ਬਾਦਲ ਦੇ ਗੜ੍ਹ ‘ਚ ਕੈਪਟਨ ਦਾ ਗੜ੍ਹਕਾ

ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਪਾਰਾ ਸਿਖਰਾਂ ਉਤੇ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਮੁਕਾਬਲੇ ਲੰਬੀ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਦੇ ਐਲਾਨ ਨੇ ਸੂਬਾਈ ਸਿਆਸਤ ਵਿਚ ਹਲਚਲ ਮਚਾ ਦਿੱਤੀ ਹੈ। ਪ੍ਰਕਾਸ਼ ਸਿੰਘ ਬਾਦਲ ਉਹ ਸ਼ਖਸ ਹਨ ਜਿਨ੍ਹਾਂ ਨੇ 1969 ਤੋਂ ਅੱਜ ਤੱਕ ਕਦੇ ਹਾਰ ਦਾ ਮੂੰਹ ਨਹੀਂ ਵੇਖਿਆ। ਕੈਪਟਨ ਦੇ ਇਸ ਐਲਾਨ ਨੇ ਜਿਥੇ ਅੰਦਰੂਨੀ ਕਲੇਸ਼ ਦਾ ਸਾਹਮਣਾ ਕਰ ਰਹੇ ਕਾਂਗਰਸੀ ਆਗੂਆਂ ਵਿਚ ਰੂਹ ਫੂਕ ਦਿੱਤੀ ਹੈ, ਉਥੇ ਵਿਰੋਧੀਆਂ ਵੱਲੋਂ ਬਾਦਲਾਂ ਨਾਲ ਸੌਦੇਬਾਜ਼ੀ ਦੇ ਦੋਸ਼ਾਂ ਦੀ ਵੀ ਫੂਕ ਕੱਢ ਦਿੱਤੀ ਹੈ।

ਕੈਪਟਨ ਵਾਸਤੇ ਇਸ ਤਰ੍ਹਾਂ ਦੇ ਦਲੇਰਾਨਾ ਫੈਸਲੇ ਕੋਈ ਨਵੀਂ ਗੱਲ ਨਹੀਂ ਹੈ। ਢਾਈ ਸਾਲ ਪਹਿਲਾਂ ਲੋਕ ਸਭਾ ਚੋਣਾਂ ਵੇਲੇ ਕੈਪਟਨ ਨੇ ਭਾਜਪਾ ਨੇਤਾ ਅਰੁਣ ਜੇਤਲੀ ਵਿਰੁੱਧ ਅੰਮ੍ਰਿਤਸਰ ਹਲਕੇ ‘ਚ ਅਚਨਚੇਤੀ ਮੈਦਾਨ ਵਿਚ ਉਤਰ ਕੇ ਨਾ ਸਿਰਫ ਜੇਤਲੀ ਦੀ ਸੰਭਾਵੀ ਜਿੱਤ ਨੂੰ ਹਾਰ ਵਿਚ ਬਦਲ ਦਿੱਤਾ ਸੀ, ਸਗੋਂ ਪੰਜਾਬ ਕਾਂਗਰਸ ਨੂੰ ਹੋਰ ਹਲਕਿਆਂ ਵਿਚ ਬਿਹਤਰ ਕਾਰਗੁਜ਼ਾਰੀ ਦੇ ਕਾਬਲ ਬਣਾ ਦਿੱਤਾ ਸੀ। ਕੈਪਟਨ ਦੇ ਲੰਬੀ ਤੋਂ ਚੋਣ ਲੜਨ ਦੇ ਫੈਸਲੇ ਦਾ ਵਿਸ਼ਲੇਸ਼ਣ ਕਈ ਪੱਖਾਂ ਤੋਂ ਕੀਤਾ ਜਾ ਰਿਹਾ ਹੈ। ਇਸ ਪਿੱਛੇ ਆਮ ਆਦਮੀ ਪਾਰਟੀ ਦੀ ਭੂਮਿਕਾ ਬਾਰੇ ਵੀ ਚਰਚਾ ਜ਼ੋਰਾਂ ਉਤੇ ਹੈ। ‘ਆਪ’ ਲਗਾਤਾਰ ਇਹ ਦੋਸ਼ ਲਾ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਦਲ ਆਪਸ ਵਿਚ ਮਿਲੇ ਹੋਏ ਹਨ। ਕੈਪਟਨ ਵਿਰੁੱਧ ਚੱਲ ਰਹੇ ਕੇਸ ਬਾਦਲ ਸਰਕਾਰ ਵੱਲੋਂ ਵਾਪਸ ਲੈਣ ਅਤੇ ਕਾਂਗਰਸ ਦੇ ਤਤਕਾਲੀ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਵਿਚ ਬਿਕਰਮ ਸਿੰਘ ਮਜੀਠੀਆ ਦੇ ਨਸ਼ੇ ਤਸਕਰਾਂ ਨਾਲ ਸਬੰਧਾਂ ਦੇ ਦੋਸ਼ਾਂ ਦੀ ਸੀæਬੀæਆਈæ ਤੋਂ ਜਾਂਚ ਦੀ ਮੰਗ ਨੂੰ ਕੈਪਟਨ ਵੱਲੋਂ ਰੱਦ ਕੀਤੇ ਜਾਣ ਅਤੇ ਕੈਪਟਨ ਦੀ ਬਾਦਲਾਂ ਪ੍ਰਤੀ ਭਾਸ਼ਾ ਵਿਚ ਨਰਮੀ ਨੂੰ ਦੋਹਾਂ ਪਾਰਟੀਆਂ ਦੀ ਸਾਂਝ ਬਾਰੇ ਦਲੀਲ ਦੇ ਤੌਰ ਉਤੇ ਪੇਸ਼ ਕੀਤਾ ਜਾ ਰਿਹਾ ਸੀ। ਦੱਸਣਯੋਗ ਹੈ ਕਿ ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਵਿਰੋਧੀ ਧਿਰਾਂ ਦਾ ਮੁੱਖ ਨਿਸ਼ਾਨਾਂ ਬਾਦਲਾਂ ਨੂੰ ਘੇਰਨਾ ਹੈ। ਇਹੀ ਕਾਰਨ ਹੈ ਕਿ ਜਲਾਲਾਬਾਦ ਤੇ ਲੰਬੀ ਹਲਕਿਆਂ ਵਿਚ ਸਾਰੀਆਂ ਧਿਰਾਂ ਵੱਲੋਂ ਪੱਛੜ ਕੇ ਉਮੀਦਵਾਰ ਉਤਾਰੇ ਗਏ। ਜਲਾਲਾਬਾਦ ਸੁਖਬੀਰ ਸਿੰਘ ਬਾਦਲ ਅਤੇ ਲੰਬੀ ਪ੍ਰਕਾਸ਼ ਸਿੰਘ ਬਾਦਲ ਦਾ ਹਲਕਾ ਹੈ। ਕਾਂਗਰਸ ਨੇ ਸੁਖਬੀਰ ਦੇ ਮੁਕਾਬਲੇ ਜਲਾਲਾਬਾਦ ਹਲਕੇ ਵਿਚ ਰਵਨੀਤ ਸਿੰਘ ਬਿੱਟੂ ਨੂੰ ਉਤਾਰਿਆ ਹੈ। ਲੰਬੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਰਨੈਲ ਸਿੰਘ ਦੀ ਬਾਦਲ ਨੂੰ ਹਰਾਉਣ ਜਾਂ ਘੇਰਨ ਦੀ ਦਾਅਵੇਦਾਰੀ ਸ਼ਾਇਦ ਬਹੁਤੀ ਮਜ਼ਬੂਤ ਦਿਖਾਈ ਨਹੀਂ ਦੇ ਰਹੀ ਸੀ। ਬਾਦਲਾਂ ਨੂੰ ਪਹਿਲੀ ਵਾਰ ਇਸ ਤਰ੍ਹਾਂ ਦੀ ਵੱਡੀ ਚੁਣੌਤੀ ਨਾਲ ਜੂਝਣਾ ਪਵੇਗਾ। ਪੰਜਾਬ ਵਿਚ ਭਗਵੰਤ ਮਾਨ, ਜਰਨੈਲ ਸਿੰਘ ਤੋਂ ਇਲਾਵਾ ਮਜੀਠਾ ਤੋਂ ਹਿੰਮਤ ਸਿੰਘ ਸ਼ੇਰਗਿੱਲ ਨੂੰ ਖੜ੍ਹਾ ਕਰਨਾ ਵੀ ਇਹ ਸੰਕੇਤ ਦਿੰਦਾ ਹੈ ਕਿ ਇਸ ਵਾਰ ਸਿਆਸੀ ਧਿਰਾਂ ਦਾ ਨਿਸ਼ਾਨਾਂ ਬਾਦਲ ਪਰਿਵਾਰ ਹੈ।
ਉਧਰ, ਕਾਂਗਰਸ ਹਰ ਹੀਲਾ ਵਸੀਲਾ ਵਰਤਦੇ ਹੋਏ ਇਸ ਵਾਰ ਚੋਣ ਜਿੱਤਣ ਲਈ ਪੂਰਾ ਟਿੱਲ ਲਾ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਚੋਣ ਰਣਨੀਤੀ ਘਾੜੇ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਨੂੰ ਆਪਣੇ ਨਾਲ ਜੋੜਿਆ, ਇਸ ਟੀਮ ਵੱਲੋਂ ਕੈਪਟਨ ਦੇ ਪੱਖ ਵਿਚ ਸੋਸ਼ਲ ਮੀਡੀਆ ਰਾਹੀਂ ਮੁਹਿੰਮ ਚਲਾਈ ਜਾ ਰਹੀ ਹੈ। ਹਰ ਸਾਈਟ ਉਤੇ ਪੰਜਾਬ ਦਾ ਕੈਪਟਨ ਹੀ ਮੂਹਰੇ ਆ ਰਿਹਾ ਹੈ। ਇਸ ਤੋਂ ਪਹਿਲਾਂ ‘ਕੌਫੀ ਵਿਦ ਕੈਪਟਨ’, ‘ਪੰਜਾਬ ਦਾ ਕੈਪਟਨ’ ਅਤੇ ‘ਹਲਕੇ ਵਿਚ ਕੈਪਟਨ’ ਵਰਗੇ ਨਾਅਰੇ ਚਲਾਏ ਗਏ। ਇਸ ਤੋਂ ਇਲਾਵਾ ਅਕਾਲੀ ਦਲ ਵਿਚੋਂ ਧੜਾਧੜ ਬਾਗੀ ਹੋ ਕੇ ਪੰਜਾਬ ਕਾਂਗਰਸ ਵਿਚ ਰਲੇ ਅਕਾਲੀ ਦਲ ਦੇ ਨਾਮਵਰ ਆਗੂਆਂ ਨੂੰ ਪਾਰਟੀ ‘ਚ ਸ਼ਾਮਲ ਕਰ ਲਿਆ ਗਿਆ। ਹੁਣ ਬਾਦਲ ਵਿਰੁੱਧ ਚੋਣ ਲੜਨ ਦਾ ਐਲਾਨ ਕਰ ਕੇ ਕੈਪਟਨ ਨੇ ਕਾਂਗਰਸ ਲੀਡਰਸ਼ਿਪ ਵਿਚ ਸਭ ਤੋਂ ਤਾਕਤਵਰ ਹੋਣ ਦਾ ਦਾਅਵਾ ਪੇਸ਼ ਕਰ ਦਿੱਤਾ ਹੈ।
__________________________________________________
ਕਿਤੇ ਆਪ ਵਾਲਿਆਂ ਦੀ ਚਾਲ ਤਾਂ ਨਹੀਂ?
ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਵੱਲੋਂ ਲੰਬੀ ਹਲਕੇ ਤੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖਿਲਾਫ ਚੋਣ ਲੜਨ ਦੇ ਐਲਾਨ ਬਾਰੇ ਸੋਸ਼ਲ ਮੀਡੀਆ ਉਤੇ ਖੂਬ ਚਰਚਾ ਚੱਲ ਰਹੀ ਹੈ। ਚਰਚਾ ਇਹ ਵੀ ਹੈ ਕੈਪਟਨ ਅਮਰਿੰਦਰ ਸਿੰਘ, ਬਾਦਲ ਵਿਰੁੱਧ ਚੋਣ ਲੜਨ ਦਾ ਐਲਾਨ ਕਰ ਕੇ ਆਮ ਆਦਮੀ ਪਾਰਟੀ (ਆਪ) ਦੀ ਚਾਲ ਵਿਚ ਫਸ ਗਏ ਹਨ। ਯਾਦ ਰਹੇ ਕਿ ਸੋਸ਼ਲ ਮੀਡੀਆ ‘ਤੇ ਸ਼ਬਦੀ ਜੰਗ ਵਿਚ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕੈਪਟਨ ਨੂੰ ਬਾਦਲ ਵਿਰੁੱਧ ਚੋਣ ਲੜਨ ਲਈ ਵੰਗਾਰਿਆ ਸੀ ਅਤੇ ਇਹ ਵੀ ਕਿਹਾ ਸੀ ਕਿ ਜੇ ਕੈਪਟਨ ਚੋਣ ਨਹੀਂ ਲੜਦੇ ਤਾਂ ਸਮਝੋ ਉਨ੍ਹਾਂ ਦੀ ਬਾਦਲਾਂ ਨਾਲ ‘ਸੈਟਿੰਗ’ ਹੈ। ਲੰਬੀ ਤੋਂ ਜਰਨੈਲ ਸਿੰਘ ਆਪ ਦੇ ਉਮੀਦਵਾਰ ਹਨ। ਮੰਨਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਸਿਆਸਤ ਦੇ ਦੋ ਮਹਾਂਰਥੀਆਂ ਵਿਚ ਭੇੜ ਕਰਵਾ ਕੇ ਹਾਲਾਤ ਦਾ ਫਾਇਦਾ ਉਠਾਉਣ ਦੀ ਤਾਕ ਵਿਚ ਹੈ, ਹਾਲਾਂਕਿ ਕੇਜਰੀਵਾਲ ਨੇ ਆਪਣਾ ਪੈਂਤੜਾ ਬਦਲਦੇ ਹੋਏ ਆਖਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਲੰਬੀ ਹਲਕੇ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਜਿੱਤ ਪੱਕੀ ਕਰਨ ਅਤੇ ਆਪ ਦੇ ਉਮੀਦਵਾਰ ਜਰਨੈਲ ਸਿੰਘ ਨੂੰ ਹਰਾਉਣ ਲਈ ਚੋਣ ਲੜ ਰਹੇ ਹਨ।
____________________________________________
ਬਾਦਲ ਲਈ ਔਖੀ ਘੜੀæææ
ਚੰਡੀਗੜ੍ਹ: ਮੁੱਖ ਮੰਤਰੀ ਪ੍ਰਕਾਸ਼ ਸਿੰਘ ਨੇ ਆਪਣੇ ਸਿਆਸੀ ਜੀਵਨ ਵਿਚ ਸ਼ਾਇਦ ਹੀ ਅਜਿਹਾ ਮੁਸ਼ਕਿਲ ਸਮਾਂ ਵੇਖਿਆ ਹੋਵੇ। ਚੋਣਾਂ ਦੇ ਐਲਾਨ ਪਿੱਛੋਂ ਬਾਦਲ ਦੇ ਆਪਣੇ ਹਲਕੇ ਵਿਚ 12 ਦੌਰਿਆਂ ਵਿਚੋਂ 5 ਥਾਵਾਂ ਉਤੇ ਵਿਰੋਧ ਹੋਇਆ। ਉਨ੍ਹਾਂ ਦੇ ਹਲਕੇ ਵਿਚ ਉਨ੍ਹਾਂ ਉਤੇ ਜੁੱਤੀ ਸੁੱਟੀ ਗਈ। ਇਕ ਜਗ੍ਹਾ ਤਾਂ ਉਨ੍ਹਾਂ ਨੂੰ ਭਾਸ਼ਣ ਵਿਚਾਲੇ ਹੀ ਛੱਡ ਕੇ ਜਾਣਾ ਪਿਆ। ਇਹ ਪਹਿਲੀ ਵਾਰ ਹੈ ਜਦੋਂ ਇਸ ਬਜ਼ੁਰਗ ਸਿਆਸਤਦਾਨ ਖਿਲਾਫ ਲੋਕਾਂ ਵਿਚ ਇੰਨਾ ਗੁੱਸਾ ਵੇਖਣ ਨੂੰ ਮਿਲ ਰਿਹਾ ਹੈ। ਜੁੱਤੀ ਵਾਲੀ ਘਟਨਾ ਤੋਂ ਬਾਅਦ ਜਦ ਬਾਦਲ ਮੁੜ ਚੋਣ ਪ੍ਰਚਾਰ ਲਈ ਮੈਦਾਨ ਵਿਚ ਉਤਰੇ ਤਾਂ ਉਨ੍ਹਾਂ ਫਿਰ ਲੋਕ ਰੋਹ ਦਾ ਸ਼ਿਕਾਰ ਹੋਣਾ ਪਿਆ। ਹੈਰਾਨੀ ਦੀ ਗੱਲ ਹੈ ਕਿ ਇਹ ਰੋਸ ਪ੍ਰਗਟਾਉਣ ਵਾਲੇ ਕਿਸੇ ਵਿਰੋਧੀ ਧਿਰ ਦੇ ਨਹੀਂ, ਬਲਕਿ ਕੱਟੜ ਅਕਾਲੀ ਹੀ ਸਨ। ਇਕੱਲੇ ਵੱਡੇ ਬਾਦਲ ਹੀ ਨਹੀਂ, ਬਲਕਿ ਉਨ੍ਹਾਂ ਦੇ ਫਰਜ਼ੰਦ ਸੁਖਬੀਰ ਸਿੰਘ ਬਾਦਲ ਉਤੇ ਵੀ ਭੀੜ ਨੇ ਪਥਰਾਅ ਕੀਤਾ ਸੀ। ਪਥਰਾਅ ਵਿਚ ਅਕਾਲੀ ਦਲ ਦੇ ਚਾਰ ਹਮਾਇਤੀ ਜ਼ਖ਼ਮੀ ਹੋ ਗਏ ਅਤੇ ਸੁਖਬੀਰ ਬਾਦਲ ਵਾਲ-ਵਾਲ ਬਚ ਗਏ ਸਨ।