਮੀਦਵਾਰਾਂ ਨੇ ਚੋਣ ਲੜੀ ਸੀ, ਜਦਕਿ ਸਾਲ 1997 ਵਿਚ 693 ਅਤੇ ਸਾਲ 1985 ਦੀਆਂ ਚੋਣਾਂ ਵਿਚ 857 ਉਮੀਦਵਾਰ ਚੋਣਾਂ ਵਿਚ ਡਟੇ ਸਨ। ਇਸੇ ਤਰ੍ਹਾਂ ਸਾਲ 1980 ਵਿੱਚ 722 ਅਤੇ ਸਾਲ 1977 ਵਿਚ 692 ਉਮੀਦਵਾਰਾਂ ਨੇ ਚੋਣਾਂ ਲੜੀਆਂ ਸਨ।