ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਜੰਗਲ ਵਿਚ ਰਹਿੰਦਾ ਸ਼ੇਰ ਕਾਫੀ ਬੁੱਢਾ ਹੋ ਗਿਆ। ਉਸ ਨੂੰ ਹੁਣ ਸ਼ਿਕਾਰ ਮਾਰਨ ਵਿਚ ਔਕੜ ਆਉਣ ਲੱਗੀ। ਇੰਜ ਕਈ ਡੰਗ ਉਸ ਨੂੰ ਫਾਕੇ ਰਹਿਣਾ ਪੈਂਦਾ। ਫਿਰ ਉਸ ਨੂੰ ਤਰਕੀਬ ਸੁੱਝੀ। ਇਕ ਦਿਨ ਨਿਢਾਲ ਜਿਹੇ ਫਿਰਦੇ ਨੇ ਕੁਝ ਗਿੱਦੜਾਂ ਅਤੇ ਹਿਰਨਾਂ ਨੂੰ ਕਿਹਾ ਕਿ ਤੁਸੀਂ ਸਾਰੇ ਜੰਗਲੀ ਜਾਨਵਰਾਂ ਨੂੰ ਮੇਰਾ ਸੁਨੇਹਾ ਦੇ ਦਿਓ ਕਿ ਉਹ ਹੁਣ ਡਰਨ ਨਾ, ਕਿਉਂਕਿ ਮੈਨੂੰ ਰੋਗ ਲੱਗ ਚੁੱਕਾ ਹੈæææ ਮੇਰੀ ਉਮਰ ਦੇ ਜਿੰਨੇ ਕੁ ਦਿਨ ਬਚਦੇ ਹਨ, ਮੈਂ ਬੱਸ ਗੁਫਾ ਵਿਚ ਆਰਾਮ ਕਰਦਿਆਂ ਹੀ ਬਿਤਾਵਾਂਗਾ।
ਮੈਂ ਇਸ ਜੰਗਲ ਦਾ ਬਾਦਸ਼ਾਹ ਹਾਂ; ਸੋ ਤੁਹਾਡਾ ਫਰਜ਼ ਵੀ ਬਣਦਾ ਹੈ ਕਿ ਤੁਸੀਂ ਸਾਰੇ ਮੇਰੀ ਮਿਜ਼ਾਜ-ਪੁਰਸ਼ੀ ਲਈ ਆਉਣਾ ਸ਼ੁਰੂ ਕਰੋ। ਹਾਂ, ਮੇਰੀ ਇਕ ਬੇਨਤੀ ਹੈ ਕਿ ਗੁਫਾ ਵਿਚ ਥਾਂ ਥੋੜ੍ਹੀ ਹੋਣ ਕਰ ਕੇ ਤੁਸੀਂ ਵਾਰੀ ਸਿਰ ਹੀ ਆਉਣ ਦੀ ਖੇਚਲ ਕਰਿਉ।
ਇਹ ਸੁਨੇਹਾ ਸੁਣ ਕੇ ਗਿੱਦੜਾਂ ਤੇ ਹਿਰਨਾਂ ਦੀਆਂ ਤਾਂ ਵਾਛਾਂ ਖਿੜ ਗਈਆਂ। ਉਨ੍ਹਾਂ ਖੁਸ਼ੀ ਵਿਚ ਦੁੜੰਗੇ ਮਾਰਦਿਆਂ ਸਾਰੇ ਜੰਗਲ ਵਿਚ ਇਸ ‘ਖੁਸ਼ਖਬਰੀ’ ਦੀ ਡੌਂਡੀ ਪਿੱਟ ਦਿੱਤੀ। ਸਾਰੇ ਜਾਨਵਰਾਂ ਨੇ ਚਾਅ-ਹੁਲਾਸ ਨਾਲ ਮੀਟਿੰਗ ਕਰ ਕੇ ਸ਼ੇਰ ਦੀ ਖਬਰਸਾਰ ਲੈਣ ਲਈ ਵਾਰੀਆਂ ਤੈਅ ਕਰ ਲਈਆਂ। ਵਾਰੀ ਮੁਤਾਬਕ ਪਹਿਲੇ ਦਿਨ ਗਧਾ, ਸ਼ੇਰ ਦੀ ਗੁਫਾ ਵਿਚ ਗਿਆ। ਦੂਜੇ ਦਿਨ ਹਿਰਨ ਤੇ ਤੀਜੇ ਦਿਨ ਕੋਈ ਬੱਕਰਾæææ। ਇੰਜ ਵਾਰੀ-ਵਾਰੀ ਜਾਨਵਰ ਜਾਂਦੇ ਰਹੇ। ਬਾਕੀ ਜਾਨਵਰਾਂ ਨੇ ਤਾਂ ਇਹ ਗੱਲ ਗੌਲੀ ਹੀ ਨਾ, ਕਿ ਹਰ ਰੋਜ਼ ਜਿਹੜਾ ਵੀ ਜਾਨਵਰ ਸ਼ੇਰ ਦੀ ਖਬਰ ਲੈਣ ਜਾਂਦਾ ਹੈ, ਮੁੜ ਕੇ ਕਦੇ ਦਿਖਾਈ ਨਹੀਂ ਦਿੰਦਾ, ਪਰ ਹਫਤੇ ਕੁ ਬਾਅਦ ਜਦੋਂ ਲੂੰਬੜੀ ਦੀ ਵਾਰੀ ਆ ਗਈ, ਤਾਂ ਉਸ ਚਲਾਕ ਨੇ ਇਹ ਗੱਲ ਭਾਂਪ ਲਈ, ਕਿਉਂਕਿ ਮੀਟਿੰਗ ਵਿਚ ਸਰਬਸੰਮਤੀ ਨਾਲ ਮਤਾ ਪਾਸ ਹੋਇਆ ਸੀ, ਸ਼ੇਰ ਦੀ ਖਬਰ ਲੈਣ ਜਾਣ ਦਾ, ਇਸ ਲਈ ਉਹ ਮਨ ਵਿਚ ਸ਼ੱਕ ਲੈ ਕੇ ਚੁੱਪ-ਚੁਪੀਤੇ ਸ਼ੇਰ ਦੀ ਗੁਫਾ ਵੱਲ ਤੁਰ ਪਈ।
ਕੁਝ ਸੋਚ-ਵਿਚਾਰ ਕੇ ਉਹ ਸ਼ੇਰ ਦੀ ਗੁਫਾ ਅੰਦਰ ਵੜਨ ਦੀ ਬਜਾਏ ਬਾਹਰ ਹੀ ਬਹਿ ਗਈ ਤੇ ਉਚੀ ਆਵਾਜ਼ ਵਿਚ ਸ਼ੇਰ ਦਾ ਹਾਲ-ਚਾਲ ਪੁੱਛਣ ਲੱਗੀ। ‘ਹਾਂæææ ਹੂੰਅæææ ਆਹੋ’ ਦਾ ਹੁੰਗਾਰਾ ਭਰਦਿਆਂ ਸ਼ੇਰ ਕੁਝ ਚਿਰ ਤਾਂ ਲੂੰਬੜੀ ਦੀਆਂ ਪੁੱਛਾਂ ਦਾ ਜਵਾਬ ਦੇਈ ਗਿਆ, ਪਰ ਫਿਰ ਖਿਝ ਕੇ ਬੋਲਿਆ, “ਤੂੰ ਬਾਹਰ ਬੈਠੀ ਹੀ ਮੇਰੀ ਰਾਜ਼ੀ-ਖੁਸ਼ੀ ਪੁੱਛੀ ਜਾਨੀ ਐਂ? ਅੰਦਰ ਕਿਉਂ ਨ੍ਹੀਂ ਆਉਂਦੀ ਤੂੰ?”
“ਮੈਂ ਸੋਚਿਆ ਕਿ ਬਾਹਰੋਂ ਈ ਖਬਰ ਸਾਰ ਲੈ ਲਵਾਂæææ!” ਪੂਛ ਘੁਮਾਉਂਦਿਆਂ ਲੂੰਬੜੀ ਕਹਿੰਦੀ, “ਅੰਦਰ ਮੈਂ ਤਦ ਨਹੀਂ ਆਈ ਕਿ ਮੈਥੋਂ ਪਹਿਲਾਂ ਜਿੰਨੇ ਵੀ ਜਾਨਵਰ ਤੇਰੀ ਖਬਰਸਾਰ ਲੈਣ ਗੁਫਾ ਵਿਚ ਵੜੇ, ਉਨ੍ਹਾਂ ਸਾਰਿਆਂ ਦੀਆਂ ਅੰਦਰ ਨੂੰ ਜਾਂਦੀਆਂ ਪੈੜਾਂ ਤਾਂ ਹੈਗੀਆਂ, ਪਰ ਉਨ੍ਹਾਂ ਵਿਚੋਂ ਕਿਸੇ ਦੀ ਵੀ ਬਾਹਰ ਨੂੰ ਮੁੜਦੇ ਦੀ ਪੈੜ ਨਹੀਂ ਦਿਸਦੀ।”
—
ਕੋਈ ਮੁਸਾਫਰ ਕਿਸੇ ਪਿੰਡ ਲਾਗਿਉਂ ਲੰਘਿਆ। ਉਸ ਨੇ ਦੇਖਿਆ ਕਿ ਕੁਝ ਸੱਜਣ ਖੂਹ ਵਿਚੋਂ ਬਾਲਟੀਆਂ ਨਾਲ ਪਾਣੀ ਕੱਢ-ਕੱਢ ਕੇ ਅੰਞਾਈਂ ਸੁੱਟੀ ਜਾ ਰਹੇ ਨੇ। ਪੁੱਛਣ ‘ਤੇ ਉਸ ਨੂੰ ਦੱਸਿਆ ਗਿਆ ਕਿ ਸਾਰਾ ਪਿੰਡ ਇਸੇ ਖੂਹ ਤੋਂ ਪਾਣੀ ਪੀਂਦਾ ਆ ਰਿਹਾ ਸੀ। ਕੁਝ ਦਿਨਾਂ ਤੋਂ ਇਸ ਦਾ ਅੰਮ੍ਰਿਤ ਵਰਗਾ ਪਾਣੀ ਮੁਸ਼ਕ ਮਾਰਨ ਲੱਗ ਪਿਆ ਹੈ। ਅਸੀਂ ਕਈ ਦਿਨਾਂ ਤੋਂ ਇਹ ਸੋਚ ਕੇ ਪਾਣੀ ਕੱਢ-ਕੱਢ ਵਗਾਈ ਜਾ ਰਹੇ ਹਾਂ ਕਿ ਥੱਲਿਉਂ ਪਹਿਲਾਂ ਵਰਗਾ ਸ਼ੁੱਧ ਪਾਣੀ ਨਿਕਲ ਆਵੇਗਾ, ਪਰ ਸਾਰੀ ਮੁਸ਼ੱਕਤ ਅਜਾਈਂ ਜਾ ਰਹੀ ਹੈ, ਕਿਉਂਕਿ ਸਾਰਾ ਦਿਨ ਪਾਣੀ ਕੱਢਣ ਤੋਂ ਬਾਅਦ ਸ਼ਾਮ ਨੂੰ ਚੈਕ ਕਰੀਦੈ, ਮੁਸ਼ਕ ਆਉਣੋਂ ਹਟਦਾ ਈ ਨਹੀਂ।
ਮੁਸਾਫਰ ਨੇ ਤਾੜ ਲਿਆ ਕਿ ਪਿੰਡ ਵਾਸੀ ਕਮਲੇ ਹਨ! ਅੱਗੇ ਵਧ ਕੇ ਉਸ ਨੇ ਸਾਰਿਆਂ ਨੂੰ ‘ਦੁਕੰਮਣ’ ਤੋਂ ਹਟਾ ਦਿੱਤਾ ਅਤੇ ਕਿਹਾ ਕਿ ਤੁਹਾਡੇ ਇਸ ਖੂਹ ਦਾ ਪਾਣੀ ਮੈਂ ਪਹਿਲਾਂ ਵਰਗਾ ਸਵੱਛ ਬਣਾ ਦਿਆਂਗਾ, ਪਰ ਮੇਰਾ ਸਾਥ ਦਿਓ, ਜਿਵੇਂ ਮੈਂ ਕਹਾਂ ਉਵੇਂ ਕਰੋ। ਪਾਣੀ ਕੱਢ-ਕੱਢ ਕਈ ਦਿਨਾਂ ਦੇ ਹੰਭੇ ਪਿੰਡ ਵਾਸੀ ਉਸ ਦੀ ਗੱਲ ਸੁਣ ਕੇ ਬੜੇ ਖੁਸ਼ ਹੋਏ। ਖਾਸ ਕਰ ਕੇ ਪਿੰਡ ਦੇ ਮੁੰਡੇ ਤਾਂ ਉਸ ਦਾ ਇਸ਼ਾਰਾ ਉਡੀਕਣ ਲੱਗੇ ਕਿ ਉਹ ਕਿਹੜਾ ਨਵਾਂ ਫਾਰਮੂਲਾ ਦੱਸੇਗਾ।
ਮੁਸਾਫਰ ਦੇ ਕਹੇ ਅਨੁਸਾਰ, ਸਾਰੇ ਪਿੰਡ ਦੇ ਸਾਹਮਣੇ ਮੁੰਡਿਆਂ ਨੇ ਮਜ਼ਬੂਤ ਰੱਸਾ ਫੜ ਕੇ ਉਸ ਨੂੰ ਖੂਹ ਵਿਚ ਉਤਾਰਿਆ। ਪਾਣੀ ਦੇ ਤਲ ‘ਤੇ ਜਾ ਕੇ ਮੁਸਾਫਰ ਨੇ ਡੂੰਘਾ ਗੋਤਾ ਮਾਰਿਆ ਤੇ ਉਤੇ ਖੜ੍ਹੇ ਨੌਜਵਾਨਾਂ ਨੂੰ ਰੱਸਾ ਖਿੱਚਣ ਲਈ ਆਵਾਜ਼ ਦਿੱਤੀ। ਫੁਰਤੀਲੇ ਨੌਜਵਾਨਾਂ ਨੇ ਪਲਾਂ ਵਿਚ ਹੀ ਮੁਸਾਫਰ ਨੂੰ ਬਾਹਰ ਖਿੱਚ ਲਿਆ। ਸਾਰਾ ਪਿੰਡ ਬੜੀ ਉਤਸੁਕਤਾ ਨਾਲ ਖੂਹ ਵਿਚੋਂ ਨਿਕਲੇ ਮੁਸਾਫਰ ਵੱਲ ਅੱਡੀਆਂ ਚੁੱਕ-ਚੁੱਕ ਵੇਖਣ ਲੱਗਾ। ਮਰੀ ਹੋਈ ਬਿੱਲੀ ਉਸ ਦੇ ਹੱਥਾਂ ਵਿਚ ਸੀ। ਉਸ ਨੂੰ ਬਾਹਰ ਰੱਖ ਕੇ ਮੁਸਾਫਰ ਆਪਣੇ ਕੱਪੜੇ ਪਾਉਂਦਾ ਬੋਲਿਆ, “ਭੋਲੇ ਲੋਕੋ, ਹਵਾ ਵਿਚ ਤਲਵਾਰਾਂ ਮਾਰਨ ਨਾਲੋਂ ਹਰ ਮੁੱਦੇ ਦਾ ਅਸਲ ਕਾਰਨ ਲੱਭ ਕੇ, ਉਹਦਾ ਇਲਾਜ ਕਰਨਾ ਸਿਆਣਪ ਹੁੰਦੀ ਐæææ ਖੂਹ ਵਿਚ ਮਰੀ ਬਿੱਲੀ ਕੱਢੇ ਬਗੈਰ ਮੁਸ਼ਕ ਆਉਣੋਂ ਨਹੀਂ ਸੀ ਬੰਦ ਹੋਣਾ।”
—
ਚਿਰਾਂ ਤੋਂ ਹਲਵਾਈ ਦੇ ਘਰ ਵਸਦੀ ਜਨਾਨੀ ਨੇ ਪਤੀ ਨੂੰ ਤਲਾਕ ਦੇ ਕੇ ਕੋਈ ਬਜਾਜ ਘਰਵਾਲਾ ਬਣਾ ਲਿਆ। ਕੁਝ ਅਰਸੇ ਬਾਅਦ ਉਹ ਉਸ ਨੂੰ ਵੀ ਛੱਡ ਕੇ ਕਿਸੇ ਦਰਜੀ ਦੇ ਜਾ ਵਸੀ। ਦਰਜੀ ਦੀ ਪਤਨੀ ਬਣਨ ਤੋਂ ਬਾਅਦ ਉਸ ਦੇ ਨਾਲ ਆਏ ਮੁੰਡੇ ਨੂੰ ਕਿਸੇ ਨੇ ਪੁੱਛ ਲਿਆ ਕਿ ਕਾਕਾ ਤੇਰਾ ਭਾਪਾ ਕੀ ਕੰਮ ਕਰਦਾ ਹੈ? ਭੋਲਾ ਜਿਹਾ ਮੂੰਹ ਬਣਾ ਕੇ ਮੁੰਡਾ ਕਹਿੰਦਾ, “ਮੇਰਾ ਭਾਪਾ ਪਹਿਲਾਂ ਤਾਂ ਸੀ ਹਲਵਾਈ, ਫਿਰ ਬਣਿਆ ਬਜਾਜ਼ææ ਅੱਜ ਕੱਲ੍ਹ ਐ ਦਰਜੀæææ ਅਗਾਂਹ ਬੀਬੀ ਦੀ ਮਰਜ਼ੀ।”
—
ਇਕ ਸੱਜਣ ਦਾ ਘਰ ਮੈਰਿਜ ਪੈਲੇਸ ਦੇ ਨਾਲ ਹੀ ਸੀ। ਉਸ ਦਾ ਇਕ ਮਿੱਤਰ ਜੋ ਕਿਸੇ ਬੈਂਡ ਪਾਰਟੀ ਨਾਲ ਢੋਲ ਵਜਾਉਂਦਾ ਸੀ, ਅਕਸਰ ਬਰਾਤਾਂ ਨਾਲ ਆਇਆ ਆਪਣੇ ਮਿੱਤਰ ਦੇ ਘਰੇ ਵੀ ਘੜੀ ਪਲ ਬਹਿ ਕੇ ਗੱਲਾਂਬਾਤਾਂ ਮਾਰ ਜਾਂਦਾ। ਢੋਲ ਮਾਸਟਰ ਦੇ ਮਿੱਤਰ ਨੇ ਦੇਖਿਆ ਕਿ ਕਿਸੇ ਦਿਨ ਬਰਾਤ ਨਾਲ ਆਏ ਨੇ ਗੂੜ੍ਹੇ ਹਰੇ ਰੰਗ ਦੀ ਵਰਦੀ ਪਾਈ ਹੁੰਦੀ ਸੀ ਤੇ ਮੋਢਿਆਂ ਉਤੇ ‘ਖਾਨ ਬੈਂਡ ਗਰੁਪ’ ਦੇ ਬੈਜ ਲੱਗੇ ਹੁੰਦੇ, ਪਰ ਕਿਸੇ ਦਿਨ ਢੋਲ ਮਾਸਟਰ ਲਾਲ ਰੰਗ ਦੀ ਵਰਦੀ ਵਿਚ ਸਜਿਆ ਹੁੰਦਾ ਤੇ ਉਸ ਦਿਨ ਉਹਦੇ ਮੋਢਿਆਂ ਉਤੇ ‘ਭਗਵਾਨ ਬੈਂਡ’ ਦੇ ਬੈਜ ਲਿਸ਼ਕਦੇ ਹੁੰਦੇ।
“ਯਾਰਾ, ਤੂੰ ਕਿਸੇ ਇਕ ਬੈਂਡ ਗਰੁਪ ਦਾ ਪੱਕਾ ਮੈਂਬਰ ਨਹੀਂ?”
ਆਪਣੇ ਦੋਸਤ ਦਾ ਸਵਾਲ ਸੁਣ ਕੇ ਢੋਲ ਮਾਸਟਰ ਖਿਸਿਆਨੀ ਹਾਸੀ ਹੱਸਦਿਆਂ ਬੋਲਿਆ, “ਅਸੀਂ ਤਾਂ ਨੋਟ ਕਮਾਉਣੇ ਹੁੰਦੇ ਐ, ਬੈਜਾਂ ਤੋਂ ਦੁੱਧ ਲੈਣਾ ਆਪਾਂ। ਹਰੀ ਜਾਂ ਲਾਲ ਵਰਦੀ ਦਾ ਆਪਾਂ ਨੂੰ ਕੋਈ ਫਰਕ ਨਹੀਂ। ਖਾਨ ਹੋਇਆ ਜਾਂ ਭਗਵਾਨ, ਸਾਨੂੰ ਤਾਂ ਮਾਇਆ ਚਾਹੀਦੀ ਐ।”