ਟਰੰਪ ਦੀ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਵਜੋਂ ਤਾਜਪੋਸ਼ੀ

ਵਾਸ਼ਿੰਗਟਨ: ਅਰਬਪਤੀ ਕਾਰੋਬਾਰੀ ਡੋਨਲਡ ਟਰੰਪ ਨੇ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕ ਲਈ। ਉਹ ਰਿਪਬਲੀਕਨ ਪਾਰਟੀ ਦੇ ਉਮੀਦਵਾਰ ਵਜੋਂ ਅਹੁਦੇ ਲਈ ਚੁਣੇ ਗਏ ਹਨ। ਉਨ੍ਹਾਂ ਦੇ ਹਲਫਦਾਰੀ ਸਮਾਗਮ ਸਬੰਧੀ ਜਸ਼ਨ ਜਿਥੇ ਬੀਤੇ ਕਈ ਦਿਨਾਂ ਤੋਂ ਹੀ ਜਾਰੀ ਸਨ, ਉਥੇ ਹਜ਼ਾਰਾਂ ਲੋਕਾਂ ਨੇ ਉਨ੍ਹਾਂ ਨੂੰ ਰਾਸ਼ਟਰਪਤੀ ਚੁਣੇ ਜਾਣ ਦੇ ਵਿਰੋਧ ਵਿਚ ਰੋਸ ਮੁਜ਼ਾਹਰੇ ਵੀ ਕੀਤੇ।

ਇਸ ਦੌਰਾਨ ਘੱਟੋ-ਘੱਟ ਚਾਰ ਮੁਜ਼ਾਹਰੇ ਹਿੰਸਕ ਰੂਪ ਧਾਰ ਗਏ, ਜਿਸ ਦੌਰਾਨ ਮੁਜ਼ਾਹਰਾਕਾਰੀਆਂ ਨੇ ਸਟੋਰਾਂ ਤੇ ਕਾਰਾਂ ਦੇ ਸ਼ੀਸ਼ੀ ਭੰਨ ਦਿੱਤੇ ਤੇ ਪੁਲਿਸ ਨਾਲ ਵੀ ਝੜਪਾਂ ਕੀਤੀਆਂ।
ਇਸ ਤੋਂ ਪਹਿਲਾਂ ਸ੍ਰੀ ਟਰੰਪ ਇਕ ਕਾਫਲੇ ਦੇ ਰੂਪ ਵਿਚ ਸਹੁੰ ਚੁੱਕ ਸਮਾਗਮ ਵਿਚ ਪੁੱਜੇ। ਉਨ੍ਹਾਂ ਆਪਣੇ ਸਹੁੰ ਚੁੱਕ ਕਾਫਲੇ ਦੀ ਸ਼ੁਰੂਆਤ ਇਥੇ ਚਰਚ ਵਿਚ ਹਾਜ਼ਰੀ ਭਰ ਕੇ ਕੀਤੀ। ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਪ੍ਰਥਮ ਮਹਿਲਾ ਮਿਲਾਨਿਆ ਟਰੰਪ, ਧੀ ਇਵਾਂਕਾ ਤੇ ਜਵਾਈ ਜੇਰਡ ਕੁਸ਼ਨਰ ਤੇ ਪੁੱਤਰਾਂ ਨੇ ਵੀ ਚਰਚ ਵਿਚ ਅਕੀਦਤ ਪੇਸ਼ ਕੀਤੀ। ਇਸ ਪਿੱਛੋਂ ਉਨ੍ਹਾਂ ਦਾ ਕਾਫਲਾ ਵਾਈਟ ਹਾਊਸ ਪੁੱਜਾ ਜਿਥੇ ਅਹੁਦਾ ਛੱਡ ਰਹੇ ਰਾਸ਼ਟਰਪਤੀ ਬਰਾਕ ਓਬਾਮਾ ਤੇ ਉਨ੍ਹਾਂ ਦੇ ਪਰਿਵਾਰ ਨੇ ਨਵੇਂ ਰਾਸ਼ਟਰਪਤੀ ਤੇ ਉਨ੍ਹਾਂ ਦੇ ਪਰਿਵਾਰ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਨਵੀਂ ਫਸਟ ਲੇਡੀ ਮਿਲਾਨਿਆ ਟਰੰਪ ਨੇ ਰੁਖਸਤ ਹੋ ਰਹੀ ਫਸਟ ਲੇਡੀ ਮਿਸ਼ੇਲ ਓਬਾਮਾ ਨੂੰ ਇਕ ਟਿਫੈਨੀ ਗਿਫਟ ਭੇਟ ਕੀਤਾ। ਸਹੁੰ ਚੁੱਕ ਸਮਾਗਮ ਵਿਚ ਉਨ੍ਹਾਂ ਤੋਂ ਚੋਣਾਂ ਵਿਚ ਮਾਤ ਖਾਣ ਵਾਲੀ ਬੀਬੀ ਹਿਲੇਰੀ ਕਲਿੰਟਨ ਨੇ ਵੀ ਆਪਣੇ ਪਤੀ ਤੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਨਾਲ ਸ਼ਿਰਕਤ ਕੀਤੀ।
_________________________________
ਰਾਸ਼ਟਰਪਤੀ ਬਣਨ ਪਿੱਛੋਂ ਅਸਲੀ ਰੰਗ ‘ਚ ਆਏ ਟਰੰਪ
ਵਾਸ਼ਿੰਗਟਨ : ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਹੁਦਾ ਸੰਭਾਲਦਿਆਂ ਹੀ ਓਬਾਮਾ ਕੇਅਰ ਸਿਹਤ ਕਾਨੂੰਨ ਖਿਲਾਫ਼ ਹੁਕਮ ਪਾਸ ਕਰ ਦਿੱਤਾ ਹੈ। ਇਸ ਐਕਟ ਨੂੰ ਓਬਾਮਾ ਕੇਅਰ ਦੇ ਨਾਮ ਨਾਲ ਅਮਰੀਕਾ ਵਿਚ ਜ਼ਿਆਦਾ ਜਾਣਿਆ ਜਾਂਦਾ ਹੈ। ਟਰੰਪ ਦਾ ਕਹਿਣਾ ਹੈ ਕਿ ਇਸ ਨਾਲ ਖਰਚਾ ਜ਼ਿਆਦਾ ਹੋ ਰਿਹਾ ਸੀ ਤੇ ਲੋਕਾਂ ਨੂੰ ਫਾਇਦਾ ਘੱਟ। ਇਸ ਦੇ ਨਾਲ ਹੀ ਟਰੰਪ ਨੇ ਕੌਮੀ ਸੁਰੱਖਿਆ ਨਾਲ ਜੁੜੇ ਦੋ ਅਹਿਮ ਵਿਅਕਤੀਆਂ ਦੀ ਨਿਯੁਕਤੀ ਕੀਤੀ ਹੈ।
ਇਸ ਤੋਂ ਇਲਾਵਾ ਟਰੰਪ ਨੇ ਚੋਣ ਪ੍ਰਚਾਰ ਦੌਰਾਨ ਕੀਤੇ ਆਪਣੇ ਵਾਅਦੇ ਦੇ ਮੁਤਾਬਕ 12 ਦੇਸ਼ਾਂ ਦੇ ਇਕ ਵਪਾਰ ਸਮਝੌਤੇ ‘ਟ੍ਰਾਂਸ ਪੈਸੇਫਿਕ ਪਾਰਟਨਰਸ਼ਿਪ’ (ਟੀæ ਪੀæ ਪੀæ) ਤੋਂ ਰਸਮੀ ਤੌਰ ਉਤੇ ਹਟਣ ਲਈ ਇਕ ਕਾਰਜਕਾਰੀ ਆਦੇਸ਼ ਉਤੇ ਦਸਤਖਤ ਕੀਤੇ ਹਨ। ਟਰੰਪ ਦਾ ਮੰਨਣਾ ਹੈ ਕਿ ਇਹ ਕਰਾਰ ਅਮਰੀਕੀ ਨੌਕਰੀਆਂ ਅਤੇ ਨਿਰਮਾਣ ਖੇਤਰ ਦੇ ਹਿੱਤਾਂ ਦੇ ਖਿਲਾਫ ਸੀ। ਇਸ ਦੇ ਨਾਲ ਹੀ ਟਰੰਪ ਨੇ ਮੈਕਸੀਕੋ ਸਿਟੀ ਗਰਭਪਾਤ ਕਾਨੂੰਨ ਨੂੰ ਵੀ ਦੋਬਾਰਾ ਲਾਗੂ ਕਰ ਦਿੱਤਾ ਹੈ। ਇਸ ਮੁਤਾਬਕ ਗਰਭਪਾਤ ਦਾ ਸਮਰਥਨ ਕਰਨ ਵਾਲੇ ਜਾਂ ਇਸ ਦੇ ਲਈ ਮੁਹਿੰਮ ਚਲਾ ਰਹੇ ਸੰਗਠਨ ਅਮਰੀਕਾ ਦੀ ਸਰਕਾਰੀ ਏਜੰਸੀਆਂ ਤੋਂ ਪੈਸਾ ਨਹੀਂ ਲੈ ਸਕਣਗੇ। ਸਭ ਤੋਂ ਪਹਿਲਾਂ ਇਸ ਕਾਨੂੰਨ ਨੂੰ 1985 ਵਿਚ ਰਾਸ਼ਟਰਪਤੀ ਰੋਨਲਡ ਰੀਗਨ ਨੇ ਲਾਗੂ ਕੀਤਾ ਸੀ, ਪਰ ਬਿੱਲ ਕਲਿੰਟਨ ਤੇ ਬਰਾਕ ਓਬਾਮਾ ਨੇ ਇਸ ਨੂੰ ਰੱਦ ਕਰ ਦਿੱਤਾ ਸੀ। ਟਰੰਪ ਨੇ ਤਾਜਪੋਸ਼ੀ ਤੋਂ ਬਾਅਦ ਪੱਤਰਕਾਰਾਂ ਖਿਲਾਫ਼ ਵੀ ਰੱਜ ਕੇ ਭੜਾਸ ਕੱਢੀ ਤੇ ਉਨ੍ਹਾਂ ਨੂੰ ਧਰਤੀ ਉਤੇ ਸਭ ਤੋਂ ਵੱਧ ਬੇਈਮਾਨ ਇਨਸਾਨ ਦੱਸਿਆ। ਇਕ ਚੈਨਲ ਵੱਲੋਂ ਉਨ੍ਹਾਂ ਦੇ ਹਲਫਦਾਰੀ ਸਮਾਗਮ ਵਿਚ ਲੋਕਾਂ ਦੀ ਘੱਟ ਹਾਜ਼ਰੀ ਦਿਖਾਏ ਜਾਣ ਤੋਂ ਭੜਕੇ ਟਰੰਪ ਨੇ ਕਿਹਾ ਕਿ ਉਨ੍ਹਾਂ ਦੀ ਮੀਡੀਆ ਨਾਲ ਜੰਗ ਚੱਲ ਰਹੀ ਹੈ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਝੂਠੀ ਖਬਰ ਦਿਖਾਈ ਤਾਂ ਇਸ ਦੇ ਨਤੀਜੇ ਭੁਗਤਣੇ ਪੈਣਗੇ।
___________________________________
ਅਮਰੀਕਾ ਦੇ ਹਿੱਤਾਂ ਨੂੰ ਬਰਕਰਾਰ ਰੱਖਣ ਨੂੰ ਪਹਿਲ: ਟਰੰਪ
ਵਾਸ਼ਿੰਗਟਨ: ਸਹੁੰ ਚੁੱਕਣ ਉਪਰੰਤ ਟਰੰਪ ਨੇ ਕਿਹਾ ਅੱਜ ਤੋਂ ਨਵੇਂ ਯੁੱਗ ਦੀ ਸ਼ੁਰੂਆਤ ਹੋ ਰਹੀ ਹੈ। ਲੋਕ 20 ਜਨਵਰੀ 2017 ਨੂੰ ਯਾਦ ਰੱਖਣਗੇ। ਅਸੀਂ ਮਿਲ ਕੇ ਚੁਣੌਤੀਆਂ ਦਾ ਸਾਹਮਣਾ ਕਰਾਂਗੇ ਅਤੇ ਅੱਜ ਤੋਂ ਹੀ ਬਦਲਾਅ ਸ਼ੁਰੂ ਹੋਣਗੇ ਤੇ ਅਮਰੀਕਾ ਦੇ ਹਿੱਤਾਂ ਨੂੰ ਬਰਕਰਾਰ ਰੱਖਣਾ ਸਾਡੀ ਪਹਿਲ ਹੋਵੇਗੀ। ਸਹੁੰ ਚੁੱਕ ਸਮਾਰੋਹ ਦੇਖਣ ਲਈ 8 ਲੱਖ ਲੋਕ ਵਾਸ਼ਿੰਗਟਨ ਪੁੱਜੇ ਹੋਏ ਸਨ। ਇਸ ਮੌਕੇ ਟਰੰਪ ਨੇ ਕਿਹਾ ਕਿ ਅਸੀਂ ਸਾਰੇ ਮਿਲ ਕੇ ਅਮਰੀਕਾ ਨੂੰ ਬਦਲਾਂਗੇ ਤੇ ਅਮਰੀਕੀ ਹਿੱਤਾਂ ਨੂੰ ਸਰਬਉੱਚ ਪਹਿਲ ਦਿੱਤੀ ਜਾਵੇਗੀ। ਅਮਰੀਕੀ ਲੋਕਾਂ ਦੇ ਸੁਪਨੇ ਸਾਕਾਰ ਕਰਨ ਦਾ ਯਤਨ ਕੀਤਾ ਜਾਵੇਗਾ ਤੇ ਮੈਂ ਤੁਹਾਨੂੰ ਕਦੇ ਨਿਰਾਸ਼ ਨਹੀਂ ਕਰਾਂਗਾ।
____________________________________
ਟਰੰਪ ਨਾਲ ਕੰਮ ਕਰਨ ਲਈ ਮੋਦੀ ਉਤਸ਼ਾਹਤ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਡੋਨਲਡ ਟਰੰਪ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਸਹਿਯੋਗ ਦੀ ਪੂਰੀ ਸਮਰੱਥਾ ਦੀ ਵਰਤੋਂ ਕਰਨ ਲਈ ਉਨ੍ਹਾਂ ਨਾਲ ਕੰਮ ਕਰਨ ਨੂੰ ਲੈ ਕੇ ਉਤਸ਼ਾਹਿਤ ਹਨ। ਉਨ੍ਹਾਂ ਨੇ ਟਰੰਪ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਦੇ ਛੇਤੀ ਬਾਅਦ ਟਵੀਟ ਕਰ ਕੇ ਉਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ ਟਰੰਪ ਨੂੰ ਸ਼ੁੱਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਉਹ ਆਉਣ ਵਾਲੇ ਸਮੇਂ ‘ਚ ਅਮਰੀਕਾ ਨੂੰ ਪਹਿਲਾਂ ਨਾਲੋਂ ਵੱਡੀਆਂ ਉਪਲਬਧੀਆਂ ਵੱਲ ਲੈ ਜਾਣ।