ਵਫਾਦਾਰੀ ਦੀ ਥਾਂ ਚੌਧਰ ਨੇ ਵਿਗਾੜੀ ਪੰਜਾਬ ਦੀ ਸਿਆਸੀ ਖੇਡ

ਚੰਡੀਗੜ੍ਹ: ਵਿਧਾਨ ਸਭਾ ਚੋਣਾਂ ਲੜ ਰਹੀਆਂ ਪ੍ਰਮੁੱਖ ਪਾਰਟੀਆਂ ਵਿਚ ਪਾਰਟੀ ਪ੍ਰਤੀ ਵਫਾਦਾਰੀ ਉਤੇ ਗੁੱਟਬਾਜ਼ੀ ਅਤੇ ਜਿੱਤਣ ਦੀ ਸਮਰੱਥਾ ਭਾਰੂ ਪੈਂਦੀ ਦਿਖਾਈ ਦੇ ਰਹੀ ਹੈ। ਹੋਰਨਾਂ ਪਾਰਟੀਆਂ ਤੋਂ ਲਿਆਂਦੇ ਉਮੀਦਵਾਰਾਂ ਕਾਰਨ ਵੱਖ-ਵੱਖ ਪਾਰਟੀਆਂ ਦੀ ਅੰਦਰੂਨੀ ਲੜਾਈ ਵੀ ਤੇਜ਼ ਹੋ ਗਈ ਹੈ ਅਤੇ ਵੱਡੀ ਗਿਣਤੀ ਆਗੂਆਂ ਦੇ ਬਾਗੀ ਹੋਣ ਦੇ ਆਸਾਰ ਹਨ। ਸਾਰੀਆਂ ਪਾਰਟੀਆਂ ਨੇ ਤਕਰੀਬਨ ਤਿੰਨ ਦਰਜਨ ਅਜਿਹੇ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਹਨ,

ਜੋ ਹੋਰਨਾਂ ਪਾਰਟੀਆਂ ਤੋਂ ਆਏ ਹਨ। ਭਾਜਪਾ ਦੇ 17 ਅਤੇ ਕਾਂਗਰਸ ਦੇ 23 ਉਮੀਦਵਾਰਾਂ ਦੀ ਸੂਚੀ ਤੋਂ ਨਾਰਾਜ਼ ਆਗੂ ਦੋਹਾਂ ਪਾਰਟੀਆਂ ਲਈ ਸਿਰਦਰਦੀ ਪੈਦਾ ਕਰ ਸਕਦੇ ਹਨ।
ਕਾਂਗਰਸ ਪਾਰਟੀ ਦੀ 23 ਉਮੀਦਵਾਰਾਂ ਦੀ ਤੀਜੀ ਸੂਚੀ ਵਿਚ ਪੰਜ ਉਮੀਦਵਾਰ ਅਜਿਹੇ ਹਨ, ਜੋ ਸ਼੍ਰੋਮਣੀ ਅਕਾਲੀ ਦਲ ਤੋਂ ਆਏ ਹਨ। ਅਕਾਲੀ ਦਲ ਦੀ ਟਿਕਟ ਉਤੇ ਲੋਕ ਸਭਾ ਚੋਣ ਲੜ ਚੁੱਕੇ ਦੀਪਇੰਦਰ ਸਿੰਘ ਢਿੱਲੋਂ ਨੂੰ ਡੇਰਾਬਸੀ ਤੋਂ ਉਮੀਦਵਾਰ ਬਣਾਇਆ ਗਿਆ ਹੈ। ਉਹ 2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੇ ਬਾਗੀ ਸਨ। ਬਾਅਦ ਵਿਚ ਉਹ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਸਨ। ਅਕਾਲੀ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦੇ ਪੁੱਤਰ ਦਵਿੰਦਰ ਸਿੰਘ ਘੁਬਾਇਆ ਨੂੰ ਫ਼ਾਜ਼ਿਲਕਾ ਤੋਂ ਟਿਕਟ ਦਿੱਤੀ ਗਈ ਹੈ। ਲੁਧਿਆਣਾ ਦੇ ਕੌਂਸਲਰ ਕਮਲਜੀਤ ਸਿੰਘ ਕੜਵਲ ਨੂੰ ਕਾਂਗਰਸ ਟਿਕਟ ਮਿਲੀ ਹੈ। ਅਕਾਲੀ ਵਿਧਾਇਕ ਰਾਜਵਿੰਦਰ ਕੌਰ ਭਾਗੀਕੇ ਨੂੰ ਆਪਣੇ ਪਹਿਲੇ ਹਲਕੇ ਨਿਹਾਲ ਸਿੰਘ ਵਾਲਾ ਤੋਂ ਹੀ ਟਿਕਟ ਦਿੱਤੀ ਗਈ ਹੈ। ਪ੍ਰੀਤਮ ਸਿੰਘ ਕੋਟਭਾਈ 2012 ਵਿਚ ਅਕਾਲੀ ਦਲ ਦੇ ਉਮੀਦਵਾਰ ਸਨ ਅਤੇ ਥੋੜੀਆਂ ਵੋਟਾਂ ਉੱਤੇ ਹਾਰੇ ਸਨ। ਇਸ ਵਾਰ ਕਾਂਗਰਸ ਦੇ ਉਮੀਦਵਾਰ ਬਣਾਏ ਗਏ ਹਨ।
ਪਾਰਟੀਆਂ ‘ਤੇ ਗੁੱਟਬਾਜ਼ੀ ਵੀ ਭਾਰੂ ਹੋ ਰਹੀ ਹੈ। ਡੇਰਾ ਬਾਬਾ ਨਾਨਕ ਤੋਂ ਕਾਂਗਰਸ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਦਾ ਭਤੀਜਾ ਦੀਪਇੰਦਰ ਸਿੰਘ ਰੰਧਾਵਾ ਆਪਣੇ ਚਾਚੇ ਖ਼ਿਲਾਫ਼ ਮੈਦਾਨ ਵਿਚ ਹੈ। ਬਟਾਲਾ ਤੋਂ ਅਸ਼ਵਨੀ ਸੇਖੜੀ ਖਿਲਾਫ਼ ਉਨ੍ਹਾਂ ਦਾ ਹੀ ਭਰਾ ਇੰਦਰ ਸੇਖੜੀ ਅਪਣਾ ਪੰਜਾਬ ਪਾਰਟੀ ਤੋਂ ਉਮੀਦਵਾਰ ਬਣਿਆ ਹੈ। ਸੂਤਰਾਂ ਅਨੁਸਾਰ ਉਨ੍ਹਾਂ ਨੂੰ ਅਮਰਿੰਦਰ ਸਿੰਘ ਵਿਰੋਧੀ ਮਾਝੇ ਦੇ ਹੀ ਇਕ ਵੱਡੇ ਆਗੂ ਦਾ ਥਾਪੜਾ ਹੈ। ਜਲੰਧਰ ਸੀਟ ਤੋਂ ਵੀ ਸਾਬਕਾ ਮੰਤਰੀ ਅਵਤਾਰ ਹੈਨਰੀ ਦੇ ਪੁੱਤਰ ਨੂੰ ਸੀਟ ਨਹੀਂ ਦਿੱਤੀ ਗਈ ਤੇ ਹੁਣ ਸ੍ਰੀ ਹੈਨਰੀ ਦਾ ਪੁੱਤਰ ਬਾਗੀ ਉਮੀਦਵਾਰ ਵਜੋਂ ਚੋਣ ਲੜ ਸਕਦਾ ਹੈ। ਇਕ ਸੀਨੀਅਰ ਕਾਂਗਰਸੀ ਆਗੂ ਨੇ ਕਿਹਾ ਕਿ ਕਾਂਗਰਸ ਨੇ ਬੀਤੇ ਤੋਂ ਸਬਕ ਨਹੀਂ ਸਿੱਖਿਆ। ਬਚਦੀਆਂ 17 ਸੀਟਾਂ ਉਤੇ ਉਮੀਦਵਾਰਾਂ ਦੇ ਐਲਾਨ ਨਾਲ ਹੋਰ ਵੀ ਸਮੱਸਿਆ ਖੜੀ ਹੋ ਸਕਦੀ ਹੈ। ਅਕਾਲੀ ਦਲ ਵਿਚੋਂ ਲਿਆਂਦੇ ਵਿਧਾਇਕ ਪਰਗਟ ਸਿੰਘ, ਇੰਦਰਬੀਰ ਸਿੰਘ ਬੁਲਾਰੀਆ, ਮਹੇਸ਼ ਇੰਦਰ ਸਿੰਘ ਸਮੇਤ ਕਈਆਂ ਦੀਆਂ ਟਿਕਟਾਂ ਬਗ਼ਾਵਤ ਕਰਵਾ ਸਕਦੀਆਂ ਹਨ। ਭੁੱਲਥ ਤੋਂ ਉਮੀਦਵਾਰ ਗੁਰਬਿੰਦਰ ਸਿੰਘ ਅਟਵਾਲ ਨਕੋਦਰ ਆਉਣਾ ਚਾਹੁੰਦੇ ਹਨ। ਜਲੰਧਰ ਕੈਂਟ ਸੀਟ ਤੋਂ ਜਗਬੀਰ ਸਿੰਘ ਬਰਾੜ ਹਰ ਹਾਲਤ ਵਿਚ ਚੋਣ ਲੜਨਾ ਚਾਹੁੰਦੇ ਹਨ। ਪਿਛਲੀਆਂ ਚੋਣਾਂ ਵਿਚ ਉਨ੍ਹਾਂ ਨੂੰ ਪਰਗਟ ਸਿੰਘ ਨੇ ਹਰਾਇਆ ਸੀ। ਜੇਕਰ ਜਗਬੀਰ ਨੂੰ ਟਿਕਟ ਮਿਲਦੀ ਹੈ ਤਾਂ ਪਰਗਟ ਸਿੰਘ ਨੂੰ ਨਕੋਦਰ ਤੋਂ ਟਿਕਟ ਦੇਣ ਬਾਰੇ ਸੋਚਿਆ ਜਾ ਸਕਦਾ ਹੈ। ਅਟਵਾਲ ਵੱਲੋਂ ਨਕੋਦਰ ਤੋਂ ਚੋਣ ਲੜਨ ਦੇ ਦਿੱਤੇ ਸੰਕੇਤ ਨੇ ਕਾਂਗਰਸ ਲਈ ਨਵਾਂ ਸੰਕਟ ਪੈਦਾ ਕਰ ਦਿੱਤਾ ਹੈ।
ਭਾਜਪਾ ਵਿਚ ਵੀ ਸਭ ਅੱਛਾ ਨਹੀਂ। ਪਾਰਟੀ ਦੇ ਸਾਬਕਾ ਡਿਪਟੀ ਸਪੀਕਰ ਤੇ ਸੀਨੀਅਰ ਆਗੂ ਸਤਪਾਲ ਗੋਸਾਈਂ ਪਾਰਟੀ ਛੱਡ ਕੇ ਕਾਂਗਰਸ ਵਿਚ ਚਲੇ ਗਏ ਹਨ। ਇਹ ਗੱਲ ਵੱਖਰੀ ਹੈ ਕਿ ਉਹ ਪੰਜਾਬ ਭਾਜਪਾ ਵਿਜੇ ਸੈਂਪਲਾ ਦੇ ਯਤਨਾਂ ਸਦਕਾਂ ਮਗਰੋਂ ਪਾਰਟੀ ਵਿਚ ਵਾਪਸ ਆ ਗਏ। ਪਠਾਨਕੋਟ ਤੋਂ ਮੁੜ ਟਿਕਟ ਕੱਟੇ ਜਾਣ ਤੋਂ ਨਾਰਾਜ਼ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਆਪਣੇ ਕਿਸੇ ਨਜ਼ਦੀਕੀ ਨੂੰ ਚੋਣ ਲੜਾਉਣ ਬਾਰੇ ਵਿਚਾਰ ਕਰ ਰਹੇ ਹਨ। ਪਾਰਟੀ ਦੇ ਚਾਰ ਮੰਤਰੀਆਂ ਚੂਨੀ ਲਾਲ ਭਗਤ, ਮਦਨ ਮੋਹਨ ਮਿੱਤਲ, ਅਨਿਲ ਜੋਸ਼ੀ ਅਤੇ ਸੁਰਜੀਤ ਕੁਮਾਰ ਜਿਆਣੀ ਦੀਆਂ ਟਿਕਟਾਂ ਸਬੰਧੀ ਰੇੜਕਾ ਚੱਲ ਰਿਹਾ ਹੈ। ਭਾਜਪਾ ਸਾਹਮਣੇ ਇਹ ਸਮੱਸਿਆ ਵੀ ਹੈ ਕਿ ਦੋ ਬਜ਼ੁਰਗ ਆਗੂ ਆਪਣੇ ਪੁੱਤਰਾਂ ਲਈ ਟਿਕਟਾਂ ਮੰਗ ਰਹੇ ਹਨ। ਜੇ ਇਉਂ ਟਿਕਟਾਂ ਦਿੱਤੀਆਂ ਜਾਂਦੀਆਂ ਹਨ ਤਾਂ ਭਾਜਪਾ ਵੀ ਪਰਿਵਾਰਵਾਦ ਦੇ ਦੋਸ਼ ਦੇ ਦਾਇਰੇ ਵਿਚ ਆ ਜਾਵੇਗੀ।
________________________________________
ਰਵਾਇਤੀ ਧਿਰਾਂ ਦੀ ਡੇਰਾ ਸਿਰਸਾ ਵੱਲ ਝਾਕ
ਬਠਿੰਡਾ: ਡੇਰਾ ਸਿਰਸਾ ਵੱਲੋਂ ਵੋਟਾਂ ਪੈਣ ਤੋਂ 24 ਘੰਟੇ ਪਹਿਲਾਂ ਸਿਆਸੀ ਹਮਾਇਤ ਦੇ ਪੱਤੇ ਖੋਲ੍ਹੇ ਜਾਣਗੇ। ਡੇਰਾ ਸਿਰਸਾ ਦੇ ਸਿਆਸੀ ਵਿੰਗ ਨੇ ਪੰਜਾਬ ਭਰ ਵਿਚ ਮੀਟਿੰਗਾਂ ਦਾ ਗੇੜ ਮੁਕੰਮਲ ਕਰ ਲਿਆ ਹੈ। ਸਿਆਸੀ ਵਿੰਗ ਵੱਲੋਂ 26 ਦਸੰਬਰ ਤੋਂ ਸ਼ੁਰੂ ਕੀਤੀਆਂ ਬਲਾਕਵਾਰ ਮੀਟਿੰਗਾਂ ਦੌਰਾਨ ਡੇਰਾ ਪ੍ਰੇਮੀਆਂ ਨੂੰ ਏਕਤਾ ਦਾ ਸਬਕ ਪੜ੍ਹਾਇਆ ਗਿਆ ਹੈ, ਪਰ ਵੋਟ ਕਿਸ ਸਿਆਸੀ ਪਾਰਟੀ ਨੂੰ ਪਾਉਣੀ ਹੈ, ਇਸ ਦਾ ਖੁਲਾਸਾ ਵੋਟਾਂ ਪੈਣ ਤੋਂ 24 ਘੰਟੇ ਪਹਿਲਾਂ ਹੋਵੇਗਾ। ਇਸੇ ਦੌਰਾਨ ਸਿਆਸੀ ਧਿਰਾਂ ਦੇ ਉਮੀਦਵਾਰ ਡੇਰਾ ਮੁਖੀ ਤੋਂ ਸਮਾਂ ਮੰਗ ਰਹੇ ਹਨ, ਪਰ ਡੇਰਾ ਮੁਖੀ ਕਈ ਦਿਨਾਂ ਤੋਂ ਨਵੀਂ ਫਿਲਮ ਦੇ ਸਿਲਸਿਲੇ ਵਿਚ ਮੁੰਬਈ ਵਿਚ ਹਨ। ਉਸ ਤੋਂ ਪਹਿਲਾਂ ਰਾਜਸਥਾਨ ਵਿਚ ਸ਼ੂਟਿੰਗ ਵਿਚ ਰੁੱਝੇ ਹੋਏ ਸਨ। ਹਰ ਸਿਆਸੀ ਪਾਰਟੀ ਦੇ ਉਮੀਦਵਾਰ ਵੱਲੋਂ ਡੇਰਾ ਮੁਖੀ ਤੱਕ ਪਹੁੰਚ ਕੀਤੀ ਜਾ ਰਹੀ ਹੈ। ਕਈ ਉਮੀਦਵਾਰ ਜ਼ਿਲ੍ਹਾ ਫ਼ਾਜ਼ਿਲਕਾ ਵਿਚ ਬਲਾਕ ਪੱਧਰੀ ਨਾਮ ਚਰਚਾ ‘ਚ ਸ਼ਾਮਲ ਵੀ ਹੋਏ ਹਨ। ਸੂਤਰਾਂ ਅਨੁਸਾਰ ਐਤਕੀਂ ਡੇਰਾ ਸਿਰਸਾ ਖੁੱਲ੍ਹੀ ਹਮਾਇਤ ਦਾ ਐਲਾਨ ਕਰ ਸਕਦਾ ਹੈ। ਇਸ ਦੌਰਾਨ ਡੇਰਾ ਸਿਰਸਾ ਦੀ ਭਾਜਪਾ ਨਾਲ ਨੇੜਤਾ ਦੇ ਚਰਚੇ ਹਨ। ਡੇਰਾ ਸਿਰਸਾ ਦੇ ਇਕ ਵਿੰਗ ਦੇ ਆਗੂ ਗੁਰਬਾਜ਼ ਸਿੰਘ ਦਾ ਕਹਿਣਾ ਸੀ ਕਿ ਸਾਰੀਆਂ ਸਿਆਸੀ ਧਿਰਾਂ ਦੇ ਆਗੂ ਡੇਰਾ ਮੁਖੀ ਤੋਂ ਸਮਾਂ ਮੰਗ ਰਹੇ ਹਨ ਤੇ ਪ੍ਰਬੰਧਕੀ ਸਟਾਫ ਕੋਲ ਹੀ ਇਸ ਦੇ ਵੇਰਵੇ ਮੌਜੂਦ ਹਨ।