ਆਰਥਿਕ ਪਾੜੇ ਪੱਖੋਂ ਭਾਰਤੀਆਂ ਨੇ ਤੋੜ ਦਿੱਤੇ ਸਾਰੇ ਰਿਕਾਰਡ

ਨਵੀਂ ਦਿੱਲੀ: ਅਮੀਰਾਂ ਦੀ ਦੌਲਤ ਛਾਲਾਂ ਮਾਰ ਕੇ ਵਧ ਰਹੀ ਹੈ ਜਦੋਂਕਿ ਗਰੀਬਾਂ ਨੂੰ ਦਿਨ-ਬ-ਦਿਨ ਗੁਜ਼ਾਰਾ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਭਾਰਤ ਵਿਚ ਆਰਥਿਕ ਪਾੜਾ ਦੁਨੀਆਂ ਦੇ ਹੋਰ ਮੁਲਕਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਅਤੇ ਤੇਜ਼ੀ ਨਾਲ ਵਧ ਰਿਹਾ ਹੈ।

ਕੌਮਾਂਤਰੀ ਮਨੁੱਖੀ ਅਧਿਕਾਰ ਸੰਸਥਾ ਆਕਸਫੈਮ ਦੀ ਤਾਜ਼ਾ ਜਾਰੀ ਰਿਪੋਰਟ ਵਿਚ ਭਾਰਤ ਸਮੇਤ ਸਮੁੱਚੇ ਸੰਸਾਰ ਦੇ ਮੁਲਕਾਂ ਵਿਚ ਗਰੀਬੀ-ਅਮੀਰੀ ਦੇ ਵਧ ਰਹੇ ਪਾੜੇ ਸਬੰਧੀ ਹੈਰਾਨੀ ਵਾਲੇ ਅੰਕੜੇ ਪੇਸ਼ ਕੀਤੇ ਹਨ। ਇਸ ਰਿਪੋਰਟ ਅਨੁਸਾਰ ਦੁਨੀਆਂ ਦੀ ਅੱਧੀ ਦੌਲਤ ਸਿਰਫ ਅੱਠ ਵਿਅਕਤੀਆਂ ਕੋਲ ਹੈ ਜਦੋਂਕਿ ਭਾਰਤ ਦੇ 57 ਵਿਅਕਤੀਆਂ ਕੋਲ 70 ਫੀਸਦੀ ਦੀ ਆਬਾਦੀ ਦੇ ਬਰਾਬਰ ਦੌਲਤ ਹੈ। ਦੁਨੀਆਂ ਦੇ ਇਨ੍ਹਾਂ ਅੱਠ ਅਮੀਰਾਂ ਵਿਚੋਂ 6 ਅਮਰੀਕਾ ਦੇ, ਇਕ ਮੈਕਸਿਕੋ ਅਤੇ ਇਕ ਯੂਰਪੀਅਨ ਹੈ।
ਭਾਰਤ ਦੇ ਸਭ ਤੋਂ ਵੱਧ ਅਮੀਰ ਅੱਠ ਵਿਅਕਤੀਆਂ ਵਿਚ ਮੁਕੇਸ਼ ਅੰਬਾਨੀ, ਦਿਲੀਪ ਸਿੰਘਵੀ, ਅਜ਼ੀਮ ਪ੍ਰੇਮ ਜੀ, ਸ਼ਿਵ ਨਾਦਰ, ਕੁਮਾਰ ਮੰਗਲਮ ਬਿੜਲਾ, ਸਾਈਰਸ ਪੂਨਾਵਾਲਾ, ਲਕਸ਼ਮੀ ਮਿੱਤਲ ਅਤੇ ਉਦੈ ਕੋਟਕ ਸ਼ਾਮਲ ਹਨ। ਰਿਪੋਰਟ ਇਹ ਵੀ ਸੰਕੇਤ ਦੇ ਰਹੀ ਹੈ ਕਿ ਜਿਥੇ ਦੁਨੀਆਂ ਦੇ ਸਭ ਅਮੀਰ ਅਮਰੀਕਾ ਤੇ ਯੂਰਪ ਵਿਚ ਹਨ, ਉਥੇ ਸਭ ਤੋਂ ਵੱਧ ਗਰੀਬ ਏਸ਼ੀਆ ਅਤੇ ਅਫ਼ਰੀਕਾ ਵਿਚ ਹਨ।
ਰਿਪੋਰਟ ਵਿਚ ਪੇਸ਼ ਅੰਕੜਿਆਂ ਅਨੁਸਾਰ ਮੁਲਕ ਦੇ ਇਕ ਫੀਸਦੀ ਅਰਬਪਤੀ ਦੇਸ਼ ਦੀ 58 ਫੀਸਦੀ ਦੌਲਤ ਉਤੇ ਕਾਬਜ਼ ਹਨ। ਭਾਰਤ ਦੀ ਕੁੱਲ 3æ2 ਲੱਖ ਕਰੋੜ ਡਾਲਰ ਦੀ ਸੰਪਤੀ ਵਿਚੋਂ ਇਕੱਲਾ ਮੁਕੇਸ਼ ਅੰਬਾਨੀ ਹੀ 1æ30 ਲੱਖ ਕਰੋੜ ਦੀ ਸੰਪਤੀ ਦਾ ਮਾਲਕ ਹੈ। ਮੁਲਕ ਅੰਦਰ ਦੌਲਤ ਦੀ ਇਸ ਅਸਾਵੀਂ ਵੰਡ ਕਾਰਨ ਹੀ ਵੱਡੇ ਪੱਧਰ ‘ਤੇ ਗਰੀਬੀ, ਬੇਰੁਜ਼ਗਾਰੀ ਅਤੇ ਕੁਪੋਸ਼ਣ ਵਿਚ ਲਗਾਤਾਰ ਹੋ ਰਹੇ ਵਾਧੇ ਦੇ ਨਾਲ-ਨਾਲ ਆਮ ਲੋਕਾਂ ਲਈ ਸਿਹਤ ਅਤੇ ਸਿੱਖਿਆ ਸਹੂਲਤਾਂ ਸੁੰਗੜਦੀਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਸਾਡੀ ਸਰਕਾਰ ਮੁਲਕ ਦੀ ਕੁੱਲ ਘਰੇਲੂ ਉਤਪਾਦ (ਜੀæਡੀæਪੀæ) ਦਾ ਸਿਹਤ ਸੇਵਾਵਾਂ ਉਤੇ ਸਿਰਫ ਇਕ ਫੀਸਦੀ ਅਤੇ ਸਿੱਖਿਆ ‘ਤੇ ਤਿੰਨ ਫੀਸਦੀ ਹੀ ਖਰਚ ਕਰ ਰਹੀ ਹੈ। ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਹੀ ਦੇਸ਼ ਦੇ 17 ਸੂਬਿਆਂ ਵਿਚ ਕਿਸਾਨ ਪਰਿਵਾਰਾਂ ਦੀ ਔਸਤ ਆਮਦਨ ਸਿਰਫ 1666 ਰੁਪਏ ਪ੍ਰਤੀ ਮਹੀਨਾ ਹੀ ਹੈ। ਜੇ ਇਨ੍ਹਾਂ ਵਿਚੋਂ ਵੱਡੇ ਕਿਸਾਨਾਂ ਨੂੰ ਕੱਢ ਦੇਈਏ ਤਾਂ ਇਹ ਆਮਦਨ ਹੋਰ ਵੀ ਘਟ ਜਾਵੇਗੀ।
_____________________________________
21 ਕਰੋੜ ਲੋਕਾਂ ਕੋਲ ਜ਼ਿੰਦਗੀ ਜਿਉਣ ਦਾ ਵਸੀਲਾ ਨਹੀਂ
ਨਵੀਂ ਦਿੱਲੀ: ਮੁਲਕ ਵਿਚ 21 ਕਰੋੜ ਲੋਕ ਅਜਿਹੇ ਹਨ ਜਿਨ੍ਹਾਂ ਕੋਲ ਜ਼ਿੰਦਗੀ ਜਿਊਣ ਦਾ ਕੋਈ ਵੀ ਵਸੀਲਾ ਨਹੀਂ ਹੈ। ਪਿਛਲੇ 8 ਸਾਲਾਂ ਦੌਰਾਨ ਮੁਲਕ ਦੀ ਜੀæਡੀæਪੀæ 63æ8 ਫੀਸਦੀ ਵਧੀ, ਪਰ ਔਸਤ ਤਨਖਾਹ ਵਿਚ ਸਿਰਫ 0æ2 ਫੀਸਦੀ ਵਾਧਾ ਹੋਇਆ ਹੈ। ਇਸ ਵਾਧੇ ਵਿਚੋਂ ਵੀ 30 ਫੀਸਦੀ ਵਾਧਾ ਤਾਂ ਉਚ ਦਰਜੇ ਦੇ ਪ੍ਰਬੰਧਕਾਂ ਦੀਆਂ ਤਨਖਾਹਾਂ ਵਿਚ ਹੀ ਹੋਇਆ ਹੈ ਜਦੋਂਕਿ ਮਜ਼ਦੂਰਾਂ ਦੀਆਂ ਉਜਰਤਾਂ 30 ਫੀਸਦੀ ਘਟ ਗਈਆਂ ਹਨ।
____________________________________
ਅਮੀਰ ਹੋਰ ਅਮੀਰ ਤੇ ਗਰੀਬ ਹੋਰ ਗਰੀਬ ਦਾ ਵਰਤਾਰਾ
ਨਵੀਂ ਦਿੱਲੀ: ਇਹ ਤੱਥ ਹੋਰ ਵੀ ਚੌਂਕਾ ਦੇਣ ਵਾਲਾ ਹੈ ਕਿ ਆਕਸਫੈਮ ਦੀ ਪਿਛਲੇ ਸਾਲ ਦੀ ਰਿਪੋਰਟ ਅਨੁਸਾਰ ਦੁਨੀਆਂ ਦੀ ਅੱਧੀ ਦੌਲਤ 62 ਧਨ ਕੁਬੇਰਾਂ ਕੋਲ ਸੀ, ਪਰ ਸਾਲ ਦੇ ਅੰਦਰ-ਅੰਦਰ ਇਨ੍ਹਾਂ ਧਨਾਢਾਂ ਦੀ ਗਿਣਤੀ ਘਟ ਕੇ ਸਿਰਫ ਅੱਠ ਉਤੇ ਆ ਗਈ ਹੈ। ਇਸ ਦਾ ਮਤਲਬ ਇਹ ਹੈ ਕਿ ਅਮੀਰ ਹੋਰ ਅਤੇ ਗਰੀਬ ਹੋਰ ਗਰੀਬ ਹੁੰਦੇ ਜਾ ਰਹੇ ਹਨ।