ਪੰਜਾਬ ਯੂ.ਪੀ. ਗੋਆ…

ਪੰਜਾਬ ਵਿਚ ਵਿਧਾਨ ਸਭਾ ਲਈ ਨਾਮਜ਼ਦਗੀਆਂ ਵਾਲਾ ਕੰਮ ਨਜਿੱਠਿਆ ਗਿਆ ਹੈ। ਸਾਰੀਆਂ ਪਾਰਟੀਆਂ ਹੁਣ ਸੌ ਮੀਟਰ ਵਾਲੀ ਦੌੜ ਵਾਂਗ ਵੇਗ ਫੜ ਚੁੱਕੀਆਂ ਹਨ। ਕੋਈ ਪਾਰਟੀ ਅਜਿਹੀ ਨਹੀਂ ਜਿਸ ਅੰਦਰ ਬਗਾਵਤ ਨਾ ਹੋਈ ਹੋਵੇ, ਦਲ-ਬਦਲੀ ਦੀ ਤਾਂ ਹੁਣ ਗੱਲ ਹੀ ਛੱਡੋ। ਹੁਣ ਦਲ-ਬਦਲੀ ਪਾਰਟੀ ਨੂੰ ਬਲੈਕਮੇਲ ਕਰ ਕੇ ਆਪਣੀ ਗੱਲ ਮੰਨਵਾਉਣ ਦਾ ਕਾਰਗਰ ਤਰੀਕਾ ਹੋ ਨਿਬੜੀ ਹੈ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸੱਤਪਾਲ ਗੁਸਾਈਂ ਅਤੇ ਕਾਂਗਰਸੀ ਆਗੂ ਗੁਰਕੰਵਲ ਕੌਰ ਨੇ ਇਸ ਪ੍ਰਸੰਗ ਵਿਚ ਬਾਜ਼ੀ ਮਾਰ ਲਈ ਹੈ।

ਸੱਤਪਾਲ ਗੁਸਾਈਂ ਕਾਂਗਰਸ ਵਿਚ ਸ਼ਾਮਲ ਹੋਏ ਅਤੇ ਸਿਰਫ ਇਕ ਦਿਨ ਬਾਅਦ ਹੀ ਵਾਪਸ ਪਾਰਟੀ ਵਿਚ ਮੁੜ ਆਏ। ਇਸੇ ਤਰ੍ਹਾਂ ਹੀ ਗੁਰਕੰਵਲ ਕੌਰ ਨੇ ਕੀਤਾ। ਜਿਹੜਾ ਨਾਟਕ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਕੀਤਾ ਹੈ, ਉਹ ਆਪਣੀ ਮਿਸਾਲ ਆਪ ਹੈ। ਉਸ ਨੇ ਚੋਣ ਸਿਆਸਤ ਦੀ ‘ਸੰਜੀਦਗੀ’ ਦੇ ਦਰਸ਼ਨ ਕਰਵਾ ਦਿੱਤੇ। ਖੈਰ! ਹੁਣ ਮੁੱਦਾ ਪਾਰਟੀਆਂ ਦੀ ਜਿੱਤ ਅਤੇ ਹਾਰ ਬਾਬਤ ਹੈ। ਕੁੱਲ ਪੰਜ ਸੂਬਿਆਂ, ਜਿਥੇ ਚੋਣਾਂ ਹੋ ਰਹੀਆਂ ਹਨ, ਵਿਚੋਂ ਦੋ ਸੂਬਿਆਂ (ਪੰਜਾਬ ਅਤੇ ਯੂæਪੀæ) ਦੀਆਂ ਚੋਣਾਂ ਸਭ ਧਿਰਾਂ ਲਈ ਬਹੁਤ ਅਹਿਮ ਹਨ ਅਤੇ ਇਸ ਦੇ ਸੂਬਾ ਪੱਧਰ ਉਤੇ ਵੀ ਅਤੇ ਕੌਮੀ ਸਿਆਸਤ ਵਿਚ ਚਿਰ ਸਥਾਈ ਅਸਰ ਪੈਣੇ ਹਨ। ਜਿਥੋਂ ਤੱਕ ਪੰਜਾਬ ਦਾ ਸਬੰਧ ਹੈ, ਸੱਤਾਧਾਰੀ ਅਕਾਲੀ-ਭਾਜਪਾ ਗਠਜੋੜ ਕਾਫੀ ਹੱਦ ਤੱਕ ਕੰਧ ਉਤੇ ਲਿਖਿਆ ਪੜ੍ਹ ਚੁੱਕਾ ਹੈ। ਲੋਕਾਂ ਦਾ ਰੋਹ ਅਤੇ ਰੋਸ ਸੱਤਾਧਾਰੀਆਂ ਖਿਲਾਫ ਖੁੱਲ੍ਹ ਕੇ ਸਾਹਮਣੇ ਆ ਚੁੱਕਾ ਹੈ। ਕਾਂਗਰਸ ਲਈ ਹਾਲਾਤ ਹੁਣ ‘ਕਰੋ ਜਾਂ ਮਰੋ’ ਵਾਲੇ ਹਨ। ਇਸ ਦੀ ਜਿੱਤ ਜਾਂ ਹਾਰ ਦਾ ਸਿੱਧਾ ਅਸਰ ਕੌਮੀ ਸਿਆਸਤ ਉਤੇ ਪਵੇਗਾ ਜਿਥੇ ਭਾਰਤੀ ਜਨਤਾ ਪਾਰਟੀ ਹਰ ਖਿੱਤੇ ਅਤੇ ਖੇਤਰ ਵਿਚ ਕਾਂਗਰਸ ਨੂੰ ਬੁਰੀ ਤਰ੍ਹਾਂ ਲਤਾੜ ਰਹੀ ਹੈ। ਪੰਜਾਬ ਵਿਚ ਕਾਂਗਰਸ ਦੀ ਜਿੱਤ ਉਸ ਲਈ ਨਵੇਂ ਜਨਮ ਤੋਂ ਘੱਟ ਨਹੀਂ ਹੋਵੇਗੀ। ਇਸੇ ਲਈ ਪਾਰਟੀ ਜਿੱਤ ਲਈ ਹਰ ਹੀਲਾ-ਵਸੀਲਾ ਕਰ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖਿਲਾਫ ਲੰਬੀ ਹਲਕੇ ਵਿਚ ਡਾਹੁਣਾ ਇਸੇ ਰਣਨੀਤੀ ਦਾ ਹਿੱਸਾ ਹੈ। ਪਾਰਟੀ ਨੇ ਇਹ ਨੁਸਖਾ ਲੋਕ ਸਭਾ ਚੋਣਾਂ ਦੌਰਾਨ ਵਰਤਿਆ ਸੀ ਅਤੇ ਕਾਮਯਾਬ ਰਹੀ ਸੀ, ਪਰ ਐਤਕੀਂ ਇਸ ਨੂੰ ਬਹੁਤੀ ਵੰਗਾਰ ਸੱਤਾਧਾਰੀ ਗਠਜੋੜ ਵੱਲੋਂ ਨਹੀਂ, ਸਗੋਂ ਪੰਜਾਬੀਆਂ ਦੇ ਦਿਲਾਂ ਅੰਦਰ ਖਾਸ ਜਗ੍ਹਾ ਬਣਾਉਣ ਵਾਲੀ ਆਮ ਆਦਮੀ ਪਾਰਟੀ (ਆਪ) ਤੋਂ ਹੈ। ਭਾਵੇਂ ਚੋਣ ਰਣਨੀਤੀ ਵਜੋਂ ਹੀ ਸਹੀ, ਕੈਪਟਨ ਅਮਰਿੰਦਰ ਸਿੰਘ ਵਾਰ-ਵਾਰ ਇਹੀ ਆਖ ਰਹੇ ਹਨ ਕਿ ਕਾਂਗਰਸ ਦਾ ਮੁਕਾਬਲ ‘ਆਪ’ ਨਾਲ ਹੀ ਹੈ ਅਤੇ ‘ਆਪ’ ਲਈ ਪੂਰਾ ਪਿੜ ਖਾਲੀ ਹੈ। ਇਹ ਪਾਰਟੀ ਸੂਬੇ ਵਿਚ ਨਵੇਂ ਅਧਿਆਏ ਲਈ ਤਾਣ ਲਾ ਰਹੀ ਹੈ।
ਉਤਰ ਪ੍ਰਦੇਸ਼ (ਯੂæਪੀæ) ਦੇ ਚੋਣ-ਦ੍ਰਿਸ਼ ਵਿਚ ਨਵੀਂ ਸਫਬੰਦੀ ਉਭਰ ਆਈ ਹੈ। ਸੱਤਾਧਾਰੀ ਸਮਾਜਵਾਦੀ ਪਾਰਟੀ ਦੇ ਅਖਿਲੇਸ਼ ਧੜੇ ਦੀ ਕਾਂਗਰਸ ਨਾਲ ਨੇੜਤਾ ਨੇ ਭਾਰਤੀ ਜਨਤਾ ਪਾਰਟੀ ਦੀ ਨੀਂਦ ਉਡਾ ਦਿੱਤੀ ਹੈ। ਇਸ ਪਾਰਟੀ ਦੀ ਗਿਣਤੀ-ਮਿਣਤੀ ਸੀ ਕਿ ਵੋਟਾਂ ਸਮਾਜਵਾਦੀ ਪਾਰਟੀ, ਕਾਂਗਰਸ ਅਤੇ ਬਹੁਜਨ ਸਮਾਜ ਪਾਰਟੀ ਵਿਚਕਾਰ ਵੰਡੇ ਜਾਣ ਤੋਂ ਬਾਅਦ ਇਸ ਦੀ ਜਿੱਤ ਲਈ ਰਾਹ ਪੱਧਰਾ ਹੋ ਜਾਵੇਗਾ। ਲੋਕ ਸਭਾ ਚੋਣਾਂ ਦੌਰਾਨ ਅਜਿਹਾ ਹੀ ਹੋਇਆ ਸੀ। ਉਦੋਂ ਮੁਸਲਿਮ ਵੋਟਾਂ ਵੰਡੀਆਂ ਗਈਆਂ ਸਨ, ਪਰ ਐਤਕੀਂ ਯੂæਪੀæ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਮੁੱਢ ਤੋਂ ਹੀ ਆਖ ਰਹੇ ਹਨ ਕਿ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਦਾ ਗਠਜੋੜ ਭਾਰਤੀ ਜਨਤਾ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਨੂੰ ਪਛਾੜ ਸਕਦਾ ਹੈ। ਕਾਂਗਰਸ ਦਾ ਚੋਣ ਨੀਤੀਕਾਰ ਪ੍ਰਸ਼ਾਤ ਕਿਸ਼ੋਰ ਵੀ ਇਨ੍ਹਾਂ ਹੀ ਲੀਹਾਂ ਉਤੇ ਜਾਣਾ ਚਾਹੁੰਦਾ ਸੀ। ਉਸ ਦਾ ਦਾਈਆ ਸਿਰਫ ਕਾਂਗਰਸ ਲਈ ਵੱਧ ਤੋਂ ਵੱਧ ਸੀਟਾਂ ਉਤੇ ਜਿੱਤ ਹਾਸਲ ਕਰਨਾ ਨਹੀਂ, ਸਗੋਂ ਵਿਰੋਧੀਆਂ ਨੂੰ ਵੱਧ ਤੋਂ ਵੱਧ ਸੀਟਾਂ ਤੋਂ ਹਰਾਉਣ ਦਾ ਰਿਹਾ ਹੈ। ਉਂਜ ਵੀ ਇਹ ਸੂਬਾ ਕੌਮੀ ਪੱਧਰ ਦੀ ਸਿਆਸਤ ਵਿਚ ਖਾਸ ਮਹੱਤਵ ਰੱਖਦਾ ਹੈ। ਲੋਕ ਸਭਾ ਚੋਣਾਂ ਦੌਰਾਨ ਇਸੇ ਸੂਬੇ ਦੀ ਜਿੱਤ ਨਾਲ ਹੀ ਭਾਰਤੀ ਜਨਤਾ ਪਾਰਟੀ ਇਕੱਲਿਆਂ ਬਹੁਮਤ ਹਾਸਲ ਕਰ ਸਕੀ ਸੀ। ਇਸੇ ਕਰ ਕੇ ਹੁਣ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਵਿਚਕਾਰ ਤਾਲਮੇਲ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੂੰ ਆਪਣੀ ਸਾਰੀ ਚੋਣ ਰਣਨੀਤੀ ਨਵੇਂ ਸਿਰਿਓਂ ਘੜਨੀ ਪੈ ਰਹੀ ਹੈ। ਹਰ ਅੰਕੜਾ ਇਹੀ ਕਹਾਣੀ ਕਹਿ ਰਿਹਾ ਹੈ ਕਿ ਜੇ ਮੁਸਲਮਾਨ ਵੋਟਾਂ ਇਕਜੁਟ ਰਹੀਆਂ ਤਾਂ ਭਾਰਤੀ ਜਨਤਾ ਪਾਰਟੀ ਦੀ ਰਣਨੀਤੀ ਨੂੰ ਪਲੀਤਾ ਲੱਗ ਸਕਦਾ ਹੈ, ਭਾਵੇਂ ਇਹ ਪਾਰਟੀ ਸ਼ੱਰੇਆਮ ਆਖ ਰਹੀ ਹੈ ਕਿ ਇਹ ਮੁਸਲਮਾਨਾਂ ਦੀਆਂ ਵੋਟਾਂ ਤੋਂ ਬਗੈਰ ਜਿੱਤ ਹਾਸਲ ਕਰ ਸਕਦੀ ਹੈ। ਅਸਲ ਵਿਚ ਇਸ ਦੀ ਸਾਰੀ ਆਸ ਮੁਸਲਮਾਨਾਂ ਦੀਆਂ ਵੋਟਾਂ ਵੰਡੇ ਜਾਣ ਉਤੇ ਹੀ ਟਿਕੀ ਹੋਈ ਹੈ। ਨਵੀਂ ਸਫਬੰਦੀ ਕਾਰਨ ਸ਼ਾਇਦ ਭਾਰਤੀ ਜਨਤਾ ਪਾਰਟੀ ਦੀ ਇਹ ਆਸ ਅਸਲੀਅਤ ਵਿਚ ਵਟਣ ਤੋਂ ਰਹਿ ਜਾਵੇ।
ਗੋਆ ਦੇ ਹਾਲਾਤ ਇਨ੍ਹਾਂ ਦੋਹਾਂ ਸੂਬਿਆਂ ਤੋਂ ਰਤਾ ਕੁ ਵੱਖਰੇ ਹਨ। ਉਥੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨੂੰ ਆਮ ਆਦਮੀ ਪਾਰਟੀ ਟੱਕਰ ਦੇ ਰਹੀ ਹੈ। ਇਸ ਤਿੱਖੀ ਅਤੇ ਵਜ਼ਨਦਾਰ ਟੱਕਰ ਕਾਰਨ ਹੀ ਰੱਖਿਆ ਮੰਤਰੀ ਮਨੋਹਰ ਪਰੀਕਰ ਜੋ ਪਹਿਲਾਂ ਸੂਬੇ ਦੇ ਮੁੱਖ ਮੰਤਰੀ ਸਨ, ਨੂੰ ਦੁਬਾਰਾ ਸੂਬੇ ਵਿਚ ਭੇਜਣ ਬਾਰੇ ਖਬਰਾਂ ਨੂੰ ਹਵਾ ਮਿਲ ਰਹੀ ਹੈ। ਅਸਲ ਵਿਚ ਆਮ ਆਦਮੀ ਪਾਰਟੀ ਨੇ ਮੁਕਾਮੀ ਮੁੱਦੇ ਭਖਾ ਕੇ ਭਾਰਤੀ ਜਨਤਾ ਪਾਰਟੀ ਨੂੰ ਵੰਡੀ ਵੰਗਾਰ ਪਾਈ ਹੈ। ਇਸੇ ਦੌਰਾਨ ਕਾਂਗਰਸ ਮੁਕਾਬਲੇ ਵਿਚ ਆਉਣ ਲਈ ਬਹੁਤ ਹੱਥ-ਪੈਰ ਮਾਰ ਰਹੀ ਹੈ, ਪਰ ਫਿਲਹਾਲ ਉਸ ਦਾ ਪੈਰ ਕਿਤੇ ਅੜਦਾ ਨਜ਼ਰੀਂ ਨਹੀਂ ਪੈ ਰਿਹਾ। ਇਹ ਪਾਰਟੀ ਪਿਛਲੇ ਪੰਜ ਸਾਲਾਂ ਦੌਰਾਨ ਸੰਜੀਦਾ ਵਿਰੋਧੀ ਧਿਰ ਵਾਲੀ ਭੂਮਿਕਾ ਨਿਭਾਉਣ ਵਿਚ ਨਾਕਾਮ ਹੀ ਸਾਬਤ ਹੋਈ ਹੈ। ਕੁਝ ਵੀ ਹੋਵੇ, ਇਨ੍ਹਾਂ ਤਿੰਨਾਂ ਸੂਬਿਆਂ ਦੇ ਨਤੀਜਿਆਂ ਨੇ ਤਿੰਨੇ ਮੁੱਖ ਪਾਰਟੀਆਂ (ਭਾਰਤੀ ਜਨਤਾ ਪਾਰਟੀ, ਕਾਂਗਰਸ ਅਤੇ ਆਮ ਆਦਮੀ ਪਾਰਟੀ) ਦੀ ਸਿਆਸਤ ਉਤੇ ਤਾਂ ਅਸਰ ਪਾਉਣਾ ਹੀ ਹੈ, ਅਗਲੀਆਂ ਲੋਕ ਸਭਾ ਚੋਣਾਂ ਜੋ 2019 ਵਿਚ ਹੋਣੀਆਂ ਹਨ, ਲਈ ਰਣਨੀਤਕ ਮੁਹਾਜ਼ ਖੜ੍ਹਾ ਕਰਨ ਵਿਚ ਵੀ ਮੰਚ ਤਿਆਰ ਕਰਨਾ ਹੈ।