ਸੰਦੀਪ ਸਿੰਘ ਦੇਣ ਜਵਾਬ

‘ਪੰਜਾਬ ਟਾਈਮਜ਼’ ਦੇ 21 ਜਨਵਰੀ 2017 ਵਾਲੇ ਅੰਕ ਵਿਚ ‘ਅਜਮੇਰ ਸਿੰਘ ਦੇ ਖਿਆਲਾਂ ਦੀ ਹਕੀਕਤ’ ਦੇ ਸਿਰਲੇਖ ਹੇਠ ਡਾæ ਸੰਦੀਪ ਸਿੰਘ ਦੇ ਵਿਚਾਰ ਪੜ੍ਹਨ ਨੂੰ ਮਿਲੇ। ਸੰਦੀਪ ਸਿੰਘ ਨੇ ਸਿੱਖ ਰਾਜ ਨੂੰ ‘ਹਲੀਮੀ ਰਾਜ’ ਦੀ ਗਾਰੰਟੀ ਦਿੰਦਿਆਂ ਲਿਖਿਆ ਹੈ ਕਿ ਸਿੱਖ ਜਦ ਵੀ ਰਾਜ ਕਰਨਗੇ, ਉਹ ਗੁਰੂ ਸਾਹਿਬਾਨ ਦੇ ਦੱਸੇ ਮੁਤਾਬਕ ਹਲੀਮੀ ਨੇਸ਼ਨ ਸਟੇਟ ਰਾਜ ਪ੍ਰਬੰਧ ਕਾਇਮ ਕਰਨਗੇ। ਉਨ੍ਹਾਂ ਸਿੱਖ ਹਲੀਮੀ ਰਾਜ ਦੀ ਗਾਰੰਟੀ ਦਿੱਤੀ ਹੈ,

ਪਰ ਉਨ੍ਹਾਂ ਇਹ ਗਾਰੰਟੀ ਕਿਸ ਬਿਨਾ ਅਤੇ ਕਿਹੜੇ ਭਾਵੀ ਹਾਕਮ ਸਿੱਖਾਂ ਵਾਸਤੇ ਦਿੱਤੀ ਹੈ, ਇਹ ਦੱਸਣ ਤੋਂ ਸੰਕੋਚ ਕੀਤਾ ਹੈ। ਜੇ ਉਹ ਐਸੇ ਸਿੱਖਾਂ ਦੀ ਗਿਣਤੀ ਕਰ ਦਿੰਦੇ ਜਿਨ੍ਹਾਂ ਤੋਂ ਉਨ੍ਹਾਂ ਨੂੰ ਇਸ ਗਾਰੰਟੀ ਦਾ ਭਰੋਸਾ ਹੈ, ਤਾਂ ਪਾਠਕ ਦਾ ਮਨ ਖਲੋ ਜਾਂਦਾ ਅਤੇ ਉਸ ਦਾ ਮੁਲੰਕਣ ਕਰ ਲੈਂਦਾ।
ਖੈਰ, ਅਜੋਕੇ ਕਾਲ ਵਿਚ ਜੇ ਸੰਦੀਪ ਸਿੰਘ ਇਹ ਸਮਝਦੇ ਹਨ ਕਿ ਉਹ ਧਿਰਾਂ ਜੋ ਖਾਲਿਸਤਾਨ ਵਾਸਤੇ ਲੜ ਰਹੀਆਂ ਹਨ, ਹੀ ਉਨ੍ਹਾਂ ਦਾ ਕਾਲਪਨਿਕ ਰਾਜ ਪ੍ਰਬੰਧ ਦੇਣ ਦੇ ਸਮਰਥ ਹਨ ਤਾਂ ਉਨ੍ਹਾਂ ਵਿਚ ਅਕਾਲੀ ਦਲ (ਅੰਮ੍ਰਿਤਸਰ), ਦਲ ਖਾਲਸਾ ਜਾਂ ਹੋਰ ਵੀ ਛੋਟੇ-ਮੋਟੇ ਗਰੁਪ ਹੋ ਸਕਦੇ ਹਨ।
ਸਵਾਲ ਹੈ ਕਿ ਇਨ੍ਹਾਂ ਸਾਰੇ ਗੁੱਟਾਂ ਦਾ ਟੀਚਾ ਤਾਂ ਹਲੀਮੀ ਰਾਜ ਪ੍ਰਬੰਧ ਦੇਣਾ ਹੈ, ਤਾਂ ਫਿਰ ਇਹ ਸਾਰੇ ਗੁੱਟ ਇਕ ਕਿਉਂ ਨਹੀਂ ਹੋ ਸਕਦੇ? ਕੀ ਇਨ੍ਹਾਂ ਸਾਰੀਆਂ ਧਿਰਾਂ ਦਾ ਆਪੋ-ਆਪਣੀ ਤਰਜ਼ ਦਾ ਹਲੀਮੀ ਰਾਜ ਹੋਵੇਗਾ? ਸੰਦੀਪ ਸਿੰਘ ਨੂੰ ਚਾਹੀਦਾ ਸੀ ਕਿ ਜਿਸ ਗੱਲ ਦੀ ਉਹ ਗਾਰੰਟੀ ਦੇ ਰਹੇ ਹਨ, ਇਹ ਕੰਮ ਉਨ੍ਹਾਂ ਵਾਸਤੇ ਕੌਣ ਕਰੇਗਾ, ਤੇ ਨਾਲ ਕੁਝ ਉਦਾਹਰਨਾਂ ਵੀ ਦੇ ਛੱਡਦੇ, ਤਾਂ ਚੰਗਾ ਸੀ।
ਸੰਦੀਪ ਸਿੰਘ ਨੂੰ ਹੁਣ ਚਾਹੀਦਾ ਹੈ ਕਿ ਇਸ ਹਲੀਮੀ ਰਾਜ ਪ੍ਰਬੰਧ ਦੇ ਆਉਣ ਦੀ ਉਮੀਦ ਨੂੰ ਆ ਰਹੀਆਂ ਚੋਣਾਂ ਵਿਚ ਟੈਸਟ ਕਰ ਲੈਣ ਅਤੇ ਅਕਾਲੀ ਦਲ (ਅੰਮ੍ਰਿਤਸਰ) ਜਾਂ ਉਹ ਜਿਸ ਨੂੰ ਵੀ ਹਲੀਮੀ ਰਾਜ ਦਾ ਨੁਮਾਇੰਦਾ ਸਮਝਦੇ ਹੋਣ, ਦੀ ਡਟ ਕੇ ਹਮਾਇਤ ਕਰਨ ਤੇ ਅਖਬਾਰਾਂ ਰਾਹੀਂ ਇਸ ਦਾ ਪ੍ਰਸਾਰ ਕਰ ਕੇ ਮੌਕੇ ਦਾ ਫਾਇਦਾ ਉਠਾਉਣ। ਜੇ ਸੰਗਤਾਂ ਉਨ੍ਹਾਂ ਦੀ ਭਵਿਖਵਾਣੀ ਉਤੇ ਯਕੀਨ ਕਰਨਗੀਆਂ ਤਾਂ ਸੰਦੀਪ ਸਿੰਘ ਨੂੰ ਇਸ ਕਾਰਜ ਵਾਸਤੇ ਮਾਇਆ ਵੀ ਸੰਗਤਾਂ ਨੇ ਹੀ ਮੁਹੱਈਆ ਕਰਵਾ ਦੇਣੀ ਹੈ।
ਦੂਸਰੀ ਗੱਲ, ਸੰਦੀਪ ਸਿੰਘ ਨੇ ਸਿੱਖਾਂ ‘ਤੇ ਅਤਿਆਚਾਰ ਦੀ ਗੱਲ ਕਰਦਿਆਂ ਕਿਹਾ ਹੈ ਕਿ ਹਿੰਦੋਸਤਾਨ ਦੀ ਸਰਕਾਰ ਸਿੱਖਾਂ ਨੂੰ ਜਬਰ ਅਤੇ ਜ਼ੁਲਮ ਨਾਲ ਦਬਾ ਰਹੀ ਹੈ। ਸੋਚਣਾ ਬਣਦਾ ਹੈ ਕਿ ਜਿਸ ਜ਼ਾਲਮ ਸਰਕਾਰ ਦਾ ਜ਼ਿਕਰ ਸੰਦੀਪ ਸਿੰਘ ਨੇ ਕੀਤਾ ਹੈ, ਉਸ ਵਿਚ ਤਾਂ ਸਿੱਖ ਵੀ ਸ਼ਾਮਲ ਹਨ ਅਤੇ ਸ਼ਾਮਲ ਵੀ ਉਚੇ-ਉਚੇ ਤਾਕਤਕਰ ਅਹੁਦਿਆਂ ਉਤੇ ਹਨ। ਮਿਸਾਲ ਵਜੋਂ ਮੁੱਖ ਮੰਤਰੀ, ਚੀਫ ਜਸਟਿਸ, ਏਅਰਫੋਰਸ ਜਾਂ ਫੌਜ ਦੇ ਮੁਖੀ ਹੋਣਾ ਸਿੱਖਾਂ ਲਈ ਮਾਣ ਦੀ ਗੱਲ ਹੈ ਜਾਂ ਨਹੀਂ, ਇਸ ਦਾ ਫੈਸਲਾ ਸੰਦੀਪ ਸਿੰਘ ਕਿਤੇ ਇਹ ਕਹਿ ਕੇ ਨਾ ਕਰ ਦੇਣ ਕਿ ਜੋ ਸਿੱਖ ਇਨ੍ਹਾਂ ਅਹੁਦਿਆਂ ‘ਤੇ ਬਿਰਾਜਮਾਨ ਹਨ, ਉਹ ਤਾਂ ਸਿੱਖ ਹੀ ਨਹੀਂ ਹਨ।
ਸੰਦੀਪ ਸਿੰਘ ਨੂੰ ਸੋਚਣਾ ਬਣਦਾ ਹੈ ਕਿ ਸਿਰਫ ਇਹ ਕਹਿ ਦੇਣਾ ਕਿ ਜ਼ੁਲਮ ਹਿੰਦੋਸਤਾਨ ਦੀ ਸਰਕਾਰ ਕਰ ਰਹੀ ਹੈ, ਕੋਈ ਬਹੁਤਾ ਵਜ਼ਨ ਨਹੀਂ ਰੱਖਦਾ। ਪਾਠਕ ਜਾਂ ਸੰਗਤ ਇੰਨੇ ਕੁ ਸਮਝਦਾਰ ਹਨ ਕਿ ਸਮਝ ਸਕਣ, ਸੱਚ ਕੀ ਹੈ ਤੇ ਝੂਠ ਕੀ!
ਕਰਮਜੀਤ ਸਿੰਘ ਚੰਡੀਗੜ੍ਹ ਦੀ ਹਾਮੀ ਭਰਦਿਆਂ ਸੰਦੀਪ ਸਿੰਘ ਨੇ ਆਪਣੇ ਆਈਡਲ ਦੇ ਅੰਧਵਿਸ਼ਵਾਸ ਦੀ ਗੱਲ ਕੀਤੀ ਹੈ। ਸੰਗਤਾਂ ਨੂੰ ਕਰਮਜੀਤ ਸਿੰਘ ਨੇ ਲਾਪ੍ਰਵਾਹ ਕਿਹਾ ਹੈ, ਫਿਰ ਆਈਡਲ ਹੋਣ ਜਾਂ ਨਾ ਹੋਣ ਦੀ ਗੱਲ ਹੀ ਕੋਈ ਨਹੀਂ ਰਹਿ ਗਈ। ਇਸ ਵਿਦਵਾਨ ਦੇ ਤੌਖਲੇ ਨੇ ਇਹ ਜ਼ਰੂਰ ਸਿੱਧ ਕਰ ਦਿੱਤਾ ਹੈ ਕਿ ਅਜਮੇਰ ਸਿੰਘ ਵੱਲੋਂ ਇਨ੍ਹਾਂ ਨੂੰ ਛੱਡਣਾ ਇਨ੍ਹਾਂ ਨੂੰ ਬਹੁਤ ਡੂੰਘਾ ਹਉਕਾ ਦੇ ਗਿਆ ਹੈ।
-ਕਮਲਜੀਤ ਸਿੰਘ
ਫਰੀਮਾਂਟ, ਕੈਲੀਫੋਰਨੀਆ