ਕੀ ਅਸੀਂ ਗੁਰਪੁਰਬਾਂ ‘ਤੇ ਸਿਰਫ ਵਧਾਈਆਂ ਦੇਣ ਜੋਗੇ ਹੀ ਰਹਿ ਗਏ ਹਾਂ?

ਜਸਵੰਤ ਸਿੰਘ ਸ਼ਾਦ
ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਦਿਹਾੜਾ ਸਿੱਖ ਕੌਮ ਨੇ ਬੜੇ ਉਤਸ਼ਾਹ ਨਾਲ ਮਨਾਇਆ। ਸੋਸ਼ਲ ਮੀਡੀਏ ਉਤੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਰਿਹਾ। ਬਣੇ ਬਣਾਏ ਮੈਸੇਜ ਅੱਗੇ ਤੋਂ ਅੱਗੇ ਸ਼ੇਅਰ ਕੀਤੇ ਗਏ। ਕੀ ਅਸੀਂ ਸੱਚਮੁੱਚ ਗੁਰੂ ਨਾਲ ਇੰਨਾ ਪਿਆਰ ਕਰਦੇ ਹਾਂ? ਅੱਜ ਗੁਰੂ ਇਤਿਹਾਸ ਨਾਲ ਸਬੰਧਤ ਨਿਸ਼ਾਨੀਆਂ ਤੇ ਇਮਾਰਤਾਂ ਨੂੰ ਸਾਡੀਆਂ ਅੱਖਾਂ ਦੇ ਸਾਹਮਣੇ ਖਤਮ ਕੀਤਾ ਜਾ ਰਿਹਾ ਹੈ। ਜੇ ਗੁਰੂ ਨਾਲ ਇੰਨਾ ਪਿਆਰ ਹੈ ਤਾਂ ਅਸੀਂ ਬੋਲਦੇ ਕਿਉਂ ਨਹੀਂ?

ਚੁੱਪਚਾਪ ਇਤਿਹਾਸ ਤਬਾਹ ਹੁੰਦਾ ਕਿਉਂ ਦੇਖ ਰਹੇ ਹਾਂ? ਕੀ ਸਾਨੂੰ ਪਤਾ ਹੀ ਨਹੀਂ ਕਿ ਸਾਡਾ ਵਿਰਸਾ ਤਬਾਹ ਕੀਤਾ ਜਾ ਰਿਹਾ ਹੈ? ਜਾਂ ਸਾਨੂੰ ਵਿਰਸੇ ਦੀ ਅਹਿਮੀਅਤ ਦਾ ਪਤਾ ਨਹੀਂ ਹੈ? ਜੇ ਸਿਰਫ ਦਸ਼ਮੇਸ਼ ਪਿਤਾ ਨਾਲ ਸਬੰਧਤ ਇਤਿਹਾਸਕ ਨਿਸ਼ਾਨੀਆਂ ਦੀ ਹੀ ਗੱਲ ਕਰ ਲਈਏ ਤਾਂ ਕੀ ਕੋਈ ਦੱਸ ਸਕਦਾ ਹੈ ਕਿ ਦਸਮ ਪਿਤਾ ਦੇ ਬਣਾਏ ਪੰਜ ਕਿਲਿਆਂ ਦੀ ਅੱਜ ਕੀ ਹਾਲਤ ਹੈ?
ਤਿੰਨ ਚਾਰ ਦਹਾਕੇ ਪਹਿਲਾਂ ਮੌਜੂਦ ਠੰਡਾ ਬੁਰਜ ਤੇ ਕੱਚੀ ਗੜ੍ਹੀ ਅਲੋਪ ਕਿਵੇਂ ਹੋ ਗਏ? ਪੰਜ ਸੱਤ ਸਦੀਆਂ ਪਹਿਲਾਂ ਬਣੇ ਮੁਗਲ ਵੇਲੇ ਦੇ ਕਿਲੇ ਤੇ ਇਮਾਰਤਾਂ ਜੇ ਅੱਜ ਵੀ ਜਿਉਂ ਦੇ ਤਿਉਂ ਖੜ੍ਹੇ ਹਨ ਤਾਂ ਸਾਡੀ ਵਿਰਾਸਤ ਨੂੰ ਕੌਣ ਖਾ ਗਿਆ? ਕੌਣ ਹੈ, ਜੋ ਚੁਣ ਚੁਣ ਕੇ ਸਾਡੀ ਵਿਰਾਸਤ ਨੂੰ ਢਹਿ ਢੇਰੀ ਕਰ ਰਿਹਾ ਹੈ? ਅਸੀਂ ਇਸ ਨੂੰ ਬਚਾਉਣ ਲਈ ਕੀ ਕਰ ਸਕਦੇ ਹਾਂ? ਜ਼ਰੂਰ ਸੋਚੀਏ। ਘੱਟੋ ਘੱਟ ਇੰਨਾ ਹੀ ਪਤਾ ਕਰ ਲਈਏ ਕਿ ਸਾਡੀ ਕਿਹੜੀ ਕਿਹੜੀ ਵਿਰਾਸਤੀ ਨਿਸ਼ਾਨੀ ਤਬਾਹ ਕੀਤੀ ਜਾ ਚੁੱਕੀ ਹੈ? ਜ਼ਿਕਰਯੋਗ ਹੈ ਕਿ ਦਰਜਨਾਂ ਇਤਿਹਾਸਕ ਨਿਸ਼ਾਨੀਆਂ ਕਾਰ ਸੇਵਾ ਵਾਲੇ ਬਾਬਿਆਂ ਨੇ ਗੁਰਦੁਆਰੇ ਵੱਡੇ ਕਰਨ ਦੇ ਬਹਾਨੇ ਖਤਮ ਕਰ ਦਿੱਤੀਆਂ ਹਨ। ਜਿੱਦਣ ਅਸੀਂ ਇਹ ਸੋਚਣਾ ਸ਼ੁਰੂ ਕਰ ਦਿੱਤਾ, ਸਮਝ ਲੈਣਾ ਸਾਨੂੰ ਗੁਰੂ ਨਾਲ ਪਿਆਰ ਹੈ, ਕਿਉਂਕਿ ਨਿਸ਼ਾਨੀਆਂ ਪਿਆਰਿਆਂ ਦੀਆਂ ਹੀ ਸਾਂਭ ਕੇ ਰੱਖੀਆਂ ਜਾਂਦੀਆਂ ਹਨ। ਵਰਨਾ ਵਧਾਈਆਂ ਦੇ ਸੰਦੇਸ਼ ਇੱਕ ਰਸਮ ਤੋਂ ਵੱਧ ਕੁਝ ਵੀ ਨਹੀਂ।
ਆਲੀਸ਼ਾਨ ਗੁਰਦੁਆਰੇ ਬਣਾਉਣ ਦੇ ਨਾਂ ‘ਤੇ ਇਤਿਹਾਸਕ ਨਿਸ਼ਾਨੀਆਂ ਨੂੰ ਖਤਮ ਕਰਨਾ ਤਬਾਹਕੁਨ ਰੁਝਾਨ ਹੈ। ਦੁੱਖ ਇਸ ਗੱਲ ਦਾ ਨਹੀਂ ਕਿ ਇਹ ਤਬਾਹੀ ਹੋ ਰਹੀ ਹੈ, ਜ਼ਿਆਦਾ ਦੁੱਖ ਇਸ ਗੱਲ ਦਾ ਹੈ ਕਿ ਸਿੱਖ ਇਸ ਗੱਲੋਂ ਅਣਜਾਣ ਹਨ ਕਿ ਉਨ੍ਹਾਂ ਦਾ ਸਭ ਕੁਝ ਤਬਾਹ ਕੀਤਾ ਜਾ ਰਿਹਾ ਹੈ। ਇਤਿਹਾਸ ਦੇ ਨਾਲ ਨਾਲ ਅਸੀਂ ਗੁਰੂ ਦੇ ਫਲਸਫੇ ਤੋਂ ਵੀ ਟੁੱਟ ਚੁੱਕੇ ਹਾਂ। ਗੁਰੂ ਸਾਹਿਬ ਸਮਾਜਿਕ ਬਰਾਬਰੀ ਦੇ ਹੱਕ ਵਿਚ ਤੇ ਜ਼ੁਲਮ ਦੇ ਖਿਲਾਫ ਡੱਟ ਕੇ ਖੜੇ, ਜ਼ੁਲਮ ਦੇ ਖਿਲਾਫ ਆਪਣਾ ਸਰਬੰਸ ਤੱਕ ਵਾਰ ਦਿੱਤਾ। ਅੱਜ ਕਿੰਨੇ ਕੁ ਸਿੱਖ ਹਨ, ਜਿਹੜੇ ਜ਼ੁਲਮ ਦੇ ਖਿਲਾਫ ਬੋਲਣ ਜਾਂ ਖੜ੍ਹਨ ਦੀ ਜ਼ੁਰਅਤ ਰੱਖਦੇ ਹਨ?
ਜਿਸ ਦਸਮ ਪਿਤਾ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ, ਉਸ ਪਿਤਾ ਨੇ ਜਾਤ-ਪਾਤ ਤੇ ਮਨੁੱਖਤਾ ਵਿਚ ਪਈਆਂ ਵੰਡੀਆਂ ਮੁੱਢੋਂ ਨਕਾਰ ਕੇ ਪਰਮ ਮਨੁੱਖ (ਖਾਲਸੇ) ਦੀ ਸਿਰਜਣਾ ਕੀਤੀ ਸੀ। ਅੱਜ ਕਿੰਨੇ ਕੁ ਸਿੱਖ ਹਨ ਜਿਹੜੇ ਜਾਤ-ਪਾਤ ਨੂੰ ਖਤਮ ਕਰਨ ਲਈ ਕੋਸ਼ਿਸ਼ਾਂ ਕਰ ਰਹੇ ਹਨ। ਕੀ ਵਧਾਈਆਂ ਦੇਣ ਵਾਲੇ ਸਾਰੇ ਗੁਰੂ ਦੇ ਇਸ ਫਲਸਫੇ ਉਤੇ ਪਹਿਰਾ ਦਿੰਦੇ ਹਨ? ਜੇ ਨਹੀਂ ਤਾਂ ਫਿਰ ਕੀ ਉਹ ਦੱਸ ਸਕਦੇ ਹਨ ਕਿ ਵਧਾਈ ਦੇਣਾ ਉਨ੍ਹਾਂ ਲਈ ਸਿਰਫ ਇੱਕ ਰਸਮ ਬਣ ਕੇ ਹੀ ਕਿਉਂ ਰਹਿ ਗਿਆ? ਬ੍ਰਾਹਮਣਵਾਦੀ ਜਾਤ-ਪਾਤ ਦਾ ਕੋਹੜ ਖਤਮ ਕਰਨ ਲਈ ਗੁਰੂ ਸਾਹਿਬ ਨੇ ਇੱਕੋ ਬਾਟੇ ਅੰਮ੍ਰਿਤ ਛਕਾ ਕੇ ਸਿੱਖ ਦੀ ਜ਼ਾਤ-ਕੁੱਲ ਖਤਮ ਕਰਕੇ ਖਾਲਸਾ ਬਣਾਇਆ। ਅੱਜ ਕਿੰਨੇ ਕੁ ਅਮ੍ਰਿਤਧਾਰੀ ਸਿੰਘ ਹਨ ਜੋ ਇਸ ਕੋਹੜ ਤੋਂ ਬਚ ਸਕੇ ਹਨ?
ਅੱਜ ਡੇਰਾਵਾਦ ਰਾਹੀਂ ਸਿੱਖ ਨੂੰ ਗੁਰੂ ਨਾਲੋਂ ਤੋੜ ਕੇ ਦੇਹਧਾਰੀ ਪਖੰਡੀਆਂ ਨਾਲ ਜੋੜਿਆ ਜਾ ਰਿਹਾ ਹੈ। ਗੁਰੂ ਨਾਲੋਂ ਟੁੱਟਾ ਤੇ ਕਿਸੇ ਦੇਹਧਾਰੀ ਨੂੰ ਰੱਬ ਮੰਨਣ ਵਾਲਾ ਅਖੌਤੀ ਸਿੱਖ ਕਿਹੜੇ ਮੂੰਹ ਨਾਲ ਵਧਾਈ ਦੇਵੇਗਾ! ਭੁੱਚੋ ਮੰਡੀ ਵਾਲੇ ਡੇਰੇ ਦੇ ਨਾਮ ਨਾਲ ਜਾਣੇ ਜਾਂਦੇ ਇੱਕ ਡੇਰੇ ਵਿਚ ਸ਼ੱਰੇਆਮ ਜਾਤ-ਪਾਤੀ ਵਿਤਕਰਾ ਕੀਤਾ ਜਾਂਦਾ ਹੈ। ਗੁਰੂ ਦੇ ਖੰਡੇ ਬਾਟੇ ਦੀ ਪਾਹੁਲ ਦਾ ਬਹੁਤ ਸਾਰੇ ਡੇਰਿਆਂ ਵਿਚ ਸ਼ੱਰੇਆਮ ਨਿਰਾਦਰ ਹੋ ਰਿਹਾ ਹੈ ਪਰ ਖਾਲਸਾ ਅਖਵਾਉਣ ਵਾਲਾ ਕੋਈ ਵੀ ਇਸ ਵਿਰੁਧ ਆਵਾਜ਼ ਕਿਉਂ ਨਹੀਂ ਉਠਾਉਂਦਾ?
ਜਾਤ-ਪਾਤ, ਡੇਰਾਵਾਦ, ਊਚ-ਨੀਚ ਵਿਚ ਫਸੇ ਸਿੱਖ ਵੀ ਦਸਮ ਪਿਤਾ ਦੇ ਆਗਮਨ ਪੁਰਬ ਮੌਕੇ ਸੋਸ਼ਲ ਮੀਡੀਏ ਅਤੇ ਅਖਬਾਰਾਂ ਰਾਹੀਂ ਵਧਾਈਆਂ ਦੇ ਇਸ਼ਤਿਹਾਰ ਲਗਵਾ ਰਹੇ ਹਨ। Ḕਨਵਾਂ ਸਾਲ ਮੁਬਾਰਕḔ ਜਾਂ Ḕਦੀਵਾਲੀ ਮੁਬਾਰਕḔ ਵਾਂਗ ਗੁਰੂਆਂ ਦੇ ਪ੍ਰਕਾਸ਼ ਪੁਰਬਾਂ ਨੂੰ ਵੀ ਇੱਕ ਰਸਮ ਬਣਾ ਲਿਆ ਗਿਆ ਹੈ। ਗੁਰੂਆਂ ਦੇ ਜੀਵਨ ਤੋਂ ਸੇਧ ਲੈ ਕੇ ਉਸ ਉਪਰ ਚੱਲਣ ਦੀ ਥਾਂ ਅਸੀਂ ਗੁਰਪੁਰਬਾਂ ਨੂੰ ਸਿਰਫ ਇੱਕ ਰਸਮ ਬਣਾ ਧਰਿਆ ਹੈ। ਅੱਜ ਹਰੇਕ ਗੁਰਪੁਰਬ ਨੂੰ ਮੱਥਾ ਟੇਕਣ ਤੇ ਲੰਗਰ ਛਕਣ-ਛਕਾਉਣ ਦੀ ਰਸਮ ਤੱਕ ਸੀਮਤ ਕਰ ਦਿੱਤਾ ਗਿਆ ਹੈ।
ਇੱਕ ਘੱਟ ਗਿਣਤੀ ਕੌਮ ਹੋਣ ਕਰਕੇ ਸਾਨੂੰ ਅੱਖਾਂ ਤੇ ਕੰਨ ਖੋਲ੍ਹ ਕੇ ਰੱਖਣੇ ਚਾਹੀਦੇ ਹਨ ਪਰ ਅਸੀਂ ਤਾਂ ਜਿਵੇਂ ਗੂੜ੍ਹੀ ਨੀਂਦ ਸੌਂ ਗਏ ਹਾਂ। ਮੈਂ ਫੇਸਬੁੱਕ ਉਤੇ ਇੱਕ ਪੋਸਟ ਪਾਈ ਸੀ ਕਿ ਪਿਛਲੇ ਛੇ ਸੱਤ ਦਹਾਕਿਆਂ ਵਿਚ ਸਿੱਖ ਇਤਿਹਾਸ ਅਤੇ ਗੁਰੂ ਕਾਲ ਨਾਲ ਸਬੰਧਤ ਬਹੁਤ ਸਾਰੀਆਂ ਇਤਿਹਾਸਕ ਨਿਸ਼ਾਨੀਆਂ ਤੇ ਇਮਾਰਤਾਂ ਖਤਮ ਤੇ ਬਰਬਾਦ ਕੀਤੀਆਂ ਗਈਆਂ ਹਨ ਜੇ ਕਿਸੇ ਨੂੰ ਕਿਸੇ ਵੀ ਇਮਾਰਤ ਬਾਰੇ ਪਤਾ ਹੈ ਤਾਂ ਜਾਣਕਾਰੀ ਜ਼ਰੂਰ ਸਾਂਝੀ ਕਰੇ। ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਮੇਰੇ 1200 ਤੋਂ ਵੱਧ ਦੋਸਤਾਂ ਵਿਚੋਂ ਇੱਕ ਬੰਦਾ ਵੀ ਤਬਾਹ ਕੀਤੀ ਕਿਸੇ ਇੱਕ ਨਿਸ਼ਾਨੀ ਬਾਰੇ ਨਹੀਂ ਦੱਸ ਸਕਿਆ। ਕਾਰਨ, ਸਾਡਾ ਇਸ ਪਾਸੇ ਧਿਆਨ ਨਹੀਂ ਹੈ। ਦੂਜੇ ਲਫਜ਼ਾਂ ਵਿਚ ਸਾਡਾ ਗੁਰੂ ਨਾਲ ਪਿਆਰ ਨਹੀਂ ਹੈ। ਇਸ ਤੋਂ ਪਤਾ ਲਗਦਾ ਹੈ ਕਿ ਅਸੀਂ ਵੀ ਦੂਜੇ ਧਰਮਾਂ ਵਾਂਗ ਸਿਰਫ ਮੰਨਤਾਂ ਮੰਗਣ ਜੋਗੇ ਰਹਿ ਗਏ ਹਾਂ।
ਇਕੱਲਾ ਇਕੱਲਾ ਸਿੱਖ ਗੁਰੂ ਪੰਥ ਦਾ ਸਿਪਾਹ-ਸਾਲਾਰ ਹੈ, ਭਾਵ ਉਸ ਦੀ ਪੰਥ ਪ੍ਰਤੀ ਡਿਊਟੀ ਤੇ ਫਰਜ਼ ਹਨ। ਸਾਡੀਆਂ ਅੱਖਾਂ ਸਾਹਮਣੇ ਸਾਡੀ ਵਿਰਾਸਤ ਤਬਾਹ ਕੀਤੀ ਜਾ ਰਹੀ ਹੈ ਤੇ ਸਾਨੂੰ ਪਤਾ ਹੀ ਨਹੀਂ, ਫਰਜ਼ ਤਾਂ ਦੂਰ ਦੀ ਗੱਲ ਹੈ। ਇਸ ਦਾ ਮਤਲਬ ਹੈ, ਜਾਂ ਤਾਂ ਸਾਨੂੰ ਵਿਰਾਸਤ ਦੀ ਅਹਿਮੀਅਤ ਦਾ ਪਤਾ ਨਹੀਂ ਜਾਂ ਅਸੀਂ ਅੰਨ੍ਹੇ-ਬੋਲੇ ਹਾਂ, ਜੋ ਸਾਨੂੰ ਦਿਸਦਾ-ਸੁਣਦਾ ਨਹੀਂ। ਪੰਜਾਬ ਦੀ ਮੌਜੂਦਾ ਸਰਕਾਰ ਵਲੋਂ ਖਾਲਸਾ ਵਿਰਾਸਤ, ਫਤਿਹ ਮੀਨਾਰ ਤੇ ਹੋਰ ਕਈ ਧਾਰਮਿਕ ਯਾਦਗਾਰਾਂ ਉਸਾਰਨ ਦਾ ਪ੍ਰਚਾਰ ਇਸ਼ਤਿਹਾਰਾਂ ਰਾਹੀਂ ਲੱਖਾਂ ਰੁਪਏ ਖਰਚ ਕੇ ਕੀਤਾ ਜਾ ਰਿਹਾ ਹੈ ਤਾਂ ਕਿ ਸਿਆਸੀ ਲਾਹਾ ਲਿਆ ਜਾ ਸਕੇ। ਪਰ ਕੀ ਕਦੇ ਕਿਸੇ ਨੇ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਸਾਡੀਆਂ ਇੱਟਾਂ ਸੀਮਿੰਟ ਦੀਆਂ ਬਣੀਆਂ ਪੱਕੀਆਂ ਇਮਾਰਤਾਂ (ਨਿਸ਼ਾਨੀਆਂ) ਨੂੰ ਬੁਲਡੋਜ਼ਰ ਚਲਾ ਕੇ ਕਿਸ ਨੇ ਅਤੇ ਕਿਸ ਦੇ ਹੁਕਮ ‘ਤੇ ਢਾਹਿਆ ਹੈ ਤੇ ਕਿਉਂ ਢਾਹਿਆ ਹੈ?
ਦਿੱਲੀ ਸਰਕਾਰ ਨੇ ਆਪ੍ਰੇਸ਼ਨ Ḕਬਲਿਊ ਸਟਾਰḔ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ। ਅੱਜ ਹਰੇਕ ਸਿੱਖ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਢਾਹੇ ਜਾਣ ਦਾ ਦੁੱਖ ਹੈ ਪਰ ਵੱਡੇ ਤੇ ਆਲੀਸ਼ਾਨ ਗੁਰਦੁਆਰੇ ਬਣਾਉਣ ਦੇ ਨਾਮ ‘ਤੇ ਕਾਰ ਸੇਵਾ ਵਾਲੇ ਬਾਬਿਆਂ ਵਲੋਂ ਢਾਹੇ ਗਏ ਵਿਰਾਸਤੀ ਖਜਾਨੇ ਦਾ ਅਸੀਂ ਬੁਰਾ ਕਿਉਂ ਨਹੀਂ ਮਨਾਉਂਦੇ? ਅਸੀਂ ਉਨ੍ਹਾਂ ਨੂੰ ਆਪਣਾ ਵਿਰਸਾ ਤਬਾਹ ਕਰਨ ਦੀ ਖੁੱਲ ਕਿਉਂ ਦੇ ਰੱਖੀ ਹੈ? ਅੱਜ ਦਾ ਖਾਲਸਾ ਜ਼ੁਲਮ ਦੇ ਖਿਲਾਫ ਕਿਉਂ ਨਹੀਂ ਖੜ੍ਹਦਾ? ਕਿਉਂ ਨਹੀਂ ਬੋਲਦਾ ਆਪਣੀ ਕੌਮ ਅਤੇ ਮਨੁੱਖਤਾ ਉਤੇ ਹੋ ਰਹੇ ਜ਼ੁਲਮਾਂ ਦੇ ਖਿਲਾਫ? ਜਿਹੜੇ ਖੜ੍ਹਦੇ ਹਨ, ਅਸੀਂ ਉਨ੍ਹਾਂ ਦਾ ਸਾਥ ਕਿਉਂ ਨਹੀਂ ਦਿੰਦੇ? ਕਿਉਂਕਿ ਗੁਰਪੁਰਬ ਦੀ ਵਧਾਈ ਦੇਣੀ ਸੌਖੀ ਹੈ ਤੇ ਗੁਰੂ ਦੇ ਹੁਕਮ ਅਨੁਸਾਰ ਜ਼ੁਲਮ ਦੇ ਖਿਲਾਫ ਖੜ੍ਹਨਾ ਔਖਾ। ਇਸੇ ਲਈ ਅਸੀਂ ਕਿਸੇ ਵੀ ਧਾਰਮਿਕ ਦਿਨ ਦਿਹਾਰ ਉਤੇ ਵਧਾਈਆਂ ਦੇਣ ਵਾਲੀ ਹਨੇਰੀ ਲਿਆ ਦਿੰਦੇ ਹਾਂ।
ਆਓ, ਵਧਾਈਆਂ ਤੋਂ ਅੱਗੇ ਤੁਰੀਏ। ਆਪਣੀ ਤਬਾਹ ਹੋ ਰਹੀ ਵਿਰਾਸਤ ਨੂੰ ਬਚਾਉਣ ਬਾਰੇ ਸੋਚੀਏ ਤੇ ਸਰਬੱਤ ਦਾ ਭਲਾ ਸਿਰਫ ਜ਼ੁਬਾਨੀ-ਕਲਾਮੀ ਹੀ ਨਾ ਮੰਗੀਏ ਸਗੋਂ ਗੁਰੂ ਆਸ਼ੇ ਅਨੁਸਾਰ ਭਲਾ ਕਰਨ ਵੱਲ ਕੋਈ ਸਾਰਥਕ ਕਦਮ ਵੀ ਪੁੱਟੀਏ।