ਅਜਮੇਰ ਸਿੰਘ ਦੇ ਚਿੰਤਨ ਵਿਰੁਧ ਬਹਿਸ ਦਾ ਪੱਧਰ ਉਚੀ ਦਿਸ਼ਾ ਵੱਲ

ਕਮਿਊਨਿਸਟ (ਨਕਸਲੀ) ਆਗੂ ਤੋਂ ਸਿੱਖ ਵਿਦਵਾਨ ਬਣੇ ਸ਼ ਅਜਮੇਰ ਸਿੰਘ ਵੱਲੋਂ ਟੀæਵੀæ ਚੈਨਲ ਨੂੰ ਦਿਤੀ ਇੰਟਰਵਿਊ ਨਾਲ ਸਿੱਖ ਹਲਕਿਆਂ ਵਿਚ ਬੜੀ ਤਿੱਖੀ ਹਲਚਲ ਹੋਈ ਹੈ। ਇਸੇ ਪ੍ਰਸੰਗ ਵਿਚ ‘ਪੰਜਾਬ ਟਾਈਮਜ਼’ ਵਿਚ ਸੀਨੀਅਰ ਪੱਤਰਕਾਰ ਤੇ ਸਿੱਖ ਵਿਦਵਾਨ ਕਰਮਜੀਤ ਸਿੰਘ ਚੰਡੀਗੜ੍ਹ, ਹਜਾਰਾ ਸਿੰਘ ਮਿਸੀਸਾਗਾ, ਤਰਲੋਕ ਸਿੰਘ ਨਿਊ ਜਰਸੀ, ਕਮਲਜੀਤ ਸਿੰਘ ਬਾਸੀ ਅਤੇ ਡਾæ ਸੰਦੀਪ ਸਿੰਘ ਦੇ ਵਿਚਾਰ ਛਾਪੇ ਜਾ ਚੁਕੇ ਹਨ। ਇਸੇ ਲੜੀ ਵਿਚ ਐਤਕੀਂ ਕਰਮਜੀਤ ਸਿੰਘ ਚੰਡੀਗੜ੍ਹ ਅਤੇ ਕਮਲਜੀਤ ਸਿੰਘ ਫਰੀਮਾਂਟ ਤੋਂ ਇਲਾਵਾ ਅਜਮੇਰ ਸਿੰਘ ਦੇ ਸਾਥੀ ਰਹੇ ਗੁਰਬਚਨ ਸਿੰਘ ਦੇ ਵਿਚਾਰ ਛਾਪੇ ਜਾ ਰਹੇ ਹਨ ਜਿਸ ਵਿਚ ਉਨ੍ਹਾਂ ਅਜਮੇਰ ਸਿੰਘ ਦੇ ਚਿੰਤਨ ਦੀਆਂ ਸੀਮਾਵਾਂ ਬਾਰੇ ਸਵਾਲ ਕੀਤੇ ਹਨ।

ਅਦਾਰਾ ‘ਪੰਜਾਬ ਟਾਈਮਜ਼’ ਨੂੰ ਖੁਸ਼ੀ ਹੈ ਕਿ ਪਹਿਲਾਂ ਵਾਂਗ ਅਹਿਮ ਮਸਲਿਆਂ ਉਤੇ ਚੱਲੀਆਂ ਬਹਿਸਾਂ ਵਾਂਗ, ਇਸ ਮਸਲੇ ਬਾਰੇ ਵੀ ਵਿਦਵਾਨ ਆਪੋ-ਆਪਣਾ ਹਿੱਸਾ ਪਾ ਰਹੇ ਹਨ। ਸਾਡਾ ਲੇਖਕਾਂ ਦੇ ਵਿਚਾਰਾਂ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ, ਸਾਡਾ ਮਨਸ਼ਾ ਇਸ ਮਸਲੇ ਬਾਰੇ ਸੰਜੀਦਾ ਬਹਿਸ ਚਲਾਉਣਾ ਹੈ। ਆਈਆਂ ਹੋਰ ਲਿਖਤਾਂ ਨੂੰ ਵੀ ਬਣਦੀ ਥਾਂ ਦਿੱਤੀ ਜਾਵੇਗੀ। ਬੱਸ ਇਕ ਹੀ ਬੇਨਤੀ ਹੈ ਕਿ ਧੀਰਜ ਤੇ ਸ਼ਾਇਸਤਗੀ ਦਾ ਪੱਲਾ ਨਾ ਛੱਡਿਆ ਜਾਵੇ। -ਸੰਪਾਦਕ

ਕਰਮਜੀਤ ਸਿੰਘ ਚੰਡੀਗੜ੍ਹ
ਫੋਨ: 91-99150-91063
ਸ਼ ਅਜਮੇਰ ਸਿੰਘ ਦੇ ਚਿੰਤਨ ਬਾਰੇ ਚੱਲ ਰਹੀ ਬਹਿਸ ਹੁਣ ਜਿਸ ਪੜਾਅ ‘ਤੇ ਪਹੁੰਚ ਗਈ ਹੈ, ਉਥੇ ਇੰਨਾ ਕੁ ਦਾਅਵਾ ਜ਼ਰੂਰ ਕੀਤਾ ਜਾ ਸਕਦਾ ਹੈ ਕਿ ਬਹਿਸ ਨਿਸ਼ਾਨੇ ਦੀ ਪਰਿਕਰਮਾ ਤਾਂ ਕਰ ਰਹੀ ਹੈ ਪਰ ਨਿਸ਼ਾਨੇ ਉਤੇ ਧਿਆਨ ਨਹੀਂ ਧਰ ਰਹੀ। ਇਸ ਪ੍ਰਾਪਤੀ ਉਤੇ ਵੀ ਮਾਣ ਕੀਤਾ ਜਾ ਸਕਦਾ ਹੈ ਕਿ ਪਰਿਕਰਮਾ ਕਰਨ ਵਾਲੇ ਵੀ ਇਕ ਨਾ ਇਕ ਦਿਨ ਨਿਸ਼ਾਨੇ ਵੱਲ ਜ਼ਰੂਰ ਆਉਣਗੇ। ਇਹ ਵੀ ਸੱਚ ਹੈ ਕਿ ਕੁੱਝ ਵੀਰ ਤਾਂ ਅਜੇ ਪਰਿਕਰਮਾ ਵਿਚ ਵੀ ਦਾਖਲ ਨਹੀਂ ਹੋਏ, ਬਾਹਰ-ਬਾਹਰ ਹੀ ਫਿਰ ਰਹੇ ਹਨ।
ਜਦੋਂ ਅਸੀਂ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਬਹਿਸ ਅਰੰਭ ਕੀਤੀ ਸੀ ਤਾਂ ਪਤਾ ਸੀ ਕਿ ਬੁਰਾ ਭਲਾ ਵੱਡੀ ਮਿਕਦਾਰ ਵਿਚ ਸਾਡੀ ਝੋਲੀ ਪਵੇਗਾ। ਕਿਸੇ ਹੱਦ ਤੱਕ ਹੋਇਆ ਵੀ ਇੰਜ ਹੀ। ਪਰ ਸਾਡੀ ਵਾਰ-ਵਾਰ ਬੇਨਤੀ ਹੈ ਕਿ ਭਰਾਵੋ! ਸਾਡੇ ਸਵਾਲ ‘ਕਣਕ’ ਵਿਚ ਹਨ, ਜਵਾਬ ‘ਛੋਲਿਆਂ’ ਵਿਚ ਨਾ ਦਿਓ। ਪਰ ਜਦੋਂ ਘੜਿਆਲ ਵੱਜ ਰਿਹਾ ਹੋਵੇ ਤਾਂ ਟੱਲੀਆਂ ਦੀ ਆਵਾਜ਼ ਕੌਣ ਸੁਣਦਾ ਹੈ। ਬਹੁਤ ਸਾਰੇ ਜਵਾਬ ‘ਛੋਲਿਆਂ’ ਵਿਚ ਹੀ ਮਿਲਦੇ ਰਹੇ ਅਤੇ ਮਿਲ ਰਹੇ ਹਨ। ਸੋਸ਼ਲ ਮੀਡੀਏ ‘ਤੇ ਸਾਰਾ ਕੁੱਝ ਸਾਡੇ ਵੱਸ ਵਿਚ ਨਹੀਂ ਸੀ। ਇਸ ਲਈ ਕੁੱਝ ਵੀਰ ਸਾਨੂੰ ‘ਅਸੀਂ ਵੀ ਹਾਂ’ ਦਾ ਚੇਤਾ ਕਰਾਉਂਦਿਆਂ ਮਹਿਜ਼ ਆਪਣੀ ਹਾਜ਼ਰੀ ਲਵਾਉਣ ਤੇ ਚਮਕਾਉਣ ਲਈ ਇਧਰ-ਉਧਰ ਜਾਣ ਦਾ ਸ਼ੁਗਲ ਮੇਲਾ ਕਰਦੇ ਰਹੇ। ਵੀਰ ਜਸਪ੍ਰੀਤ ਸਿੰਘ ਅਤੇ ਵੀਰ ਪ੍ਰਦੀਪ ਸਿੰਘ ਕੁੱਝ ਚਿਰ ਇਸੇ ਮੇਲੇ ਵਿਚ ਹਾਜ਼ਰੀ ਲਵਾ ਰਹੇ ਸਨ।
ਕੁੱਝ ਵੀਰਾਂ ਦੇ ਧੰਨਵਾਦੀ ਹਾਂ, ਜਿਨ੍ਹਾਂ ਵਿਚ ਸੰਦੀਪ ਸਿੰਘ, ਚਰਨਜੀਤ ਸਿੰਘ, ਪ੍ਰਭਸ਼ਰਨਬੀਰ ਸਿੰਘ, ਜਿਗਰਜੀਤ ਸਿੰਘ, ਜਸਦੀਪ ਸਿੰਘ, ਪ੍ਰਭਸ਼ਰਨਦੀਪ ਸਿੰਘ, ਜਰਨੈਲ ਸਿੰਘ ਕਾਹਲੋਂ, ਜਸਕਰਨ ਸਿੰਘ, ਹਰਵਿੰਦਰ ਸਿੰਘ ਖਹਿਰਾ, ਚਮਕੌਰ ਸਿੰਘ ਸੰਧੂ, ਦਰਸ਼ਨ ਸਿੰਘ, ਬਲਵਿੰਦਰਪਾਲ ਸਿੰਘ ਅਤੇ ਕਈ ਹੋਰ ਵੀਰ ਸ਼ਾਮਲ ਹਨ। ਇਹ ਸਾਰੇ ਆਪਣੇ ਆਪਣੇ ਢੰਗ ਨਾਲ ਬਹਿਸ ਨੂੰ ਨਿਯਮਬੱਧ ਕਰਨ, ਬਹਿਸ ਨੂੰ ਦਿਸ਼ਾ ਦੇਣ ਅਤੇ ਨਿਸ਼ਾਨੇ ‘ਤੇ ਕੇਂਦਰਿਤ ਰੱਖਣ ਦੇ ਯਤਨ ਕਰਦੇ ਰਹੇ ਹਨ। ਪਰ ਇਨ੍ਹਾਂ ਵਿਚੋਂ ਵੀ ਬਹੁਤੇ ਨੇਸ਼ਨ-ਸਟੇਟ ‘ਤੇ ਜਾਣਕਾਰੀ ਵਿਚ ਬਹੁਤਾ ਵਾਧਾ ਨਹੀਂ ਕਰ ਸਕੇ। ਸਿਰਫ ਸੰਦੀਪ ਸਿੰਘ ਹੀ ਨੇਸ਼ਨ-ਸਟੇਟ ਬਾਰੇ ਭਰਪੂਰ ਅਤੇ ਗਹਿਰ-ਗੰਭੀਰ ਜਾਣਕਾਰੀ ਦੇ ਸਕੇ।
ਭਾਈ ਸੁਖਦੀਪ ਸਿੰਘ ਮੋਗਾ ਨੇ ਆਪਣੀ ਟਿੱਪਣੀ ਦੇ ਅਰੰਭ ਵਿਚ ਸਾਨੂੰ ਬੇਹੱਦ ਸਤਿਕਾਰ ਨਾਲ ਯਾਦ ਕੀਤਾ ਪਰ ਪਿਛੋਂ ਛੇਤੀ ਹੀ ਸਾਡੀ ਪੂਰੀ ਲਾਹ-ਪਾਹ ਵੀ ਕੀਤੀ। ਨਾਲ ਹੀ ਇਹ ਖੁਲਾਸਾ ਵੀ ਕਰ ਦਿੱਤਾ ਕਿ ਉਨ੍ਹਾਂ ਨੂੰ ਨੇਸ਼ਨ-ਸਟੇਟ ਬਾਰੇ ਕੋਈ ਸਮਝ ਨਹੀਂ ਹੈ। ਜਦੋਂ ਉਸ ਦੀ ਇਕ ਤਾਜ਼ਾ ਟਿੱਪਣੀ ਪੜ੍ਹੀ ਤਾਂ ਇਸ ਗੱਲ ਦਾ ਅਹਿਸਾਸ ਹੋਇਆ ਕਿ ਇਹ ਵੀਰ ਵੀ ਹੁਣ ਗੰਭੀਰ ਹੋ ਕੇ ਸਾਡਾ ਵਿਰੋਧ ਕਰ ਰਹੇ ਹਨ, ਪਰ ਵਿਰੋਧ ਦਾ ਪੱਧਰ ਇੰਨਾ ਉਚਾ ਨਹੀਂ ਕਿ ਮਾਣ ਕੀਤਾ ਜਾ ਸਕੇ। ਹਰਪ੍ਰੀਤ ਸਿੰਘ ਤੇ ਲਖਵਿੰਦਰ ਸਿੰਘ ਕੋਲੋਂ ਵੱਡੀਆਂ ਉਮੀਦਾਂ ਹਨ ਕਿ ਉਹ ਬਹਿਸ ਨੂੰ ਨੇਸ਼ਨ-ਸਟੇਟ ਦੇ ਇਰਦ-ਗਿਰਦ ਰੱਖਣਗੇ ਅਤੇ ਪੜਤਾਲ ਵੀ ਕਰਨਗੇ ਕਿ ਕੀ ਖਾਲਿਸਤਾਨ ਦਾ ਵਿਰੋਧ ਕਰਨ ਲਈ ਕੁੱਝ ਲੁਕਵੇਂ, ਕੁੱਝ ਸਹਿੰਦੇ-ਸਹਿੰਦੇ ਅਤੇ ਕੁੱਝ ਅਣਦਿੱਸਦੇ ਯਤਨ ਤਾਂ ਨਹੀਂ ਕੀਤੇ ਜਾ ਰਹੇ? ਕੀ ਅਜਮੇਰ ਸਿੰਘ ਦੀਆਂ ਨਜ਼ਰਾਂ ਵਿਚ ਨੇਸ਼ਨ-ਸਟੇਟ ਖਾਲਿਸਤਾਨ ਦਾ ਹੀ ਦੂਜਾ ਨਾਂ ਹੈ?
ਮਹਾਂਭਾਰਤ ਵਾਲੇ ਯੋਧੇ ਅਰਜਨ ਦੀ ਮਿਸਾਲ ਤੋਂ ਕਾਫੀ ਕੁੱਝ ਸਿੱਖਿਆ ਜਾ ਸਕਦਾ ਹੈ। ਉਸ ਦੀਆਂ ਨਿਗਾਹਾਂ ਕੇਵਲ ਤੇ ਕੇਵਲ ਦਰਖਤ ‘ਤੇ ਟੰਗੀ ਮੱਛੀ ਦੀ ਅੱਖ ਵਿਚ ਹੀ ਟਿੱਕੀਆਂ ਸਨ, ਜਦਕਿ ਉਸ ਦੇ ਵਿਰੋਧੀ ਸਾਥੀ ਅੱਖ ਦੇ ਨਾਲ-ਨਾਲ ਪੱਤਿਆਂ, ਟਾਹਣੀਆਂ ਅਤੇ ਦਰਖਤ ਦੇ ਤਣੇ ਵੱਲ ਵੀ ਵੇਖ ਰਹੇ ਸਨ। ਨਿਸ਼ਾਨੇ ਪ੍ਰਤੀ ਉਸ ਦੀ ਇਕਾਗਰਤਾ ਹੀ ਸੀ ਕਿ ਉਸ ਨੂੰ ਜਿੱਤ ਹਾਸਲ ਹੋਈ। ਚੱਲ ਰਹੀ ਬਹਿਸ ਵਿਚ ਸਾਡੇ ਕਈ ਵੀਰ ਨਿਸ਼ਾਨੇ ਤੋਂ ਲਾਂਭੇ ਹੋ ਕੇ ਪੱਤਿਆਂ ਅਤੇ ਟਾਹਣੀਆਂ ਵੱਲ ਹੀ ਵੇਖਦੇ ਰਹੇ? ਇਥੋਂ ਤੱਕ ਕਿ ਕੁੱਝ ਤਾਂ ਇਹ ਸਮਝ ਬੈਠੇ ਕਿ ਪੁਰਾਣੀਆਂ ਕਿੜਾਂ ਕੱਢਣ ਦਾ ਹੁਣ ਸੁਨਹਿਰੀ ਮੌਕਾ ਹੈ। ਇਸ ਲਈ ਧੁੰਦ ਵਿਚ ਉਹ ਵੀ ਆਪਣੇ ਘੋੜੇ ਭਜਾਉਣ ਲੱਗ ਪਏ। ਜਾਣਦੇ ਹਾਂ ਕਿ ਕੁੱਝ ਚਸਕਾਖੋਰ ਲੋਕ ਅਜਿਹੇ ਵੀ ਹਨ, ਜੋ ਪਹਾੜ ਦੀ ਚੋਟੀ ‘ਤੇ ਖਲ੍ਹੋ ਕੇ ਵੇਖ ਰਹੇ ਹਨ ਕਿ ਹੇਠਾਂ ਕੀ ਹੋ ਰਿਹਾ ਹੈ? ਸ਼ਾਇਦ ਉਹ ਵੀ ਛਾਲ ਮਾਰ ਕੇ ਬਹਿਸ ਵਿਚ ਕੁੱਦਣ ਲਈ ਕਾਹਲੇ ਹਨ। ਪਰ ਫਿਰ ਵੀ ਮੇਰਾ ਯਤਨ ਇਹੋ ਹੋਵੇਗਾ ਕਿ ਬਹਿਸ ਦਾ ਇਕ ਉਚਾ ਪੱਧਰ ਕਾਇਮ ਕੀਤਾ ਜਾ ਸਕੇ।
ਮੇਰਾ ਖਿਆਲ ਹੈ ਕਿ ਸਰਬਪੱਖੀ ਬਹਿਸ ਦੀ ਰਵਾਇਤ ਪਾਈ ਜਾਣੀ ਚਾਹੀਦੀ ਹੈ ਕਿਉਂਕਿ ਇਤਿਹਾਸ ਵਿਚ ਸਾਹਿਤ, ਫਿਲਾਸਫੀ, ਧਰਮ, ਰਾਜਨੀਤੀ, ਵਿਦਿਆ ਅਤੇ ਮਨੋਵਿਗਿਆਨ ਦੇ ਖੇਤਰਾਂ ਵਿਚ ਹੋਈਆਂ ਵੱਡੀਆਂ ਬਹਿਸਾਂ ਸਾਡੀ ਅਗਵਾਈ ਕਰ ਸਕਦੀਆਂ ਹਨ। ਚੀਨ ਅਤੇ ਰੂਸ (ਸਾਬਕਾ ਸੋਵੀਅਤ ਯੂਨੀਅਨ) ਦੀਆਂ ਕਮਿਊਨਿਸਟ ਪਾਰਟੀਆਂ ਵਿਚ ਸ਼ਾਂਤੀ, ਸਹਿ-ਹੋਂਦ ਅਤੇ ਸਮਾਜਵਾਦ ਨੂੰ ਲੈ ਕੇ ਵੱਡੀ ਬਹਿਸ ਹੋਈ ਸੀ, ਜੋ ‘ਮਹਾਨ ਬਹਿਸ’ ਦੇ ਨਾਂ ਹੇਠ ਸੁਰੱਖਿਅਤ ਹੈ। ਮਨੁੱਖ ਦੇ ਅਵਚੇਤਨ ਸੰਸਾਰ ਦੀ ਤਾਕਤ ਅਤੇ ਇਸ ਦਾ ਪ੍ਰਭਾਵ ਕਿੰਨੀ ਦੂਰੀ ਤੱਕ ਜਾਂਦਾ ਹੈ, ਇਹ ਬਹਿਸ ਮਨੋਵਿਗਿਆਨ ਦੇ ਖੇਤਰ ਵਿਚ ਸਿਗਮੰਡ ਫਰਾਇਡ ਅਤੇ ਕਾਰਲ ਜੁੰਗ ਵਿਚਕਾਰ ਹੋਈ, ਜੋ ਦੱਸਦੀ ਹੈ ਕਿ ਅਵਚੇਤਨ ਦੀ ਦੁਨੀਆਂ ਸਾਡੀ ਸ਼ਖਸੀਅਤ ਨੂੰ ਦਿਸ਼ਾ ਦੇਣ ਵਿਚ ਕਿੰਨੀ ਅਹਿਮ ਹੁੰਦੀ ਹੈ।
ਇਕ ਹੋਰ ਬਹਿਸ ਵੀਹਵੀਂ ਸਦੀ ਦੇ ਦੋ ਵੱਡੇ ਚਿੰਤਕਾਂ-ਯਾ ਪਾਲ ਸਾਰਤਰ ਅਤੇ ਉਸ ਤੋਂ 12 ਸਾਲ ਛੋਟੇ ਅਲਬੇਅਰ ਕਾਮੂ ਵਿਚ ਇਸ ਸਵਾਲ ਨੂੰ ਲੈ ਕੇ ਹੋਈ ਕਿ ਸਮਾਜਵਾਦ ਨੂੰ ਅੱਗੇ ਵਧਾਉਣ ਲਈ ਮੁੱਖ ਦੁਸ਼ਮਣ ਕਿਸ ਨੂੰ ਗਰਦਾਨਿਆ ਜਾਵੇ। ਆਪਣੇ ਪੰਜਾਬ ਵਿਚ ਵੀ ਗੁਰਬਾਣੀ ਨੂੰ ਕਿਵੇਂ ਸਮਝਿਆ ਜਾਵੇ, ਇਸ ਬਾਰੇ ਅਤਿ ਅਹਿਮ ਬਹਿਸ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਅਤੇ ਪ੍ਰੋਫੈਸਰ ਕਿਸ਼ਨ ਸਿੰਘ ਦਰਮਿਆਨ ਹੋਈ, ਜਿਸ ਵਿਚ ਪ੍ਰੋæ ਕਿਸ਼ਨ ਸਿੰਘ ਕਿਸੇ ਹੱਦ ਤੱਕ ਜੇਤੂ ਹੋ ਕੇ ਨਿਕਲੇ।
ਇਸ਼ਕ-ਮਜਾਜ਼ੀ ਵੀ ਕਦੇ-ਕਦੇ ਇਸ਼ਕ-ਹਕੀਕੀ ਦਾ ਰੁਤਬਾ ਕਿਵੇਂ ਅਖਤਿਆਰ ਕਰ ਜਾਂਦਾ ਹੈ, ਇਹ ਬਹਿਸ ਸਾਡੇ ਮਹਾਨ ਸਭਿਆਚਾਰ ਦੇ ਪਿੜ ਵਿਚ ਹੀਰ ਅਤੇ ਕਾਜ਼ੀ ਵਿਚਾਲੇ ਹੋਈ, ਜੋ ‘ਹੀਰ ਵਾਰਿਸ ਸ਼ਾਹ’ ਵਿਚ ਇਤਿਹਾਸ ਨੇ ਸਾਂਭ ਰੱਖੀ ਹੈ। ਇਸ ਬਹਿਸ ਵਿਚ ਹੀਰ ਦੀ ਹਾਰ, ਜਿੱਤ ਤੋਂ ਵੀ ਵੱਡੀ ਸਮਝੀ ਜਾਂਦੀ ਹੈ। ਪਰ ਪੰਥ ਦੀ ਤਰਜ਼-ਏ-ਜ਼ਿੰਦਗੀ ਦੇ ਅਸਲ ਮਾਇਨੇ ਕੀ ਹਨ, ਉਹ ਬਹਿਸ ਦੋ ਨਿੱਕੀਆਂ ਜਿੰਦਾਂ ਅਤੇ ਸਰਹਿੰਦ ਦੇ ਵਜ਼ੀਰ ਖਾਨ ਦਰਮਿਆਨ ਹੋਈ। ਇਸ ਬਹਿਸ ਦਾ ਮੁਕੰਮਲ ਇਤਿਹਾਸਿਕ ਰਿਕਾਰਡ ਅਜੇ ਸਾਡੇ ਕੋਲ ਨਹੀਂ ਪਰ ਨਿੱਕੀਆਂ ਜਿੰਦਾਂ ਦਾ ਅਡੋਲ ਸਿਦਕ ਅਤੇ ਉਨ੍ਹਾਂ ਦੀ ਸ਼ਹਾਦਤ ਦੱਸਦੇ ਹਨ ਕਿ ਬਹਿਸ ਦਾ ਅਣਦਿੱਸਦਾ ਸਿਧਾਂਤਕ ਪੱਧਰ ਸਿੱਖ ਮਨਾਂ ਵਿਚ ਸਭ ਜੁਗਾਂ ਅੰਦਰ ਜਾਗਦਾ ਅਤੇ ਜਗਾਉਂਦਾ ਰਹੇਗਾ।
ਪਰ ਸਭ ਤੋਂ ਵੱਡੀ ਤੇ ਯਾਦਗਾਰੀ ਬਹਿਸ 500 ਸਾਲ ਪਹਿਲਾਂ ਹੋਈ, ਜੋ ਗੁਰੂ ਗ੍ਰੰਥ ਸਾਹਿਬ ਵਿਚ ਸਾਂਭੀ ਪਈ ਹੈ। ਇਹ ਬਹਿਸ ਗੁਰੂ ਨਾਨਕ ਸਾਹਿਬ ਅਤੇ ਉਸ ਦੌਰ ਦੇ ਕਹਿੰਦੇ-ਕਹਾਉਂਦੇ ਦਾਨਿਸ਼ਵਰ ਸਿੱਧਾਂ ਨਾਲ ਹੋਈ। ‘ਸਿਧ ਗੋਸਟਿ’ ਦੇ ਸਿਰਲੇਖ ਹੇਠ ਹੋਈ ਇਹ ਬਹਿਸ ਇੰਨੀ ਪਿਆਰੀ, ਇੰਨੀ ਮਹਾਨ, ਇੰਨੀ ਉਚੀ, ਇੰਨੀ ਇਤਿਹਾਸਕ, ਇੰਨੀ ਰੂਹਾਨੀ ਅਤੇ ਦਾਰਸ਼ਨਿਕ ਸੀ ਕਿ ਖਾਲਸਾ ਪੰਥ ਦਾ ਸਿਰ ਮਾਣ ਨਾਲ ਉਚਾ ਹੋ ਜਾਂਦਾ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਬਹਿਸ ਦੇ ਅਰੰਭ ਵਿਚ ਹੀ ਜੈਕਾਰਾ ਛੱਡਿਆ ਗਿਆ ਹੈ। ਇਕ ਪਾਸੇ ਸਿੱਧਾਂ ਦੀ ਮੰਡਲੀ ਬੈਠੀ ਹੋਈ ਹੈ ਅਤੇ ਦੂਜੇ ਪਾਸੇ ਗੁਰੂ ਨਾਨਕ ਸਾਹਿਬ ਨਾਲ ਸੰਤਾਂ ਦੀ ਇਕ ਸਭਾ ਬੈਠੀ ਹੋਈ ਹੈ। ਬਹਿਸ ਦੀਆਂ ਦੋ ਸ਼ਰਤਾਂ ਹਨ-ਪਹਿਲੀ, ‘ਰੋਸ ਨ ਕੀਜੈ ਉਤਰੁ ਦੀਜੈ’ ਅਤੇ ਦੂਜੀ, ‘ਸਾਚਾ ਕਰਹੁ ਬੀਚਾਰੁ।’ ਗੁਰੂ ਨਾਨਕ ਸਾਹਿਬ ਨੇ ਸਿੱਧਾਂ ਦੇ ਸਵਾਲਾਂ ਦੇ ਜੋ ਉਤਰ ਦਿੱਤੇ ਅਤੇ ਜਿਸ ਅੰਦਾਜ਼ ਅਤੇ ਸਪੱਸ਼ਟਤਾ ਵਿਚ ਦਿੱਤੇ, ਉਹ ਇਸ ਧਰਤੀ ‘ਤੇ ਲੱਗਿਆ ਇਹੋ ਜਿਹਾ ਰੂਹਾਨੀ ਰੌਣਕ ਮੇਲਾ ਅਤੇ ਜਸ਼ਨ ਹੈ, ਜੋ ਸਾਨੂੰ ਯਾਦ ਕਰਵਾਉਂਦਾ ਹੈ ਕਿ ਬਹਿਸ ਦੇ ਮਾਪਦੰਡ, ਬਹਿਸ ਵਿਚ ਸਲੀਕਾ ਅਤੇ ਗਿਆਨ ਦਾ ਪੱਧਰ ਕਿਹੋ ਜਿਹਾ ਹੋਣਾ ਚਾਹੀਦਾ ਹੈ।
ਇਹ ਸਲੀਕਾ ਅਤੇ ਸੰਜਮ ਅਜਮੇਰ ਸਿੰਘ ਦੇ ਚਿੰਤਨ ਨੂੰ ਸੋਸ਼ਲ ਸਾਈਟਸ ਉਤੇ ਚੁਣੌਤੀ ਦੇਣ ਵਾਲੀ ਬਹਿਸ ਵਿਚ ਕਾਇਮ ਨਹੀਂ ਹੋ ਸਕਿਆ। ਸਾਨੂੰ ਪਤਾ ਸੀ ਕਿ ਅਸੀਂ ਇਹ ਬਹਿਸ ਉਸ ਬਿਖੜੇ ਸਮੇਂ ਵਿਚ ਚਲਾ ਰਹੇ ਹਾਂ ਜਦੋਂ ਖਾਲਿਸਤਾਨ ਦੀ ਮੰਜ਼ਿਲ ਉਤੇ ਪਤਝੜ ਦੇ ਪਹਿਰੇ ਹਨ ਅਤੇ ਜੇਕਰ ਅਸੀਂ ਗਲਤ ਨਹੀਂ ਹਾਂ ਤਾਂ ਇਹ ਉਹ ਸਮਾਂ ਹੈ, ਜਦੋਂ ਖਾਲਿਸਤਾਨ ਨੂੰ ਪ੍ਰਣਾਏ ਖਾਲਿਸਤਾਨੀ ਵੀਰ, ਉਨ੍ਹਾਂ ਦੇ ਹਮਦਰਦ ਅਤੇ ਦੂਰ ਨੇੜੇ ਦੇ ਸਮਰਥਕ ਵੀ ਥੱਕੇ-ਥੱਕੇ ਲੱਗਦੇ ਹਨ ਅਤੇ ਮਹਿਸੂਸ ਕਰਨ ਲੱਗ ਪਏ ਹਨ ਕਿ ਹੁਣ ਇਹੋ ਜਿਹੀਆਂ ਬਹਿਸਾਂ ਦਾ ਕੋਈ ਫਾਇਦਾ ਨਹੀਂ। ਇਥੋਂ ਤੱਕ ਕਿ ਖਾਲਿਸਤਾਨ ਪ੍ਰਤੀ ਵਚਨਬੱਧ ਜਥੇਬੰਦੀਆਂ ਲਈ ਵੀ ਖਾਲਿਸਤਾਨ ਹੁਣ ਰੂਹ ਦੀ ਪਿਆਸ ਨਹੀਂ ਹੈ, ਬੱਸ ਇਕ ਰਸਮ ਹੈ ਜੋ ਨਿਭਾਈ ਜਾ ਰਹੀ ਹੈ। ਪਰ ਜਿਵੇਂ ਕਹਿੰਦੇ ਹਨ ਕਿ ਹਰ ਹਨੇਰੀ ਰਾਤ ਕਿਸੇ ਖੂਬਸੂਰਤ ਪ੍ਰਭਾਤ ਨੂੰ ਜਨਮ ਦਿੰਦੀ ਹੈ, ਸੋ ਇਸ ਉਮੀਦ ਨੂੰ ਲੈ ਕੇ ਅਸੀਂ ਗੁਰਬਾਣੀ ਆਧਾਰਤ ਆਪਣੀ ਬੌਧਿਕਤਾ ਦੀ ਕਿਸ਼ਤੀ ਦਰਿਆ ਵਿਚ ਠੇਲ੍ਹ ਦਿੱਤੀ ਹੈ।
ਇਥੇ ਵੀਰ ਜਸਜੀਤ ਸਿੰਘ ਦਾ ਜ਼ਿਕਰ ਕਰਨਾ ਜ਼ਰੂਰੀ ਸਮਝਦੇ ਹਾਂ, ਜੋ ਬਹਿਸ ਵਿਚ ਤਿਆਰੀ ਤੋਂ ਬਿਨਾ ਹੀ ਮੈਦਾਨ ਵਿਚ ਆਣ ਉਤਰੇ ਅਤੇ ਨੇਸ਼ਨ-ਸਟੇਟ ਬਾਰੇ ਕੱਚੀਆਂ ਗੱਲਾਂ ਕਰਨ ਲੱਗ ਪਏ। ਉਮੀਦ ਤਾਂ ਇਹੋ ਸੀ ਕਿ ਫਰੀਮਾਂਟ ਗੁਰੂ ਘਰ ਦੀ ਚੋਣ ਮੁਹਿੰਮ ਵਿਚ ਯੁੱਧ-ਨੀਤੀ ਤਿਆਰ ਕਰਨ ਵਾਲਾ ਅਤੇ ਉਸ ਨੂੰ ਬਹੁਤੀ ਵਾਰ ਜਿੱਤ ਤੱਕ ਪਹੁੰਚਾਉਣ ਵਾਲਾ ਇਹ ਵੱਡਾ ਨੀਤੀਵਾਨ ਬੜੇ ਠਰੰਮੇ, ਧੀਰਜ ਅਤੇ ਸਹਿਜ ਦੇ ਹਥਿਆਰਾਂ ਨਾਲ ਲੈਸ ਹੋ ਕੇ ਬੌਧਿਕ ਜੰਗ ਕਰੇਗਾ ਪਰ ਉਹ ਬਿਨਾ ਕਿਸੇ ਠੋਸ ਤਰਕ ਤੋਂ ਅਜਮੇਰ ਸਿੰਘ ਦੇ ਹੱਕ ਵਿਚ ਜਾ ਡਟਿਆ ਅਤੇ ਮੇਰੇ ਉਤੇ ਇਹ ਦੋਸ਼ ਵੀ ਲਾ ਧਰਿਆ ਕਿ ਮੈਂ ਅਜਮੇਰ ਸਿੰਘ ਨਾਲ ਈਰਖਾ ਕਰਦਾ ਹਾਂ। ਫੇਰ ਕਹਿਣ ਲੱਗੇ, ਮੈਂ ਇਕ ਹਫਤੇ ਵਿਚ ਇਕ ਆਰਟੀਕਲ ਲਿਖਾਂਗਾ ਤੇ ਬਹਿਸ ਦਾ ਆਗਾਜ਼ ਕਰਾਂਗਾ। ਪਰ ਮੈਨੂੰ ਪਤਾ ਸੀ ਕਿ ਬਹਿਸ ਜਿਨ੍ਹਾਂ ਮੁੱਦਿਆਂ ‘ਤੇ ਖੜ੍ਹੀ ਸੀ, ਉਸ ਲਈ ਸਾਰੇ ਪੱਖਾਂ ਨੂੰ ਧਿਆਨ ਵਿਚ ਰੱਖ ਕੇ ਹੀ ਦਲੀਲ ਦੇ ਪਿੜ ਵਿਚ ਉਤਰਿਆ ਜਾ ਸਕਦਾ ਹੈ। ਇਸ ਲਈ ਉਹ ਆਰਟੀਕਲ ਨਹੀਂ ਆਇਆ ਅਤੇ ਨਾ ਹੀ ਆਉਣਾ ਸੀ। ਪਰ ਫਿਰ ਵੀ ਗਾਹੇ-ਬਗਾਹੇ ਉਹ ਮੁੱਦਿਆਂ ਤੋਂ ਲਾਂਭੇ ਰਹਿ ਕੇ ਪੋਸਟਾਂ ਪਾਉਂਦੇ ਰਹਿੰਦੇ। ਉਹ ਇਕੋ ਸਮੇਂ ਜਗਿਆਸੂ ਵੀ ਬਣਦੇ ਹਨ, ਨਾਲ ਹੀ ਆਪਣੀ ਰਾਇ ਵੀ ਦਿੰਦੇ ਰਹਿੰਦੇ ਹਨ ਅਤੇ ਲੱਗਦੇ ਹੱਥ ਫੈਸਲਾ ਵੀ ਸੁਣਾ ਦਿੰਦੇ ਹਨ।
ਸਾਨੂੰ ਪਤਾ ਹੈ ਕਿ ਕੈਲੀਫੋਰਨੀਆ ਵਿਚ ਸਿੱਖਾਂ ਦੇ ਗੰਭੀਰ ਮੁੱਦਿਆਂ ‘ਤੇ ਚਲਦੀਆਂ ਬਹਿਸਾਂ ਵਿਚ ਉਨ੍ਹਾਂ ਦਾ ਨਾਂ ਚਲਦਾ ਹੈ। ਉਨ੍ਹਾਂ ਦੀ ਪੁੱਛ-ਪ੍ਰਤੀਤ ਹੁੰਦੀ ਹੈ ਪਰ ਅਜਮੇਰ ਸਿੰਘ ਦੇ ਚਿੰਤਨ ਨੂੰ ਚੁਣੌਤੀ ਦੇਣ ਬਾਰੇ ਚੱਲ ਰਹੀ ਬਹਿਸ ਵਿਚ ਉਹ ਨਿਰਪੱਖ ਕਿਉਂ ਨਾ ਰਹਿ ਸਕੇ? ਹਾਲਾਤ ਦੇ ਸਾਰੇ ਪੱਖਾਂ ਨੂੰ ਘੋਖੇ ਬਿਨਾ ਹੀ ਤੇ ਠੋਸ ਦਲੀਲਾਂ ਦਿੱਤੇ ਬਗੈਰ ਹੀ; ਅਤੇ 2013 ਤੋਂ ਲੈ ਕੇ ਹੁਣ ਤੱਕ ਅਜਮੇਰ ਸਿੰਘ ਦੀਆਂ ਬੌਧਿਕ ਤੇ ਸਿਆਸੀ ਸਰਗਰਮੀਆਂ ਅਤੇ ਨਿੱਤ ਬਦਲਦੇ ਪੈਂਤੜਿਆਂ ਉਤੇ ਕਰੜੀ ਨਿਗਾਹ ਰੱਖੇ ਬਿਨਾ ਹੀ ਜੇ ਉਹ ਅਜਮੇਰ ਸਿੰਘ ਦੇ ਹੱਕ ਵਿਚ ਜਾ ਖਲੋਤੇ ਹਨ ਤਾਂ ਇਸ ਦੇ ਅਸਲ ਕਾਰਨ ਕੀ ਹਨ? ਸਾਨੂੰ ਪਤਾ ਹੈ ਕਿ ਖਾਲਿਸਤਾਨ ਵੀਰ ਜਸਜੀਤ ਸਿੰਘ ਦੀ ਮੰਜਿਲ ਹੈ ਪਰ ਨੇਸ਼ਨ-ਸਟੇਟ ਦੇ ਨਾਂ ਹੇਠਾਂ ਖਾਲਿਸਤਾਨ ਦਾ ਵਿਰੋਧ ਕਰਨ ਵਾਲੇ ਵਿਦਵਾਨ ਦੀ ਵਿਦਵਤਾ ਦੇ ਧੁਰ ਅੰਦਰ ਝਾਤੀ ਮਾਰੇ ਬਿਨਾ ਹੀ ਉਹ ਸਾਡੇ ਗਲ ਕਿਉਂ ਪੈ ਗਏ ਅਤੇ ਹੁਣ ਧੜੇ ਵਿਚ ਖਲ੍ਹੋ ਕੇ ਹੀ ਇਕੋ ਪਾਸੇ ਹੀ ਕਿਉਂ ਵੱਗੀ ਜਾ ਰਹੇ ਹਨ? ਉਹ ਬਹਿਸ ਨੂੰ ਉਚਾ ਪੱਧਰ ਦੇਣ ਵਿਚ ਆਪਣਾ ਰੋਲ ਅਦਾ ਕਿਉਂ ਨਹੀਂ ਕਰ ਸਕੇ? ਖਾਲਿਸਤਾਨ ‘ਤੇ ਪਹਿਰਾ ਦੇਣ ਦਾ ਜਿਹੜਾ ਕੰਮ ਜ਼ਿੰਮੇਵਾਰੀ ਅਤੇ ਫਰਜ਼ ਇਤਿਹਾਸ ਨੇ ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸੌਂਪਿਆ ਹੈ, ਕੀ ਉਹ ਇਕੱਲਿਆਂ ਸਾਡੇ ‘ਤੇ ਸੁੱਟ ਕੇ ਆਪ ਅਲੋਪ ਹੋ ਜਾਣਗੇ ਜਾਂ ਅਲੋਪ ਹੋਣਾ ਚਾਹੁੰਦੇ ਹਨ?
ਸ਼ ਅਜਮੇਰ ਸਿੰਘ ਨੂੰ ਸ਼ਿਕਾਇਤ ਹੈ ਕਿ ਸ਼ਬਦਾਂ ਦੀ ਚੌਧਰ ਤੇ ਅਜਾਰੇਦਾਰੀ ਮੇਰੇ ਉਤੇ ਹਾਵੀ ਹੋ ਜਾਂਦੀ ਹੈ ਅਤੇ ਮੇਰੀ ਸੋਚ ਵੀ ਉਨ੍ਹਾਂ ਸ਼ਬਦਾਂ ਨਾਲ ਜੁੜੇ ਅਰਥਾਂ ਵਿਚ ਕੈਦ ਹੋ ਜਾਂਦੀ ਹੈ। ਇਸ ਲਈ ‘ਪੱਛਮ’ ਵੱਲੋਂ ਆਏ ਕਈ ਸ਼ਬਦ ਅੱਜ ਕੱਲ ਉਨ੍ਹਾਂ ਦੇ ਦੁਸ਼ਮਣ ਬਣੇ ਹੋਏ ਹਨ। ਇਨ੍ਹਾਂ ਵਿਚੋਂ ਨੇਸ਼ਨ-ਸਟੇਟ ਸ਼ਬਦ ਹੁਣ ਉਨ੍ਹਾਂ ਲਈ ਸਭ ਤੋਂ ਵੱਡਾ ਵੈਰੀ ਹੈ। ਉਨ੍ਹਾਂ ਦੇ ਹੀ ਇਕ ਹੋਰ ਸਾਥੀ ਸ਼ ਜਸਪਾਲ ਸਿੰਘ ਸਿੱਧੂ ‘ਸਾਵਰੈਨਿਟੀ’ ਸ਼ਬਦ ਨਾਲ ਜੰਗ ਸ਼ੁਰੂ ਕਰ ਰਹੇ ਹਨ। ਜਿਥੇ ਅਜਮੇਰ ਸਿੰਘ ਨੇਸ਼ਨ-ਸਟੇਟ ਨੂੰ ‘ਹਲੇਮੀ ਰਾਜ’ ਵਿਚ ਬਦਲਣਾ ਚਾਹੁੰਦੇ ਹਨ, ਉਥੇ ਜਸਪਾਲ ਸਿੰਘ ‘ਸਾਵਰੈਨਿਟੀ’ ਸ਼ਬਦ ਨੂੰ ‘ਪਾਤਿਸ਼ਾਹੀ’ ਵਿਚ ਤਬਦੀਲ ਕਰਨ ਦੇ ਇੱਛੁਕ ਹਨ। ਹੁਣ ਜਿਹੜੇ ਸੱਜਣਾਂ ਨੇ ਜ਼ਿੰਦਗੀ ਦੇ ਗੂੜ ਗਿਆਨ, ਤੱਤਾਂ ਤੇ ਭੇਤਾਂ ਨੂੰ ਉਪਰੋਂ-ਉਪਰੋਂ ਹੀ ਵੇਖਣਾ ਅਤੇ ਸਮਝਣਾ ਹੈ, ਉਨ੍ਹਾਂ ਨੇ ਤਾਂ ਸਮਝ ਲਓ ਇਨ੍ਹਾਂ ਦਾ ਸ਼ਿਕਾਰ ਹੋ ਕੇ ਹੀ ਰਹਿਣਾ ਹੈ ਕਿਉਂਕਿ ਉਨ੍ਹਾਂ ਨੂੰ ਲੱਗੇਗਾ ਕਿ ਉਨ੍ਹਾਂ ਵੀਰਾਂ ਨੂੰ ਹੀ ਗੁਰਬਾਣੀ ਦੀ ਸਹੀ ਸਮਝ ਅਤੇ ਪਰਖ ਦਾ ਅਚਾਨਕ ਗਿਆਨ ਹੋਇਆ ਹੈ, ਪਰ ਗੱਲ ਵਿਚੋਂ ਕੁੱਝ ਹੋਰ ਵੀ ਹੈ। ਇਸ ਲਈ ਜਦੋਂ ਤੱਕ ‘ਵਿਚਲੀ ਗੱਲ’ ਬਾਹਰ ਨਾ ਆਏ ਉਦੋਂ ਤੱਕ ਬੰਦੇ ਭੇਤ ਹੀ ਬਣੇ ਰਹਿੰਦੇ ਹਨ। ਫਿਰ ਵਿਚਲੀ ਗੱਲ ਕੀ ਸੀ? ਵਿਚਲੀ ਗੱਲ ਇਹ ਹੈ ਕਿ ਖਾਲਿਸਤਾਨ (ਸਿੱਖ ਸਾਵਰਨ ਸਟੇਟ) ਦਾ ਵਿਰੋਧ ਕਰਨ ਲਈ ਅਜਮੇਰ ਸਿੰਘ ਕੋਈ ਰਾਹ ਲੱਭ ਰਹੇ ਸਨ। ਸਿੱਧੇ ਤੌਰ ‘ਤੇ ਵਿਰੋਧ ਹੋ ਨਹੀਂ ਸੀ ਸਕਦਾ ਕਿਉਂਕਿ ਖਾਲਿਸਤਾਨ ਨਾਲ ਜੁੜੇ ਜਾਗਦੇ ਵੀਰ ਅਜੇ ਪੂਰੀ ਤਰ੍ਹਾਂ ਮਰੇ ਨਹੀਂ। ਇਹੋ ਕਾਰਨ ਸੀ ਕਿ ਪਿਛਲੇ ਦੋ-ਤਿੰਨ ਸਾਲਾਂ ਤੋਂ ਸਾਨੂੰ ਨੇਸ਼ਨ-ਸਟੇਟ ਦੀ ਖੁਰਾਕ ਹੀ ਦਿੱਤੀ ਜਾ ਰਹੀ ਸੀ।
ਸਾਨੂੰ ਸ਼ਬਦਾਂ ਦੀ ਘੁਣਤਰਬਾਜ਼ੀ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ। ਕਈ ਵਾਰ ਕੋਈ ਸ਼ਬਦ ਸਾਡੀ ਰੂਹ ਦੇ ਨਜ਼ਦੀਕ ਹੁੰਦਾ ਹੈ ਅਤੇ ਕਈ ਵਾਰ ਨਹੀਂ ਵੀ ਹੁੰਦਾ। ਕਈ ਵਾਰ ਅਸੀਂ ਆਪਣੇ ਧੁਰ ਅੰਦਰੋਂ ਇੰਨੇ ਬਲਵਾਨ ਅਤੇ ਜ਼ੋਰਾਵਰ ਹੁੰਦੇ ਹਾਂ ਕਿ ਕਿਸੇ ਵੀ ਸ਼ਬਦ ਨੂੰ ਅਸੀਂ ਆਪਣੀ ਰੂਹ ਦਾ ਹਿੱਸਾ ਬਣਾ ਲੈਂਦੇ ਹਾਂ। ਖਾਲਸਾ ਪੰਥ ਨੇ ਇਤਿਹਾਸ ਵਿਚ ਇੰਜ ਕੀਤਾ ਵੀ ਹੈ। ਮਿਸਾਲ ਦੇ ਤੌਰ ‘ਤੇ ‘ਭੁਚੰਗੀ’ ਦਾ ਮਤਲਬ ਸੱਪ ਹੁੰਦਾ ਹੈ। ਇਹ ਉਪਰੋਂ ਮਾੜਾ ਲੱਗਦਾ ਹੈ ਪਰ ਪੰਥ ਨੇ ਹਾਲਾਤ ਨੂੰ ਵੇਖਦਿਆਂ ਇਸ ਸ਼ਬਦ ਨੂੰ ਪਵਿੱਤਰਤਾ ਦਾ ਰੂਪ ਦੇ ਦਿੱਤਾ। ਦੂਰ ਕਿਉਂ ਜਾਣਾ ਹੈ। ਆਓ, ਦਸ਼ਮੇਸ਼ ਪਿਤਾ ਨੂੰ ਯਾਦ ਕਰੀਏ।
ਨੀਲੇ ਘੋੜੇ ਦੇ ਸ਼ਾਹ ਅਸਵਾਰ ਨੇ ‘ਖਾਲਸਾ’ ਸ਼ਬਦ ਅਰਬੀ ਦੇ ਸ਼ਬਦ ‘ਖਾਲਿਸਾ’ ਤੋਂ ਲਿਆ ਹੈ, ਜਿਸ ਦਾ ਮਤਲਬ ਹੈ-ਉਹ ‘ਸ਼ਾਹੀ ਜ਼ਮੀਨ ਜਾਂ ਮੁਲਕ ਜੋ ਸਰਕਾਰੀ ਪ੍ਰਬੰਧ ਹੇਠ ਹੋਵੇ।’ ਪਰ ਦਸਮ ਪਿਤਾ ਨੇ ਇਸ ਸ਼ਬਦ ਨੂੰ ਵਿਸ਼ਾਲ ਅਰਥ ਦੇ ਦਿੱਤੇ। ਇਸ ਸ਼ਬਦ ਨੂੰ ਗਹਿਰਾਈ ਦੇ ਦਿੱਤੀ, ਬੁਲੰਦੀਆਂ ਬਖਸ਼ ਦਿੱਤੀਆਂ, ਇਤਿਹਾਸ ਵਿਚ ਸਥਾਪਤ ਕਰ ਦਿੱਤਾ ਅਤੇ ਪਵਿੱਤਰਤਾ ਦਾ ਰੂਪ ਦੇ ਦਿੱਤਾ। ਇਕ ਨਵੀਂ ਡਿਕਸ਼ਨਰੀ ਹੀ ਬਣਾ ਧਰੀ। ਇਥੇ ਹੀ ਬੱਸ ਨਹੀਂ, ਉਨ੍ਹਾਂ ਨੇ ਖਾਲਸੇ ਨੂੰ ‘ਪੂਰਾ ਸਤਿਗੁਰੂ’ ਦਾ ਮਰਤਬਾ ਦੇ ਦਿੱਤਾ ਅਤੇ ਆਪਣੇ ਆਪ ਨੂੰ ਵੀ ਖਾਲਸੇ ਦੇ ਅਧੀਨ ਕਰ ਦਿੱਤਾ। ਉਨ੍ਹਾਂ ਨੇ ਬਾਹਰਲੀ ਭਾਸ਼ਾ ਵਿਚੋਂ ਚੁੱਕੇ ਸ਼ਬਦ ਨੂੰ ਨਵੇਂ ਅਰਥ ਦੇ ਕੇ ਸਾਡੀ ਰੂਹ ਦਾ ਹਿੱਸਾ ਬਣਾ ਦਿੱਤਾ ਅਤੇ ਸਾਨੂੰ ‘ਖਾਲਸਾ ਪੰਥ’ ਕਿਹਾ ਜਾਣਾ ਲੱਗਾ। ਹੁਣ ਜਿਉਂ ਹੀ ‘ਖਾਲਸਾ ਪੰਥ’ ਸ਼ਬਦ ਵਰਤਿਆ ਜਾਂਦਾ ਹੈ ਤਾਂ ਸਾਡੀ ਰੂਹ ਤੇ ਜਿਸਮ ਵਿਚ ਜੋ ਹਿੱਲ-ਜੁੱਲ ਹੋ ਜਾਂਦੀ ਹੈ ਅਤੇ ਜੋ ਕੁੱਝ ਵਾਪਰ ਜਾਂਦਾ ਹੈ, ਉਹ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ।
ਇਸੇ ਤਰ੍ਹਾਂ ‘ਸਾਵਰੈਨਿਟੀ’ ਲਾਤੀਨੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ‘ਸਭ ਤੋਂ ਉਪਰ’ (ਸੁਪਰ ਅਬੱਵ) ਪਰ ਜਸਪਾਲ ਸਿੰਘ ਦੀ ਖੋਜ ਨੂੰ ਇਸ ਸ਼ਬਦ ਨਾਲ ਇਸ ਕਰਕੇ ਚਿੜ੍ਹ ਹੈ ਕਿ ਇਹ ‘ਪੱਛਮ’ ਵਿਚੋਂ ਆਇਆ ਹੈ ਤੇ ਸ਼ਬਦ ਵਿਚ ‘ਤਰਕ’ (ਰੈਸ਼ਨੈਲਿਟੀ) ਭਾਰੂ ਹੈ ਅਤੇ ਇਹ ਸ਼ਬਦ ਅਧਿਆਤਮਕਤਾ ਨਾਲ ਵੀ ਨਹੀਂ ਜੁੜਿਆ। ਉਪਰੋਂ-ਉਪਰੋਂ ਇਉਂ ਹੀ ਲੱਗਦਾ ਹੈ ਜਿਵੇਂ ਇਸ ਵੀਰ ਅੰਦਰ ਵੀ ਰੂਹਾਨੀਅਤ ਦਾ ਨਵਾਂ ਪ੍ਰਕਾਸ਼ ਹੋਇਆ ਹੈ। ਉਹ ਸਾਵਰੈਨਿਟੀ ਨੂੰ ਪਾਤਿਸ਼ਾਹੀ ਨਾਲ ਜੋੜਨਾ ਚਾਹੁੰਦੇ ਹਨ। ਪਰ ਰੱਤਾ ਦੇਖੋ ‘ਪਾਤਿਸ਼ਾਹੀ’ ਸ਼ਬਦ ਫਾਰਸੀ ਤੋਂ ਆਇਆ ਹੈ, ਜਿਸ ਦਾ ਲਫਜ਼ੀ ਮਤਲਬ ਹੈ-ਮਾਲਕ, ਸਵਾਮੀ, ਮਹਾਰਾਜ। ਹੁਣ ਦੱਸੋ, ਕੀ ਅਸੀਂ ਸਾਵਰੈਨਿਟੀ ਨੂੰ ਆਪਣੇ ਇਹੋ ਜਿਹੇ ਅਰਥ ਨਹੀਂ ਦੇ ਸਕਦੇ, ਜਿਨ੍ਹਾਂ ਦਾ ਰਿਸ਼ਤਾ ਪਾਤਿਸ਼ਾਹੀ ਨਾਲ ਹੋਵੇ। ਸਾਨੂੰ ਚੇਤੇ ਰੱਖਣਾ ਪਵੇਗਾ ਕਿ ਜਿਉਂ ਹੀ ਕੋਈ ਬਾਹਰੋਂ ਆਇਆ ਸ਼ਬਦ ਗੁਰੂ ਗ੍ਰੰਥ ਸਾਹਿਬ ਅਤੇ ਇਤਿਹਾਸ ਵਿਚ ਪ੍ਰਵੇਸ਼ ਕਰਦਾ ਹੈ ਤਾਂ ਤਿਉਂ ਹੀ ਉਸ ਦੇ ਅਰਥ ਵੱਖਰੇ, ਨਿਵੇਕਲੇ, ਵਿਸ਼ੇਸ਼ ਅਤੇ ਮੌਲਿਕ ਰੰਗ ਅਖਤਿਆਰ ਕਰ ਲੈਂਦੇ ਹਨ ਅਤੇ ਜਿਥੋਂ ਉਹ ਸ਼ਬਦ ਆਉਂਦਾ ਹੈ, ਉਸ ਨਾਲ ਰਿਸ਼ਤਾ ਜਾਂ ਤਾਂ ਟੁੱਟ ਜਾਂਦਾ ਹੈ ਅਤੇ ਜਾਂ ਪੇਤਲਾ ਹੀ ਰਹਿ ਜਾਂਦਾ ਹੈ। ਅਜੇ ਇਨ੍ਹਾਂ ਮੌਲਿਕ ਸ਼ਬਦਾਂ ਦੀ ਡਿਕਸ਼ਨਰੀ ਖਾਲਸਾ ਪੰਥ ਨੇ ਤਿਆਰ ਕਰਨੀ ਹੈ।
ਅਸੀਂ ਇਸ ਗੱਲ ਦੇ ਹੱਕ ਵਿਚ ਨਹੀਂ ਕਿ ਕੋਈ ਵੀ ਵਿਅਕਤੀ ਸ਼ਬਦਾਂ ਦੀ ਕਲਾਬਾਜੀ ਰਾਹੀਂ ਜਾਂ ਬੌਧਿਕ ਚਤੁਰਾਈ ਨਾਲ ਆਪਣੇ ਨਿਜੀ ਵਿਚਾਰ ਪੰਥ ਉਤੇ ਠੋਸਣ ਦੀ ਕੋਸ਼ਿਸ਼ ਕਰੇ ਜਾਂ ਖਾਲਸਾ ਪੰਥ ਅੰਦਰ ਨਵੇਂ ਅੰਦਾਜ਼ ਵਿਚ ਸ਼ਖਸੀ ਪੂਜਾ ਦਾ ਦੌਰ ਅਰੰਭ ਹੋ ਜਾਵੇ। ਇਸੇ ਲਈ ਅਸੀਂ ਵੇਲੇ ਸਿਰ ਬਹਿਸ ਸ਼ੁਰੂ ਕੀਤੀ ਹੈ ਪਰ ਕਈ ਵੀਰ ਇੱਧਰ-ਉਧਰ ਦੀਆਂ ਗੱਲਾਂ ਵੀ ਕਰਦੇ ਆ ਰਹੇ ਹਨ। ਗੱਲ ਇਥੇ ਹੀ ਨਹੀਂ ਰੁਕੀ, ਸਗੋਂ ਨਿਜੀ ਹਮਲੇ ਸ਼ੁਰੂ ਹੋਣ ਲੱਗੇ। ਪਹਿਲਾ ਘੇਰਾ ਪ੍ਰਭਸ਼ਰਨਦੀਪ ਸਿੰਘ ਦੁਆਲੇ ਪਾਇਆ ਗਿਆ ਹੈ ਕਿਉਂਕਿ ਉਹ ਬਹਿਸ ਨੂੰ ਮੁੱਦੇ ਦੇ ਇਰਦ-ਗਿਰਦ ਰੱਖਣ ਦਾ ਲਗਾਤਾਰ ਯਤਨ ਕਰਦੇ ਰਹੇ ਹਨ। ‘ਵਿਚਾਰ’ ਦੀ ਥਾਂ ‘ਵਿਅਕਤੀ’ ਨੂੰ ਬਹਿਸ ਦਾ ਮੁੱਦਾ ਬਣਾਇਆ ਜਾ ਰਿਹਾ ਹੈ ਅਤੇ ਉਹ ਵੀ ਬਿਨਾ ਕਿਸੇ ਠੋਸ ਆਧਾਰ ਤੋਂ। ਇਨ੍ਹਾਂ ਭਰਾਵਾਂ ਨੂੰ ਬੇਨਤੀ ਹੈ ਕਿ ਭਰਾਵੋ, ਜੇ ਬਹਿਸ ਦਾ ਵਿਚਾਰਧਾਰਕ ਪੱਧਰ ਉਚਾ ਹੋਵੇਗਾ ਅਤੇ ਜੇ ਬਹਿਸ ਸਾਡੇ ਅਨੁਭਵ ਵਿਚ ਨਵੇਂ-ਨਵੇਂ ਰੰਗ ਭਰੇਗੀ ਤਾਂ ਆਉਣ ਵਾਲੀਆਂ ਪੀੜ੍ਹੀਆਂ ਵੀ ਮਾਣ ਕਰਨਗੀਆਂ ਕਿ ਸਾਡੇ ਪਿਛਲੇਰਿਆਂ ਨੇ ਬਹਿਸ ਦੇ ਨਵੇਂ ਅਤੇ ਮੌਲਿਕ ਮਾਪਦੰਡ ਸਥਾਪਤ ਕੀਤੇ ਹਨ। ਪਰ ਜੇ ਬਹਿਸ ਨੂੰ ਨਿਜੀ ਹਮਲਿਆਂ ਲਈ ਵਰਤਣਾ ਹੈ ਜਾਂ ਪਰਿਵਾਰਾਂ ਉਤੇ ਹਮਲਾ ਕਰਨਾ ਹੈ, ਜਿਵੇਂ ਕਿ ਵਿਦਵਾਨ ਪ੍ਰਭਸ਼ਰਨਦੀਪ ਸਿੰਘ ‘ਤੇ ਕੀਤਾ ਗਿਆ ਹੈ ਤਾਂ ਇਸ ਤਰ੍ਹਾਂ ਦੇ ਵਰਤਾਰੇ ਵਿਚ ਸਾਡੇ ਵਿਚੋਂ ਕੋਈ ਵੀ ਨਹੀਂ ਬਚ ਸਕੇਗਾ। ਇਸ ਲਈ ਬੇਨਤੀ ਹੈ ਕਿ ਨਾ ਹੀ ਫੇਕ ਆਈਡੀਆਂ ਰਾਹੀਂ ਅਤੇ ਨਾ ਹੀ ਸਿੱਧੇ ਜਾਂ ਅਸਿੱਧੇ ਤੌਰ ‘ਤੇ ਨਿਜੀ ਹਮਲੇ ਕਰਨ ਦਾ ਰਾਹ ਅਖਤਿਆਰ ਕੀਤਾ ਜਾਵੇ।
ਪਹਿਲਾਂ ਵੀ ਕਹਿ ਚੁੱਕੇ ਹਾਂ ਕਿ ਸਾਡਾ ਅਜਮੇਰ ਸਿੰਘ ਨਾਲ ਵੱਟ-ਬੰਨ੍ਹੇ ਦਾ ਕੋਈ ਝਗੜਾ ਨਹੀਂ ਹੈ। ਕੁੱਝ ਘਰ ਛੱਡ ਕੇ ਅਸੀਂ ਇਕੋ ਸੈਕਟਰ ਵਿਚ ਰਹਿੰਦੇ ਹਾਂ। ਅਸਾਂ ਬੰਗਲੌਰ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਦੇ ਸਿਆਸੀ ਸਫਰ ਨੂੰ ਗਹੁ ਨਾਲ ਵੇਖਣ ਦਾ ਯਤਨ ਕੀਤਾ ਹੈ। ਇਸ ਸਫਰ ਵਿਚ ਕੁੱਝ ਗੱਲਾਂ ਨਿਖਰ ਕੇ ਸਾਹਮਣੇ ਆਈਆਂ ਹਨ। ਇਕ ਉਹ ਭਾਰਤੀ ਸਟੇਟ ਦੇ ਅੰਦਰ ਹੀ ਕਿਸੇ ਵੱਖਰੇ ਥਾਂ ਦੀ ਤਲਾਸ਼ ਕਰ ਰਹੇ ਹਨ ਅਤੇ ਪੇਸ਼ਕਸ਼ ਵੀ ਕਰ ਰਹੇ ਹਨ। ਹਾਲਾਂਕਿ ਦਿਲਚਸਪ ਗੱਲ ਇਹ ਹੈ ਕਿ ਭਾਰਤੀ ਸਟੇਟ ਉਨ੍ਹਾਂ ਨੂੰ ਕੋਈ ਪੇਸ਼ਕਸ਼ ਕਰ ਹੀ ਨਹੀਂ ਰਹੀ ਪਰ ਫਿਰ ਵੀ ਸਾਡੇ ਇਸ ਵਿਦਵਾਨ ਨੂੰ ਇਉਂ ਲੱਗਦਾ ਹੈ ਕਿ ਊਠ ਦਾ ਬੁੱਲ੍ਹ ਡਿੱਗਣ ਹੀ ਵਾਲਾ ਹੈ। ਦੂਜੀ ਗੱਲ, ਉਨ੍ਹਾਂ ਨੇ ਖਾਲਿਸਤਾਨ ਦਾ ਵਿਰੋਧ ਕਰਨ ਲਈ ਨੇਸ਼ਨ-ਸਟੇਟ ਦਾ ਰਾਹ ਚੁਣਿਆ ਪਰ ਹਾਲਾਤ ਅਨੁਸਾਰ ਕਦੇ ਖਾਲਿਸਤਾਨ ਦਾ ਲੁਕਵਾਂ ਵਿਰੋਧ ਅਤੇ ਕਦੇ ਖਾਲਿਸਤਾਨ ਦੀ ਹਮਾਇਤ ਵੀ ਕਰਦੇ ਰਹੇ।
26 ਅਪਰੈਲ 2016 ਦੀ ਗੱਲ ਲੈਂਦੇ ਹਾਂ ਜਦੋਂ ਜਸਪਾਲ ਸਿੰਘ ਦੀ ਕਿਤਾਬ ਦਾ ਰਿਲੀਜ਼ ਸਮਾਰੋਹ ਸੀ। ਉਸ ਦਿਨ ਉਨ੍ਹਾਂ ਨੇ ਆਪਣਾ ਭਾਸ਼ਣ ਨੇਸ਼ਨ-ਸਟੇਟ ਦਾ ਮਰਸੀਆ ਪੜ੍ਹਨ ‘ਤੇ ਖਰਚ ਕੀਤਾ। ਸਾਨੂੰ ਹੈਰਾਨੀ ਹੋਈ ਕਿਉਂਕਿ ਇਹ ਉਹ ਦਿਨ ਸੀ, ਜਦੋਂ ਪੰਥਕ ਕਮੇਟੀ ਨੇ ਖਾਲਿਸਤਾਨ ਦਾ ਐਲਾਨ ਕੀਤਾ ਸੀ ਅਤੇ ਉਸ ਤੋਂ ਪਿਛੋਂ ਆਜ਼ਾਦੀ ਦੀ ਲਹਿਰ ਨਵੇਂ ਦੌਰ ਵਿਚ ਦਾਖਲ ਹੋਈ ਸੀ। 1849 ਤੋਂ ਪਿਛੋਂ ਇਹੋ ਜਿਹਾ ਸੁਨਹਿਰੀ ਦੌਰ ਪਹਿਲਾਂ ਖਾਲਸਾ ਪੰਥ ਨੇ ਕਦੇ ਨਹੀਂ ਸੀ ਵੇਖਿਆ। ਇਹ ਇਕ ਵੱਖਰਾ ਵਿਸ਼ਾ ਹੈ, ਜਿਸ ਦੀ ਵਿਆਖਿਆ ਕਿਸੇ ਹੋਰ ਥਾਂ ‘ਤੇ ਕਰਾਂਗੇ। ਹਾਂ, ਉਨ੍ਹਾਂ ਲੋਕਾਂ ਦੀ ਵੀ ਕਮੀ ਨਹੀਂ, ਜੋ ਇਸ ਦੌਰ ਨੂੰ ‘ਕਾਲਾ ਦੌਰ’ ਜਾਂ ‘ਸੰਤਾਪ’ ਵਰਗੇ ਨਾਂ ਦਿੰਦੇ ਹਨ ਅਤੇ ਜਾਂ ਫਿਰ ਲਹਿਰ ਦੀਆਂ ਕਮਜ਼ੋਰੀਆਂ ਨੂੰ ਵਧਾ ਚੜ੍ਹਾ ਕੇ ਵੀ ਪੇਸ਼ ਕਰਦੇ ਰਹਿੰਦੇ ਹਨ। ਪਰ ਸਾਨੂੰ ਉਨ੍ਹਾਂ ਦੀ ਕੋਈ ਪਰਵਾਹ ਨਹੀਂ ਕਿਉਂਕਿ ਅਸੀਂ ਜਾਣਦੇ ਹਾਂ ਕਿ 18ਵੀਂ ਸਦੀ ਵਿਚ ਜਦੋਂ ਸਾਰਾ ਪੰਜਾਬ ਖਾਲਸਾ-ਘੋੜ ਸਵਾਰਾਂ ਦੀ ਰਾਖੀ ਹੇਠ ਸੀ ਤਾਂ ਨਿੱਘੇ ਜਜ਼ਬਿਆਂ ਦੇ ਸ਼ਾਇਰ ਵਾਰਿਸ ਸ਼ਾਹ ਨੂੰ ਵੀ ਇਹ ਅਲੌਕਿਕ ਵਰਤਾਰਾ ਚੰਗਾ ਨਹੀਂ ਸੀ ਲੱਗਾ।
ਜਦੋਂ ਇਤਿਹਾਸ ਵਿਚ ਵੱਡੀ ਉਥਲ-ਪੁਥਲ ਹੁੰਦੀ ਹੈ ਤਾਂ ਵੱਡੇ-ਵੱਡੇ ਚਿੰਤਕਾਂ ਨੂੰ ਵੀ ਇਹੋ ਜਿਹੀ ਉਥਲ-ਪੁਥਲ ਵਿਚਲੀ ਬੁਝਾਰਤ ਦੀ ਸਮਝ ਨਹੀਂ ਪੈਂਦੀ। ਇਹ ਬੁਝਾਰਤ ਕਿੰਨੀਆਂ ਕਿਤਾਬਾਂ ਲਿਖ ਕੇ ਵੀ ਸ਼ ਅਜਮੇਰ ਸਿੰਘ ਨੂੰ ਸਮਝ ਨਹੀਂ ਪਈ। ਇਸੇ ਲਈ ਉਹ 26 ਅਪਰੈਲ 2016 ਵਾਲੇ ਦਿਨ ਅਸਲ ਵਿਚ ਨੇਸ਼ਨ-ਸਟੇਟ ਦੇ ਨਾਂ ਹੇਠ ਖਾਲਿਸਤਾਨ ਨੂੰ ਰੱਦ ਕਰ ਰਹੇ ਸਨ।
ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ 26 ਅਪਰੈਲ 2016 ਦਾ ਸਮਾਗਮ ਇਕ ਤਰ੍ਹਾਂ ਨਾਲ ਖਾਲਿਸਤਾਨ ਵਿਰੋਧੀ ਹੋ ਨਿਬੜਿਆ ਸੀ। ਇਸ ਸਮਾਗਮ ਵਿਚ ਮੈਂ ਜਸਪਾਲ ਸਿੰਘ ਦੀ ਕਿਤਾਬ ਉਤੇ ਪੇਪਰ ਪੜ੍ਹਿਆ ਅਤੇ ਸ਼ ਦਲਬੀਰ ਸਿੰਘ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ। ਇਹ ਉਹੀ ਦਲਬੀਰ ਸਿੰਘ ਹਨ, ਜੋ ਸੰਤ ਜਰਨੈਲ ਸਿੰਘ ਹੁਰਾਂ ਦੇ ਕਾਫੀ ਨਜ਼ਦੀਕ ਰਹੇ ਹਨ ਪਰ ਉਸ ਦਿਨ ਇਨ੍ਹਾਂ ਨੇ ਰੱਜ ਕੇ ਖਾਲਿਸਤਾਨ ਦੀ ਮੁਖਾਲਫਤ ਹੀ ਨਹੀਂ ਕੀਤੀ ਸਗੋਂ ਖਾਲਿਸਤਾਨੀਆਂ ਨੂੰ ਸਰਕਾਰ ਦੇ ਏਜੰਟ ਕਰਾਰ ਦਿੱਤਾ।
ਸਮਾਗਮ ਵਿਚ ਖਾਲਿਸਤਾਨ ਦੇ ਹਮਾਇਤੀ ਵੀ ਬੈਠੇ ਹੋਏ ਸਨ। ਕਿਸੇ ਦੀ ਹਿੰਮਤ ਨਾ ਪਈ ਕਿ ਉਹ ਬੋਲਦਾ। ਜਦੋਂ ਇਕ ਪੱਤਰਕਾਰ ਨੇ ਇਸ ਸਮਾਗਮ ਉਤੇ ਖਾਲਿਸਤਾਨ ਵਿਰੋਧੀ ਹੋਣ ਦੀ ਟਿੱਪਣੀ ਕੀਤੀ ਅਤੇ ਉਹ ਅਖਬਾਰਾਂ ਵਿਚ ਛਪੀ ਤਾਂ ਫਿਰ ਅਜਮੇਰ ਸਿੰਘ ਨੂੰ ਚਿੰਤਾ ਲੱਗ ਗਈ। ਇਸ ਪਿਛੋਂ 4 ਜੂਨ 2016 ਨੂੰ ਸਪਸ਼ਟੀਕਰਨ ਦੇਣ ਲਈ ਫਿਰ ਇਕ ਸਮਾਗਮ ਚੰਡੀਗੜ੍ਹ ਵਿਚ ਉਸੇ ਥਾਂ ਕੀਤਾ ਗਿਆ। ਇਸ ਵਿਚ ਅਜਮੇਰ ਸਿੰਘ ਨੂੰ ਪਲਟੀ ਮਾਰ ਕੇ 26 ਅਪਰੈਲ 2016 ਨੂੰ ਕੀਤੇ ਗਏ ਖਾਲਿਸਤਾਨ ਦੇ ਐਲਾਨ ਦੀ ਹਮਾਇਤ ਕਰਨ ਲਈ ਮਜਬੂਰ ਹੋਣਾ ਪਿਆ। ਹੁਣ ਵੇਖੋ, 26 ਅਪਰੈਲ ਨੂੰ ਨੇਸ਼ਨ-ਸਟੇਟ ਦੇ ਨਾਂ ਹੇਠ ਉਹ ਖਾਲਿਸਤਾਨ ਦਾ ਲੁਕਵਾਂ ਵਿਰੋਧ ਕਰ ਰਹੇ ਸਨ, 4 ਜੂਨ 2016 ਨੂੰ ਮਜਬੂਰ ਹੋ ਕੇ ਖਾਲਿਸਤਾਨ ਦੀ ਹਮਾਇਤ ਕਰ ਰਹੇ ਸਨ ਅਤੇ ਥੋੜ੍ਹੇ ਹੀ ਚਿਰ ਪਿਛੋਂ ਲੁਧਿਆਣੇ ਵਿਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਵਿਦਿਆਰਥੀਆਂ ਅੱਗੇ ਨੇਸ਼ਨ-ਸਟੇਟ ਦਾ ਲੰਮਾ-ਚੌੜਾ ਭਾਸ਼ਣ ਕਰਕੇ ਇਕ ਵਾਰ ਫਿਰ ਖਾਲਿਸਤਾਨ ਦਾ ਵਿਰੋਧ ਕਰਦੇ ਸਨ ਅਤੇ ਹਲੀਮੀ ਰਾਜ ਦਾ ਉਪਦੇਸ਼ ਦੇ ਰਹੇ ਸਨ। ਜਿਨ੍ਹਾਂ ਖਾਲਿਸਤਾਨੀ ਵੀਰਾਂ ਨੇ ਅਜਮੇਰ ਸਿੰਘ ਦੇ ਲੰਮੇ ਸਫਰ ਵਿਚ ਉਨ੍ਹਾਂ ਵਲੋਂ ਉਪਰ-ਥੱਲੇ ਲਏ ਪੈਂਤੜਿਆਂ ਅਤੇ ਉਲਟਬਾਜੀਆਂ ਨੂੰ ਸਿਲਸਿਲੇਵਾਰ ਦੇਖਣ ਅਤੇ ਉਸ ਦਾ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰਨੀ, ਉਨ੍ਹਾਂ ਨੇ ਸਾਨੂੰ ਬੁਰਾ ਭਲਾ ਕਹਿਣਾ ਹੀ ਸੀ ਅਤੇ ਸਾਨੂੰ ਇਸ ਗੱਲ ਦਾ ਅਗਾਊਂ ਇਲਮ ਵੀ ਸੀ।
ਦਸੰਬਰ 2016 ਦੇ ਪਹਿਲੇ ਹਫਤੇ ਯਾਦਵਿੰਦਰ ਕਰਫਿਊ ਨਾਲ ਇੰਟਰਵਿਊ ਵਿਚ ਉਨ੍ਹਾਂ ਦਾ ਦਿਲ, ਦਿਮਾਗ ਅਤੇ ਰੂਹ ਖੁੱਲ੍ਹ ਕੇ ਖਾਲਿਸਤਾਨੀਆਂ ਦੇ ਵਿਰੁਧ ਸਾਹਮਣੇ ਆ ਗਏ। ਹੁਣ ਕੋਈ ਲੁਕ-ਲੁਕਾ ਨਹੀਂ ਸੀ ਰਹਿ ਗਿਆ। ਉਨ੍ਹਾਂ ਨੇ ਸਾਫ-ਸਾਫ ਦੱਸ ਦਿੱਤਾ ਕਿ ਉਨ੍ਹਾਂ ਦੇ ਚਿੰਤਨ ਨੇ ਕਿਹੜੀ ਦਿਸ਼ਾ ਵੱਲ ਜਾਣਾ ਹੈ। ‘ਸਮਝਨੇ ਵਾਲੇ ਸਮਝ ਗਏ ਹੈਂ, ਨਾ ਸਮਝੇ ਵੋ ਅਨਾੜੀ ਹੈਂ’ ਫਿਲਮ ਦੇ ਇਕ ਗੀਤ ਦੀ ਇਹ ਸਤਰ ਇਸ ਹਾਲਤ ਦਾ ਢੁੱਕਵਾਂ ਅਤੇ ਸੰਖੇਪ ਜਵਾਬ ਹੈ।
(ਬਹਿਸ ਜਾਰੀ ਰਹੇਗੀ)