ਅਕਾਲੀਆਂ ਦੀ ਬੇੜੀ ਡੋਬਣ ਲਈ ‘ਆਪਣਿਆਂ’ ਵੱਲੋਂ ਹੀ ਕਮਰਕੱਸੇ

ਚੰਡੀਗੜ੍ਹ: ਇਸ ਵਾਰ ਵਿਧਾਨ ਸਭਾ ਚੋਣਾਂ ਵਿਚ ਸਾਰੀਆਂ ਪਾਰਟੀਆਂ ਲਈ ਵਿਰੋਧੀਆਂ ਨਾਲੋਂ ‘ਆਪਣੇ’ ਹੀ ਵੱਡੀ ਸਿਰਦਰਦੀ ਬਣੇ ਹੋਏ ਹਨ। ਟਿਕਟਾਂ ਦੇ ਐਲਾਨ ਮਗਰੋਂ ਸ਼੍ਰੋਮਣੀ ਅਕਾਲੀ ਦਲ, ਭਾਜਪਾ ਤੋਂ ਇਲਾਵਾ ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚ ਵੀ ਬਾਗੀ ਸੁਰਾਂ ਸਿਖਰ ਉਤੇ ਹਨ। ਇਹੋ ਕਾਰਨ ਹੈ ਕਿ ਕਈ ਪਾਰਟੀਆਂ ਨੇ ਨਾਮਜ਼ਦਗੀ ਤੋਂ ਇਕ ਦਿਨ ਪਹਿਲਾਂ ਉਮੀਦਵਾਰ ਐਲਾਨੇ ਤਾਂ ਜੋ ਬਾਗੀ ਸੁਰਾਂ ਦੇ ਪ੍ਰਭਾਵ ਤੋਂ ਬਚਿਆ ਜਾ ਸਕੇ।

ਸਭ ਤੋਂ ਵੱਧ ਸੱਤਾ ਧਿਰ ਸ਼੍ਰੋਮਣੀ ਅਕਾਲੀ ਦਲ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਰਟੀ ਦੇ ਦੋ ਦਰਜਨ ਤੋਂ ਵੱਧ ਉਮੀਦਵਾਰਾਂ ਨੂੰ ‘ਬਾਗੀਆਂ’ ਨੇ ਫਿਕਰ ਪਾਇਆ ਹੋਇਆ ਹੈ। ਕਈ ਵਿਧਾਨ ਸਭਾ ਹਲਕਿਆਂ ਵਿਚ ਬਾਗੀ ਆਜ਼ਾਦ ਉਮੀਦਵਾਰਾਂ ਵਜੋਂ ਉਤਰੇ ਹਨ। ਅਕਾਲੀ ਦਲ ਵੱਲੋਂ ਬਾਗੀ ਸੁਰਾਂ ਮੱਠੀਆਂ ਕਰਨ ਲਈ ਬੋਰਡਾਂ, ਨਿਗਮਾਂ ਤੇ ਕਮਿਸ਼ਨਾਂ ਵਿਚ ਅਹੁਦਿਆਂ ਦੇ ਗੱਫੇ ਵੀ ਵੰਡੇ, ਪਰ ਇਸ ਦੇ ਬਾਵਜੂਦ ਖਤਰੇ ਦੀ ਘੰਟੀ ਬਰਕਰਾਰ ਹੈ।
ਅਕਾਲੀ ਦਲ ਲਈ ਬਰਨਾਲਾ, ਧੂਰੀ, ਨਾਭਾ, ਜਲੰਧਰ ਕੈਂਟ, ਸ੍ਰੀ ਹਰਗੋਬਿੰਦਪੁਰ, ਗਿੱਦੜਬਾਹਾ, ਖਰੜ, ਹਲਕਿਆਂ ਵਿਚ ਮੁਸੀਬਤ ਖੜ੍ਹੀ ਹੋਈ ਹੈ। ਬਰਨਾਲਾ ਵਿਚ ਅਕਾਲੀ ਦਲ ਨੇ ਸਾਬਕਾ ਕਾਂਗਰਸੀ ਸੁਰਿੰਦਰਪਾਲ ਸਿੰਘ ਸਿਬੀਆ ਨੂੰ ਹੀ ਟਿਕਟ ਦਿੱਤੀ ਹੈ। ਧੂਰੀ ਵਿਧਾਨ ਸਭਾ ਹਲਕੇ ਵਿਚ ਵੀ ਅਕਾਲੀ ਦਲ ਵੱਲੋਂ ਬਾਹਰੀ ਤੇ ਨਵੇਂ ਆਗੂ ਨੂੰ ਟਿਕਟ ਦਿੱਤੇ ਜਾਣ ਕਾਰਨ ਦਲ ਦਾ ਵੱਡਾ ਹਿੱਸਾ ਬਾਗੀ ਹੈ। ਜਲੰਧਰ ਕੈਂਟ ਵਿਚ ਵੀ ਅਕਾਲੀ ਪੂਰੀ ਤਰ੍ਹਾਂ ਸਰਬਜੀਤ ਸਿੰਘ ਮੱਕੜ ਨਾਲ ਨਹੀਂ।
ਨਾਭਾ ਹਲਕੇ ਵਿਚ ਕਾਂਗਰਸ ਤੋਂ ਲਿਆ ਕੇ ਉਮੀਦਵਾਰ ਖੜ੍ਹਾ ਕੀਤੇ ਜਾਣ ਕਾਰਨ ਸਥਾਨਕ ਆਗੂਆਂ ਦਾ ਰੋਸਾ ਅਜੇ ਤੱਕ ਦੂਰ ਨਹੀਂ ਹੋਇਆ। ਖਰੜ ਵਿਚ ਸਾਬਕਾ ਵਿਧਾਇਕ ਉਜਾਗਰ ਸਿੰਘ ਬਡਾਲੀ ਤੇ ਹੋਰਾਂ ਕਈ ਆਗੂਆਂ ਦੇ ਗਿਲੇ ਸ਼ਿਕਵੇ ਅਜੇ ਤਾਈਂ ਪਾਰਟੀ ਨੇ ਪੂਰੀ ਤਰ੍ਹਾਂ ਦੂਰ ਨਹੀਂ ਕੀਤੇ। ਗਿੱਦੜਬਾਹਾ ਵਿਚ ਤਾਂ ਅਕਾਲੀ ਦਲ ਦੇ ਪੁਰਾਣੇ ਉਮੀਦਵਾਰ ਸੰਤ ਸਿੰਘ ਬਰਾੜ ਤੇ ਉਨ੍ਹਾਂ ਦੇ ਪੁੱਤਰ ਆਪ ਵਿਚ ਸ਼ਾਮਲ ਹੋ ਚੁੱਕੇ ਹਨ। ਮੁਕਤਸਰ ਵਿਧਾਨ ਸਭਾ ਹਲਕੇ ਤੋਂ ਸੁਖਦਰਸ਼ਨ ਸਿੰਘ ਮਰਾੜ ਨੇ ਝੰਡਾ ਗੱਡਿਆ ਹੋਇਆ ਹੈ। ਘਨੌਰ ਵਿਧਾਨ ਸਭਾ ਹਲਕੇ ਤੋਂ ਜਸਦੇਵ ਸਿੰਘ ਸੰਧੂ ਦੀ ਨੂੰਹ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਨਿੱਤਰੀ ਹੋਈ ਹੈ। ਅੰਮ੍ਰਿਤਸਰ (ਦੱਖਣੀ) ਤੇ ਨਿਹਾਲ ਸਿੰਘ ਵਾਲਾ ਤੋਂ ਮੌਜੂਦਾ ਵਿਧਾਇਕਾਂ ਨੂੰ ਅਕਾਲੀ ਦਲ ਨੇ ਟਿਕਟ ਨਹੀਂ ਦਿੱਤੀ ਤਾਂ ਦੋਹਾਂ ਵਿਧਾਇਕਾਂ ਇੰਦਰਬੀਰ ਸਿੰਘ ਬੁਲਾਰੀਆ ਤੇ ਰਾਜਵਿੰਦਰ ਕੌਰ ਭਾਗੀਕੇ ਨੂੰ ਕਾਂਗਰਸ ਨੇ ਅਪਣਾ ਲਿਆ ਹੈ। ਫਿਲੌਰ ਤੋਂ ਉਮੀਦਵਾਰ ਅਵਿਨਾਸ਼ ਚੰਦਰ ਟਿਕਟ ਨਾ ਦਿੱਤੇ ਜਾਣ ਕਾਰਨ ਅਕਾਲੀ ਦਲ ਤੋਂ ਕਿਨਾਰਾ ਕਰ ਚੁੱਕੇ ਹਨ।
______________________________________________
ਜਲਾਲਾਬਾਦ ਵਿਚ ਸੁਖਬੀਰ ਬਾਦਲ ਲਈ ਵੱਡੀ ਵੰਗਾਰ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਵਿਚ ਇਸ ਵਾਰ ਕਈ ਦਿਲਚਸਪ ਮੁਕਾਬਲੇ ਵੇਖਣ ਨੂੰ ਮਿਲਣਗੇ। ਇਨ੍ਹਾਂ ਵਿਚ ਇਕ ਹਲਕਾ ਜਲਾਲਾਬਾਦ ਦੀ ਜੰਗ ਹੈ। ਇਸ ਹਲਕੇ ਵਿਚ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਖਿਲਾਫ ਆਮ ਆਦਮੀ ਪਾਰਟੀ ਨੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਉਤਾਰ ਕੇ ਮੁਕਾਬਲਾ ਦਿਲਚਸਪ ਬਣਾ ਦਿੱਤਾ ਸੀ। ਇਸ ਮਗਰੋਂ ਕਾਂਗਰਸ ਨੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਉਮੀਦਵਾਰ ਬਣਾ ਕੇ ਇਸ ਚੋਣ ਜੰਗ ਨੂੰ ਇਤਿਹਾਸਕ ਬਣਾ ਦਿੱਤਾ ਹੈ।
ਦਿਲਚਸਪ ਗੱਲ ਹੈ ਕਿ ਤਿੰਨੇ ਪਾਰਟੀਆਂ ਦੇ ਉਮੀਦਵਾਰ ਹਲਕੇ ਨਾਲ ਸਬੰਧਤ ਨਹੀਂ। ਹਲਕੇ ਵਿਚ ਕੁੱਲ 1 ਲੱਖ 92 ਹਜ਼ਾਰ ਵੋਟਰ ਹਨ। ਸੁਖਬੀਰ ਬਾਦਲ ਨੇ 12 ਜਨਵਰੀ ਨੂੰ ਹੀ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਸਨ। ਸੁਖਬੀਰ ਬਾਦਲ ਤੇ ਭਗਵੰਤ ਮਾਨ ਨੇ ਪਹਿਲਾਂ ਹੀ ਆਪਣਾ ਚੋਣ ਪ੍ਰਚਾਰ ਭਖਾਇਆ ਹੋਇਆ ਹੈ। ਰਵਨੀਤ ਬਿੱਟੂ ਵੀ ਨਾਮਜ਼ਦਗੀ ਭਰ ਕੇ ਚੋਣ ਪ੍ਰਚਾਰ ਵਿੱਚ ਜੁਟ ਗਏ ਹਨ। ਸੁਖਬੀਰ ਬਾਦਲ ਲਈ ਉਨ੍ਹਾਂ ਦੀ ਪਤਨੀ ਹਰਸਿਮਰਤ ਬਾਦਲ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਹਨ। ਪਿਛਲੇ 10 ਸਾਲਾਂ ਤੋਂ ਸੱਤਾ ਵਿਚ ਹੋਣ ਕਰ ਕੇ ਪਿੰਡਾਂ ਵਿਚ ਚੋਣ ਪ੍ਰਚਾਰ ਦੌਰਾਨ ਅਕਾਲੀ ਆਗੂਆਂ ਨੂੰ ਲੋਕਾਂ ਦੇ ਮਿਹਣੇ ਸੁਣਨੇ ਪੈ ਰਹੇ ਹਨ। ਉਧਰ, ਭਗਵੰਤ ਮਾਨ ਨੇ ਆਪਣਾ ਚੋਣ ਪ੍ਰਚਾਰ ਸਿਖਰਾਂ ਉਤੇ ਪੁਚਾ ਦਿੱਤਾ ਹੈ। ਉਹ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰ ਕੇ ਚੋਣ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਦੀਆਂ ਚੋਣ ਮੀਟਿੰਗਾਂ ਵਿਚ ਭਰਵਾਂ ਇਕੱਠ ਦੇਖਣ ਨੂੰ ਮਿਲ ਰਿਹਾ ਹੈ।
___________________________________________
ਆਖਰ ਸੁਖਬੀਰ ਨੇ ਮੰਨ ਲਿਆ ‘ਆਪ’ ਦਾ ਅਸਰ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਖਰ ਮੰਨ ਹੀ ਲਿਆ ਕਿ ਮਾਲਵੇ ਦੀਆਂ 24 ਸੀਟਾਂ ਉਤੇ ਆਮ ਆਦਮੀ ਪਾਰਟੀ ਦਾ ਚੰਗਾ ਪ੍ਰਭਾਵ ਹੈ। ਉਂਜ ਉਨ੍ਹਾਂ ਕਿਹਾ ਕਿ ‘ਆਪ’ ਦਾ ਅਸਰ ਸਿਰਫ ਮਾਲਵੇ ‘ਚ ਹੈ, ਪਰ ਮਾਝੇ ਤੇ ਦੁਆਬੇ ਵਿਚ ਇਸ ਪਾਰਟੀ ਦਾ ਕੋਈ ਆਧਾਰ ਨਹੀਂ। ਹੁਣ ਤੱਕ ਸੁਖਬੀਰ ਕਹਿ ਰਹੇ ਸੀ ਕਿ ਆਪ ਬਾਹਰੀ ਪਾਰਟੀ ਹੈ। ਇਸ ਲਈ ਇਸ ਦਾ ਪੰਜਾਬ ਵਿਚ ਕੋਈ ਆਧਾਰ ਨਹੀਂ। ਸੁਖਬੀਰ ਬਾਦਲ ਦਾਅਵਾ ਕਰਦੇ ਆ ਰਹੇ ਹਨ ਕਿ ਉਨ੍ਹਾਂ ਦਾ ਮੁਕਾਬਲਾ ਕਾਂਗਰਸ ਨਾਲ ਹੈ। ਇਸ ਦੌੜ ਵਿਚ ਆਪ ਕਿਤੇ ਵੀ ਨਹੀਂ। ਪਹਿਲੀ ਵਾਰ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਨੇ ‘ਆਪ’ ਦੇ ਅਸਰ ਦੀ ਗੱਲ ਕਬੂਲੀ ਹੈ।