ਰੱਬ ਬਚਾਏ ਅਜਿਹੀ ਚਰਚਾ ਤੋਂ

ਬਲਜੀਤ ਬਾਸੀ
ਪਿਛਲੇ ਹਫਤੇ ਅਸੀਂ ਜਲੌਰ ਸਿੰਘ ਖੀਵਾ ਦੇ ਲੇਖ ‘ਅੰਗਰੇਜ਼ੀ-ਪੰਜਾਬੀ ਸ਼ਬਦਾਂ ਦੀ ਸੰਬਾਦਿਕਤਾ’ ਵਿਚ ਦਿੱਤੇ ਗਏ ਕੁਝ ਅਜਿਹੇ ਅੰਗਰੇਜ਼ੀ ਤੇ ਪੰਜਾਬੀ ਸ਼ਬਦ ਜੁੱਟਾਂ ਦੀ ਪੜਤਾਲ ਕੀਤੀ ਸੀ ਜਿਨ੍ਹਾਂ ਬਾਰੇ ਉਨ੍ਹਾਂ ਦਾ ਵਿਚਾਰ ਹੈ ਕਿ ਇਨ੍ਹਾਂ ਵਿਚਲੇ ਪੰਜਾਬੀ ਸ਼ਬਦ ਆਪਣੇ ਜੋਟੀਦਾਰ ਅੰਗਰੇਜ਼ੀ ਸ਼ਬਦਾਂ ਤੋਂ ਵਿਗੜ ਕੇ ਬਣੇ ਹਨ।

ਇਹ ਵਰਤਾਰਾ ਉਨ੍ਹਾਂ ਅਨੁਸਾਰ ਪੰਜਾਬ ਵਿਚ ਬਰਤਾਨਵੀ ਸ਼ਾਸਨ ਦੌਰਾਨ ਹੋਇਆ। ਅੱਜ ਅਸੀਂ ਕੁਝ ਰਹਿ ਗਏ ਹੋਰ ਸ਼ਬਦਾਂ ਦੀ ਅਸਲੀਅਤ ਜਾਣਨ ਦੀ ਕੋਸ਼ਿਸ਼ ਕਰਾਂਗੇ। ਛੋਟੇ ਜਿਹੇ ਇਸ ਲੇਖ ਵਿਚ ਵਿਉਤਪਤੀ ਰਾਹੀਂ ਇੰਨੇ ਸਾਰੇ ਸ਼ਬਦਾਂ ਨਾਲ ਨਜਿੱਠਣਾ ਸੰਭਵ ਨਹੀਂ, ਇਸ ਲਈ ਅਸੀਂ ਹੋਰ ਵਿਧੀਆਂ ਵੀ ਅਪਨਾ ਰਹੇ ਹਾਂ। ਉਂਜ ਵੀ ਹਰ ਸ਼ਬਦ ਦੇ ਮੁੱਢ ਬਾਰੇ ਮੈਂ ਬਹੁਤਾ ਨਿਸ਼ਚਿਤ ਨਹੀਂ ਹਾਂ।
ਜਲੌਰ ਸਿੰਘ ਖੀਵਾ ਨੇ ਪੰਜਾਬੀ ਦੇ ਕੁਝ ਮੁਹਾਵਰਿਆਂ ਵਿਚ ਵਰਤੇ ਗਏ ਕੁਝ ਸ਼ਬਦਾਂ ਨੂੰ ਅੰਗਰੇਜ਼ੀ ਤੋਂ ਆਏ ਦੱਸਿਆ ਹੈ। ਹੈਰਾਨੀ ਵਾਲੀ ਗੱਲ ਹੈ ਕਿ ਇਨ੍ਹਾਂ ਵਿਚੋਂ ਅੰਗਰੇਜ਼ੀ ਦੇ ਕਈ ਇਕ ਸ਼ਬਦ ਅੰਗਰੇਜ਼ੀ ਵਿਚ ਵੀ ਆਮ ਬੋਲਚਾਲ ਦੀ ਭਾਸ਼ਾ ਵਿਚ ਨਹੀਂ ਵਰਤੇ ਜਾਂਦੇ, ਫਿਰ ਉਨ੍ਹਾਂ ਦਾ ਪੰਜਾਬੀ ਮੁਹਾਵਰਿਆਂ ਦੇ ਰੂਪ ਵਿਚ ਢਲ ਜਾਣਾ ਅਲੋਕਾਰ ਗੱਲ ਹੀ ਹੈ। ਅਜਿਹੇ ਸ਼ਬਦਾਂ ਵਿਚ ਸਭ ਤੋਂ ਪਹਿਲਾਂ ਲਿਆ ਗਿਆ ਹੈ, ਅੰਗਰੇਜ਼ੀ ਸ਼ਬਦ ਹਰਲ (੍ਹੁਰਲ) ਜਿਸ ਦਾ ਪੰਜਾਬੀ ਵਿਚ ਢੁਕਵਾਂ ਅਰਥ ਹੈ-ਸੁੱਟਣਾ, ਚੁੱਕ ਕੇ ਮਾਰਨਾ, ਨਾ ਕਿ ਖੀਵਾ ਵਲੋਂ ਦੱਸਿਆ ਉਛਾਲਣਾ। ਪੁਰਾਣੀ ਅੰਗਰੇਜ਼ੀ ਵਿਚ ਇਸ ਦਾ ਅਰਥ ਟੱਕਰਨਾ, ਭਿੜਨਾ ਵੀ ਹੁੰਦਾ ਸੀ। ਖੀਵਾ ਅਨੁਸਾਰ ਪੰਜਾਬੀ ਮੁਹਾਵਰੇ ‘ਹਰਲ ਹਰਲ ਕਰਨਾ’ ਵਿਚਲਾ ‘ਹਰਲ’ ਸ਼ਬਦ ਅੰਗਰੇਜ਼ੀ ਵਾਲਾ ਇਹੋ ਹਰਲ ਹੈ। ਉਸ ਦੇ ਸ਼ਬਦਾਂ ਵਿਚ, “ਜਦੋਂ ਕੋਈ ਮੁੰਡਾ ਜਾਂ ਕੁੜੀ ਇਸ ਤਰ੍ਹਾਂ ਦੀ ਹਰਕਤ (ਕਿਰਿਆ) ਕਰੇ (ਅਰਥਾਤ ਉਛਲਦਾ ਫਿਰੇ) ਤਾਂ ਉਸ ਨੂੰ ਟੋਕਿਆ ਜਾਂਦਾ ਹੈ, ਕਿਵੇਂ ਹਰਲ-ਹਰਲ ਕਰਦਾ ਫਿਰਦੈ।” ਅਫਸੋਸ, ਲੇਖਕ ਨੂੰ ਇਸ ਮੁਹਾਵਰੇ ਦੇ ਠੇਠ ਮਾਅਨੇ ਵੀ ਨਹੀਂ ਆਉਂਦੇ। ‘ਹਰਲ ਹਰਲ’ ਇਕ ਦੁਰੁਕਤੀ ਹੈ ਜਿਸ ਦਾ ਅਰਥ ਵੱਡੀ ਗਿਣਤੀ ਵਿਚ ਅਵਾਰਾ ਘੁੰਮਣਾ ਹੈ। ਅੰਗਰੇਜ਼ੀ ਵਿਚ ੍ਹੁਰਲ ਸ਼ਬਦ ਏਨਾ ਨਹੀਂ ਵਰਤਿਆ ਜਾਂਦਾ ਕਿ ਪੰਜਾਬੀਆਂ ਦੇ ਮੂੰਹ ਚੜ੍ਹ ਜਾਵੇ ਤੇ ਉਹ ਵੀ ਮੁਹਾਵਰੇ ਵਿਚ ਢਲ ਕੇ। ਮੇਰਾ ਅਨੁਮਾਨ ਹੈ ਕਿ ਪੰਜਾਬੀ ਹਰਲ ਪਾਣੀ ਦੇ ਵਹਿਣ ਦੀ ਆਵਾਜ਼ ਦੀ ਮਨੁੱਖੀ ਨਕਲ ਹੈ। ਮਰਾਠੀ ਵਿਚ ਇਸ ਸ਼ਬਦ ਦਾ ਅਰਥ ਛੋਟਾ ਨਾਲਾ, ਵਾਹੜਾ ਹੈ ਜੋ ਪਾਣੀ ਦੀ ਆਵਾਜ਼ ਤੋਂ ਬਣਿਆ ਜਾਪਦਾ ਹੈ।
ਅਗਲਾ ਮੁਹਾਵਰਾ ਹੈ ‘ਅਗਰ ਮਗਰ ਕਰਨਾ’ ਜਿਸ ਨੂੰ ਅੰਗਰੇਜ਼ੀ ੍ਹੁਗਗeਰ ੁੰਗਗeਰ ਨਾਲ ਨਰੜ ਦਿੱਤਾ ਗਿਆ ਹੈ। ‘ਅਗਰ ਮਗਰ ਕਰਨਾ’ ਦਾ ਮਤਲਬ ਘੁਸਰ ਮੁਸਰ ਕਰਨਾ ਨਹੀਂ ਜਿਵੇਂ ਲੇਖਕ ਨੇ ਦੱਸਿਆ ਹੈ, ਸਗੋਂ ਹੀਲ ਹੁੱਜਤ ਕਰਨਾ, ਜੱਕੋ ਤੱਕਾ ਕਰਨਾ ਹੈ, ਜਿਸ ਦੇ ਭਾਵ ਨੂੰ ਹੋਰ ਮੁਹਾਵਰੇ ਦੇ ਰੂਪ ਵਿਚ ਦਰਸਾਉਣਾ ਹੋਵੇ ਤਾਂ ‘ਕਿੰਤੂ ਪਰੰਤੂ ਕਰਨਾ’ ਕਹਿ ਸਕਦੇ ਹਾਂ। ਅੰਗਰੇਜ਼ੀ ਵਿਚ ਵੀ ਇਕ ਅਜਿਹਾ ਮੁਹਾਵਰਾ ਹੈ, ‘ਾਸ, ਅਨਦਸ ੋਰ ਬੁਟਸ’। ‘ਅਗਰ ਮਗਰ’ ਦੋਨੋਂ ਸ਼ਬਦ ਦਰਅਸਲ ਫਾਰਸੀ ਦੇ ਹਨ ਜਿਸ ਦੇ ਪਹਿਲੇ ਸ਼ਬਦ ਅਗਰ ਦਾ ਮਤਲਬ ‘ਜੇ, ਜੇਕਰ’ ਅਤੇ ‘ਮਗਰ’ ਦਾ ਮਤਲਬ ਸਿਵਾਏ, ਪਰੰਤੂ ਆਦਿ ਹੈ। ਮਗਰ ਸ਼ਬਦ ‘ਅਗਰ’ ਦੇ ਅੱਗੇ ਮ (ਮ+ਅਗਰ) ਲੱਗ ਕੇ ਬਣਿਆ। ਫਾਰਸੀ ‘ਮ’ ਇਥੇ ਨਾਂਹਸੂਚਕ ਅਗੇਤਰ ਹੈ। ਸੋ ਮਗਰ ਦਾ ਸ਼ਾਬਦਿਕ ਅਰਥ ਹੈ, ‘ਜੇ ਨਾ।’ ਇਸ ਤਰ੍ਹਾਂ ਇਹ ਦੋਨੋਂ ਸ਼ਬਦ ਸਬੰਧਕੀ ਜਾਂ ਯੋਜਕੀ ਪਦ ਹਨ। ਇਹ ਮੁਹਾਵਰਾ ਉਰਦੂ ਵਿਚ ਬਣਿਆ ਤੇ ਹੋਰ ਭਾਰਤੀ ਭਾਸ਼ਾਵਾਂ ਵਿਚ ਗਿਆ। ਮੇਰਾ ਖਿਆਲ ਹੈ, ਕੋਈ ਥੋੜਾ ਪੜ੍ਹਿਆ ਵੀ ਇਨ੍ਹਾਂ ਸ਼ਬਦਾਂ ਦੇ ਅਰਥ ਸਮਝਦਾ ਹੈ ਪਰ ਜਲੌਰ ਸਿੰਘ ਨੇ ਇਸ ਨੂੰ ਅੰਗਰੇਜ਼ੀ ਦਰੁਕਤੀ ੍ਹੁਗਗeਰ ੁੰਗਗeਰ ਤੋਂ ਬਣਿਆ ਗਰਦਾਨ ਦਿੱਤਾ ਹੈ। ਅੰਗਰੇਜ਼ੀ ਦੀ ਇਸ ਦਰੁਕਤੀ ਦਾ ਭਾਵ ਉਘੜ ਦੁਘੜਾ, ਬੇਸਿਰ ਪੈਰ; ਅੰਦਰਖਾਤੇ ਆਦਿ ਜਿਹਾ ਹੁੰਦਾ ਹੈ।
ਸ਼ ਖੀਵਾ ਅਨੁਸਾਰ ਅੰਗਰੇਜ਼ੀ ੍ਹੁਰਲੇ ਭੁਰਲੇ ਪੰਜਾਬੀ ਹੁੱਲੜਬਾਜ਼ੀ ਦਾ ਰੂਪ ਧਾਰ ਗਿਆ ਹੈ। ਪੰਜਾਬੀ ਹੁੱਲੜਬਾਜ਼ੀ ‘ਹੁੱਲੜ+ਬਾਜ਼ੀ’ ਤੋਂ ਬਣਿਆ ਹੈ ਜਿਸ ਵਿਚ ਹੁੱਲੜ ਦਾ ਅਰਥ ਹੜ੍ਹ, ਪ੍ਰਵਾਹ; ਹੱਲਾ ਗੁੱਲਾ, ਹਲਚਲ ਹੈ। ਇਸ ਬਾਰੇ ਇੰਨਾ ਕਹਿਣਾ ਹੀ ਕਾਫੀ ਹੈ ਕਿ ਇਹ ਸ਼ਬਦ ਭਾਈ ਗੁਰਦਾਸ ਦੀ ਇਕ ਵਾਰ ਵਿਚ ਇਸ ਤਰ੍ਹਾਂ ਆਇਆ ਹੈ,
ਬੂੰਦ ਲਖ ਪਰਵਾਹਿ ਹੁਲੜ ਵਾਣੀਐ।
ਗੁਰਮੁਖਿ ਸਿਫਤਿ ਸਲਾਹ ਅਕਥ ਕਹਾਣੀਐ।
ਅਰਥਾਤ ਜਿਵੇਂ ਇਕ ਬੂੰਦ ਤੋਂ ਲੱਖ ਪਰਵਾਹ ਅਤੇ ਸ਼ੋਰ ਮਚਾਉਂਦੀਆਂ ਨਦੀਆਂ ਬਣ ਜਾਂਦੀਆਂ ਹਨ, ਇਸੇ ਤਰ੍ਹਾਂ ਗੁਰੂ ਦੀ ਸਿਫਤ ਅਕੱਥ ਹੋ ਜਾਂਦੀ ਹੈ। ਭਾਈ ਗੁਰਦਾਸ ਦੇ ਵੇਲੇ ਅੰਗਰੇਜ਼ ਪੰਜਾਬੇ ਨਹੀਂ ਸੀ ਆਏ। ਬਾਜ਼ੀ ਫਾਰਸੀ ਸ਼ਬਦ ਹੈ ਜਿਸ ਦਾ ਅਰਥ ਖੇਡ ਤਮਾਸ਼ਾ ਹੁੰਦਾ ਹੈ। ਇਹ ਪਿਛੇਤਰ ਵਜੋਂ ਵੀ ਵਰਤਿਆ ਜਾਂਦਾ ਹੈ।
ਸ਼ ਖੀਵਾ ਅਨੁਸਾਰ ਕੁੰਡੀਆਂ ਮੁੱਛਾਂ ਦੇ ਅਰਥਾਂ ਵਾਲਾ ਅੰਗਰੇਜ਼ੀ ਸ਼ਬਦ ਛੁਰਲeਦ ਬeਅਰਦ ਪੰਜਾਬੀ ਵਿਚ ‘ਕਰੜ ਬਰੜੀ ਦਾੜ੍ਹੀ’ ਬਣ ਗਿਆ। ਕਰੜ ਬਰੜੀ ਦਾੜ੍ਹੀ ਆਮ ਤੌਰ ‘ਤੇ ਚਿੱਟੀ-ਕਾਲੀ ਦਾੜ੍ਹੀ ਨੂੰ ਕਹਿੰਦੇ ਹਨ। ਪਰ ਕਿਧਰੇ ਕਿਧਰੇ ਇਸ ਤੋਂ ਭਾਵ ਘਟ ਕੱਟੀ ਦਾੜ੍ਹੀ ਵੀ ਹੈ ਜੋ ਹੱਥ ਫੇਰਨ ‘ਤੇ ਚੁਭਦੀ ਹੈ। ਸੰਭਵ ਹੈ, ਇਥੇ ਕਰੜ ਸ਼ਬਦ ਵਿਚ ਸੱਜਰੀ ਬਿਜਾਈ ਉਪਰੰਤ ਛੇਤੀ ਮੀਂਹ ਪੈਣ ਨਾਲ ਕਰੜੀ ਹੋਈ ਧਰਤੀ ਵੱਲ ਸੰਕੇਤ ਹੋਵੇ। ਉਂਜ ਕਰੜਾ ਸ਼ਬਦ ਵਿਚ ਪਕਿਆਈ ਦਾ ਭਾਵ ਵੀ ਹੈ ਜਿਸ ਨੂੰ ਉਮਰ ਦੀ ਪਕਿਆਈ ਨਾਲ ਜੋੜ ਕੇ ਸਮਝਿਆ ਜਾ ਸਕਦਾ ਹੈ। ਸਾਡੀ ਭਾਸ਼ਾ ਵਿਚ ਇਕ ḔਕਰੜਝੋਟḔ ਸ਼ਬਦ ਵੀ ਹੈ ਜੋ ਕਾਲੀ-ਚਿੱਟੀ ਦਾੜ੍ਹੀ ਅਤੇ ਮੋਟੇ ਜੁੱਸੇ ਵਾਲੇ ਬੰਦੇ ਲਈ ਵਰਤਿਆ ਜਾਂਦਾ ਹੈ। ਅੰਗਰੇਜ਼ੀ ਵਿਚ ‘ਕਰੜ ਬਰੜੀ ਦਾੜ੍ਹੀ’ ਲਈ ੰਅਲਟ ਅਨਦ ਪeਪਪeਰ ਦੀ ਉਕਤੀ ਵੀ ਵਰਤੀ ਜਾਂਦੀ ਹੈ।
ਹੰਝੂਆਂ ਨੂੰ ਆਮ ਤੌਰ ‘ਤੇ ਮੋਤੀਆਂ ਨਾਲ ਤੁਲਨਾ ਦਿੱਤੀ ਜਾਂਦੀ ਹੈ। ਖੀਵਾ ਦੀ ਉਚਤਮ ਕਲਪਨਾ ਅਨੁਸਾਰ ਇਸ ਖਿਆਲ ਤੋਂ ਮੋਤੀ ਦੇ ਅਰਥ ਵਾਲਾ ਅੰਗਰੇਜ਼ੀ ਫeਅਰਲ ਪੰਜਾਬੀ ਵਿਚ ਅੱਖਾਂ ਦੇ ‘ਪਰਲ ਪਰਲ’ ਵਹਿਣਾ ਵਿਚ ਜਾ ਵੜਿਆ ਹੈ। ਇੱਥੇ ਇੰਨਾ ਦੱਸ ਦੇਈਏ ਕਿ ਪੰਜਾਬੀ ਦੇ ਜਿਸ ਸ਼ਬਦ ਦੇ ਅੰਤ ਵਿਚ ‘ਰਲ’ ਜਿਵੇਂ ਪਰਲ, ਹਰਲ, ਘਰਲ ਆਦਿ ਆਵੇ, ਉਸ ਸ਼ਬਦ ਵਿਚ ਲਿਖੇ ਜਾਂਦੇ ḔਰḔ ਨੂੰ ਅਸੀਂ ਪੰਜਾਬੀ ਆਮ ਤੌਰ ‘ਤੇ ḔਰḔ ਧੁਨੀ ਵਾਂਗ ਪੂਰੀ ਤਰ੍ਹਾਂ ਨਹੀਂ ਉਚਾਰਦੇ। ਅਰਥਾਤ ਰ ਜਾਂ ੜ ਬੋਲਣ ਸਮੇਂ ਉਪਰ ਨੂੰ ਉਠਾਈ ਜੀਭ ਤਾਲੂ ਨਾਲ ਉਲਟੀ ਹੋ ਕੇ ਲਗਦੀ ਹੈ ਅਤੇ ਲ ਵੀ ਲ਼ ਦੀ ਤਰ੍ਹਾਂ ਉਚਾਰਿਆ ਜਾਂਦਾ ਹੈ। ਵਾਸਤਵ ਵਿਚ ‘ਪਰਲ ਪਰਲ’ ਕੁਝ Ḕਪੱਲ਼ਲ਼ ਪੱਲ਼ਲ਼’ ਦੀ ਤਰ੍ਹਾਂ ਉਚਾਰਿਆ ਜਾਂਦਾ ਹੈ। ‘ਇਹ ਸ਼ਬਦ ਜੁੱਟ ਮੈਨੂੰ ਹਰਲ ਹਰਲ, ਗਰਲ ਗਰਲ, ਕਲ ਕਲ, ਘਰਲ ਘਰਲ ਦੀ ਤਰ੍ਹਾਂ ਵਗ ਰਹੇ ਪਾਣੀ ਦੀ ਆਵਾਜ਼ ਦਾ ਅਨੁਕਰਣਕ ਜਾਪਦਾ ਹੈ।
ਜਨਾਬ ਖੀਵਾ ਨੇ ਪੰਜਾਬੀ ਸ਼ਬਦ ਲੀਚੜ ਅੰਗਰੇਜ਼ੀ æਡਿਅਰਦ (ਕਿਰਲੀ) ਤੋਂ ਬਣਿਆ ਫਰਮਾਇਆ ਹੈ ਕਿਉਂਕਿ ਲੀਚੜ ਆਦਮੀ ਕਿਰਲੀ ਦੀ ਤਰ੍ਹਾਂ ਚਿਪਕਿਆ ਰਹਿੰਦਾ ਹੈ। ਕੀ ਅੰਗਰੇਜ਼ ਪੰਜਾਬੀ ਲੋਕਾਂ ਅੱਗੇ ਆਮ ਹੀ ਲਿਜ਼ਰਡ ਸ਼ਬਦ ਬੋਲਦੇ ਰਹਿੰਦੇ ਸਨ ਕਿ ਪੰਜਾਬੀਆਂ ਨੂੰ ਲੀਚੜ ਆਦਮੀ ਲਈ ਇਸ ਤੋਂ ਸ਼ਬਦ ਬਣਾਉਣਾ ਪਿਆ? ਨਾਲੇ ਇਹ ਸ਼ਬਦ ਪੰਜਾਬੀ ਵਿਚ ਹੀ ਨਹੀਂ, ਹਿੰਦੀ ਤੇ ਇਸ ਦੀਆਂ ਉਪਬੋਲੀਆਂ ਵਿਚ ਵੀ ਪ੍ਰਚਲਿਤ ਹੈ। ਜੇ ਇਸ ਨੂੰ ਅੰਗਰੇਜ਼ੀ æeeਚਹ (ਜੋਕ) ਤੋਂ ਬਣਿਆ ਦੱਸਿਆ ਹੁੰਦਾ ਤਾਂ ਗੱਲ ਕੁਝ ਤਰਕਸੰਗਤ ਜਾਪਦੀ ਕਿਉਂਕਿ ਇਸ ਨਾਲ ਧੁਨੀ ਤੇ ਅਰਥਾਂ ਦੀ ਕਾਫੀ ਸਾਂਝ ਹੈ। ਕੁਝ ਸਰੋਤਾਂ ਨੇ ਲੀਚੜ ਸ਼ਬਦ ਲੀਚ ਤੋਂ ਹੀ ਬਣਿਆ ਦੱਸਿਆ ਹੈ। ਚੁੰਬੜੇ ਜਾਣ ਵਾਲੇ ਸ਼ਖਸ ਲਈ ਜੋਕ ਸ਼ਬਦ ਵਰਤਿਆ ਜਾਂਦਾ ਹੈ। ਸੰਭਵ ਹੈ, ਲੀਚੜ ਨੀਚ ਤੋਂ ਬਣਿਆ ਹੋਵੇ ਜਾਂ ਚੀਪ ਤੋਂ, ਜਿਵੇਂ ਚੀਪੜ। ਖੀਵਾ ਦੀ ਦੂਰਦਿਸ਼੍ਰਟੀ ਅਨੁਸਾਰ ਅੰਗਰੇਜ਼ੀ ਸ਼ਬਦ ੍ਰੋਅਸਟਰੇ ਪੰਜਾਬੀ ਰੋਟੀ ਤੋਂ ਬਣਿਆ ਹੈ। ਅੰਗਰੇਜ਼ੀ ਰੋਸਟਰੀ ਸ਼ਬਦ ਬਹੁਤ ਪੁਰਾਣਾ ਨਹੀਂ। ਇਹ ਕੌਫੀ ਦੀਆਂ ਫਲੀਆਂ ਰਾੜ੍ਹਨ ਵਾਲੀ ਜਗ੍ਹਾ ਨੂੰ ਆਖਦੇ ਹਨ। ਇਹ ਅੰਗਰੇਜ਼ੀ ੍ਰੋਅਸਟ ਤੋਂ ਬਣਿਆ ਹੈ ਜਦਕਿ ਰੋਟੀ ਸਾਡਾ ਬਹੁਤ ਪੁਰਾਣਾ ਸ਼ਬਦ ਹੈ। ਇਸ ਦਾ ਤੇਰ੍ਹਵੀਂ ਸਦੀ ਦੇ ਬਾਬਾ ਸ਼ੇਖ ਫਰੀਦ ਨੇ ਵੀ ਜ਼ਿਕਰ ਕੀਤਾ ਹੈ, ‘ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ॥’ ਖਿਆਲ ਕੀਤਾ ਜਾਂਦਾ ਹੈ ਕਿ ਰੋਟੀ ਵਿਚ ਗੋਲਾਈ ਦਾ ਭਾਵ ਹੋਣ ਕਰਕੇ ਇਸ ਦਾ ਅੰਗਰੇਜ਼ੀ ਰੋਟੇਸ਼ਨ ਨਾਲ ਸੁਜਾਤੀ ਸਬੰਧ ਹੈ।
ਫੋਲਲੁਟਿਨ ਸ਼ਬਦ ਤੋਂ ਪ੍ਰਦੂਸ਼ਣ ਸ਼ਬਦ ਬਣਿਆ ਦੱਸਿਆ ਗਿਆ ਹੈ। ਵਾਤਾਵਰਣ ਦੂਸ਼ਿਤ ਹੋਣ ਦੇ ਅਰਥਾਂ ਵਾਲੇ ਪ੍ਰਦੂਸ਼ਣ ਸ਼ਬਦ ਦਾ ਪੋਲਿਊਸ਼ਨ ਨਾਲ ਕੋਈ ਵੀ ਵਿਉਤਪਤੀਮੂਲਕ ਸਬੰਧ ਨਹੀਂ। ਇਹ ਸ਼ਬਦ ਤਕਨੀਕੀ ਤੌਰ ‘ਤੇ ਬਣਾਇਆ ਗਿਆ ਹੈ, Ḕਪ੍ਰḔ ਅਗੇਤਰ ਦੇ ਅੱਗੇ ਦੂਸ਼ਨ ਲਾ ਕੇ (ਪ੍ਰਾ+ਦੂਸ਼ਨ)। ਪੁਰਾਣੀਆਂ ਲਿਖਤਾਂ ਵਿਚ ਪ੍ਰਦੂਸ਼ਣ ਸ਼ਬਦ ਨਹੀਂ ਮਿਲਦਾ। ਹਾਂ, ਦੂਸ਼ਣ ਜਾਂ ਵਿਦੂਸ਼ਣ ਜ਼ਰੂਰ ਹੈ। ਅੰਗਰੇਜ਼ੀ ਵਿਚ ਵੀ ਵਾਤਾਵਰਣ ਦੇ ਪ੍ਰਸੰਗ ਵਿਚ ਪੋਲਿਊਸ਼ਨ ਦੇ ਅਜੋਕੇ ਭਾਵ ਵੀਹਵੀਂ ਸਦੀ ਦੇ ਅੱਧ ਵਿਚ ਸਾਹਮਣੇ ਆਏ, ਜਦੋਂ ਅੰਗਰੇਜ਼ ਭਾਰਤ ਛੱਡ ਚੁਕੇ ਸਨ। ਪਹਿਲਾਂ ਇਸ ਸ਼ਬਦ ਵਿਚ ਬਹੁਤਾ ਅਪਵਿੱਤਰ ਹੋਣ, ਗੰਦਾ ਹੋਣ ਦੇ ਭਾਵ ਸਨ। ਸ਼ ਖੀਵਾ ਦਾ ਖਿਆਲ ਹੈ ਕਿ ਪੰਜਾਬੀ ਗੈਬ ਵੀ ਅੰਗਰੇਜ਼ੀ ਗੈਪ ਦਾ ਬਦਲਿਆ ਰੂਪ ਹੈ। ਪੰਜਾਬੀ ਗੈਬ ਅਰਬੀ ਗ਼ੈਬ ਦਾ ਪੰਜਾਬੀ ਰੁਪਾਂਤਰ ਹੈ ਜੋ ਗ਼ਾਇਬ ਦਾ ਬਹੁਵਚਨ ਹੈ। ਇਸ ਦਾ ਅਰਥ ਹੈ-ਗੁਪਤ, ਅਲੋਪ, ‘ਅਲਹੁ ਗੈਬ ਸਗਲ ਘਟ ਭੀਤਰਿ ਹਿਰਦੈ ਲੇਹੁ ਬਿਚਾਰੀ॥’ (ਭਗਤ ਕਬੀਰ)। ਇਸ ਸ਼ਬਦ ਵਿਚ ਇਲਾਹੀ, ਦੈਵੀ ਦੇ ਭਾਵ ਵੀ ਆ ਗਏ ਹਨ। ਅੰਗਰੇਜ਼ੀ ਗੈਪ ਦਾ ਅਰਥ ਖੱਪਾ; ਅੰਤਰ, ਫਰਕ, ਦੂਰੀ ਹੁੰਦਾ ਹੈ। ਦੋਹਾਂ ਸ਼ਬਦਾਂ ਵਿਚ ਜ਼ਮੀਨ-ਅਸਮਾਨ ਦਾ ਫਰਕ ਹੈ।
ਇਹ ਪੜ੍ਹਦਿਆਂ ਬੰਦਾ ਸ਼ ਖੀਵਾ ਦੀ ਲਿਆਕਤ ਬਾਰੇ ਸ਼ਸ਼ੋਪੰਜ ਵਿਚ ਹੀ ਪੈ ਜਾਂਦਾ ਹੈ ਕਿ ਅੰਗਰੇਜ਼ੀ ਸਸਪੈਂਸ (ੁੰਸਪeਨਸe) ਤੋਂ ਪੰਜਾਬੀ ਸ਼ਸ਼ੋਪੰਜ ਬਣਿਆ ਹੈ। ਸ਼ਸ਼ੋਪੰਜ ਮੁਢਲੇ ਤੌਰ ‘ਤੇ ਫਾਰਸੀ ਸ਼ਬਦ ਹੈ ਜੋ ਸ਼ਸ਼ (ਛੇ)+ਓ (ਅਤੇ)+ਪੰਜ (ਪੰਜ) ਤੋਂ ਬਣਿਆ ਹੈ। ਸ਼ਾਬਦਿਕ ਅਰਥ ਹੋਇਆ ‘ਛੇ ਪੰਜ’ ਵਿਚ ਪੈਣਾ ਅਰਥਾਤ ਗਿਣਤੀਆਂ-ਮਿਣਤੀਆਂ ਵਿਚ ਪੈਣਾ। ਬੰਜਰ ਜਿਹੇ ਅਰਥਾਂ ਵਾਲੇ ਬਰਾਨੀ ਸ਼ਬਦ ਪਿਛੇ ਖੀਵਾ ਸਾਹਿਬ ਨੂੰ ਅੰਗਰੇਜ਼ੀ ਭਅਰਰeਨ ਸ਼ਬਦ ਸਰਗਰਮ ਨਜ਼ਰ ਆਉਂਦਾ ਹੈ ਪਰ ਵਾਸਤਵ ਵਿਚ ਅਜਿਹਾ ਨਹੀਂ ਹੈ। ਪਟਵਾਰੀਆਂ ਦੀ ਭਾਸ਼ਾ ਵਿਚ ‘ਉਹ ਧਰਤੀ, ਜਿਥੇ ਵਾਹੀ ਸਿਰਫ ਮੀਂਹ ਦੇ ਆਸਰੇ ਹੁੰਦੀ ਹੈ।’ ਫਾਰਸੀ ਬਾਰਾਨੀ ਸ਼ਬਦ ਬਾਰਸ਼ ਨਾਲ ਸਬੰਧਤ ਹੈ। ਇਹ ਸ਼ਬਦ ਬਾਰਸ਼ ਅਤੇ ਬਾਰਾਂ ਦਾ ਸੁਜਾਤੀ ਹੈ। ਇਸ ਦਾ ਸਬੰਧ ਵੀਰਾਨ ਨਾਲ ਵੀ ਨਹੀਂ ਹੈ।
ਲੇਖ ਦੇ ਅਖੀਰ ਵਿਚ ਲੇਖਕ ਦਾ ਬਿਆਨ ਹੈ, “ਚਰਚਾ ਸਿਰਫ ਸੰਕੇਤ ਮਾਤਰ ਹੈ ਜੋ ਵਿਸਥਾਰ-ਪੂਰਵਕ ਖੋਜ ਤੇ ਵਿਸ਼ਲੇਸ਼ਣ ਦੀ ਮੰਗ ਕਰਦੀ ਹੈ।” ਅਜਿਹੀ ਬੇਥਵੀ, ਕਚਘਰੜ, ਗਿਆਨ-ਵਿਹੂਣੀ ਚਰਚਾ ਕੀਤੀ ਜਾਵੇ ਤਾਂ ਹੋਰ ਕੀ ਗੁੱਲ ਖਿਲਣਗੇ! ਰੱਬ ਬਚਾਏ ਅਜਿਹੀ ਚਰਚਾ ਤੋਂ।