ਸਿਆਸੀ ਧਿਰਾਂ ਦੇ ਦਬਕਿਆਂ ਦੇ ਬਾਵਜੂਦ ਚੋਣ ਮੈਦਾਨ ਵਿਚ ਡਟੇ ਬਾਗੀ

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਚੋਣ ਮੈਦਾਨ ਵਿਚੋਂ ਨਾ ਹਟਣ ਵਾਲੇ ਬਾਗੀਆਂ ਨੂੰ ਉਮਰ ਭਰ ਲਈ ਪਾਰਟੀ ਵਿਚੋਂ ਕੱਢ ਦੇਣ ਦੀ ਚਿਤਾਵਨੀ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਘਨੌਰ ਤੋਂ ਬਾਗੀ ਤੇਜਿੰਦਰ ਪਾਲ ਸਿੰਘ ਸੰਧੂ ਦੀ ਪਤਨੀ ਅਨੂਪ੍ਰੀਤ ਕੌਰ ਸੰਧੂ ਨੂੰ ਪਾਰਟੀ ਤੋਂ ਕੱਢਣ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਬਾਵਜੂਦ ਕਾਂਗਰਸ ਦੇ ਇਕ ਦਰਜਨ ਅਤੇ ਅਕਾਲੀ ਦਲ ਦੇ ਅੱਧੀ ਦਰਜਨ ਤੋਂ ਵੱਧ ਬਾਗੀ ਚੋਣ ਮੈਦਾਨ ਵਿਚ ਹਨ।

ਪਿਛਲੀਆਂ ਵਿਧਾਨ ਸਭਾਵਾਂ ਦੌਰਾਨ ਕੱਢੇ ਆਗੂ, ਇਸ ਵਾਰ ਟਿਕਟ ਲੈ ਗਏ। ਇਸ ਕਰ ਕੇ ਬਾਗੀਆਂ ਨੂੰ ਲੱਗ ਰਿਹਾ ਹੈ ਕਿ ਅੱਜ ਦੇ ਬਾਗੀ ਅਗਲੀ ਵਾਰ ਉਮੀਦਵਾਰ ਬਣ ਸਕਦੇ ਹਨ। ਪਾਰਟੀਆਂ ਹੁਣ ਜਿੱਤਣ ਵਾਲੇ ਉਮੀਦਵਾਰਾਂ ਨੂੰ ਟਿਕਟ ਦੇਣ ਦੇ ਨਾਮ ਉਤੇ ਕਿਸੇ ਵੀ ਪਾਰਟੀ ਦੇ ਆਗੂ ਨੂੰ ਉਮੀਦਵਾਰ ਬਣਾਉਣ ਤੋਂ ਝਿਜਕਦੀਆਂ ਨਹੀਂ। ਇਸ ਕਾਰਨ ਆਗੂਆਂ ਦੇ ਪਾਰਟੀਆਂ ਪ੍ਰਤੀ ਮੋਹ ਨੂੰ ਵੀ ਸੱਟ ਵੱਜੀ ਹੈ।
ਮਿਲੀ ਜਾਣਕਾਰੀ ਮੁਤਾਬਕ ਕਾਂਗਰਸ ਦੇ ਬੰਗਾ ਤੋਂ ਤਰਲੋਚਨ ਸਿੰਘ, ਨਕੋਦਰ ਤੋਂ ਗੁਰਬਿੰਦਰ ਸਿੰਘ ਅਟਵਾਲ, ਪਠਾਨਕੋਟ ਤੋਂ ਸਾਬਕਾ ਵਿਧਾਇਕ ਅਸ਼ੋਕ ਸ਼ਰਮਾ, ਭੋਆ ਤੋਂ ਰੁਮਾਲ ਚੰਦ, ਸੁਜਾਨਪੁਰ ਤੋਂ ਸਾਬਕਾ ਮੰਤਰੀ ਰਘੂਨਾਥ ਸਹਾਇਪੁਰੀ ਦਾ ਪੁੱਤਰ, ਬਟਾਲਾ ਤੋਂ ਅਸ਼ਵਨੀ ਸੇਖੜੀ ਖਿਲਾਫ਼ ਉਸ ਦਾ ਭਰਾ ਇੰਦਰ ਸੇਖੜੀ, ਡੇਰਾ ਬਾਬਾ ਨਾਨਕ ਤੋਂ ਸੁਖਜਿੰਦਰ ਰੰਧਾਵਾ ਦਾ ਭਤੀਜਾ ਦੀਪਇੰਦਰ ਸਿੰਘ ਰੰਧਾਵਾ, ਅੰਮ੍ਰਿਤਸਰ ਦੱਖਣੀ ਤੋਂ ਮਨਿੰਦਰ ਸਿੰਘ ਪਲਾਸੌਰ ਸਮੇਤ ਕਈ ‘ਵੱਡੇ’ ਆਗੂ ਬਾਗੀਆਂ ਵਜੋਂ ਚੋਣ ਮੈਦਾਨ ਵਿਚ ਹਨ। ਇਕ ਬਾਗੀ ਉਮੀਦਵਾਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਖੁਦ ਤਾਂ ਕਹਿ ਰਹੇ ਹਨ ਕਿ ਇਹ ਉਨ੍ਹਾਂ ਦੀ ਆਖਰੀ ਚੋਣ ਹੈ ਤਾਂ ਉਮਰ ਭਰ ਲਈ ਕੱਢਣ ਦਾ ਮਤਲਬ ਸਮਝ ਵਿਚ ਨਹੀਂ ਆਇਆ।
ਇਕ ਹੋਰ ਆਗੂ ਨੇ ਕਿਹਾ ਕਿ ਪਹਿਲਾਂ ਹੋਈਆਂ ਚੋਣਾਂ ਵਿਚ ਮੁਕੇਰੀਆਂ ਤੋਂ ਕਾਂਗਰਸ ਦੇ ਉਮੀਦਵਾਰ ਅਜੀਤ ਕੁਮਾਰ ਨਾਰੰਗ ਖਿਲਾਫ਼ ਬਾਗੀ ਖੜ੍ਹੇ ਰਜਨੀਸ਼ ਕੁਮਾਰ 53,951 ਵੋਟਾਂ ਲੈ ਕੇ ਚੋਣ ਜਿੱਤ ਗਏ ਸਨ, ਜਦਕਿ ਕਾਂਗਰਸੀ ਉਮੀਦਵਾਰ ਨੂੰ 13,525 ਵੋਟਾਂ ਨਾਲ ਸਬਰ ਕਰਨਾ ਪਿਆ ਸੀ। ਇਸ ਵਾਰ ਰਜਨੀਸ਼ ਕੁਮਾਰ ਕਾਂਗਰਸ ਦੇ ਉਮੀਦਵਾਰ ਹਨ। ਡੇਰਾਬੱਸੀ ਤੋਂ ਕਾਂਗਰਸੀ ਉਮੀਦਵਾਰ ਜਸਜੀਤ ਸਿੰਘ ਰੰਧਾਵਾ ਉਮੀਦਵਾਰ ਸਨ ਤੇ ਮੌਜੂਦਾ ਉਮੀਦਵਾਰ ਦੀਪਇੰਦਰ ਸਿੰਘ ਢਿੱਲੋਂ ਨੇ ਬਾਗੀ ਵਜੋਂ ਚੋਣ ਲੜੀ। ਉਹ ਕਈ ਸਾਲ ਅਕਾਲੀ ਦਲ ਵਿਚ ਰਹੇ ਤੇ ਹੁਣ ਕਾਂਗਰਸ ਦੇ ਉਮੀਦਵਾਰ ਹਨ। ਉਨ੍ਹਾਂ ਕਿਹਾ ਕਿ ਕੈਪਟਨ ਨੂੰ ਜਿੱਤਣ ਦੀ ਸ਼ਰਤ ਉਤੇ ਕਿਸੇ ਵੀ ਹੋਰ ਪਾਰਟੀ ਤੋਂ ਲਿਆਂਦੇ ਆਗੂ ਨੂੰ ਉਮੀਦਵਾਰ ਬਣਾਉਣ ਉਤੇ ਇਤਰਾਜ਼ ਨਹੀਂ ਹੈ।
ਸ਼੍ਰੋਮਣੀ ਅਕਾਲੀ ਦਲ ਦੇ 2012 ਦੀਆਂ ਚੋਣਾਂ ਵਿਚ ਉਮੀਦਵਾਰ ਤੇਜਿੰਦਰ ਪਾਲ ਸਿੰਘ ਸੰਧੂ ਨੂੰ ਟਿਕਟ ਨਾ ਦੇਣ ਕਾਰਨ ਘਨੌਰ ਤੋਂ ਬਾਗੀ ਵਜੋਂ ਉਨ੍ਹਾਂ ਦੀ ਪਤਨੀ ਅਨੁਪ੍ਰੀਤ ਕੌਰ ਸੰਧੂ ਚੋਣ ਮੈਦਾਨ ਵਿਚ ਹਨ। ਮੁਕਤਸਰ ਤੋਂ ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਮਰਾੜ, ਮਹਿਲ ਕਲਾਂ ਤੋਂ ਸਾਬਕਾ ਮੰਤਰੀ ਗੋਬਿੰਦ ਸਿੰਘ ਕਾਂਝਲਾ, ਨਾਭਾ ਤੋਂ ਜੀਤ ਸਿੰਘ ਦੁਲੱਦੀ, ਸਨੌਰ ਤੋਂ ਅਕਾਲੀ ਦਲ ਦੇ ਯੂਥ ਵਿੰਗ ਦੇ ਆਗੂ ਹਰਮੀਤ ਸਿੰਘ ਪਠਾਣਮਾਜਰਾ, ਰਾਜਪੁਰਾ ਤੋਂ ਅਕਾਲੀ ਆਗੂ ਅਤੇ ਐਮਸੀ ਜਗਦੀਸ਼ ਕੁਮਾਰ ਜੱਗਾ ਸਮੇਤ ਕਈ ਬਾਗ਼ੀ ਮੈਦਾਨ ਵਿਚ ਹਨ। ਅਕਾਲੀ ਦਲ ਨੇ ਪਿਛਲੀ ਵਾਰ ਬਗਾਵਤ ਕਰਨ ਵਾਲੇ ਸਤਵੀਰ ਸਿੰਘ ਖਟੜਾ ਨੂੰ ਪਾਰਟੀ ਵਿਚੋਂ ਕੱਢਿਆ, ਪਰ ਇਸ ਵਾਰ ਪਾਰਟੀ ਦੇ ਉਮੀਦਵਾਰ ਹਨ। ਬੱਲੂਆਣਾ (ਰਾਖਵੇਂ) ਹਲਕੇ ਤੋਂ ਕਾਂਗਰਸ ਦੇ ਬਾਗੀ ਵਜੋਂ ਚੋਣ ਲੜੇ ਪ੍ਰਕਾਸ਼ ਸਿੰਘ ਭੱਟੀ ਹੁਣ ਅਕਾਲੀ ਦਲ ਦੇ ਉਮੀਦਵਾਰ ਹਨ। ਸਰਹਿੰਦ ਵਿਧਾਨ ਸਭਾ ਹਲਕੇ ਤੋਂ ਅਕਾਲੀ ਦਲ ਦੇ 2007 ਵਿਚ ਚੁਣੇ ਗਏ ਵਿਧਾਇਕ ਦੀਦਾਰ ਸਿੰਘ ਭੱਟੀ ਨੂੰ 2012 ਵਿਚ ਟਿਕਟ ਤੋਂ ਜਵਾਬ ਮਿਲ ਗਿਆ ਤਾਂ ਪੀæਪੀæਪੀæ ਨੇ ਉਨ੍ਹਾਂ ਨੂੰ ਆਪਣਾ ਉਮੀਦਵਾਰ ਬਣਾ ਲਿਆ। ਇਸ ਵਾਰ ਸ੍ਰੀ ਭੱਟੀ ਮੁੜ ਅਕਾਲੀ ਦਲ ਦੇ ਉਮੀਦਵਾਰ ਹਨ।
‘ਆਪ’ ਦੇ ਤਾਂ ਲਗਭਗ ਸਾਰੇ ਬਾਗੀ ਸੁੱਚਾ ਸਿੰਘ ਛੋਟੇਪੁਰ ਦੀ ਆਪਣਾ ਪੰਜਾਬ ਪਾਰਟੀ ਅਤੇ ਡਾæ ਧਰਮਵੀਰ ਗਾਂਧੀ ਦੇ ਫਰੰਟ ਵੱਲੋਂ ਉਮੀਦਵਾਰ ਹਨ। ‘ਆਪ’ ਨੇ ਵੀ ਪਾਰਟੀਆਂ ਦੇ ਕਈ ਬਾਗੀਆਂ ਨੂੰ ਟਿਕਟਾਂ ਦਿੱਤੀਆਂ ਹਨ। ਖਡੂਰ ਸਾਹਿਬ ਉਪ ਚੋਣ ਵਿਚ ਕਾਂਗਰਸ ਦੇ ਬਾਗੀ ਵਜੋਂ ਚੋਣ ਮੈਦਾਨ ਵਿਚ ਉਤਰੇ ਭੁਪਿੰਦਰ ਸਿੰਘ ਬਿੱਟੂ ਹੁਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਨ। ਸਾਲ 2012 ਵਿਚ ਵੀ ਬਾਗ਼ੀਆਂ ਨੇ ਕਾਂਗਰਸ ਦਾ ਕਾਫੀ ਨੁਕਸਾਨ ਕੀਤਾ ਸੀ।