ਚੋਣ ਮੈਦਾਨ ਵਿਚ ਸਿਆਸੀ ਧਿਰਾਂ ਦੇ ਹੜ੍ਹ ਨੇ ਉਲਝਾਈ ਤਾਣੀ

ਚੰਡੀਗੜ੍ਹ: ਪੰਜਾਬ ਵਿਚ ਚੋਣਾਂ ਦੇ ਐਲਾਨ ਤੋਂ ਬਾਅਦ ਸਿਆਸੀ ਪਾਰਟੀਆਂ ਨੇ ਕਮਰਕੱਸੇ ਕਰ ਲਏ ਹਨ। ਸਿਆਸੀ ਧਿਰਾਂ ਨੂੰ ਭਾਵੇਂ ਚੋਣ ਮੁਹਿੰਮ ਭਖਾਉਣ ਲਈ ਬਹੁਤ ਘੱਟ ਸਮਾਂ ਮਿਲਿਆ ਹੈ, ਪਰ ਕੁਝ ਪਾਰਟੀਆਂ ਵੱਲੋਂ ਚੋਣ ਤਰੀਕ ਦਾ ਐਲਾਨ ਕਰਨ ਤੋਂ ਕਾਫੀ ਮਹੀਨੇ ਪਹਿਲਾਂ ਹੀ ਆਪੋ-ਆਪਣੇ ਸਿਆਸੀ ਮੋਰਚੇ ਬਣਾਉਣ ਅਤੇ ਉਨ੍ਹਾਂ ਨੂੰ ਪੱਕਿਆਂ ਕਰਨ ਦੀ ਪੂਰੀ ਤਿਆਰੀ ਕਰ ਲਈ ਸੀ। ਦਿਲਚਸਪ ਗੱਲ ਇਹ ਹੈ ਕਿ ਰਿਵਾਇਤੀ ਧਿਰਾਂ ਤੋਂ ਇਲਾਵਾ ਹੋਰ ਵੀ ਦਰਜਨਾਂ ਪਾਰਟੀਆਂ ਨੇ ਚੋਣ ਮੈਦਾਨ ਵਿਚ ਨਿਤਰਨ ਦਾ ਐਲਾਨ ਕਰ ਦਿੱਤਾ ਹੈ।

ਪੰਜਾਬ ਦੀ ਪੁਰਾਣੀ ਪਾਰਟੀ ਬਸਪਾ ਨੇ ਵੀ ਬਹੁਤ ਸਾਰੀਆਂ ਸੀਟਾਂ ‘ਤੇ ਆਪਣੇ ਉਮੀਦਵਾਰ ਉਤਾਰਨ ਦਾ ਫੈਸਲਾ ਕੀਤਾ ਹੈ। ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੀ ਇਸ ਵਾਰ ਕੁਝ ਪੰਥਕ ਧਿਰਾਂ ਦੀ ਅਗਵਾਈ ਵਿਚ ਸਰਗਰਮ ਹੈ। ਇਸ ਤੋਂ ਇਲਾਵਾ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨæਸੀæਪੀæ) ਜਿਸ ਦੇ ਪ੍ਰਧਾਨ ਸਵਰਨ ਸਿੰਘ ਹਨ, ਨੇ ਵੀ ਆਪਣੇ ਦਰਜਨ ਭਰ ਉਮੀਦਵਾਰ ਮੈਦਾਨ ਵਿਚ ਉਤਾਰਨ ਦਾ ਐਲਾਨ ਕੀਤਾ ਹੈ। ਕ੍ਰਾਂਤੀਕਾਰੀ ਯੁਵਾ ਪਾਰਟੀ, ਜਿਸ ਦੇ ਪ੍ਰਧਾਨ ਅੰਤਰਜੋਤ ਸਿੰਘ ਹਨ, ਨੇ ਵੀ ਦੋ ਕੁ ਦਰਜਨ ਪਾਰਟੀ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਆਮ ਆਦਮੀ ਪਾਰਟੀ ਤੋਂ ਵੱਖ ਹੋ ਕੇ ਕਿਸਮਤ ਅਜ਼ਮਾ ਰਹੇ ਸੁੱਚਾ ਸਿੰਘ ਛੋਟੇਪੁਰ ਨੇ ‘ਆਪਣਾ ਪੰਜਾਬ ਪਾਰਟੀ’ ਬਣਾਈ ਹੈ, ਜਿਸ ਨੇ ਹੁਣ ਤੱਕ ਕਾਫੀ ਸਰਗਰਮੀ ਦਿਖਾਈ ਹੈ।
ਇਨਕਲਾਬ ਵਿਕਾਸ ਦਲ ਅਤੇ ਬਜਰੰਗ ਦਲ ਹਿੰਦੁਸਤਾਨ ਆਦਿ ਨਵੇਂ ਦਲਾਂ ਨੇ ਵੀ ਆਪਣੇ ਉਮੀਦਵਾਰ ਐਲਾਨ ਕੇ ਪੰਜਾਬ ਦੀ ਸਿਆਸਤ ਵਿਚ ਦਸਤਕ ਦਿੱਤੀ ਹੈ। ਆਪਣਾ ਪੰਜਾਬ ਪਾਰਟੀ ਨੇ ਬੀæਆਰæਪੀæ ਪਾਰਟੀ, ਜਿਸ ਦੇ ਪ੍ਰਧਾਨ ਡਾæ ਅੰਬੇਡਕਰ ਦੇ ਪੋਤਰੇ ਪ੍ਰਕਾਸ਼ ਰਾਓ ਅੰਬੇਡਕਰ ਹਨ, ਨਾਲ ਗਠਜੋੜ ਕਰਨ ਦਾ ਐਲਾਨ ਕੀਤਾ ਹੈ। ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨਾਲ ਪੰਥਕ ਦਲ ਅਤੇ ਸਰਬੱਤ ਖਾਲਸਾ ਜਥੇਬੰਦੀਆਂ ਵੱਲੋਂ ਰਲ ਕੇ ਚੋਣਾਂ ਲੜਨ ਦਾ ਐਲਾਨ ਕੀਤਾ ਗਿਆ ਹੈ। ਕਦੀ ਟਕਸਾਲੀ ਕਾਂਗਰਸੀ ਆਗੂ ਰਹੇ ਜਗਮੀਤ ਸਿੰਘ ਬਰਾੜ ਨੇ ਵੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਦੀ ਪੰਜਾਬ ਇਕਾਈ ਦਾ ਪ੍ਰਧਾਨ ਬਣ ਕੇ ਚੋਣ ਮੈਦਾਨ ਵਿਚ ਨਿਤਰਨ ਦਾ ਐਲਾਨ ਕੀਤਾ ਹੈ।
ਦਲਿਤਾਂ ਦੇ ਨਾਂ ‘ਤੇ ਪਿਛਲੇ ਲੰਮੇ ਸਮੇਂ ਤੋਂ ਸਿਆਸਤ ਕਰ ਰਹੇ ਦੇਵੀ ਦਾਸ ਨਾਹਰ ਨੇ ਬਹੁਜਨ ਸਮਾਜ ਪਾਰਟੀ (ਅੰਬੇਡਕਰ) ਵੱਲੋਂ ਵੀ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਚਾਹੇ 4 ਖੱਬੇ ਪੱਖੀ ਪਾਰਟੀਆਂ ਵੱਲੋਂ ਐਲਾਨੇ ਗਏ ਸਾਂਝੇ ਮੋਰਚੇ ਵਿਚ ਤਰੇੜਾਂ ਆਈਆਂ ਦਿਖਾਈ ਦਿੱਤੀਆਂ ਹਨ, ਪਰ ਇਨ੍ਹਾਂ ਵਿਚੋਂ ਤਿੰਨ ਪਾਰਟੀਆਂ ਨੇ ਆਪਣੇ 5 ਦਰਜਨ ਦੇ ਲਗਪਗ ਉਮੀਦਵਾਰਾਂ ਦਾ ਐਲਾਨ ਕੀਤਾ ਹੈ, ਜਦੋਂ ਕਿ ਸੀæਪੀæਆਈæ (ਐਮ) ਇਨ੍ਹਾਂ ਨਾਲ ਨਾਰਾਜ਼ ਹੋਈ ਦਿਖਾਈ ਦਿੰਦੀ ਹੈ। ਹੋਰ ਤਾਂ ਹੋਰ ਸ਼ਿਵ ਸੈਨਾ ਪੰਜਾਬ (ਬਾਲ ਠਾਕਰੇ) ਨੇ ਵੀ ਆਪਣੇ ਸੂਬਾ ਪ੍ਰਧਾਨ ਯੋਗਰਾਜ ਸ਼ਰਮਾ ਦੀ ਅਗਵਾਈ ਵਿਚ ਦਰਜਨ ਭਰ ਉਮੀਦਵਾਰਾਂ ਦਾ ਐਲਾਨ ਕੀਤਾ ਹੈ।
ਲੋਕ ਇਨਸਾਫ ਪਾਰਟੀ, ਜਿਸ ਦੇ ਆਗੂ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਹਨ, ਨੇ ਆਮ ਆਦਮੀ ਪਾਰਟੀ ਨਾਲ ਗਠਜੋੜ ਕਰ ਕੇ ਕੁਝ ਸੀਟਾਂ ਤੋਂ ਚੋਣ ਲੜਨ ਦਾ ਐਲਾਨ ਕੀਤਾ ਹੈ। ਆਮ ਆਦਮੀ ਪਾਰਟੀ ਦੀ ਟੁੱਟ-ਭੱਜ ਵਿਚੋਂ ਹੀ ਲੋਕ ਸਭਾ ਮੈਂਬਰ ਡਾæ ਧਰਮਵੀਰ ਦੀ ਅਗਵਾਈ ਵਾਲੇ ‘ਪੰਜਾਬ ਫਰੰਟ’ ਨੇ ਜਨਮ ਲਿਆ ਸੀ। ਉਹ ਆਪਣੇ ਤੌਰ ‘ਤੇ ਉਮੀਦਵਾਰਾਂ ਦਾ ਐਲਾਨ ਕਰ ਕੇ ਚੋਣਾਂ ਲਈ ਤਤਪਰ ਦਿਖਾਈ ਦਿੰਦੇ ਹਨ।
ਬਹੁਜਨ ਮੁਕਤੀ ਪਾਰਟੀ ਦੇ ਪੰਜਾਬ ਯੂਨਿਟ ਦੇ ਪ੍ਰਧਾਨ ਖੁਸ਼ੀ ਰਾਮ ਨੇ ਵੀ ਦਰਜਨ ਭਰ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਇਸੇ ਹੀ ਤਰ੍ਹਾਂ ਪੰਜਾਬ ਡੈਮੋਕ੍ਰੇਟਿਕ ਪਾਰਟੀ, ਜਿਸ ਦੇ ਸੂਬਾ ਪ੍ਰਧਾਨ ਇੰਜੀਨੀਅਰ ਗੁਰਦਿਆਲ ਸਿੰਘ ਹਨ, ਨੇ ਵੀ ਅੱਧੀ ਦਰਜਨ ਉਮੀਦਵਾਰ ਮੈਦਾਨ ਵਿਚ ਉਤਾਰਨ ਦਾ ਫੈਸਲਾ ਕੀਤਾ ਹੈ। ਭਾਈ ਮੋਹਕਮ ਸਿੰਘ ਦੀ ਅਗਵਾਈ ਵਾਲੇ ਯੂਨਾਈਟਿਡ ਅਕਾਲੀ ਦਲ ਨੇ ਵੀ ਮਾਨ ਦਲ ਨਾਲ ਮਿਲ ਕੇ ਚੋਣਾਂ ਲੜਨ ਦਾ ਐਲਾਨ ਕੀਤਾ ਹੈ।
ਪ੍ਰਕਾਸ਼ ਅੰਬੇਡਕਰ ਦੀ ਅਗਵਾਈ ਵਾਲੀ ਭਰੇਪਾ ਬਹੁਜਨ ਮਹਾਂਸਭਾ ਨੇ ਆਪਣੇ ਤੌਰ ਉਤੇ ਵੱਡੀ ਗਿਣਤੀ ‘ਚ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਯੋਗੇਂਦਰ ਯਾਦਵ ਦੀ ਅਗਵਾਈ ਵਿਚ ਦਿੱਲੀ ਵਿਚ ਆਮ ਆਦਮੀ ਪਾਰਟੀ ਤੋਂ ਟੁੱਟ ਕੇ ਬਣੀ ਸਵਰਾਜ ਅਭਿਆਨ ਪਾਰਟੀ ਨੇ ਵੀ ਪੰਜਾਬ ਚੋਣਾਂ ਵਿਚ ਦਿਲਚਸਪੀ ਦਿਖਾਈ ਹੈ। ਇਸ ਤੋਂ ਇਲਾਵਾ ਹੋਰ ਛੋਟੀਆਂ-ਮੋਟੀਆਂ ਪਾਰਟੀਆਂ ਵੀ ਚੋਣ ਫਰੰਟ ਉਤੇ ਆਪੋ-ਆਪਣੇ ਐਲਾਨ ਕਰ ਰਹੀਆਂ ਹਨ। ਚਾਹੇ ਨੋਟਬੰਦੀ ਕਰ ਕੇ ਚੋਣ ਪ੍ਰਚਾਰ ਹੁਣ ਤੱਕ ਕਾਫੀ ਫਿੱਕਾ ਰਿਹਾ ਹੈ। ਚੋਣ ਕਮਿਸ਼ਨ ਨੇ ਵੀ ਪਾਰਟੀਆਂ ਅਤੇ ਉਮੀਦਵਾਰਾਂ ‘ਤੇ ਵੱਖ-ਵੱਖ ਢੰਗ-ਤਰੀਕਿਆਂ ਨਾਲ ਆਪਣਾ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ।
__________________________________________
ਪੰਥਕ ਫਰੰਟ ਵਿਚਲੇ ਦਲਾਂ ਦੇ ਵੱਖੋ-ਵੱਖ ਹੋਏ ਰਾਹ
ਚੰਡੀਗੜ੍ਹ: ਪੰਥਕ ਫਰੰਟ ਵਿਚ ਸ਼ਾਮਲ ਦੋਹਾਂ ਪਾਰਟੀਆਂ ਨੇ ਆਪੋ ਆਪਣੇ ਰਾਹ ਚੁਣ ਲਏ ਹਨ। ਚੋਣਾਂ ਬਾਰੇ ਸਹਿਮਤੀ ਨਾ ਹੋਣ ਤੋਂ ਬਾਅਦ ਅਕਾਲੀ ਦਲ (ਯੂਨਾਈਟਿਡ) ਨੇ ਚੋਣਾਂ ਨਾ ਲੜਨ ਦਾ ਫੈਸਲਾ ਲਿਆ ਹੈ। ਦੋ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਅਤੇ ਧਿਆਨ ਸਿੰਘ ਮੰਡ ਨੇ ਦੋਹਾਂ ਧਿਰਾਂ ਨੂੰ ਨੇੜੇ ਲਿਆਉਣ ਲਈ ਚਾਰਾਜੋਈ ਸ਼ੁਰੂ ਕਰ ਦਿੱਤੀ ਹੈ।
ਅਕਾਲੀ ਦਲ (ਯੂਨਾਈਟਿਡ) ਦੇ ਰਾਮਪੁਰਾ ਫੂਲ ਤੋਂ ਉਮੀਦਵਾਰ ਗੁਰਦੀਪ ਸਿੰਘ ਨੇ ਚੋਣ ਮੈਦਾਨ ਵਿਚੋਂ ਲਾਂਭੇ ਹੋਣ ਦਾ ਫੈਸਲਾ ਲਿਆ ਹੈ। ਪੰਥਕ ਫਰੰਟ ਦੀ ਮੁੱਖ ਧਿਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵਿਧਾਨ ਸਭਾ ਹਲਕਾ ਬਰਨਾਲਾ ਅਤੇ ਅਮਰਗੜ੍ਹ ਤੋਂ ਚੋਣ ਲੜ ਰਹੇ ਹਨ। ਪੰਥਕ ਫਰੰਟ 55 ਸੀਟਾਂ ਤੋਂ ਉਮੀਦਵਾਰ ਐਲਾਨ ਚੁੱਕਿਆ ਹੈ। ਅਕਾਲੀ ਦਲ (ਯੂਨਾਈਟਿਡ) ਵੱਲੋਂ ਪਾਸਾ ਵੱਟਣ ਕਰਨ ਹਾਲ ਦੀ ਘੜੀ ਹੋਰ ਉਮੀਦਵਾਰਾਂ ਦੀ ਸੂਚੀ ਰੋਕ ਲਈ ਗਈ ਹੈ। ਪਤਾ ਲੱਗਿਆ ਹੈ ਕਿ ਪੰਥਕ ਫਰੰਟ ਵਿਚ ਸ਼ਾਮਲ ਦੋਹਾਂ ਪਾਰਟੀਆਂ ਦੀ ਅਸਹਿਮਤੀ ਦਾ ਮੁੱਖ ਕਾਰਨ ਵਿਧਾਨ ਸਭਾ ਚੋਣਾਂ ਬਣੀਆਂ ਹਨ। ਅਕਾਲੀ ਦਲ (ਯੂਨਾਈਟਿਡ) ਵੱਲੋਂ 117 ਦੀ ਥਾਂ ਚੋਣਵੀਆਂ ਸੀਟਾਂ ‘ਤੇ ਉਮੀਦਵਾਰ ਖੜ੍ਹੇ ਕਰਨ ਲਈ ਜ਼ੋਰ ਪਾਇਆ ਜਾ ਰਿਹਾ ਹੈ, ਜਦਕਿ ਅਕਾਲੀ ਦਲ (ਅੰਮ੍ਰਿਤਸਰ) ਸਾਰੀਆਂ ਸੀਟਾਂ ਉਤੇ ਉਮੀਦਵਾਰ ਖੜ੍ਹੇ ਕਰਨ ‘ਤੇ ਅੜਿਆ ਹੋਇਆ ਹੈ। ਯੂਨਾਈਟਿਡ ਦਲ ਦੇ ਭਾਈ ਮੋਹਕਮ ਸਿੰਘ ਅਤੇ ਭਾਈ ਗੁਰਦੀਪ ਸਿੰਘ ਬਠਿੰਡਾ ਦਾ ਇਰਾਦਾ ਚੋਣਵੀਆਂ ਸੀਟਾਂ ‘ਤੇ ਤਕੜੀ ਟੱਕਰ ਦੇਣ ਦਾ ਹੈ, ਜਦਕਿ ਸਿਮਰਨਜੀਤ ਸਿੰਘ ਮਾਨ ਚੋਣ ਨਿਸ਼ਾਨ ਬਚਾਉਣ ਲਈ ਨਿਰਧਾਰਤ ਵੋਟਾਂ ਲੈਣ ਦੇ ਰੌਂਅ ਵਿਚ ਹਨ। ਦੂਜਾ ਕਾਰਨ ਸ੍ਰੀ ਮਾਨ ਵੱਲੋਂ ਦਿੱਤਾ ਬਿਆਨ ਹੈ।
ਉਨ੍ਹਾਂ ਨੇ ਸਰਕਾਰ ਬਣਨ ਉਤੇ ਵਿਧਾਨ ਸਭਾ ਵਿਚ ਖਾਲਿਸਤਾਨ ਦਾ ਮਤਾ ਪਾਸ ਕਰਨ ਦਾ ਬਿਆਨ ਦਿੱਤਾ ਸੀ। ਉਂਜ ਯੂਨਾਈਟਿਡ ਅਕਾਲੀ ਦਲ, ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦੇ ਉਮੀਦਵਾਰਾਂ ਦੀ ਮਦਦ ਜ਼ਰੂਰ ਕਰੇਗਾ। ਬਹੁਜਨ ਸਮਾਜ ਪਾਰਟੀ ਦੇ ਬਾਨੀ ਕਾਂਸ਼ੀ ਰਾਮ ਦਾ ਭਾਣਜਾ ਚਰਨਜੀਤ ਸਿੰਘ ਆਜ਼ਾਦ ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਤੋਂ ਦਲ ਦੇ ਚੋਣ ਨਿਸ਼ਾਨ ‘ਤੇ ਚੋਣ ਲੜ ਰਿਹਾ ਹੈ। ਦਲਿਤ ਕ੍ਰਾਂਤੀ ਦਲ ਵੀ ਸਿਮਰਨਜੀਤ ਸਿੰਘ ਮਾਨ ਨਾਲ ਜੁੜ ਚੁੱਕਿਆ ਹੈ। ਯੂਨਾਈਟਿਡ ਅਕਾਲੀ ਦਲ ਵੱਲੋਂ ਆਮ ਆਦਮੀ ਪਾਰਟੀ ਨਾਲ ਰਲ ਕੇ ਚੋਣ ਲੜਨ ਨੂੰ ਪਹਿਲ ਦਿੱਤੀ ਜਾ ਰਹੀ ਸੀ, ਪਰ ਗਲ ਸਿਰੇ ਨਹੀਂ ਲੱਗ ਸਕੀ।