ਪੰਜਾਬ ਦਾ ਸਿਆਸੀ ਭੇੜ ਅਤੇ ਪੰਜਾਬ ਦੇ ਸਰੋਕਾਰ

ਬਲਕਾਰ ਸਿੰਘ
ਫੋਨ: 91-93163-01328
ਸਭ ਨੂੰ ਪਤਾ ਹੈ ਕਿ ਸਿਆਸੀ ਭੇੜ ਵਿਚ ਸਰੋਕਾਰਾਂ ਦੇ ਗੁਆਚਣ ਦੀ ਸੰਭਾਵਨਾ ਹੁੰਦੀ ਹੈ ਅਤੇ ਇਹ ਵਰਤਾਰਾ ਜਿਸ ਤਰ੍ਹਾਂ ਇਸ ਵੇਲੇ ਵਾਪਰ ਰਿਹਾ ਹੈ, ਇਸ ਨੇ ਆਪਣੀ ਮਿਸਾਲ ਆਪ ਹੋ ਜਾਣਾ ਹੈ। ਸਿਆਸਤਦਾਨ ਤਾਂ ਹੱਥਾਂ ਨਾਲ ਦਿੱਤੀਆਂ ਗੰਢਾਂ ਨੂੰ ਮੂੰਹ ਨਾਲ ਖੋਲਣ ਦੇ ਆਦੀ ਹਨ, ਪਰ ਵੋਟਰ ਨੂੰ ਸਿਆਸੀ-ਭੇੜ ਅਰਥਾਤ Ḕਸਿਧਾਂਤਹੀਣ ਕਲਾਬਾਜ਼ੀḔ ਦੀ ਸਜ਼ਾ ਕਿਉਂ ਭੁਗਤਣੀ ਪੈ ਰਹੀ ਹੈ? ਵਿਅਕਤੀਵਾਦੀ ਸਿਆਸਤ ਨੂੰ ਮੁਕਤੀਦਾਤਾ ਸਿਆਸਤ ਸਮਝਣ ਦਾ ਭਰਮ ਨਹੀਂ ਪਾਲਣਾ ਚਾਹੀਦਾ।

ਸਿਆਸੀ ਸ਼ਖਸੀਅਤਾਂ ਦੇ ਬਦਲਣ ਨਾਲ ਤਬਦੀਲੀ ਦੀ ਆਸ ਸਿਆਸੀ ਭਰਮ ਤੋਂ ਵਧ ਕੁਝ ਨਹੀਂ ਹੁੰਦੀ। ਲੋਕਰਾਜ ਵਿਚ ਰਾਏ ਦੇ ਵਿਰੋਧ ਨੂੰ ਜੇ ਸ਼ਰੀਕੇਬਾਜ਼ੀ ਵਾਂਗ ਲਿਆ ਜਾਵੇ ਤਾਂ ਸਿਆਸੀ ਬੁਧੂ ਬਣਨ ਦੀ ਸੰਭਾਵਨਾ ਵਧ ਜਾਏਗੀ। ਸਿਆਸੀ ਉਬਾਲ ਨੂੰ ਸਿਆਸੀ ਲਹਿਰ ਸਮਝਣ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਹੈ। ਅਜਿਹੇ ਮਸਲਿਆਂ ਬਾਰੇ ਸੰਵਾਦ ਹੋਣਾ ਚਾਹੀਦਾ ਹੈ।
ਪੰਜਾਬ ਦੀ ਪ੍ਰਾਪਤ ਲਡਿਰਸ਼ਿਪ ਵਿਚੋਂ ਜੇ ਸਾਂਝੀਆਂ ਤੰਦਾਂ ਲੱਭਣ ਦੀ ਕੋਸ਼ਿਸ਼ ਕਰੀਏ ਤਾਂ ਕੇਜਰੀਵਾਲ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਮੁਕਾਬਲੇ ਕਿਤੇ ਵੀ ਨਹੀਂ ਟਿਕਦਾ। ਇਸ ਅਹਿਸਾਸ ਵਿਚੋਂ ਨਿਕਲਣ ਲਈ ਕੁਝ ਲੋਕ ਕੇਜਰੀਵਾਲ ਨੂੰ ਪੁੱਛੇ ਬਿਨਾ ਹੀ ਉਸ ਨੂੰ ਪੰਥਕ ਘੋਸ਼ਿਤ ਕਰੀ ਜਾ ਰਹੇ ਹਨ। ਕੇਜਰੀਵਾਲ ਇਸ ਦਾ ਸਿਆਸੀ ਲਾਹਾ ਤਾਂ ਲੈ ਸਕਦਾ ਹੈ, ਪਰ ਇਸ ਨੂੰ ਮੰਨ ਨਹੀਂ ਸਕਦਾ। ਇਹ ਧਿਆਨ ਵਿਚ ਰਹਿਣਾ ਚਾਹੀਦਾ ਹੈ ਕਿ ਵਰਤਮਾਨ ਪੰਜਾਬ ਨੂੰ ਸਿਆਸੀ ਤਜਰਬਿਆਂ ਦੇ ਰਾਹ ਨਹੀਂ ਪਾਉਣਾ ਚਾਹੀਦਾ। ਫੈਡਰਲ ਸਿਆਸਤ ਵਾਸਤੇ ਅਨੰਦਪੁਰ ਸਾਹਿਬ ਦੇ ਮਤੇ ਨੂੰ ਧਿਆਨ ਵਿਚ ਰਖੀਏ ਤਾਂ ਪਹਿਲਾਂ ਹੀ ਸਿਆਸੀ ਤਜਰਬਿਆਂ ਦਾ ਨੁਕਸਾਨ ਪੰਜਾਬ ਬਹੁਤ ਝੱਲ ਚੁਕਾ ਹੈ। ਆਮ ਆਦਮੀ ਪਾਰਟੀ (ਆਪ) ਸਬੰਧੀ ਜੋ ਤਜਰਬਾ 2014 ਦੀਆਂ ਚੋਣਾਂ ਦੌਰਾਨ ਪੰਜਾਬ ਵਿਚ ਹੋ ਚੁਕਾ ਹੈ, ਉਸ ਦੇ ਨਤੀਜੇ ਉਹੋ ਜਿਹੇ ਨਹੀਂ ਆਏ, ਜਿਹੋ ਜਿਹੇ ਬਦਲ ਵਜੋਂ ਕੇਜਰੀਵਾਲ ਨੂੰ ਵਰਤਮਾਨ ਚੋਣਾਂ ਵਿਚ ਉਤਾਰਿਆ ਜਾ ਰਿਹਾ ਹੈ। ਕੇਜਰੀਵਾਲ ਦੀ ਸਿਆਸਤ ਦਾ ਅੰਦਾਜ਼ਾ ਇਥੋਂ ਲਾਇਆ ਜਾ ਸਕਦਾ ਹੈ ਕਿ ਉਹ ਆਪਣੇ ਸਭ ਸਿਆਸੀ ਹਮਸਫਰਾਂ ਨੂੰ ਛੱਡ ਚੁਕਾ ਹੈ। ਜਿਹੋ ਜਿਹਾ ਤਜਰਬਾ ਉਸ ਨੇ ਮੋਦੀ ਦੇ ਖਿਲਾਫ ਖੜ੍ਹਾ ਹੋ ਕੇ ਕੀਤਾ ਸੀ, ਉਹੋ ਜਿਹਾ ਉਹ ਜਰਨੈਲ ਸਿੰਘ (ਲੰਬੀ) ਅਤੇ ਸ਼ੇਰਗਿਲ (ਮਜੀਠਾ) ਰਾਹੀਂ ਕਰਨ ਜਾ ਰਿਹਾ ਹੈ। ਕਿਸੇ ਵੀ ਸਿਧਾਂਤ ਦਾ ਮੁੱਦਈ ਕੇਜਰੀਵਾਲ ਦੀ ਸਿਆਸਤ ਦੇ ਮੇਚ ਨਹੀਂ ਆ ਸਕਦਾ ਅਤੇ 11 ਮਾਰਚ ਤੋਂ ਪਿਛੋਂ ਕੇਜਰੀਵਾਲ ਦੇ ਤਹੂ ਪ੍ਰਸ਼ੰਸਕ, ਉਸ ਦੇ ਖਿਲਾਫ ਭੁਗਤਣ ਲਈ ਮਜਬੂਰ ਹੋ ਜਾਣਗੇ ਕਿਉਂਕਿ ਉਹ ਆਪਣੀ ਸਿਆਸਤ ਵਾਸਤੇ ਵਰਤ ਤਾਂ ਕਿਸੇ ਨੂੰ ਵੀ ਸਕਦਾ ਹੈ, ਪਰ ਨਿਭ ਕਿਸੇ ਨਾਲ ਵੀ ਨਹੀਂ ਸਕਦਾ?
ਮੇਰੀ ਰਾਏ ਹੈ ਕਿ ḔਆਪḔ ਨੂੰ ਦਿੱਲੀ ਦੀ ਸ਼ਾਨਾਂਮੱਤੀ-ਜਿੱਤ ਵੀ ਨੈਸ਼ਨਲ ਪਾਰਟੀ ਨਹੀਂ ਬਣਾ ਸਕੀ। ਪੰਜਾਬ ਰਾਹੀਂ ਜਿਸ ਕਿਸਮ ਦੀ ਨੈਸ਼ਨਲ ਸਿਆਸਤ ਦਾ ਉਹ ਪ੍ਰਤੀਨਿਧ ਹੋਣਾ ਚਾਹੁੰਦਾ ਹੈ, ਉਹ ਸੰਭਵ ਨਹੀਂ ਹੈ ਕਿ ਪੰਜਾਬ ਦੀ ਸਿਆਸਤ, ਕੌਮੀ ਸਿਆਸਤ ਨਾਲ ਸਦਾ ਟਕਰਾਉਂਦੀ ਰਹੀ ਹੈ ਅਤੇ ਅਜਿਹੀ ਸਿਆਸਤ ਨਾਲ ਕੇਜਰੀਵਾਲ ਨਹੀਂ ਨਿਭ ਸਕਦਾ। ਕੇਜਰੀਵਾਲ, ਕੇਂਦਰੀਕਰਣ ਦੀ ਸਿਆਸਤ ਦਾ ਹੀ ਪ੍ਰਤੀਨਿਧ ਹੈ ਅਤੇ ਪੰਜਾਬ ਨੂੰ ਇਹ ਕਦੇ ਰਾਸ ਨਹੀਂ ਆਈ। ਕੇਜਰੀਵਾਲ ਦੀ ਸਿਆਸਤ Ḕਉਤਰ ਕਾਟੋ ਮੈਂ ਚੜ੍ਹਾਂḔ ਦੀ ਸਿਆਸਤ ਹੈ ਜੋ ਸਿਧਾਂਤ ਦੀ ਥਾਂ ਨਾਹਰਿਆਂ ਨਾਲ ਜੁੜੀ ਹੋਈ ਹੈ। ਇਸੇ ਕਰਕੇ ਕੇਜਰੀਵਾਲ, ਆਪਣੀ ਸਿਆਸਤ ਦੇ ਰਾਹ ਦੇ ਰੋੜਿਆਂ ਨਾਲ ਵੀ ਨਿਪਟਦਾ ਆ ਰਿਹਾ ਹੈ। ਛੋਟੇਪੁਰ ਨੂੰ ਕੱਢਣ ਅਤੇ ਸੰਜਯ-ਦੁਰਗੇਸ਼ ਜੋੜੀ ਦੀ ਸਥਾਪਨਾ ਨਾਲ ਇਸ ਦੀ ਪੁਸ਼ਟੀ ਹੋ ਜਾਂਦੀ ਹੈ। ਉਸ ਨੂੰ ਸੰਜੀਦਾ ਅਤੇ ਜੜ੍ਹਾਂ ਵਾਲਾ ਸਿਆਸਤਦਾਨ ਮੂਲੋਂ ਪਸੰਦ ਨਹੀਂ ਹੈ।
ਕੇਜਰੀਵਾਲ ਦੀ ਸਿਆਸਤ ਨੂੰ ਕੈਪਟਨ ਸਾਹਿਬ ਅਤੇ ਬਾਦਲ ਸਾਹਿਬ ਦੀ ਸਿਆਸਤ ਰਾਹੀਂ ਸਮਝਿਆ ਹੀ ਨਹੀਂ ਜਾ ਸਕਦਾ ਅਤੇ ਇਸੇ ਦਾ ਲਾਹਾ ਕੇਜਰੀਵਾਲ ਨੂੰ ਮਿਲ ਰਿਹਾ ਹੈ। ਕਾਂਗਰਸ ਅਤੇ ਅਕਾਲੀਆਂ ਦੀ ਸਿਆਸਤ ਦੇ ਗੁਣ-ਔਗੁਣ ਤੋਂ ਪੰਜਾਬ ਦੇ ਲੋਕ ਜਾਣੂ ਹਨ ਅਤੇ ਇਸ ਮੁਤਾਬਿਕ ਸਿਆਸੀ ਰਾਏ ਵੀ ਬਣਾਉਂਦੇ ਰਹੇ ਹਨ। ਤੀਜੇ ਬਦਲ ਵੀ ਪੰਜਾਬ ਦੀ ਸਿਆਸਤ ਵਿਚ ਪੈਦਾ ਹੁੰਦੇ ਰਹੇ ਹਨ ਪਰ ਕੋਈ ਵੀ ਪੰਜਾਬ ਵਿਚ ਟਿਕ ਨਹੀਂ ਸਕਿਆ। ḔਆਪḔ ਦੇ ਰੂਪ ਵਿਚ ਪੈਦਾ ਹੋਇਆ ਤੀਜਾ ਬਦਲ, ਪਹਿਲੀ ਵਾਰ ਬਾਹਰਲੇ ਸਿਆਸੀ ਬਦਲ ਵਜੋਂ ਆਇਆ ਹੈ। ਪਹਿਲੇ ਬਦਲਾਂ ਦਾ ਰਿਮੋਟ ਕੰਟਰੋਲ ਜੇ ਬਾਹਰੋਂ ਹੁੰਦਾ ਵੀ ਸੀ ਤਾਂ ਲੀਡਰਸ਼ਿਪ ਸਦਾ ਹੀ ਅੰਦਰੋਂ ਹੁੰਦੀ ਸੀ।
ਅਕਾਲੀ ਇਸੇ ਵਿਚੋਂ ਵਾਰਸ ਪਾਰਟੀ ਵਾਂਗ ਸਰਕਾਰ ਬਣਾਉਂਦੇ ਰਹੇ ਹਨ। ਬਾਹਰਲੇ ਦਖਲ ਵਾਲੀ ਸਿਆਸਤ ਨੂੰ ਪੰਜਾਬੀਆਂ ਨੇ ਸਦਾ ਹੀ ਇਕ ਗੁਲਾਮੀ ਤੋਂ ਦੂਜੀ ਗੁਲਾਮੀ ਦਾ ਸ਼ਿਕਾਰ ਹੋ ਜਾਣ ਵਾਂਗ ਲਿਆ ਹੈ। ਇਸੇ ਕਰਕੇ ਪੰਜਾਬੀਆਂ ਨੂੰ ਅੱਗੇ ਲਾ ਕੇ ਪਰਵੇਸ਼ ਕਰਨ ਵਾਲੀ ਤੀਜੇ ਬਦਲ ਦੀ ਸਿਆਸਤ ਸਦਾ ਫੇਲ੍ਹ ਹੁੰਦੀ ਰਹੀ ਹੈ। ਬਾਹਰਲਿਆਂ ਨੂੰ ਅੱਗੇ ਲਾ ਕੇ ਕੇਜਰੀਵਾਲ ਦੀ ਅਗਵਾਈ ਵਿਚ ਪਰਵੇਸ਼ ਕੀਤੀ ਸਿਆਸਤ, ਪੰਜਾਬ ਲਈ ਨਵਾਂ ਤਜਰਬਾ ਹੈ। ਇਸ ਵਿਚ ਬਹੁਤੇ ਸਿਆਸਤਦਾਨਾਂ ਉਹ ਹਨ, ਜੋ ਪੰਜਾਬ ਦੀ ਸਿਆਸਤ ਵਿਚੋਂ ਉਖੜ ਚੁਕੇ ਹਨ। ਬਾਹਰਲੇ ਦਾ ਅੰਦਰਲਾ ਹੋ ਸਕਣ ਦਾ ਟੈਸਟ ਉਦੋਂ ਹੁੰਦਾ ਹੈ, ਜਦੋਂ ਬਾਹਰਲਾ ਹਾਰ ਕੇ ਵੀ ਸਿਆਸੀ ਲੜਾਈ ਅੰਦਰਲਿਆਂ ਵਾਂਗ ਲੜਦਾ ਹੈ। ਕੈਪਟਨ ਅਮਰਿੰਦਰ ਸਿੰਘ ਇਸੇ ਦਾ ਪ੍ਰਤੀਨਿਧ ਹੈ। ḔਆਪḔ ਨੇ ਅਜੇ ਇਸ ਟੈਸਟ ਵਿਚ ਪੈਣਾ ਹੈ ਕਿਉਂਕਿ 2014 ਦੇ ḔਆਪḔ ਦੇ ਹੱਕ ਵਿਚ ਦਿੱਤੇ ਗਏ ਸਿਆਸੀ-ਫਤਵੇ ਦੇ ਅੰਦਰਲੇ ਪ੍ਰਤੀਨਿਧਾਂ ਨੂੰ ਕਿਸ ਨੇ ਨਹੀਂ ਚੱਲਣ ਦਿੱਤਾ, ਇਸ ਦਾ ਉਤਰ ਕੇਜਰੀਵਾਲ ਦੇ ਸਮਰਥਕਾਂ ਨੂੰ ਦੇਣਾ ਪੈਣਾ ਹੈ।
ਕੋਈ ਸ਼ੱਕ ਨਹੀਂ ਕਿ ਕੇਜਰੀਵਾਲ ਦਾ ਪਰਵੇਸ਼ ਪੰਜਾਬ ਦੇ ਸਿਆਸੀ ਮੁੱਦਿਆਂ ਦੇ ਸੰਵਾਦ ਵਾਸਤੇ ਸਪੇਸ ਪੈਦਾ ਕਰਦਾ ਹੈ। ਪਰ ਜਿਸ ਤਰ੍ਹਾਂ ਦੀ ਸੰਜੀਦਗੀ ਦੀ ਸੰਵਾਦ ਵਾਸਤੇ ਲੋੜ ਪੈਂਦੀ ਹੈ, ਉਸ ਵਿਚ ਸਹਾਈ ਹੋਣ ਦੀ ਥਾਂ ਉਸ ਦਾ ਰਸਤਾ ਵੀ ਕੇਜਰੀਵਾਲ ਹੀ ਰੋਕਦਾ ਹੈ। ਮੈਂ ਜਰਨੈਲ ਸਿੰਘ ਨੂੰ ਲੰਬੀ ਵਿਚ ਕੇਜਰੀਵਾਲ ਦੀ ਹਾਜਰੀ ਵਿਚ ਭਾਸ਼ਣ ਦਿੰਦਿਆਂ ਸੁਣਿਆ ਹੈ। ਪਰ ਉਸ ਦੇ ਕਿਸੇ ਵੀ ਵਾਕ ਨੂੰ ਲੈ ਕੇ ਸੰਵਾਦ ਨਹੀਂ ਛੇੜਿਆ ਜਾ ਸਕਦਾ ਅਤੇ ਨਾ ਹੀ ਕੇਜਰੀਵਾਲ ਦੀ ਸਿਆਸਤ ਨੂੰ ਸਮਝਣ ਵਾਸਤੇ ਵਰਤਿਆ ਜਾ ਸਕਦਾ ਹੈ। ਭਗਵੰਤ ਮਾਨ ਕੋਲ ਫਿਕਰੇਬਾਜ਼ੀ ਦੀ ਕਲਾ ਹੈ। ਪਰ ਉਸ ਦਾ ਕੋਈ ਵੀ ਵਾਕ ਸੰਜੀਦਾ ਸਿਆਸਤ ਵਲ ਸੇਧਤ ਨਹੀਂ ਹੁੰਦਾ। ਇਸੇ ਹਾਲਾਤ ਵਿਚ ਮੈਨੂੰ ਪੰਜਾਬ ਦੀ ਸਿਆਸਤ, ਸ਼ੇਰ ਦੀ ਸਵਾਰੀ ਵਾਂਗ ਲੱਗਦੀ ਹੈ। ਸੂਬਾਈ ਸਿਆਸਤ ਦੇ ਇਸ ਦੌਰ ਵਿਚ ਬਾਹਰਲੀ ਸਿਆਸਤ ਦੇ ਮਗਰ ਅੱਖਾਂ ਮੀਟ ਕੇ ਨਹੀਂ ਲਗਣਾ ਚਾਹੀਦਾ।