ਭਗਤਿ ਵਛਲ ਪਰਵਾਣੁ ਚਰਣਾ ਧੂਰ ਹੈ

ਡਾæ ਗੁਰਨਾਮ ਕੌਰ, ਕੈਨੇਡਾ
ਤੀਸਰੀ ਵਾਰ ਦੀ ਇਸ ਦਸਵੀਂ ਪਉੜੀ ਵਿਚ ਭਾਈ ਗੁਰਦਾਸ ਦੱਸਦੇ ਹਨ ਕਿ ਗੁਰੂ ਦੇ ਸ਼ਬਦ ਰਾਹੀਂ ਗੁਰਸਿੱਖ ਕਿਸ ਤਰ੍ਹਾਂ ਉਸ ਪਰਮ ਸਤਿ ਦਾ ਅਨੁਭਵ ਕਰ ਲੈਂਦਾ ਹੈ। ਗੁਰੂ ਦੇ ਸ਼ਬਦ ਉਤੇ ਉਸ ਨੂੰ ਗੁਰੂ ਦੀ ਮੂਰਤ ਸਮਝ ਕੇ, ਜਿਹੜਾ ਕਿ ਹਰ ਸਮੇਂ ਤੁਹਾਡੇ ਨਾਲ ਹੁੰਦਾ ਹੈ, ਉਸ ‘ਤੇ ਧਿਆਨ ਲਾਈਏ ਤਾਂ ਉਸ ਦੀ ਨੇੜਤਾ ਦਾ ਅਨੁਭਵ ਕਰ ਸਕੀਦਾ ਹੈ। ਗੁਰੂ ਦੇ ਸ਼ਬਦ ਰਾਹੀਂ ਪ੍ਰਾਪਤ ਕੀਤੇ ਗਿਆਨ ਤੋਂ ਗੁਰਮੁਖਿ ਨੂੰ ਸਮਝ ਪੈਂਦੀ ਹੈ ਕਿ ਉਹ ਅਕਾਲ ਪੁਰਖ ਜੀਵ ਤੋਂ ਦੂਰ ਨਹੀਂ ਹੈ।

ਪਰ ਮਨੁੱਖ ਦੇ ਕੀਤੇ ਕਰਮਾਂ ਦਾ ਬੀਜ ਉਸ ਦੇ ਪਹਿਲੇ ਕੀਤੇ ਕਰਮਾਂ ਅਨੁਸਾਰ ਉਗਦਾ ਹੈ।
ਭਾਈ ਗੁਰਦਾਸ ਸੇਵਾ ਦੇ ਮਹੱਤਵ ਨੂੰ ਦੱਸਦੇ ਹਨ ਕਿ ਸੇਵਾ ਰਾਹੀਂ ਸਿੱਖ ਨੂੰ ਪ੍ਰਧਾਨਤਾ ਮਿਲਦੀ ਹੈ। ਉਹ ਗੁਰੂ ਦੀਆਂ ਨਜ਼ਰਾਂ ਵਿਚ ਮਨਜ਼ੂਰੀ ਪ੍ਰਾਪਤ ਕਰਦਾ ਹੈ। ਉਹ ਅਕਾਲ ਪੁਰਖ ਜੋ ਪਰਮ ਖਜ਼ਾਨਾ ਹੈ, ਸਦਾ ਭਰਪੂਰ ਰਹਿੰਦਾ ਹੈ ਅਤੇ ਹਰ ਥਾਂ ਵਿਆਪਕ ਹੈ। ਸਾਧਸੰਗਤਿ ਅਜਿਹਾ ਸਥਾਨ ਹੈ ਜਿੱਥੇ ਉਸ ਦੀ ਵਿਆਪਕਤਾ ਦਾ ਨੂਰ ਜਗ-ਮਗ ਵਰਸ ਰਿਹਾ ਹੈ। ਭਾਈ ਗੁਰਦਾਸ ਅਨੁਸਾਰ ਭਾਵੇਂ ਲੱਖ ਚੰਦਰਮਾ ਤੇ ਲੱਖਾਂ ਹੀ ਸੂਰਜ ਨਿਕਲਣ ਅਤੇ ਆਪਣੀ ਰੋਸ਼ਨੀ ਨਾਲ ਚਾਨਣ ਦੇਣ ਪਰ ਸਤਿਸੰਗਤਿ ਦਾ ਜੋ ਨੂਰ ਵਰਸਦਾ ਹੈ, ਉਸ ਦੇ ਸਾਹਮਣੇ ਇਹ ਸਾਰਾ ਚਾਨਣ ਫਿੱਕਾ ਹੈ। ਸਤਿਸੰਗਤਿ ਵਿਚ ਹੋ ਰਹੀ ਅਕਾਲ ਪੁਰਖ ਦੀ ਉਸਤਤਿ ਦੇ ਸਾਹਮਣੇ ਲੱਖਾ ਵੇਦ ਤੇ ਪੁਰਾਣ ਫਿੱਕੇ ਹਨ। ਗੁਰਮੁਖਿ ਨੂੰ ਅਕਾਲ ਪੁਰਖ ਦੇ ਚਰਨਾਂ ਦੀ ਧੂੜ ਬਹੁਤ ਪਿਆਰੀ ਲੱਗਦੀ ਹੈ:
ਗੁਰ ਮੂਰਤਿ ਕਰਿ ਧਿਆਨ ਸਦਾ ਹਜੂਰ ਹੈ।
ਗੁਰਮੁਖਿ ਸਬਦੁ ਗਿਆਨੁ ਨੇੜਿ ਨ ਦੂਰ ਹੈ।
ਪੁਰਬਿ ਲਿਖਤੁ ਨੀਸਾਣੁ ਕਰਮ ਅੰਕੂਰ ਹੈ।
ਗੁਰ ਸੇਵਾ ਪਰਧਾਨੁ ਸੇਵਕ ਸੂਰ ਹੈ।
ਪੂਰਨ ਪਰਮ ਨਿਧਾਨ ਸਦ ਭਰਪੂਰ ਹੈ।
ਸਾਧਸੰਗਤਿ ਅਸਥਾਨੁ ਜਗ ਮਗ ਨੂਰ ਹੈ।
ਲਖ ਲਖ ਸਸੀਅਰ ਭਾਨੁ ਕਿਰਣਿ ਠਰੂਰ ਹੈ।
ਲਖ ਲਖ ਬੇਦ ਪੁਰਾਣਿ ਕੀਰਤਨ ਚੂਰ ਹੈ।
ਭਗਤਿ ਵਛਲ ਪਰਵਾਣੁ ਚਰਣਾ ਧੂਰ ਹੈ॥੧੦॥
ਅਗਲੀ ਪਉੜੀ ਵਿਚ ਭਾਈ ਗੁਰਦਾਸ ਗੁਰੂ ਤੇ ਸਿੱਖ ਦਾ ਰਿਸ਼ਤਾ ਦੱਸਦੇ ਹਨ ਕਿ ਦੋਵੇਂ ਇੱਕ ਦੂਸਰੇ ਦੇ ਨਾਲ ਇਕਮਿਕ ਹਨ, ਅਤੇ ਗੁਰੂ ਨਾਲ ਇਕਸੁਰ ਹੋ ਕੇ ਅਕਾਲ ਪੁਰਖ ਦਾ ਅਨੁਭਵ ਕੀਤਾ ਜਾਂਦਾ ਹੈ। ਗੁਰੂ ਤੇ ਸਿੱਖ ਇਕਮਿਕ ਹੋ ਕੇ ਗੁਰੂ ਰਾਹੀਂ ਉਸ ਅਕਾਲ ਪੁਰਖ ਨੂੰ ਗੁਰੂ ਦੇ ਰੂਪ ਵਿਚ ਸਨਮੁਖ ਅਨੁਭਵ ਕਰਦੇ ਹਨ। ਗੁਰੂ ਕੋਲੋਂ ਸਿੱਖਿਆ ਤੇ ਦੀਖਿਆ ਲੈ ਕੇ ਹੀ ਸਿੱਖ ਸਿੱਖ ਅਖਵਾਉਂਦਾ ਹੈ। ਇਹ ਅਕਾਲ ਪੁਰਖ ਦੀ ਰਜ਼ਾ ਹੈ ਕਿ ਗੁਰੂ ਤੇ ਸਿੱਖ ਇਕਮਿਕ, ਇਕ ਦੂਸਰੇ ਨਾਲ ਇਕਸੁਰ ਹੁੰਦੇ ਹਨ। ਇਹ ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਹੀਰੇ ਨਾਲ ਹੀਰਾ ਕੱਟ ਕੇ ਹੀ ਉਸ ਨੂੰ ਧਾਗੇ ਵਿਚ ਪਰੋਇਆ ਜਾਂਦਾ ਹੈ ਅਤੇ ਮਾਲਾ ਬਣਦੀ ਹੈ। ਜਿਵੇਂ ਪਾਣੀ ਦੀ ਲਹਿਰ ਪਾਣੀ ਵਿਚ ਮਿਲ ਕੇ ਪਾਣੀ ਦਾ ਹੀ ਰੂਪ ਧਾਰਨ ਕਰ ਲੈਂਦੀ ਹੈ। ਇਸੇ ਤਰ੍ਹਾਂ ਜੋਤੀ ਨਾਲ ਜੋਤਿ ਮਿਲ ਕੇ ਇੱਕ ਦੀਪ ਤੋਂ ਦੂਸਰਾ ਦੀਪ ਜਗਦਾ ਹੈ ਤੇ ਉਸੇ ਦਾ ਹੀ ਰੂਪ ਹੋ ਜਾਂਦਾ ਹੈ। ਅਕਾਲ ਪੁਰਖ ਦਾ ਇਹ ਅਸਚਰਜ ਖੇਲ ਹੈ ਕਿ ਗੁਰੂ ਨਾਲ ਸਿੱਖ ਮਿਲ ਕੇ ਇੱਕ ਦ੍ਰਿਸ਼ਟਾਂਤ ਦਾ ਰੂਪ ਧਾਰਨ ਕਰ ਲੈਂਦਾ ਹੈ, ਸਿੱਖ ਗੁਰੂ ਦੇ ਰੂਪ ਵਿਚ ਸਮਿਲਤ ਹੋ ਜਾਂਦਾ ਹੈ। ਦੁੱਧ ਤੋਂ ਦਹੀਂ ਬਣਦਾ ਹੈ ਅਤੇ ਦਹੀਂ ਵਿਚ ਘਿਉ ਸਮਾਇਆ ਹੁੰਦਾ ਹੈ; ਇਸ ਲਈ ਦਹੀਂ ਨੂੰ ਰਿੜਕ ਕੇ ਉਸ ਵਿਚੋਂ ਘਿਉ ਕੱਢਿਆ ਜਾਂਦਾ ਹੈ। ਇਸੇ ਤਰ੍ਹਾਂ ਅਕਾਲ ਪੁਰਖ ਦੀ ਜੋਤਿ ਦਾ ਚਾਨਣ ਤਿੰਨਾਂ ਸੰਸਾਰਾਂ-ਅਕਾਸ਼, ਪਾਤਾਲ ਅਤੇ ਧਰਤੀ ਨੂੰ ਰੁਸ਼ਨਾ ਰਿਹਾ ਹੈ। ਭਾਵ ਉਸ ਦੀ ਜੋਤਿ ਹਰ ਥਾਂ ਅਤੇ ਹਰ ਇੱਕ ਵਿਚ ਵਿਆਪਕ ਹੈ:
ਗੁਰ ਸਿਖੁ ਸਿਖੁ ਗੁਰ ਸੋਇ ਅਲਖੁ ਲਖਾਇਆ।
ਗੁਰ ਦੀਖਿਆ ਲੈ ਸਿਖਿ ਸਿਖੁ ਸਦਾਇਆ।
ਗੁਰ ਸਿਖ ਇੱਕੋ ਹੋਇ ਜੋ ਗੁਰ ਭਾਇਆ।
ਹੀਰਾ ਕਣੀ ਪਰੋਇ ਹੀਰੁ ਬਿਧਾਇਆ।
ਜਲ ਤਰੰਗੁ ਅਵਲੋਇ ਸਲਿਲ ਸਮਾਇਆ।
ਜੋਤੀ ਜੋਤਿ ਸਮੋਇ ਦੀਪੁ ਦੀਪਾਇਆ।
ਅਚਰਜ ਅਚਰਜੁ ਢੋਇ ਚਲਿਤੁ ਬਣਾਇਆ।
ਦੁਧਹੁ ਦਹੀ ਵਿਲੋਇ ਘਿਉ ਕਢਾਇਆ।
ਇਕੁ ਚਾਨਣੁ ਤ੍ਰਿਹੁ ਲੋਇ ਪ੍ਰਗਟੀ ਆਇਆ॥੧੧॥
ਗਿਆਰਵੀਂ ਪਉੜੀ ਵਿਚ ਭਾਈ ਗੁਰਦਾਸ ਵਰਣਨ ਕੀਤਾ ਹੈ ਕਿ ਕਿੰਜ ਗੁਰੂ ਦਾ ਸਿੱਖ ਗੁਰੂ ਦੇ ਸ਼ਬਦ ‘ਤੇ ਵੀਚਾਰ ਕਰਕੇ ਗੁਰੂ ਵਿਚ ਅਭੇਦ ਹੋ ਜਾਂਦਾ ਹੈ ਅਤੇ ਫਿਰ ਅਕਾਲ ਪੁਰਖ ਦੀ ਰਜ਼ਾ ਵਿਚ ਗੁਰੂ ਦੀ ਮਿਹਰ ਸਦਕਾ ਅਕਾਲ ਪੁਰਖ ਦਾ ਪ੍ਰਤੱਖ ਅਨੁਭਵ ਕਰਦਾ ਹੈ। ਬਾਰ੍ਹਵੀਂ ਪਉੜੀ ਵਿਚ ਭਾਈ ਗੁਰਦਾਸ ਗੁਰੂ ਤੇ ਸਿੱਖ ਦੇ ਇਸੇ ਰਿਸ਼ਤੇ ਨੂੰ ਗੁਰੂਆਂ ਦੀਆਂ ਉਦਾਹਰਣਾਂ ਰਾਹੀਂ ਦੱਸਦੇ ਹਨ ਕਿ ਕਿਸ ਤਰ੍ਹਾਂ ਇੱਕ ਗੁਰੂ ਨੇ ਆਪਣੇ ਸਿੱਖ ਨੂੰ ਸ਼ਬਦ ਰਾਹੀਂ ਅਕਾਲ ਪੁਰਖ ਦਾ ਅਨੁਭਵ ਕਰਾ ਕੇ ਉਸ ਵਿਚ ਰੱਬੀ ਜੋਤਿ ਜਗਾ ਕੇ ਗੁਰੂ ਹੋਣ ਦੇ ਸਮਰੱਥ ਬਣਾਇਆ ਜਿਸ ਵਿਚ ਸਿੱਖ ਦੇ ਰੂਪ ਵਿਚ ਆਪਣੀ ਘਾਲਣਾ ਤੇ ਸੇਵਾ ਵੀ ਸ਼ਾਮਲ ਹੈ।
ਗੁਰੂ ਨਾਨਕ ਸਾਹਿਬ ਤੋਂ ਲੈ ਕੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਤੱਕ (ਭਾਈ ਗੁਰਦਾਸ ਦਾ ਜੀਵਨ ਕਾਲ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਤੱਕ ਦਾ ਹੈ) ਗੁਰੂਆਂ ਦੀ ਇਸੇ ਮਹਿਮਾ ਨੂੰ ਸੰਖੇਪ ਰੂਪ ਵਿਚ ਦੱਸਿਆ ਹੈ। ਭਾਈ ਗੁਰਦਾਸ ਜ਼ਿਕਰ ਕਰਦੇ ਹਨ ਕਿ ਗੁਰੂ ਨਾਨਕ ਗੁਰੂਆਂ ਦੇ ਗੁਰੂ ਹੋਏ ਹਨ। ਗੁਰੂ ਨਾਨਕ ਨੇ ਗੁਰੂ ਅੰਗਦ ਦੇਵ ਨੂੰ ਅਲਖ ਤੇ ਅਭੇਦ ਅਕਾਲ ਪੁਰਖ ਦਾ ਅਨੁਭਵ ਕਰਾ ਕੇ ਸਹਿਜ ਪਦ ਵਿਚ ਟਿਕਾ ਦਿੱਤਾ; ਗੁਰੂ ਅੰਗਦ ਅੰਦਰ ਦੈਵੀ ਜੋਤਿ ਜਗਾ ਕੇ ਉਨ੍ਹਾਂ ਨੂੰ ਗੁਰੂ ਪਦ ਨੂੰ ਪ੍ਰਾਪਤ ਕਰਨ ਦੇ ਸਮਰੱਥ ਬਣਾਇਆ। ਇਸੇ ਤਰ੍ਹਾਂ ਗੁਰੂ ਅੰਗਦ ਦੇਵ ਨੇ ਗੁਰੂ ਅਮਰ ਦਾਸ ਨੂੰ ਅਕਾਲ ਪੁਰਖ ਦਾ ਅਨੁਭਵ ਕਰਾ ਕੇ ਉਸ ਵਿਚ ਸਮਾ ਦਿੱਤਾ ਅਤੇ ਉਹ ਉਸ ਅਲੱਖ ਨੂੰ ਲੱਖਣ ਦੇ ਸਮਰੱਥ ਹੋ ਗਏ ਭਾਵ ਰੱਬੀ ਜੋਤਿ ਜਗਣ ਨਾਲ ਗੁਰੂ ਬਣ ਸਕਣ ਦੇ ਸਮਰੱਥ ਹੋਏ। ਗੁਰੂ ਅਮਰ ਦਾਸ ਨੇ ਅਕਾਲ ਪੁਰਖ ਦੇ ਪ੍ਰੇਮ ਦੇ ਇਸੇ ਪਿਆਲੇ ਦਾ ਅੰਮ੍ਰਿਤ ਚੁਆਇਆ ਅਤੇ ਉਹ ਇਸ ਨੂੰ ਪੀ ਕੇ ਗੁਰੂ ਰਾਮ ਦਾਸ ਚਉਥੀ ਨਾਨਕ ਜੋਤਿ ਦੇ ਰੂਪ ਵਿਚ ਸਹਿਜ ਆਸਣ ‘ਤੇ ਬਿਰਾਜਮਾਨ ਹੋਏ।
ਗੁਰੂ ਅਰਜਨ ਦੇਵ ਨੇ ਗੁਰੂ ਰਾਮ ਦਾਸ ਦੀ ਸੇਵਾ ਕੀਤੀ ਤੇ ਉਸ ਸੇਵਾ ਦੇ ਫਲ ਸਰੂਪ ਉਨ੍ਹਾਂ ਨੂੰ ਦੈਵੀ ਜੋਤਿ ਦਾ ਅਨੁਭਵ ਹੋਇਆ ਅਤੇ ਗੁਰੂ ਰਾਮ ਦਾਸ ਨੇ ਉਨ੍ਹਾਂ ਨੂੰ ਗੁਰੂ ਰੂਪੀ ਦਾਤ ਬਖਸ਼ਿਸ਼ ਕੀਤੀ। ਗੁਰੂ ਹਰਗੋਬਿੰਦ ਨੇ ਗੁਰੂ ਦੇ ਸ਼ਬਦ ਰੂਪੀ ਅੰਮ੍ਰਿਤ ਨੂੰ ਰਿੜਕਿਆ ਤੇ ਇਸ ਦਾ ਅਮਿਉ ਰਸ ਪੀਤਾ ਅਤੇ ਗੁਰੂ ਅਰਜਨ ਦੇਵ ਦੀ ਮਿਹਰ ਸਦਕਾ ਗੁਰੂ ਬਣੇ। ਇਸ ਤਰ੍ਹਾਂ ਇਨ੍ਹਾਂ ਸੱਚੇ ਮਹਾਂ ਪੁਰਸ਼ਾਂ ਦੀ ਮਿਹਰ ਸਦਕਾ ਆਮ ਲੋਕਾਂ ਦੇ ਮਨਾਂ ਵਿਚ ਉਸ ਅਕਾਲ ਪੁਰਖ ਦੇ ਸ਼ਬਦ ਦਾ ਨਿਵਾਸ ਹੋਇਆ ਅਤੇ ਉਨ੍ਹਾਂ ਨੇ ਆਪਣੇ ਆਪ ਨੂੰ ਸ਼ਬਦ ਦੀ ਭਗਤੀ ਵੱਲ ਲਾਇਆ। ਇਨ੍ਹਾਂ ਗੁਰਮੁਖਾਂ ਨੇ ਲੋਕਾਂ ਦੇ ਨਾ-ਭਰੇ ਜਾਣ ਵਾਲੇ ਹਿਰਦਿਆਂ ਨੂੰ ਸ਼ਬਦ ਨਾਲ ਭਰ ਦਿੱਤਾ, ਖਾਲੀ ਮਨਾਂ ਵਿਚ ਵੀ ਅਕਾਲ ਪੁਰਖ ਦੇ ਸ਼ਬਦ ਦਾ ਨਿਵਾਸ ਕਰ ਦਿੱਤਾ। ਇਸ ਤਰ੍ਹਾਂ ਖਾਲੀ ਮਨਾਂ ਨੂੰ ਸ਼ਬਦ ਨਾਲ ਭਰਪੂਰ ਕਰਕੇ ਲੋਕਾਂ ਦੇ ਮਨਾਂ ਦੇ ਸੰਸਿਆਂ ਤੇ ਭਰਮਾਂ ਨੂੰ ਦੂਰ ਕਰ ਦਿੱਤਾ:
ਸਤਿਗੁਰ ਨਾਨਕ ਦੇਉ ਗੁਰਾ ਗੁਰੁ ਹੋਇਆ।
ਅੰਗਦੁ ਅਲਖੁ ਅਭੇਉ ਸਹਜਿ ਸਮੋਇਆ।
ਅਮਰਹੁ ਅਮਰ ਸਮੇਉ ਅਲਖੁ ਅਲੋਇਆ।
ਰਾਮ ਨਾਮ ਅਰਿਖੇਉ ਅੰਮ੍ਰਿਤੁ ਚੋਇਆ।
ਗੁਰ ਅਰਜਨ ਕਰਿ ਸੇਉ ਢੋਐ ਢੋਇਆ।
ਗੁਰ ਹਰਗੋਬਿੰਦੁ ਅਮੇਉ ਅਮਿਉ ਵਿਲੋਇਆ।
ਸਚਾ ਸਚਿ ਸੁਚੇਉ ਸਚਿ ਖਲੋਇਆ।
ਆਤਮ ਅਗਹ ਗਹੇਉ ਸਬਦੁ ਪਰੋਇਆ।
ਗੁਰਮੁਖ ਅਭਰ ਭਰੇਉ ਭਰਮ ਭਉ ਖੋਇਆ॥੧੨॥
ਭੱਟਾਂ ਦੇ ਸਵਈਏ ਵੀ ਭਾਈ ਗੁਰਦਾਸ ਦੇ ਇਸ ਕਥਨ ਦੀ ਹੀ ਪ੍ਰੋੜਤਾ ਕਰਦੇ ਹਨ। ਭੱਟ ਕਲ੍ਹ ਸਹਾਰ ਕਹਿੰਦਾ ਹੈ ਕਿ ਮੈਂ ਉਸ ਅਕਾਲ ਪੁਰਖ ਨੂੰ, ਜੋ ਹਰ ਇੱਕ ‘ਤੇ ਬਖਸ਼ਿਸ਼ਾਂ ਕਰਨ ਵਾਲਾ ਹੈ, ਜੋ ਸੰਤਾਂ ਦਾ ਆਸਰਾ ਹੈ ਅਤੇ ਸਦਾ ਹਾਜ਼ਰ-ਨਾਜ਼ਰ ਹੈ, ਦਾ ਇੱਕ ਮਨ ਹੋ ਕੇ ਸਿਮਰਨ ਕਰਦਾ ਹੋਇਆ, ਉਸ ਦੇ ਚਰਨ ਕੰਵਲਾਂ ਨੂੰ ਆਪਣੇ ਹਿਰਦੇ ਵਿਚ ਟਿਕਾਉਂਦਾ ਹਾਂ ਤੇ ਉਸ ਅਕਾਲ ਪੁਰਖ ਦੀ ਮਿਹਰ ਤੇ ਉਸ ਦੇ ਚਰਨ ਕੰਵਲਾਂ ਦੀ ਬਰਕਤਿ ਨਾਲ ਪਰਮ ਗੁਰੂ (ਗੁਰੂਆਂ ਦੇ ਗੁਰੂ) ਸਤਿਗੁਰੁ ਨਾਨਕ ਦੇਵ ਦੇ ਗੁਣਾਂ ਦਾ ਗਾਇਨ ਕਰਦਾ ਹਾਂ। ਮੈਂ ਉਸ ਪਰਮ ਗੁਰੂ ਦੇ ਗੁਣ ਗਾਉਂਦਾ ਹਾਂ ਜੋ ਪਾਪਾਂ ਨੂੰ ਦੂਰ ਕਰਨ ਵਾਲਾ ਹੈ ਅਤੇ ਜੋ ਬਾਣੀ ਦਾ ਸੋਮਾ ਹੈ। ਉਸੇ ਗੁਰੂ ਨਾਨਕ ਦੇ ਗੁਣ ਜੋਗੀ, ਜੰਗਮ ਧਿਆਨ ਧਰ ਕੇ ਗਾਉਂਦੇ ਹਨ ਅਤੇ ਉਹ ਲੋਕ ਗਾਉਂਦੇ ਹਨ ਜੋ ਗੰਭੀਰ ਤੇ ਧੀਰਜਵਾਨ ਹਨ। ਗੁਰੂ ਨਾਨਕ ਅਜਿਹੇ ਗੁਰੂ ਹਨ ਜਿਨ੍ਹਾਂ ਨੇ ਆਤਮਕ ਅਨੰਦ ਨੂੰ ਜਾਣਿਆ ਹੈ ਅਤੇ ਉਸ ਗੁਰੂ ਦੇ ਗੁਣ ਇੰਦਰ, ਪ੍ਰਹਿਲਾਦ ਭਗਤ ਸਭ ਗਾਉਂਦੇ ਹਨ। ਮੈਂ ਉਸ ਗੁਰੂ ਨਾਨਕ ਦੇਵ ਦੇ ਗੁਣ ਗਾਉਂਦਾ ਹਾਂ ਜਿਸ ਨੇ ਰਾਜ ਤੇ ਜੋਗ ਮਾਣਿਆ ਹੈ:
ਇਕ ਮਨਿ ਪੁਰਖੁ ਧਿਆਇ ਬਰਦਾਤਾ॥
ਸੰਤ ਸਹਾਰੁ ਸਦਾ ਬਿਖਿਆਤਾ॥
ਤਾਸੁ ਚਰਨ ਲੇ ਰਿਦੈ ਬਸਾਵਉ॥
ਤਉ ਪਰਮ ਗੁਰੂ ਨਾਨਕ ਗੁਨ ਗਾਵਉ॥੧॥ (ਪੰਨਾ ੧੩੮੯)
ਭੱਟ ਕਲ੍ਹ ਸਹਾਰ ਗੁਰੂ ਅੰਗਦ ਦੇਵ ਦੀ ਉਪਮਾ ਬਿਆਨਦਾ ਹੈ ਕਿ ਉਹ ਕਰਤਾਰ ਸਰਬ-ਵਿਆਪਕ ਅਕਾਲ ਪੁਰਖ ਜੋ ਇਸ ਸ੍ਰਿਸ਼ਟੀ ਦਾ ਮੂਲ ਕਾਰਨ ਹੈ, ਸਿਰਜਣਹਾਰ ਤੇ ਸਮਰੱਥਾਵਾਨ ਹੈ, ਉਹ ਧੰਨ ਹੈ। ਧੰਨ ਹੈ ਸਤਿਗੁਰੂ ਨਾਨਕ ਦੇਵ ਜਿਸ ਨੇ ਹੇ ਗੁਰੂ ਅੰਗਦ ਤੇਰੇ ਮੱਥੇ ਉਤੇ ਆਪਣਾ ਮਿਹਰ ਭਰਿਆ ਹੱਥ ਰੱਖਿਆ ਹੈ। ਉਸ ਵੇਲੇ ਸਹਿਜੇ ਹੀ ਗੁਰੂ ਨਾਨਕ ਨੇ ਤੇਰੇ ਮੱਥੇ ਉਤੇ ਹੱਥ ਰੱਖਿਆ ਅਤੇ ਨਾਮ ਰੂਪੀ ਅੰਮ੍ਰਿਤ ਤੇਰੇ ਅੰਦਰ ਛਹਿਬਰ ਲਾ ਕੇ ਵੱਸ ਪਿਆ। ਉਹ ਅੰਮ੍ਰਿਤ ਜਿਸ ਦੀ ਬਰਕਤ ਨਾਲ ਦੇਵਤੇ, ਮਨੁੱਖ, ਗਣ ਅਤੇ ਰਿਸ਼ੀ ਮੁਨੀ ਪ੍ਰਤੱਖ ਰੂਪ ਵਿਚ ਭਿੱਜ ਗਏ। ਤੂੰ ਦੁਖਦਾਈ ਕਾਲ ਨੂੰ ਆਪਣੀ ਸ਼ਕਤੀ ਦਿਖਾ ਕੇ ਨਸ਼ਟ ਕਰ ਦਿੱਤਾ। ਆਪਣੇ ਮਨ ਨੂੰ ਭਟਕਣ ਤੋਂ ਰੋਕ ਲਿਆ (ਸਹਿਜ ਪ੍ਰਾਪਤ ਕਰ ਲਿਆ) ਅਤੇ ਕਾਮ, ਕ੍ਰੋਧ ਆਦਿ ਪੰਜ ਦੂਤਾਂ ਨੂੰ ਇੱਕ ਹੀ ਥਾਂ ਇਕੱਠਾ ਕਰਕੇ ਆਪਣੇ ਕਾਬੂ ਵਿਚ ਕਰ ਲਿਆ। ਹੇ ਗੁਰੂ ਅੰਗਦੁ ਤੁਸੀਂ ਗੁਰੂ ਨਾਨਕ ਦੇ ਦਰ ‘ਤੇ ਪੈ ਕੇ ਜਗਤ ਨੂੰ ਜਿੱਤ ਲਿਆ ਹੈ, ਤੁਸੀਂ ਸਭ ਨੂੰ ਇੱਕ ਦ੍ਰਿਸ਼ਟੀ ਨਾਲ ਦੇਖ ਰਹੇ ਹੋ। ਉਸ ਅਕਾਲ ਪੁਰਖ ਨਾਲ ਲਿਵ ਜੋੜਨ ਕਰਕੇ ਗੁਰੂ ਅੰਗਦ ਦੀ ਸੁਰਤਿ ਪੂਰਨ ਖਿੜਾਉ ਦੀ ਅਵਸਥਾ ਵਿਚ ਟਿਕੀ ਰਹਿੰਦੀ ਹੈ। ਕਲ੍ਹ ਸਹਾਰ ਅਨੁਸਾਰ ਜਗਤ ਦੇ ਗੁਰੂ ਨਾਨਕ ਜੋ ਆਪ ਅਕਾਲ ਪੁਰਖ ਦਾ ਸਰੂਪ ਹੈ, ਦੀ ਚਰਨ ਛੋਹ ਸਦਕਾ ਲਹਣੇ (ਗੁਰੂ ਅੰਗਦ) ਦੀ ਵਡਿਆਈ ਸਾਰੇ ਸੰਸਾਰ ਵਿਚ ਫੈਲ ਰਹੀ ਹੈ:
ਸੋਈ ਪੁਰਖੁ ਧੰਨੁ ਕਰਤਾ ਕਾਰਣ
ਕਰਤਾਰੁ ਕਰਣ ਸਮਰਥੋ॥
ਸਤਿਗੁਰੂ ਧੰਨੁ ਨਾਨਕੁ ਮਸਤਕਿ
ਤੁਮ ਧਰਿਓ ਜਿਨਿ ਹਥੋ॥ (ਪੰਨਾ ੧੩੯੧)
ਤੀਸਰੇ ਗੁਰੂ ਅਮਰ ਦਾਸ ਦੀ ਉਸਤਤਿ ਕਰਦਿਆਂ ਭੱਟ ਕਲ੍ਹ ਸਹਾਰ ‘ਸਵਈਏ ਮਹਲੇ ਤੀਜੇ ਕੇ ੩’ ਦੇ ਅਰੰਭ ਵਿਚ ਲਿਖਦਾ ਹੈ ਕਿ ਉਸ ਸਦੀਵੀ ਕਾਇਮ ਰਹਿਣ ਵਾਲੇ ਅਕਾਲ ਪੁਰਖ ਦਾ ਸਿਮਰਨ ਕਰ, ਜਿਸ ਦਾ ਇੱਕ ਨਾਮ ਸੰਸਾਰ ਵਿਚ ਅਛੱਲ ਹੈ। ਉਸ ਸਰਵ-ਸ਼੍ਰੇਸ਼ਟ ਨਾਮ ਦਾ ਸਿਮਰਨ ਕਰ ਜਿਸ ਨੇ ਭਗਤਾਂ ਨੂੰ ਇਸ ਸੰਸਾਰ ਸਾਗਰ ਤੋਂ ਪਾਰ ਲੰਘਾ ਦਿੱਤਾ ਹੈ। ਗੁਰੂ ਨਾਨਕ ਉਸੇ ਨਾਮ ਵਿਚ ਅਨੰਦ ਲੈ ਰਹੇ ਹਨ ਅਤੇ ਇਸੇ ਨਾਮ ਸਦਕਾ ਲਹਿਣਾ ਜੀ ਥਾਪੇ ਗਏ ਜਿਸ ਕਰਕੇ ਉਨ੍ਹਾਂ ਨੂੰ ਸਾਰੀਆਂ ਸਿੱਧੀਆਂ ਪ੍ਰਾਪਤ ਹੋਈਆਂ। ਕਲ੍ਹ ਕਵੀ ਆਪਣੇ ਆਪ ਨੂੰ ਕਹਿੰਦਾ ਹੈ ਕਿ ਉਸੇ ਨਾਮ ਸਦਕਾ ਸ੍ਰੇਸ਼ਟ ਬੁੱਧੀ ਦੇ ਮਾਲਕ ਗੁਰੂ ਅਮਰ ਦਾਸ ਦੀ ਵਡਿਆਈ ਲੋਕਾਂ ਵਿਚ ਪਸਰ ਰਹੀ ਹੈ।
ਕਵੀ ਕਹਿੰਦਾ ਹੈ ਕਿ ਜਿਸ ਤਰ੍ਹਾਂ ਮੌਲਸਰੀ ਦੇ ਉਤਮ ਰੁੱਖ ਦੀਆਂ ਟਾਹਣੀਆਂ ਖਿਲਰ ਕੇ ਸੁਗੰਧੀ ਫੈਲਾਉਂਦੀਆਂ ਹਨ, ਉਸੇ ਤਰ੍ਹਾਂ ਗੁਰੂ ਅਮਰ ਦਾਸ ਦੇ ਜੱਸ-ਰੂਪ ਸੂਰਜ ਦੀ ਕਿਰਣ ਦੇ ਸੰਸਾਰ ਵਿਚ ਪਰਗਟ ਹੋਣ ਕਾਰਨ ਹਰ ਪਾਸੇ ਲੋਕ ਗੁਰੂ ਅਮਰ ਦਾਸ ਦੀ ਵਡਿਆਈ ਗਾ ਰਹੇ ਹਨ। ਜਿਸ ਨਾਮ ਨੂੰ ਗੁਰੂ ਨਾਨਕ ਦੇਵ ਨੇ ਉਚਾਰਿਆ ਤੇ ਵਰਤਾਇਆ ਅਤੇ ਸੰਸਾਰੀ ਜੀਵਾਂ ਦੀ ਬਿਰਤੀ ਨੂੰ ਸੰਸਾਰ ਵੱਲੋਂ ਉਲਟਾ ਦਿੱਤਾ, ਉਹੀ ਅਛੱਲ ਨਾਮ ਜੋ ਭਗਤਾਂ ਨੂੰ ਸੰਸਾਰ ਸਾਗਰ ਤੋਂ ਪਾਰ ਕਰਨ ਵਾਲਾ ਹੈ, ਗੁਰੂ ਅਮਰ ਦਾਸ ਦੇ ਹਿਰਦੇ ਵਿਚ ਪਰਗਟ ਹੋਇਆ ਹੈ:
ਹਰਿ ਨਾਮੁ ਰਸਨਿ ਗੁਰਮੁਖਿ ਬਰਦਾਯਉ
ਗੰਗ ਪਸਛਮਿ ਧਰੀਆ॥
ਸੋਈ ਨਾਮੁ ਅਛਲੁ ਭਗਤਹ ਭਵ ਤਾਰਣੁ
ਅਮਰਦਾਸ ਗੁਰ ਕਉ ਫੁਰਿਆ॥ (ਪੰਨਾ ੧੩੯੨-੯੩)
‘ਸਵਈਏ ਮਹਲੇ ਚਉਥੇ ਕੇ ੪’ ਵਿਚ ਭੱਟ ਕਵੀ ਕਲ੍ਹ ਸਹਾਰ ਗੁਰੂ ਰਾਮ ਦਾਸ ਦੀ ਵਡਿਆਈ ਕਰਦਿਆਂ ਜੋਤਿ ਤੋਂ ਜੋਤਿ ਜਗਣ ਦੀ ਗੱਲ ਕਰਦਾ ਹੈ ਕਿ ਗੁਰੂ ਰਾਮ ਦਾਸ ਨੇ ਉਸ ਬੇਅੰਤ ਅਕਾਲ ਪੁਰਖ ਨੂੰ ਲੱਭ ਲਿਆ ਹੈ ਜੋ ਮਨੁੱਖਾਂ ਦੇ ਖਾਲੀ ਮਨਾਂ ਨੂੰ ਭਰ ਦਿੰਦਾ ਹੈ। ਉਨ੍ਹਾਂ ਨੇ ਉਸ ਨੂੰ ਆਪਣੇ ਮਨ ਵਿਚ ਟਿਕਾਇਆ ਅਤੇ ਸਿਮਰਿਆ ਹੈ ਜੋ ਦੁਨੀਆਂ ਦੇ ਦੁੱਖਾਂ ਦਾ ਨਾਸ ਕਰਨ ਵਾਲਾ ਤੇ ਆਤਮਾ ਨੂੰ ਜਗਾਉਣ ਵਾਲਾ ਹੈ। ਗੁਰੂ ਰਾਮ ਦਾਸ ਆਪ ਸਦਾ ਖੁਸ਼ੀ ਵਿਚ ਰਹਿੰਦੇ ਹਨ, ਪਰਮਾਤਮ-ਪ੍ਰੇਮ ਵਿਚ ਮਸਤ ਉਹ ਅਕਾਲ ਪੁਰਖ ਦੇ ਪ੍ਰੇਮ ਨੂੰ ਆਪ ਹੀ ਜਾਣਦੇ ਹਨ। ਉਹ ਸਤਿਗੁਰੂ (ਅਮਰ ਦਾਸ) ਦੀ ਮਿਹਰ ਸਦਕਾ ਸਹਿਜ ਅਨੰਦ ਨੂੰ ਮਾਣ ਰਹੇ ਹਨ। ਕਵੀ ਕਲ੍ਹ ਸਹਾਰ ਆਖਦਾ ਹੈ ਕਿ ਗੁਰੂ ਨਾਨਕ ਦੀ ਮਿਹਰ ਨਾਲ, ਗੁਰੂ ਅੰਗਦ ਦੀ ਬਖਸ਼ਿਸ਼ ਕੀਤੀ ਸੁਮਤਿ ਨਾਲ ਗੁਰੂ ਅਮਰ ਦਾਸ ਨੇ ਅਕਾਲ ਪੁਰਖ ਦੇ ਹੁਕਮ ਨੂੰ ਵਰਤੋਂ ਵਿਚ ਲਿਆਂਦਾ ਹੈ ਅਤੇ ਹੇ ਗੁਰੂ ਰਾਮ ਦਾਸ ਤੁਸੀਂ ਸਦਾ ਕਾਇਮ ਰਹਿਣ ਵਾਲੇ ਅਬਿਨਾਸ਼ੀ ਹਰੀ ਦੀ ਪਦਵੀ ਪ੍ਰਾਪਤ ਕਰ ਲਈ ਹੈ:
ਸਦਾ ਚਾਇ ਹਰਿ ਭਾਇ ਪ੍ਰੇਮ ਰਸੁ ਆਪੇ ਜਾਣਇ॥
ਸਤਗੁਰ ਕੈ ਪਰਸਾਦਿ ਸਹਜ ਸੇਤੀ ਰੰਗੁ ਮਾਣਇ॥
ਨਾਨਕ ਪ੍ਰਸਾਦਿ ਅੰਗਦ ਸੁਮਤਿ ਅਮਰਿ ਅਮਰੁ ਵਰਤਾਇਓ॥
ਗੁਰ ਰਾਮਦਾਸ ਕਲ੍ਹਚਰੈ ਤੈਂ ਅਟਲ ਅਮਰ ਪਦੁ ਪਾਇਓ॥੫॥ (ਪੰਨਾ ੧੩੯੭)
ਅੱਗੇ ‘ਸਵਈਏ ਮਹਲੇ ਪੰਜਵੇਂ ਕੇ ੫’ ਵਿਚ ਕਵੀ ਕਲ੍ਹ ਸਹਾਰ ਬਿਆਨ ਕਰਦਾ ਹੈ ਕਿ ਉਹ ਉਸ ਸਦਾ ਕਾਇਮ ਰਹਿਣ ਵਾਲੇ ਅਚੱਲ ਅਕਾਲ ਪੁਰਖ ਦਾ ਸਿਮਰਨ ਕਰਦਾ ਹੈ ਜਿਸ ਦੇ ਸਿਮਰਨ ਨਾਲ ਦੁਰਮਤਿ ਦੀ ਮੈਲ ਕੱਟੀ ਜਾਂਦੀ ਹੈ। ਉਹ ਸਤਿਗੁਰੂ ਦੇ ਕੰਵਲਾਂ ਵਰਗੇ ਚਰਨਾਂ ਨੂੰ ਆਪਣੇ ਹਿਰਦੇ ਵਿਚ ਟਿਕਾਉਂਦਾ ਹੈ ਅਤੇ ਪ੍ਰੇਮ ਨਾਲ ਗੁਰੂ ਅਰਜਨ ਦੇਵ ਦੇ ਗੁਣ ਵਿਚਾਰਦਾ ਹੈ। ਗੁਰੂ ਅਰਜਨ ਦੇਵ ਨੂੰ ਸੰਬੋਧਿਤ ਹੈ ਕਿ ਹੇ ਗੁਰੂ ਮੈਂ ਨਿਮਰਤਾ ਨਾਲ ਆਪ ਦੀ ਸਿਫਤਿ-ਸਾਲਾਹ ਕਰਦਾ ਹਾਂ ਕਿ ਆਪ ਨੇ ਗੁਰੂ ਰਾਮ ਦਾਸ ਦੇ ਘਰ ਜਨਮ ਲਿਆ ਅਤੇ ਉਨ੍ਹਾਂ ਦੀਆਂ ਸਾਰੀਆਂ ਆਸਾਂ ਤੇ ਮਨੋਰਥ ਪੂਰੇ ਹੋ ਗਏ। ਜਨਮ ਤੋਂ ਹੀ ਆਪ ਨੇ ਗੁਰੂ ਦੀ ਮਤਿ ਦੁਆਰਾ ਉਸ ਪਰਮ ਹਸਤੀ ਨੂੰ ਪਛਾਣਿਆ ਹੈ। ਆਪ ਨੇ ਭਗਤੀ ਦੇ ਯੋਗ ਨੂੰ ਜਿੱਤ ਲਿਆ ਹੈ। ਅਕਾਲ ਪੁਰਖ ਨੇ ਆਪ ਨੂੰ ਸ਼ੁਭ ਜਨਮ ਦਿੱਤਾ ਹੈ। ਆਪ ਨੇ ਗੁਰੂ ਦੇ ਸ਼ਬਦ ਨੂੰ ਪਰਗਟ ਕੀਤਾ ਹੈ ਅਤੇ ਅਕਾਲ ਪੁਰਖ ਨੂੰ ਆਪਣੇ ਅੰਦਰ ਵਸਾਇਆ ਹੈ। ਭੱਟ ਕਵੀ ਕਲ੍ਹ ਸਹਾਰ ਅੱਗੇ ਦੱਸਦਾ ਹੈ ਕਿ ਗੁਰੂ ਅਰਜਨ ਦੇਵ ਨੇ ਗੁਰੂ ਨਾਨਕ ਦੇਵ, ਗੁਰੂ ਅੰਗਦ ਦੇਵ, ਗੁਰੂ ਅਮਰ ਦਾਸ ਦੇ ਚਰਨੀਂ ਲੱਗ ਕੇ ਉਤਮ ਪਦਵੀ ਪ੍ਰਾਪਤ ਕੀਤੀ ਹੈ ਅਤੇ ਗੁਰੂ ਰਾਮ ਦਾਸ ਦੇ ਘਰ ਵਿਚ ਭਗਤੀ ਦੇ ਸਰੂਪ ਗੁਰੂ ਅਰਜਨ ਦੇਵ ਨੇ ਜਨਮ ਲਿਆ ਹੈ:
ਗੁਰੂ ਨਾਨਕ ਅੰਗਦ ਅਮਰ ਲਾਗਿ ਉਤਮ ਪਦੁ ਪਾਯਉ॥
ਗੁਰੁ ਅਰਜੁਨੁ ਘਰਿ ਗੁਰੁ ਰਾਮਦਾਸ
ਭਗਤ ਉਤਰਿ ਆਯਉ॥੧॥ (ਪੰਨਾ ੧੪੦੬-੭)