ਐਸ਼ ਅਸ਼ੋਕ ਭੌਰਾ ਨੇ ਆਪਣੀ ਛੋਟੀ ਅਤੇ ਸਿੱਧੀ-ਸਾਦੀ ਕਵਿਤਾ ਵਿਚ ਬਹੁਤ ਵੱਡਾ ਹਲੂਣਾ ਦਿੱਤਾ ਹੈ, ਪੰਜਾਬ ਦੇ ਵੋਟਰ ਨੂੰ ਕਿ ਜੇ ਹੁਣ ਨਹੀਂ ਤਾਂ ਕਦੇ ਨਹੀਂ; ਇਹ ਇੱਕੋ ਇੱਕ ਮੌਕਾ ਮਿਲਿਆ ਹੈ ਜਿਸ ਵਿਚ ‘ਲੁਹਾਰ ਦੀ ਇੱਕੋ ਸੱਟ’ ਨਾਲ ਬਹੁਤ ਕੁਝ ਬਦਲਿਆ ਜਾ ਸਕਦਾ ਹੈ। ਹਾਂ ਜੇ ਇਹ ਮੌਕਾ ਖੁੰਝ ਗਿਆ ਤਾਂ ਹੋ ਸਕਦਾ ਹੈ ਅਗਲੇ ਮੌਕੇ ਤੱਕ ਆਵਾਮ ਉਠਣ ਜੋਗਾ ਹੀ ਨਾ ਰਹੇ ਅਤੇ ਸੁੱਤੇ ਹੋਏ ਬੰਦੇ ਦੇ ਭਾਗ ਕੋਈ ਦੂਸਰਾ ਨਹੀਂ ਜਗਾ ਸਕਦਾ।
ਛੋਟੀ ਜਿਹੀ ਕਵਿਤਾ ਵਿਚ ਕਿੰਨਾ ਕੁਝ ਬਿਆਨ ਕਰ ਦਿੱਤਾ ਹੈ ਕਿ ਨੇਤਾ ਦੇ ਘਰ ਤਾਂ ਨੇਤਾ ਹੀ ਜੰਮਣੇ ਹਨ, ਜਿਨ੍ਹਾਂ ਨੇ ਵਿਰਾਸਤੀ ਕੁਰਸੀ ਸਾਂਭ ਲੈਣੀ ਹੈ; ਲੋਕਾਂ ਨੂੰ ‘ਲੁੱਟਣ’ ਅਤੇ ‘ਕੁੱਟਣ’ ਵਾਸਤੇ। ਆਮ ਲੋਕਾਈ ਦੇ ਬੱਚਿਆਂ ਨੇ ਵੱਡੀਆਂ ਵੱਡੀਆਂ ਡਿਗਰੀਆਂ ਲੈ ਕੇ ਵੀ ਬੇਰੁਜ਼ਗਾਰ ਹੀ ਰਹਿਣਾ ਹੈ, ਰੁਜ਼ਗਾਰ ਮੰਗਦਿਆਂ ਟੈਂਕੀਆਂ ‘ਤੇ ਚੜ੍ਹ ਕੇ ਜਾਨਾਂ ਦੇਣੀਆਂ ਹਨ ਅਤੇ ਪੁਲਿਸ ਦੇ ਡੰਡੇ, ਜਥੇਦਾਰਾਂ ਦੇ ‘ਥੱਪੜ’ ਖਾਣੇ ਹਨ।
ਜੇ ਪੰਜਾਬੀ ਹੁਣ ਵੀ ਨਾ ਜਾਗਿਆ ਤਾਂ ਸਾਰੇ ਭਾਰਤ ਦਾ ਢਿੱਡ ਭਰਨ ਵਾਲੀ ਕਿਸਾਨੀ ਖੇਤਾਂ ਵਿਚ ਆਪਣੀ ਲੜਾਈ ਦੀ ਜੰਗ ਹਾਰਦਿਆਂ ਫਿਰ ਖੁਦਕਸ਼ੀਆਂ ਦੇ ਰਾਹ ਪਈ ਰਹੇਗੀ। ਜੁਰਮ ਕਦੇ ਵੀ ‘ਵਰਦੀ’ ਵਾਲਿਆਂ ਦੀ ਸ਼ਹਿ ਤੋਂ ਬਿਨਾ ਨਹੀਂ ਹੁੰਦਾ ਅਤੇ ਆਫਰੇ ਹਾਕਮ ਨੂੰ ਬੇਇਨਸਾਫੀ ਨਜ਼ਰ ਤਾਂ ਕੀ ਆਉਣੀ ਹੈ, ਉਹ ਸਮੁਚੇ ਦਾ ਸਮੁੱਚਾ ਬੇਇਨਸਾਫੀ ਦਾ ਮੁਜੱਸਮਾ ਬਣ ਜਾਂਦਾ ਹੈ ਅਤੇ ਬਣ ਗਿਆ ਹੈ। ਆਪਣਾ ਕਦੇ ਵੀ ਨਾ ਰੱਜਣ ਵਾਲਾ ਢਿੱਡ ਭਰਨ ਲਈ ਲੋਕਾਂ ਦੇ ਬੱਚਿਆਂ ਵਿਚ ਨਸ਼ਿਆਂ ਦਾ ਵਪਾਰ ਕਰਦਾ ਹੈ। ਚਾਣੱਕਿਆ ਦੀ ਕਹੀ ਇੱਕ ਕਹਾਵਤ ਸੁਣਨ ਵਿਚ ਆਉਂਦੀ ਹੈ ਕਿ ‘ਜਦੋਂ ਰਾਜਾ ਵਪਾਰੀ ਬਣ ਜਾਂਦਾ ਹੈ ਤਾਂ ਪਰਜਾ ਭਿਖਾਰੀ ਹੋ ਜਾਂਦੀ ਹੈ।’ ਅੱਜ ਇਹ ਕਹਾਵਤ ਪੰਜਾਬ ਉਤੇ ਪੂਰੀ ਤਰ੍ਹਾਂ ਲਾਗੂ ਹੁੰਦੀ ਹੈ ਕਿ ਨੇਤਾ ਤਾਂ ਬੱਸਾਂ, ਕੇਬਲ ਟੀæਵੀæ, ਹੋਟਲ, ਰੇਤਾ-ਬਜਰੀ, ਨਸ਼ੇ-ਹਰ ਵਸਤ ਦੇ ਵਪਾਰੀ ਬਣ ਗਏ ਹਨ ਅਤੇ ਆਮ ਪੰਜਾਬੀ ਲਈ ਦੋ ਡੰਗ ਦੀ ਰੋਟੀ ਕਮਾਉਣੀ ਵੀ ਔਖੀ ਹੋ ਗਈ ਹੈ।
ਪੰਜਾਬ ਦੇ ਹਾਲਾਤ ਇੰਨੇ ਵਿਗੜ ਗਏ ਹਨ ਕਿ ਬਾਹਰ ਤਾਂ ਬਾਹਰ, ਆਮ ਬੰਦਾ ਘਰ ਅੰਦਰ ਬੈਠਾ ਵੀ ਮਹਿਫੂਜ਼ ਨਹੀਂ ਮਹਿਸੂਸ ਕਰਦਾ। ਕੁੜੀਆਂ-ਕੱਤਰੀਆਂ ਦਾ ਘਰੋਂ ਬਾਹਰ ਨਿਕਲਣਾ ਸੁਰੱਖਿਅਤ ਨਹੀਂ ਰਿਹਾ; ਇੱਕਲਿਆਂ ਤਾਂ ਇੱਕ ਵਰਦੀਧਾਰੀ ਪੁਲਿਸ ਅਫਸਰ ਵੀ ਆਪਣੀ ਧੀ ਦੀ ਇੱਜ਼ਤ ਗੁੰਡਿਆਂ ਕੋਲੋਂ ਨਹੀਂ ਬਚਾ ਸਕਿਆ। ਸੇਵਾ ਦੇ ਨਾਂ ‘ਤੇ ਹਾਕਮਾਂ ਨੇ ਲੋਕਾਂ ਨੂੰ ਖੂਬ ਲੁੱਟਿਆ ਹੈ।
ਮੌਜੂਦਾ ਸਿਹਤ ਮੰਤਰੀ ਸੁਰਜੀਤ ਜਿਆਣੀ ਨੇ ਇੱਕ ਨਸ਼ਾ ਛੁਡਾਊ ਕੇਂਦਰ ਦਾ ਉਦਘਾਟਨ ਕਰਦਿਆਂ ਬਿਆਨ ਦਿੱਤਾ ਸੀ ਕਿ ਸ਼ਰਾਬ ਨਸ਼ਾ ਨਹੀਂ ਹੈ। ‘ਪੰਜਾਬ ਟਾਈਮਜ਼’ ਦੇ 21 ਜਨਵਰੀ ਦੇ ਅੰਕ ਵਿਚ ਮੋਹਨ ਸ਼ਰਮਾ ਦਾ ਲੇਖ ਛਪਿਆ ਹੈ ਜਿਸ ਵਿਚ ਉਨ੍ਹਾਂ ਨੇ ‘ਰਾਜ ਨਹੀਂ ਸੇਵਾ’ ਦੇ ਨਾਹਰੇ ਹੇਠਾਂ ਪੰਜਾਬ ਦੇ ਵਿਕਾਸ ਦੀ ਤਸਵੀਰ ਪੇਸ਼ ਕੀਤੀ ਹੈ, “ਇਸ ਵੇਲੇ ਪ੍ਰਾਂਤ ਵਿਚ ਰੋਜ਼ਾਨਾ ਦੋ ਕਤਲ, (ਪੰਜਾਬ ਦੇ ਕਿਸਾਨਾਂ ਅਤੇ ਕਿਰਤੀਆਂ ਦੀ ਖੁਦਕਸ਼ੀ ਨੂੰ ਛੱਡ ਕੇ), 2 ਕਾਤਲਾਨਾ ਹਮਲੇ, ਚੋਰੀ ਦੀਆਂ 11 ਵਾਰਦਾਤਾਂ ਅਤੇ 18 ਸਟਰੀਟ ਕਰਾਈਮ, ਹਰ ਦੋ ਦਿਨਾਂ ਬਾਅਦ ਇਕ ਬੰਦਾ ਅਗਵਾ ਅਤੇ ਬਾਅਦ ਵਿਚ ਫਿਰੌਤੀਆਂ ਜਾਂ ਕਤਲਾਂ ਦਾ ਰੁਝਾਨ, ਦੋ ਦਿਨਾਂ ਵਿਚ ਪੰਜ ਔਰਤਾਂ ਨਾਲ ਬਲਾਤਕਾਰ, ਦੋ ਦਿਨਾਂ ਵਿਚ 7 ਬੰਦੇ ਝਪਟਮਾਰਾਂ ਦਾ ਸ਼ਿਕਾਰ ਹੋਣ ਕਾਰਨ ਪੰਜਾਬ ਦੀ ਹਾਲਤ ਉਸ ਗੁਬਾਰੇ ਵਾਂਗ ਬਣੀ ਹੋਈ ਹੈ, ਜਿਹੜਾ ਅਣਗਿਣਤ ਸੂਈਆਂ ਦੀ ਨੋਕ ‘ਤੇ ਖੜ੍ਹਾ ਹੋਵੇ।”
ਨਸ਼ਿਆਂ ਬਾਰੇ ਮੋਹਨ ਸ਼ਰਮਾ ਨੇ ਲਿਖਿਆ ਹੈ, “ਪੰਜਾਬ ਦੇ ਨਸ਼ੱਈਆਂ ਵਿਚ 76æ47 ਫੀਸਦੀ ਸ਼ਰਾਬ, 20æ41 ਫੀਸਦੀ ਨਸ਼ੇ ਦੀਆਂ ਗੋਲੀਆਂ, 15æ87 ਫੀਸਦੀ ਕੈਪਸੂਲਾਂ, 8æ65 ਫੀਸਦੀ ਟੀਕਿਆਂ ਅਤੇ 4æ85 ਫੀਸਦੀ ਗਾਂਜੇ ਤੇ ਚਰਸ ਦੀ ਵਰਤੋਂ ਕਰ ਰਹੇ ਹਨ। ਵੱਡੇ ਸ਼ਹਿਰਾਂ ਵਿਚ ਵਰਤੇ ਜਾਂਦੇ ‘ਚਿੱਟੇ’ ਨੇ ਹੁਣ ਪਿੰਡਾਂ ਵਿਚ ਵੀ ਘੁਸਪੈਠ ਕਰ ਲਈ ਹੈ ਅਤੇ ਇਸ ਨਸ਼ੇ ਦੇ ਮਾਰੂ ਅਸਰ ਕਾਰਨ ਸੱਥਰਾਂ ‘ਚ ਇਹ ਸੁਆਲ ਧੁਖ ਰਹੇ ਹਨ ਕਿ ਇਹ ਕਿਹੋ ਜਿਹਾ ਵਿਕਾਸ ਹੈ ਜਿਸ ਨੇ ਸਮਾਜਿਕ ਚੂਲਾਂ ਹਿਲਾ ਕੇ ਰੱਖ ਦਿੱਤੀਆਂ ਹਨ।”
ਪੰਜਾਬੀ ਵੀਰੋ ਸੋਚਣ ਵਾਲੀ ਗੱਲ ਇਹ ਹੈ ਕਿ ਵਿਕਾਸ ਖੇਤੀ ਬਾੜੀ ਯੂਨੀਵਰਸਿਟੀ ਦੀ ਖੋਜ, ਫਾਰਮ ਦੀ ਥਾਂ ਕ੍ਰਿਕਟ ਸਟੇਡੀਅਮ ਬਣਾ ਦੇਣ ਵਿਚ ਨਹੀਂ ਹੈ ਕਿਉਂਕਿ ਖੇਤੀ ‘ਤੇ ਕੀਤੀ ਖੋਜ ਨੇ ਪੰਜਾਬ ਨੂੰ ਰੋਟੀ ਦੇਣੀ ਹੈ, ਕ੍ਰਿਕਟ ਤਾਂ ਪੈਸੇ ਵਾਲਿਆਂ ਦੀ ਖੇਡ ਹੈ, ਕਿਸਾਨ ਦੇ ਕਿਸੇ ਕੰਮ ਨਹੀਂ ਆਉਣੀ। ਹਵਾਈ ਅੱਡੇ ਬਣਾਉਣ ਵਿਚ ਪੰਜਾਬ ਦਾ ਵਿਕਾਸ ਨਹੀਂ ਕਿਉਂਕਿ ਕਿੰਨੇ ਕੁ ਆਮ ਲੋਕ ਹਵਾਈ ਸਫਰ ਕਰ ਸਕਦੇ ਹਨ ਅਤੇ ਬੇਰੁਜ਼ਗਾਰਾਂ ਨੇ ਹਵਾਈ ਸਫਰ ਕਿਉਂ ਤੇ ਕਿਸ ਪੈਸੇ ਨਾਲ ਕਰਨਾ ਹੈ? ਹਾਈਵੇਅ ਕੰਪਨੀਆਂ ਨੇ ਬਣਾਏ ਹਨ, ਕੇਂਦਰ ਨੇ ਸਹਾਇਤਾ ਦਿੱਤੀ ਹੈ ਅਤੇ ਟੌਲ ਟੈਕਸ ਲੱਗਦੇ ਹਨ। ਆਮ ਲੋਕਾਂ ਨੂੰ ਆਮ ਸ਼ਹਿਰਾਂ ਨੂੰ ਜੋੜਦੀਆਂ ਆਮ ਸੜਕਾਂ ਅਤੇ ਪਿੰਡਾਂ ਦੀਆਂ ਪੱਕੀਆਂ ਸੜਕਾਂ ਚਾਹੀਦੀਆਂ ਹਨ ਜਿਨ੍ਹਾਂ ਵਿਚ ਇਸ ਸਮੇਂ ਗੋਡੇ ਗੋਡੇ ਟੋਏ ਹਨ, ਪਿਛਲੇ ਦਸ ਸਾਲਾਂ ਵਿਚ ਕਾਗਜ਼ਾਂ ਵਿਚ ਭਾਵੇਂ ਹੋਈ ਹੋਵੇ ਪਰ ਅਸਲ ਵਿਚ ਕਿਸੇ ਪਿੰਡ ਜਾਂ ਛੋਟੇ ਕਸਬੇ ਨੂੰ ਜੋੜਦੀ ਕਿਸੇ ਸੜਕ ਦੀ ਮੁਰੰਮਤ ਨਹੀਂ ਹੋਈ। ਵਿਕਾਸ ਸਟੇਟ ਵਿਚ 20-30 ਸਰਕਾਰੀ ਜਾਂ ਗੈਰ-ਸਰਕਾਰੀ ਯੂਨੀਵਰਸਿਟੀਆਂ, ਮਹਿੰਗੇ ਪ੍ਰਾਈਵੇਟ ਸਕੂਲ, ਤਕਨੀਕੀ, ਗੈਰ-ਤਕਨੀਕੀ ਕਾਲਜ ਖੋਲ੍ਹਣ ਜਾਂ ਮਹਿੰਗੇ ਪ੍ਰਾਈਵੇਟ ਹਸਪਤਾਲ ਖੋਲ੍ਹਣ ਵਿਚ ਨਹੀਂ ਹੈ। ਸਵਾਲ ਹੈ, ਕੀ ਵਿੱਦਿਆ ਅਤੇ ਸਿਹਤ ਸੇਵਾਵਾਂ ਆਮ ਆਦਮੀ ਦੀ ਪਹੁੰਚ ਵਿਚ ਹਨ ਕਿ ਨਹੀਂ? ਜੋ ਕਿ ਉਸ ਦਾ ਬੁਨਿਆਦੀ ਹੱਕ ਹੈ।
ਮੇਰੇ ਬਹੁਤ ਸਾਰੇ ਵੀਰ ਗਿਲਾ ਕਰ ਸਕਦੇ ਹਨ ਕਿ ‘ਪੰਜਾਬੀ ਸੂਬਾ’ ਜੋ ਲੈ ਦਿੱਤਾ ਕੀ ਇਹ ਪ੍ਰਾਪਤੀ ਨਹੀਂ? ਪੰਜਾਬੀ ਸੂਬਾ ਪੰਜਾਬੀ ਬੋਲੀ ਦੇ ਆਧਾਰ ‘ਤੇ ਬਣਿਆ ਹੈ। ਬਣਨ ਤੋਂ ਪਹਿਲਾਂ ਪੰਜਾਬੀ ਗੁੜਗਾਉਂ, ਫਰੀਦਾਬਾਦ, ਧੁਰ ਹਿਮਾਲਿਆ ਦੀਆਂ ਚੋਟੀਆਂ ਤੱਕ ਪੜ੍ਹੀ-ਪੜ੍ਹਾਈ ਜਾਂਦੀ ਸੀ ਪਰ ਅੱਜ ਪੰਜਾਬੀ ਸੂਬੇ ਦੇ ਪ੍ਰਾਈਵੇਟ ਸਕੂਲਾਂ ਵਿਚ ਵੀ ਨਹੀਂ ਪੜ੍ਹਾਈ ਜਾਂਦੀ। ਪੜ੍ਹਾਈ ਤਾਂ ਕੀ, ਬੱਚਿਆਂ ਨੂੰ ਪੰਜਾਬੀ ਵਿਚ ਗੱਲ ਕਰਨ ਦੀ ਇਜਾਜ਼ਤ ਨਹੀਂ। ਪੰਜਾਬ ਦੇ ਪੰਜਾਬੀ ਬੋਲਦੇ ਇਲਾਕੇ ਦਾ ਵੱਡਾ ਹਿੱਸਾ ਪੰਜਾਬ ਤੋਂ ਬਾਹਰ ਹੋ ਗਿਆ, ਪੰਜਾਬ ਦੀ ਰਾਜਧਾਨੀ ਖੁੱਸ ਗਈ, ਦਰਿਆਵਾਂ ਦਾ ਪਾਣੀ ਪਰਾਇਆ ਹੋ ਗਿਆ।
ਕੀ ਖੱਟਿਆ? ਪੰਜਾਬ ਲਿਆ ਸੀ ਕਿ ਬਹੁ-ਗਿਣਤੀ ਸਿੱਖ ਵੋਟਰਾਂ ਦੇ ਸਿਰ ‘ਤੇ ਹਰ ਵਾਰੀ ਸਰਕਾਰ ਬਣਾਇਆ ਕਰਾਂਗੇ, ਉਹ ਵੀ ਪੰਜਾਬੀ ਬੋਲੀ ਦਾ ਵਿਰੋਧ ਕਰਨ ਵਾਲੀ ਬੀæਜੇæਪੀ (ਪੁਰਾਣੀ ਜਨ ਸੰਘ) ਦੇ ਸਹਿਯੋਗ ਤੋਂ ਬਿਨਾ ਅੱਜ ਤੱਕ ਬਣਾ ਨਹੀਂ ਸਕੇ। ਕੀ ਖੱਟਿਆ ਤੇ ਕੀ ਗੁਆਇਆ, ਇਸ ਦਾ ਲੇਖਾ-ਜੋਖਾ ਕਰਨਾ ਬਣਦਾ ਹੈ ਜਿਸ ਲਈ ਦੋਵੇਂ ਪ੍ਰਮੁੱਖ ਪਾਰਟੀਆਂ ਜਿੰਮੇਵਾਰ ਹਨ; ਦੋਵਾਂ ਪਾਰਟੀਆਂ ਦੀ ਸਿੱਧੇ ਰੂਪ ਵਿਚ ਵੀ ਅਤੇ ਭਾਈਵਾਲ ਰੂਪ ਵਿਚ ਵੀ ਕੇਂਦਰ ਵਿਚ ਸਰਕਾਰ ਰਹੀ ਹੈ। ਗੁਰੂਆਂ ਅਨੁਸਾਰ ਰਾਜੇ ਦਾ ਇੱਕੋ ਇੱਕ ਧਰਮ ਹੁੰਦਾ ਹੈ, ਨਿਆਉਂ ਕਰਨਾ; ਉਸ ਦਾ ਹੋਰ ਕੋਈ ਧਰਮ ਨਹੀਂ ਹੁੰਦਾ, ‘ਰਾਜਾ ਨਿਆਉ ਕਰੇ ਹਥਿ ਹੋਇ।Ḕ ਪੰਜਾਬ ਨੂੰ ਇਸ ਵੇਲੇ ਤਬਦੀਲੀ ਦੀ ਜ਼ਰੂਰਤ ਹੈ। ਇਥੇ ਦਿੱਲੀ ਤੋਂ ਵਿਦਿਆਰਥੀਆਂ ਦੇ ਰੂਪ ਵਿਚ ਲੜਕੇ ਅਤੇ ਲੜਕੀਆਂ ਪੜ੍ਹਦੇ ਹਨ ਜੋ ਦਿੱਲੀ ਗਾਹੇ-ਬਗਾਹੇ ਜਾਂਦੇ ਰਹਿੰਦੇ ਹਨ। ਸਭ ਦਾ ਕਹਿਣਾ ਹੈ ਕਿ ਦਿੱਲੀ ਵਿਚ ਪਹਿਲਾਂ ਨਾਲੋਂ ਹਰ ਪਾਸੇ ਸੁਧਾਰ ਹੋਇਆ ਹੈ ਅਤੇ ਹੋ ਰਿਹਾ ਹੈ।
ਪੰਜਾਬ ਨੂੰ ਤਬਦੀਲੀ ਦੀ ਲੋੜ ਹੈ ਅਤੇ ਹੁਣੇ ਇਹ ਮੌਕਾ ਹੈ ਤਬਦੀਲੀ ਲਿਆਉਣ ਦਾ। ਨਵੇਂ ਤਜ਼ਰਬੇ ਮਨੁੱਖ ਕਰਦਾ ਆਇਆ ਹੈ ਅਤੇ ਕਰਦੇ ਰਹਿਣਾ ਹੈ। ਜਦੋਂ ਤੱਕ ਨਵਾਂ ਤਜ਼ਰਬਾ ਕਰਾਂਗੇ ਨਹੀਂ ਤਾਂ ਕਿਵੇਂ ਪਤਾ ਲੱਗੇਗਾ ਕਿ ਕੀ ਸਹੀ ਹੈ ਤੇ ਕੀ ਗਲਤ? ਜੋ ਭੁਗਤ ਲਿਆ ਹੈ, ਉਸ ਬਾਰੇ ਸਭ ਜਾਣਦੇ ਹਨ। ਕੰਢੇ ‘ਤੇ ਬੈਠ ਕੇ ਲਹਿਰਾਂ ਗਿਣਨ ਨਾਲ ਤੈਰਨਾ ਨਹੀਂ ਆ ਸਕੇਗਾ। ਤੈਰਨਾ ਸਿੱਖਣ ਲਈ ਪਾਣੀ ਵਿਚ ਪੈਰ ਪਾਉਣੇ ਹੀ ਪੈਣਗੇ। ਪ੍ਰੋæ ਹਰਪਾਲ ਸਿੰਘ ਪੰਨੂੰ ਨੇ ਠੀਕ ਕਿਹਾ ਹੈ ਕਿ “ਕਾਂਗਰਸ ਅਤੇ ਅਕਾਲੀ ਦਲ ਦੇ ਲੀਡਰਾਂ ਦੀ ਸਮਝਦਾਰੀ ਕੀ ਕਰਨੀ ਹੋਈ, ਜਦੋਂ ਉਨ੍ਹਾਂ ਨੇ ਅਕਲ ਤੋਂ ਭ੍ਰਿਸ਼ਟਾਚਾਰ ਕਰਨ ਦਾ ਕੰਮ ਲਿਆ?” ਭਗਤ ਕਬੀਰ ਜੀ ਨੇ ਫੁਰਮਾਇਆ ਹੈ,
ਮਨ ਰੇ ਛਾਡਹੁ ਭਰਮੁ ਪ੍ਰਗਟ ਹੋਇ
ਨਾਚਹੁ ਇਆ ਮਾਇਆ ਕੇ ਭਾਂਡੇ॥
ਸੂਰੁ ਕਿ ਸਨਮੁਖ ਰਨ ਤੇ ਡਰਪੈ
ਸਤੀ ਕਿ ਸਾਂਚੈ ਭਾਂਡੇ॥1॥
ਡਗਮਗ ਛਾਡਿ ਰੇ ਮਨ ਬਉਰਾ॥
ਅਬ ਤਉ ਜਰੇ ਮਰੇ ਸਿਧਿ ਪਾਈਐ
ਲੀਨੇ ਹਾਥਿ ਸੰਧਉਰਾ॥1॥ਰਹਾਉ॥ (ਪੰਨਾ 338)
ਅੰਤ ਵਿਚ ਮੇਰੀ ਇੱਕ ਬੇਨਤੀ ਸ਼ ਕਰਮਜੀਤ ਸਿੰਘ ਚੰਡੀਗੜ੍ਹ ਨੂੰ ਹੈ। ਉਹ ਬਾਣੀ ਨਾਲ ਵੀ ਬਹੁਤ ਨੇੜਿਓਂ ਜੁੜੇ ਹੋਏ ਹਨ। ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਈਮਾਨਦਾਰੀ ਨਾਲ ਸ਼ ਕਮਲਜੀਤ ਸਿੰਘ ਬਾਸੀ ਫਰੀਮਾਂਟ, ਕੈਲੀਫੋਰਨੀਆ ਦੇ ਪੁੱਛੇ ਗਏ ਸਵਾਲਾਂ ਦਾ ਉਤਰ ਜ਼ਰੂਰ ਦੇਣ। ਇਸ ਦਾ ਸਬੰਧ ਕਿਸੇ ਬਹਿਸ ਨਾਲ ਜਾਂ ਕਿਸੇ ਧੜੇ ਨਾਲ ਹੋਣ ਨਾਲ ਨਹੀਂ ਹੈ। ਇਹ ਇੱਕ ਆਮ ਸਿੱਖ ਦੇ ਮਨ ਦੀ ਅਕਾਂਖਿਆ ਜਾਪਦੇ ਹਨ।
-ਡਾæ ਗੁਰਨਾਮ ਕੌਰ, ਕੈਨੇਡਾ