ਬਾਦਲ ਦੇ ਚੋਣ ਜਲਸਿਆਂ ‘ਚ ਆਪਸ ਵਿਚ ਉਲਝਣ ਲੱਗੇ ਅਕਾਲੀ

ਲੰਬੀ: ਹਲਕੇ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਚੋਣ ਜਲਸਿਆਂ ਵਿਚ ਲੋਕਾਂ ਦਾ ਰੋਸ ਅਕਾਲੀ ਦਲ ਦੀ ਚੋਣ ਮੁਹਿੰਮ ਦਾ ਨੁਕਸਾਨ ਕਰ ਰਿਹਾ ਹੈ। ਪਿੰਡ ਸਿੱਖਵਾਲਾ ਵਿਚ ਪ੍ਰਕਾਸ਼ ਸਿੰਘ ਬਾਦਲ ਦੇ ਚੋਣ ਜਲਸੇ ਵਿਚ ਅਕਾਲੀ ਵਰਕਰਾਂ ਨੇ ਹੀ ਅਕਾਲੀ ਝੰਡੇਬਰਦਾਰਾਂ ਦੀਆਂ ਉਣਤਾਈਆਂ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਮੁੱਖ ਮੰਤਰੀ ਦਾ ਬੋਲਣਾ ਔਖਾ ਕਰ ਦਿੱਤਾ।

ਤਕਰੀਬਨ ਦੋ ਦਰਜਨ ਨੌਜਵਾਨ ਲੜਾਈ ਝਗੜੇ ਦੇ ਮਾਮਲੇ ਵਿਚ ਚੇਅਰਮੈਨ ਤੇਜਿੰਦਰ ਸਿੰਘ ਮਿੱਡੂਖੇੜਾ ਉਤੇ ਪੱਖਪਾਤ ਅਤੇ ਸ਼ਹਿ ਦੇਣ ਦੇ ਦੋਸ਼ ਲਾ ਰਹੇ ਸਨ। ਜਲਸੇ ਵਿਚ ਸ੍ਰੀ ਬਾਦਲ ਦੀ ਤਕਰੀਰ ਦੌਰਾਨ ਨੌਜਵਾਨ ਮਿੱਡੂਖੇੜਾ ਖਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਪੁਲਿਸ ਦੇ ਦਬਕੇ ਤੋਂ ਬਾਅਦ ਪੰਡਾਲ ਦੇ ਬਾਹਰ ਜਾ ਕੇ ਰੋਸ ਪ੍ਰਗਟ ਕਰਨ ਲੱਗ ਪਏ। ਪ੍ਰਕਾਸ਼ ਸਿੰਘ ਬਾਦਲ ਪੰਡਾਲ ਅੰਦਰ ਲੋਕਾਂ ਨੂੰ ਵੋਟਾਂ ਲਈ ਅਪੀਲ ਕਰਦੇ ਰਹੇ ਅਤੇ ਬਾਹਰ ਨੌਜਵਾਨ ਨਾਅਰੇਬਾਜ਼ੀ ਕਰ ਕੇ ਆਪਣਾ ਗੁੱਸਾ ਜ਼ਾਹਰ ਕਰਦੇ ਰਹੇ। ਇਨ੍ਹਾਂ ਨੌਜਵਾਨਾਂ ਨਾਲ ਕਾਫੀ ਗਿਣਤੀ ਵਿਚ ਹੋਰ ਲੋਕ ਵੀ ਜਲਸੇ ਵਿੱਚੋਂ ਬਾਹਰ ਆ ਗਏ। ਦੂਜੇ ਪਾਸੇ ਤੇਜਿੰਦਰ ਸਿੰਘ ਮਿੱਡੂਖੇੜਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦੋਵੇਂ ਧਿਰਾਂ ਵਿਚ ਰਾਜ਼ੀਨਾਮਾ ਕਰਵਾਉਣ ਦੀ ਕੋਸ਼ਿਸ਼ ਕੀਤੀ, ਪਰ ਦੋਵੇਂ ਧਿਰਾਂ ਵਿਚ ਸਹਿਮਤੀ ਨਹੀਂ ਹੋ ਸਕੀ।
ਉਨ੍ਹਾਂ ਨੇ ਨੌਜਵਾਨਾਂ ਵੱਲੋਂ ਲਾਏ ਪੱਖਪਾਤ ਦੋਸ਼ ਨਕਾਰੇ। ਸੂਤਰਾਂ ਅਨੁਸਾਰ ਹਲਕੇ ਦੇ ਅਕਾਲੀ ਇੰਚਾਰਜਾਂ ਵਿਚਾਲੇ ਸਿਖਰਲੀ ਧੜੇਬੰਦੀ ਇਕ-ਦੂਜੇ ਨੂੰ ਢਾਹ ਲਗਾਉਣ ਲਈ ਅਜਿਹਾ ਮਾਹੌਲ ਸਿਰਜ ਕੇ ਸ੍ਰੀ ਬਾਦਲ ਦਾ ਨੁਕਸਾਨ ਕਰ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦੀ ਚੁੱਪ ਅਕਾਲੀ ਲੀਡਰਾਂ ਨੂੰ ਸ਼ਹਿ ਦਿੰਦੀ ਜਾਪਦੀ ਹੈ। ਸਿੱਖਵਾਲਾ ‘ਚ ਚੋਣ ਜਲਸੇ ਦੇ ਬਾਹਰ ਮੁਜ਼ਾਹਾਰਾਕਾਰੀਆਂ ਨੇ ਦੱਸਿਆ ਕਿ ਬੀਤੇ ਦਿਨੀਂ ਨੋਟਬੰਦੀ ਤਹਿਤ ਬੈਂਕ ਅੱਗੇ ਲੋਕਾਂ ਦੀਆਂ ਲਾਈਨਾਂ ਲੱਗੀਆਂ ਹੋਈਆ ਸਨ। ਉਸੇ ਦੌਰਾਨ ਇਕ ਕਾਂਗਰਸੀ ਸਰਪੰਚ ਲੋਕਾਂ ਦੀ ਕਤਾਰ ਨੂੰ ਅਣਡਿੱਠ ਕਰ ਕੇ ਬੈਂਕ ਵਿਚ ਜਾਣ ਲੱਗਾ। ਜਦੋਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੇ ਬਜ਼ੁਰਗ ਲਾਲ ਕੁੱਟਮਾਰ ਕੀਤੀ ਗਈ। ਉਨ੍ਹਾਂ ਨੇ ਇਸ ਮਾਮਲੇ ਵਿਚ ਮਿੱਡੂਖੇੜਾ ‘ਤੇ ਕੁੱਟਮਾਰ ਕਰਨ ਵਾਲਿਆਂ ਦਾ ਪੱਖ ਪੂਰਨ ਦੇ ਦੋਸ਼ ਲਗਾਏ।
_________________________________________
ਪਿੰਡਾਂ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਬਾਈਕਾਟ ਸ਼ੁਰੂ
ਚਾਉਕੇ: ਖੋਖਰ ਵਾਸੀਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤੇ ਜਾਣ ਦੇ ਰੋਸ ਵਜੋਂ ਸ਼੍ਰੋਮਣੀ ਅਕਾਲੀ ਦਲ ਦਾ ਬਾਈਕਾਟ ਕਰ ਦਿੱਤਾ ਗਿਆ ਹੈ। ਗੁਰਦੁਆਰੇ ਵਿਖੇ ਇਕੱਠੇ ਹੋਏ ਪਿੰਡ ਵਾਸੀਆਂ ਨੇ ਸਪੀਕਰ ਵਿਚ ਬਾਈਕਾਟ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਕੋਈ ਵੀ ਆਗੂ ਜਾਂ ਉਮੀਦਵਾਰ ਪਿੰਡ ਵਿਚ ਵੋਟ ਮੰਗਣ ਨਾ ਆਵੇ। ਕਿਸੇ ਵੀ ਆਗੂ ਨੂੰ ਪਿੰਡ ਦੀ ਜਨਤਕ ਥਾਂ ‘ਤੇ ਬੋਲਣ ਨਹੀਂ ਦਿੱਤਾ ਜਾਵੇਗਾ। ਪਿੰਡ ਵਾਸੀਆਂ ਨੇ ਕਿਹਾ ਕਿ ਜਦੋਂ ਪਿਛਲੇ ਸਮੇਂ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਜੋਂ ਪਿੰਡ ਵਿਚ ਸੜਕ ਦਾ ਨੀਂਹ ਪੱਥਰ ਰੱਖਣ ਆਏ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਦਾ ਸ਼ਾਂਤਮਈ ਢੰਗ ਨਾਲ ਵਿਰੋਧ ਕੀਤਾ ਗਿਆ ਸੀ ਤਾਂ ਅਕਾਲੀ ਦਲ ਦੀ ਸ਼ਹਿ ‘ਤੇ ਪੁਲੀਸ ਨੇ 55 ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤੇ ਸਨ, ਪਰ ਬੇਅਦਬੀ ਕਰਨ ਵਾਲਿਆਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ। ਇਸ ਦੇ ਰੋਸ ਵਜੋਂ ਪਿੰਡ ਵਾਸੀਆਂ ਨੇ ਅਕਾਲੀ ਦਲ ਦੇ ਬਾਈਕਾਟ ਦਾ ਫੈਸਲਾ ਕੀਤਾ ਹੈ ਤੇ ਇਸ ਸਬੰਧੀ ਬੈਨਰ ਪਿੰਡ ਦੀਆਂ ਸਾਰੀਆਂ ਸੜਕਾਂ ‘ਤੇ ਲਗਾ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਅਕਾਲੀ ਆਗੂ ਅਜੇ ਵੀ ਪਿੰਡ ਵਿੱਚ ਆਵੇਗਾ ਤਾਂ ਉਹ ਆਪਣੇ ਨੁਕਸਾਨ ਦਾ ਜ਼ਿੰਮੇਵਾਰ ਖ਼ੁਦ ਹੋਵੇਗਾ।