ਐਤਕੀਂ ਪਹਿਲਾਂ ਨਾਲੋਂ ਐਨ ਹਟ ਕੇ ਹੋਵੇਗਾ ਪੰਜਾਬ ਦਾ ਚੋਣ ਦ੍ਰਿਸ਼

ਚੰਡੀਗੜ੍ਹ: ਪੰਜਾਬ ਵਿਚ ਚੋਣ ਮਾਹੌਲ ਪੂਰੀ ਤਰ੍ਹਾਂ ਗਰਮ ਹੈ। ਚੋਣ ਦੰਗਲ ਵਿਚ ਬਰਾਬਰ ਦੀ ਧਿਰ ਆਮ ਆਦਮੀ ਪਾਰਟੀ ਦੇ ਆਉਣ ਕਾਰਨ ਇਸ ਵਾਰ ਸਿਆਸੀ ਦ੍ਰਿਸ਼ ਕੁਝ ਵੱਖਰਾ ਹੈ। ਪੰਜਾਬ ਵਿਚ ਲੰਬੇ ਸਮੇਂ ਤੋਂ ਅਕਾਲੀ ਦਲ ਤੇ ਕਾਂਗਰਸ ਹੀ ਰਵਾਇਤੀ ਸਿਆਸੀ ਵਿਰੋਧੀ ਧਿਰਾਂ ਸਮਝੀਆਂ ਜਾਂਦੀਆਂ ਸਨ।

‘ਆਪ’ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿਚ 34 ਵਿਧਾਨ ਸਭਾ ਹਲਕਿਆਂ ਤੋਂ ਜਿੱਤ ਹਾਸਲ ਕਰਨ ਵਿਚ ਕਾਮਯਾਬ ਰਹੀ ਜਿਸ ਵਿਚੋਂ 31 ਸਿਰਫ ਮਾਲਵਾ ਖੇਤਰ ਦੇ ਸਨ ਅਤੇ ਇਸੇ ਖੇਤਰ ਵਿਚੋਂ ਪਾਰਟੀ ਨੂੰ ਅੱਜ ਵੀ ਵੱਡਾ ਹੁੰਗਾਰਾ ਮਿਲ ਰਿਹਾ ਹੈ।
ਆਮ ਆਦਮੀ ਪਾਰਟੀ ਨੇ ਇਨ੍ਹਾਂ ਚੋਣਾਂ ਦੌਰਾਨ ਕੁੱਲ ਵੋਟਾਂ ਦਾ 24æ4 ਫੀਸਦੀ ਹਿੱਸਾ ਵੀ ਪ੍ਰਾਪਤ ਕੀਤਾ ਜਦੋਂਕਿ 2012 ਦੀਆਂ ਚੋਣਾਂ ਦੌਰਾਨ ਪੀਪਲਜ਼ ਪਾਰਟੀ ਆਫ ਪੰਜਾਬ 5æ17 ਫੀਸਦੀ ਵੋਟਾਂ ਪ੍ਰਾਪਤ ਕਰ ਕੇ ਭਾਵੇਂ ਕੋਈ ਵਿਧਾਨ ਸਭਾ ਸੀਟ ਨਹੀਂ ਜਿੱਤ ਸਕੀ ਸੀ, ਪਰ ਇਸ ਨੂੰ ਕਾਂਗਰਸ ਦੀ ਹਾਰ ਦਾ ਕਾਰਨ ਮੰਨਿਆ ਗਿਆ ਸੀ। ਆਮ ਆਦਮੀ ਪਾਰਟੀ ਤੋਂ ਬਾਅਦ ਕਾਂਗਰਸ ਵੱਲੋਂ ਵੀ ਮੁੱਖ ਮੰਤਰੀ, ਉਪ ਮੁੱਖ ਮੰਤਰੀ ਅਤੇ ਮਾਲ ਤੇ ਲੋਕ ਸੰਪਰਕ ਮੰਤਰੀ ਵਿਰੁੱਧ ਆਪਣੀਆਂ ਪਾਰਟੀਆਂ ਦੇ ਮਹਾਂਰਥੀਆਂ ਨੂੰ ਚੋਣ ਦੰਗਲ ਵਿਚ ਉਤਾਰਨਾ ਵੀ ਪੰਜਾਬ ਦੀ ਸਿਆਸਤ ਵਿਚ ਇਕ ਨਵੀਂ ਸ਼ੁਰੂਆਤ ਵੇਖੀ ਜਾ ਰਹੀ ਹੈ।
ਇਸ ਚੋਣ ਵਿਚ ਮੁੱਦਿਆਂ ਨੂੰ ਛੱਡ ਕੇ ਬਾਦਲ ਪਰਿਵਾਰ ਨੂੰ ਮੁੱਖ ਨਿਸ਼ਾਨਾ ਬਣਾਉਣ ਦਾ ਮੰਤਵ ਵੀ ਸ਼ਾਇਦ ਇਹੋ ਹੋ ਸਕਦਾ ਹੈ ਕਿ ਸਰਕਾਰ ਵਿਰੋਧੀ ਵੋਟਾਂ ਨੂੰ ਬਟੋਰਿਆ ਜਾ ਸਕੇ। ਇਸ ਸਾਰੇ ਵਰਤਾਰੇ ਦਾ ਅਫਸੋਸਨਾਕ ਪਹਿਲੂ ਇਹ ਹੈ ਕਿ ਇਸ ਚੋਣ ਦੌਰਾਨ ਰਾਜ ਨੂੰ ਦਰਪੇਸ਼ ਮੁੱਖ ਮੁੱਦਿਆਂ ਜਿਨ੍ਹਾਂ ਵਿਚ ਬੇਰੁਜ਼ਗਾਰੀ, ਸਿੱਖਿਆ ਦਾ ਡਿੱਗ ਰਿਹਾ ਮਿਆਰ ਜੋ ਨੌਜਵਾਨਾਂ ਨੂੰ ਨੌਕਰੀ ਦੇਣ ਦੇ ਕਾਬਲ ਨਹੀਂ ਬਣ ਰਿਹਾ, ਸਿਹਤ ਸੇਵਾਵਾਂ ਤੇ ਕਿਸਾਨੀ ਦੀ ਮਾੜੀ ਦਸ਼ਾ ਵਰਗੇ ਮੁੱਦਿਆਂ ਨੂੰ ਸਿਆਸੀ ਧਿਰਾਂ ਵੱਲੋਂ ਕੋਈ ਸੰਜੀਦਗੀ ਨਾਲ ਨਹੀਂ ਲਿਆ ਜਾ ਰਿਹਾ ਜਿਸ ਨਾਲ ਲਿਆ ਜਾਣਾ ਬਣਦਾ ਸੀ। ਕਾਂਗਰਸ ਅਤੇ ‘ਆਪ’ ਵੱਲੋਂ ਭਾਵੇਂ ਕਿਸਾਨਾਂ ਨੂੰ ਕਰਜ਼ਾ ਮੁਕਤ ਕਰਨ ਦਾ ਐਲਾਨ ਕੀਤਾ ਗਿਆ ਹੈ, ਪਰ ਇਸ ਸਬੰਧੀ ਕੋਈ ਜੁਆਬ ਨਹੀਂ ਦਿੱਤਾ ਜਾ ਰਿਹਾ ਕਿ ਜਨਤਕ ਤੇ ਕੌਮੀ ਬੈਂਕ ਜਾਂ ਆੜ੍ਹਤੀ ਕਰਜ਼ਿਆਂ ਉਤੇ ਲਕੀਰ ਮਾਰਨ ਦਾ ਰਾਜ ਸਰਕਾਰ ਕੋਲ ਕਿਹੜਾ ਅਧਿਕਾਰ ਹੈ ਅਤੇ ਨਾ ਹੀ ਇਹ ਦੱਸਿਆ ਜਾ ਰਿਹਾ ਹੈ ਕਿ ਉਕਤ ਕਰਜ਼ਾ ਰਾਸ਼ੀ ਸਰਕਾਰ ਵੱਲੋਂ ਵਾਪਸ ਕਰਨ ਲਈ ਧਨਰਾਸ਼ੀ ਕਿਥੋਂ ਆਵੇਗੀ?
______________________________________________
ਡੇਰਿਆਂ ਦੁਆਲੇ ਘੁੰਮਣ ਲੱਗੀ ਸਿਆਸਤ
ਚੰਡੀਗੜ੍ਹ: ਚੋਣਾਂ ਵਿਚ ਡੇਰਾ ਰਾਜਨੀਤੀ ਕੁਝ ਜ਼ਿਆਦਾ ਹੀ ਅਹਿਮ ਸਮਝੀ ਜਾ ਰਹੀ ਹੈ। ਭਾਵੇਂ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਵੀ ਕੁਝ ਡੇਰਾ ਮੁਖੀਆਂ ਨੂੰ ਮਿਲ ਚੁੱਕੇ ਹਨ, ਪਰ ਫਿਰ ਵੀ ਡੇਰਿਆਂ ਦਾ ਸਮਰਥਨ ਲੈਣ ਲਈ ਜ਼ਿਆਦਾ ਭੱਜ-ਦੌੜ ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਹੀ ਕਰ ਰਹੇ ਨਜ਼ਰ ਆਉਂਦੇ ਹਨ। ਇਕ ਅੰਦਾਜ਼ੇ ਮੁਤਾਬਕ ਪੰਜਾਬ ਵਿਚ ਛੋਟੇ-ਵੱਡੇ ਕਰੀਬ 9000 ਡੇਰੇ ਹਨ, ਪਰ ਸਭ ਤੋਂ ਵੱਧ ਚਰਚਾ ਵਿਚ ਡੇਰਾ ਸੱਚਾ ਸੌਦਾ, ਡੇਰਾ ਰਾਧਾ ਸੁਆਮੀ, ਡੇਰਾ ਸੱਚਖੰਡ ਬੱਲਾਂ, ਦਿਵਿਆ ਜੋਤੀ ਸੰਸਥਾਨ, ਨਿਰੰਕਾਰੀ ਮੰਡਲ, ਨਾਮਧਾਰੀ ਸੰਪਰਦਾ, ਡੇਰਾ ਹੰਸਾਲੀ, ਨਾਨਕਸਰ ਸੰਪਰਦਾ, ਪ੍ਰਮੇਸ਼ਵਰ ਦੁਆਰ, ਡੇਰਾ ਰੂਮੀ ਤੋਂ ਇਲਾਵਾ ਦਮਦਮੀ ਟਕਸਾਲ ਤੇ ਦਾਦੂਵਾਲ ਆਦਿ ਹਨ। ਇਨ੍ਹਾਂ ਸਾਰਿਆਂ ਵਿਚੋਂ ਸਿਰਫ ਡੇਰਾ ਸੱਚਾ ਸੌਦਾ ਹੀ ਅਜਿਹਾ ਡੇਰਾ ਹੈ, ਜਿਸ ਦਾ ਬਾਕਾਇਦਾ ਰਾਜਨੀਤਕ ਵਿੰਗ ਹੈ ਤੇ ਜੋ ਬਾਕਾਇਦਾ ਕਿਸੇ ਪਾਰਟੀ ਦੀ ਮਦਦ ਦਾ ਐਲਾਨ ਕਰਦਾ ਹੈ। ਬਾਕੀ ਡੇਰੇ ਚੁੱਪ-ਚੁਪੀਤੇ ਹੀ ਕਿਸੇ ਪਾਰਟੀ ਜਾਂ ਉਮੀਦਵਾਰ ਦੀ ਮਦਦ ਦਾ ਇਸ਼ਾਰਾ ਕਰਦੇ ਹਨ। ਹਾਲਾਂ ਕਿ ਸੱਚਾਈ ਇਹੀ ਹੈ ਕਿ ਜਿੰਨਾ ਮਹੱਤਵ ਇਨ੍ਹਾਂ ਚੋਣਾਂ ‘ਚ ਡੇਰਿਆਂ ਨੂੰ ਦਿੱਤਾ ਜਾਂਦਾ ਹੈ, ਅਸਲ ‘ਚ ਉਹ ਉਨੇ ਅਸਰ-ਅੰਦਾਜ਼ ਕਦੇ ਵੀ ਨਹੀਂ ਹੁੰਦੇ।
_____________________________________________
ਬਡੂੰਗਰ ਵੱਲੋਂ ਅਕਾਲੀ ਦਲ ਦਾ ਪ੍ਰਚਾਰਕ ਬਣਨ ਤੋਂ ਨਾਂਹ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਆਪਣੇ 40 ਸਟਾਰ ਪ੍ਰਚਾਰਕਾਂ ਦੀ ਸੂਚੀ ਦਿੱਤੀ ਸੀ। ਇਸ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਦਾ ਨਾਂ ਵੀ ਸ਼ਾਮਲ ਸੀ। ਇਹ ਗੱਲ ਸਾਹਮਣੇ ਆਉਣ ‘ਤੇ ਵਿਵਾਦ ਛਿੜ ਗਿਆ ਸੀ ਕਿ ਧਾਰਮਿਕ ਸੰਸਥਾ ਦੇ ਮੁਖੀ ਪਾਰਟੀ ਲਈ ਪ੍ਰਚਾਰ ਕਿਵੇਂ ਸਕਦੇ ਹਨ। ਇਸ ਬਾਰੇ ਸੋਸ਼ਲ ਮੀਡੀਆ ‘ਤੇ ਵੀ ਪਾਰਟੀ ਦੀ ਨੁਕਤਾਚੀਨੀ ਹੋਣ ਲੱਗੀ ਸੀ, ਪਰ ਪ੍ਰੋæ ਬਡੂੰਗਰ ਨੇ ਸਟਾਰ ਪ੍ਰਚਾਰਕ ਬਣਨ ਤੋਂ ਨਾਂਹ ਕਰ ਕੇ ਇਸ ਵਿਵਾਦ ਉਤੇ ਫਿਲਹਾਲ ਵਿਰਾਮ ਲਾ ਦਿੱਤਾ ਹੈ। ਐਸ਼ਜੀæਪੀæਸੀæ ਪ੍ਰਧਾਨ ਨੇ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਅਕਾਲੀ ਦਲ ਨੇ ਗਲਤੀ ਨਾਲ ਪੁਰਾਣੀ ਲਿਸਟ ਚੋਣ ਕਮਿਸ਼ਨ ਨੂੰ ਦੇ ਦਿੱਤੀ ਸੀ ਜਿਸ ਵਿਚ ਉਨ੍ਹਾਂ ਦਾ ਨਾਂ ਸ਼ਾਮਲ ਸੀ। ਪ੍ਰੋæ ਬਡੂੰਗਰ ਦਾ ਇਹ ਤਰਕ ਸਹੀ ਨਹੀਂ ਜਾਪਦਾ ਕਿਉਂਕਿ ਜੇ ਲਿਸਟ ਪੁਰਾਣੀ ਹੁੰਦੀ ਤਾਂ ਉਸ ਵਿਚ ਪ੍ਰੋæ ਬਡੂੰਗਰ ਦੇ ਨਾਂ ਨਾਲ ਪ੍ਰਧਾਨ ਸ਼੍ਰੋਮਣੀ ਕਮੇਟੀ ਨਹੀਂ ਲਿਖਿਆ ਹੋਣਾ ਸੀ। ਫਿਲਹਾਲ ਐਸ਼ਜੀæਪੀæਸੀæ ਪ੍ਰਧਾਨ ਪਾਰਟੀ ਦਾ ਸਟਾਰ ਪ੍ਰਚਾਰਕ ਬਣਨ ਤੋਂ ਨਾਂਹ ਕਰ ਕੇ ਇਸ ਵਿਵਾਦ ਵਿਚੋਂ ਬਚ ਕੇ ਨਿਕਲ ਗਏ ਹਨ।