ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨਹੀਂ ਰਹੇ

ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ (91) ਨਹੀਂ ਰਹੇ। ਸ਼ ਬਰਨਾਲਾ ਸ਼੍ਰੋਮਣੀ ਅਕਾਲੀ ਦਲ ਦੇ ਮੂਹਰਲੀਆਂ ਸਫਾਂ ਦੇ ਆਗੂ ਰਹੇ ਹਨ, ਜੋ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪੁਰਾਣੇ ਸਿਆਸੀ ਸਾਥੀਆਂ ਵਿਚੋਂ ਇਕ ਸਨ। ਉਹ ਪੰਜਾਬ ਦੇ ਮੁੱਖ ਮੰਤਰੀ ਅਤੇ ਦੋ ਵਾਰ ਕੇਂਦਰੀ ਵਜ਼ੀਰ ਰਹੇ। 21 ਅਕਤੂਬਰ 1925 ਨੂੰ ਜੰਮੇ ਸ਼ ਬਰਨਾਲਾ ਨੇ ਜਵਾਨੀ ਦੇ ਦਿਨਾਂ ਦੌਰਾਨ 1942 ਵਿਚ ‘ਭਾਰਤ ਛੱਡੋ ਮੁਹਿੰਮ’ ਵਿਚ ਵੀ ਹਿੱਸਾ ਲਿਆ।

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ 5 ਸੂਬਿਆਂ ਦੇ ਰਾਜਪਾਲ ਰਹੇ ਸੁਰਜੀਤ ਸਿੰਘ ਬਰਨਾਲਾ ਅਕਾਲੀ ਸਿਆਸਤ ਵਿਚ ਭੱਦਰਪੁਰਸ਼ ਅਤੇ ਸਾਊ ਸਿਆਸਤਦਾਨ ਵਜੋਂ ਜਾਣੇ ਜਾਂਦੇ ਸਨ। ਸੂਬੇ ਦੀ ਰਾਜਨੀਤੀ ਵਿਚ ਆਏ ਉਤਰਾਅ-ਚੜ੍ਹਾਅ ਦੌਰਾਨ ਬਰਨਾਲਾ ਦੇ ਪਰਿਵਾਰ ਨੇ ਭਾਵੇਂ ਕਾਂਗਰਸ ਨਾਲ ਵੀ ਸਾਂਝ ਪਾਈ, ਪਰ ਸ੍ਰੀ ਬਰਨਾਲਾ ਨੇ ਮਰਦੇ ਦਮ ਤਕ ਖੁਦ ਨੂੰ ‘ਅਕਾਲੀ’ ਰੱਖਣ ਦਾ ਹੀ ਯਤਨ ਕੀਤਾ।
ਸਿਆਸਤ ਦੇ ਖੇਤਰ ਵਿਚ ਅਜਿਹੇ ਬਹੁਤ ਘੱਟ ਵਿਅਕਤੀ ਹੁੰਦੇ ਹਨ ਜੋ ਰਾਜਨੀਤੀ ਦੇ ਨਾਲ-ਨਾਲ ਹੋਰਨਾਂ ਗੁਣਾਂ ਨਾਲ ਵੀ ਲਬਰੇਜ਼ ਹੋਣ। ਇਹ ਮਾਣ ਵੀ ਸੁਰਜੀਤ ਸਿੰਘ ਬਰਨਾਲਾ ਦੇ ਹਿੱਸੇ ਆਉਂਦਾ ਹੈ ਕਿਉਂਕਿ ਉਹ ਸਿਆਸਤ ਦੇ ਖੇਤਰ ਦੀਆਂ ਵੱਡੀਆਂ ਮੰਜ਼ਿਲਾਂ ‘ਤੇ ਪਹੁੰਚਣ ਦੇ ਨਾਲ-ਨਾਲ ਇਕ ਚੰਗੇ ਆਰਟਿਸਟ (ਚਿੱਤਰਕਾਰ) ਅਤੇ ਲਿਖਾਰੀ ਵੀ ਸਨ। ਉਨ੍ਹਾਂ ਕਈ ਚਰਚਿਤ ਕਿਤਾਬਾਂ ਲਿਖੀਆਂ। ਉਹ ਪੰਜਾਬ ਦੇ ਮੁੱਖ ਮੰਤਰੀ ਅਤੇ ਕੇਂਦਰ ਵਿੱਚ ਦੋ ਵਾਰ ਵਜ਼ੀਰ ਅਤੇ ਕਈ ਸੂਬਿਆਂ ਦੇ ਗਵਰਨਰ ਰਹੇ। ਉਨ੍ਹਾਂ ਵੱਖ-ਵੱਖ ਅਕਾਲੀ ਅੰਦੋਲਨਾਂ ਅਤੇ ਐਮਰਜੈਂਸੀ ਦੌਰਾਨ ਜੇਲ੍ਹ ਵੀ ਕੱਟੀ। ਸ੍ਰੀ ਬਰਨਾਲਾ ਅਕਾਲੀ ਦਲ ਦੇ ਉਸ ਦੌਰ ਦੇ ਨੇਤਾ ਸਨ ਜਦੋਂ ਇਸ ਪਾਰਟੀ ਵਿਚ ਧੜੱਲੇਦਾਰ ਆਗੂਆਂ ਦਾ ਦਬਦਬਾ ਸੀ। ਉਨ੍ਹਾਂ ਨੂੰ ਦਰਵੇਸ਼ ਸਿਆਸਤਦਾਨ ਵਜੋਂ ਜਾਣੇ ਜਾਂਦੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਕਰੀਬੀਆਂ ਵਿਚੋਂ ਮੰਨਿਆ ਜਾਂਦਾ ਸੀ।
_______________________________________
ਜੀਵਨ ਉਤੇ ਇਕ ਝਾਤ
ਹਰਿਆਣਾ ਦੇ ਅਤੇਲੀ ਵਿਖੇ ਇਕ ਸਾਧਨ ਸੰਪਨ ਪਰਿਵਾਰ ਵਿਚ 21 ਅਕਤੂਬਰ 1925 ਨੂੰ ਜੰਮੇ ਸੁਰਜੀਤ ਸਿੰਘ ਬਰਨਾਲਾ ਪੰਜਾਬ ਦੇ ਮੁੱਖ ਮੰਤਰੀ, ਤਾਮਿਲਨਾਡੂ, ਉਤਰਾਖੰਡ, ਆਂਧਰਾ ਪ੍ਰਦੇਸ਼ ਅਤੇ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੇ ਰਾਜਪਾਲ ਰਹੇ। ਉਹ ਕੇਂਦਰ ਸਰਕਾਰ ਵਿਚ ਵੀ ਮੰਤਰੀ ਰਹੇ। ਸਿਆਸਤ ਵਿਚ ਆਉਣ ਤੋਂ ਪਹਿਲਾਂ ਸ਼ ਬਰਨਾਲਾ ਕੁਝ ਸਾਲ ਵਕਾਲਤ ਕਰਦੇ ਰਹੇ। ਉਨ੍ਹਾਂ ਨੂੰ ਪਹਿਲੀ ਵਾਰ 1969 ਵਿਚ ਮੰਤਰਾਲੇ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਜਦੋਂ ਉਨ੍ਹਾਂ ਨੇ ਜਸਟਿਸ ਗੁਰਨਾਮ ਸਿੰਘ ਦੀ ਸਰਕਾਰ ਵਿਚ ਸਿੱਖਿਆ ਮੰਤਰੀ ਵਜੋਂ ਸਹੁੰ ਚੁੱਕੀ ਅਤੇ ਆਪਣੇ ਸਿੱਖਿਆ ਮੰਤਰੀ ਦੇ ਕਾਰਜਕਾਲ ਦੌਰਾਨ ਉਨ੍ਹਾਂ ਅੰਮ੍ਰਿਤਸਰ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਥਾਪਨਾ ਕੀਤੀ। 1977 ਵਿਚ ਸ਼ ਬਰਨਾਲਾ ਭਾਰਤੀ ਸੰਸਦ ਲਈ ਚੁਣੇ ਗਏ ਅਤੇ ਮੋਰਾਰਜੀ ਦੇਸਾਈ ਸਰਕਾਰ ਵਿਚ ਖੇਤੀਬਾੜੀ ਮੰਤਰੀ ਵਜੋਂ ਕੈਬਨਿਟ ਮੰਤਰੀ ਬਣੇ। 1978 ਵਿਚ ਉਨ੍ਹਾਂ ਨੇ ਬੰਗਲਾਦੇਸ਼ ਨਾਲ ਗੰਗਾ ਦਰਿਆ ਪਾਣੀਆਂ ਬਾਰੇ ਇਤਿਹਾਸਕ ਸਮਝੌਤੇ (ਫਰਾਕਾ ਸਮਝੌਤਾ) ‘ਤੇ ਦਸਤਖਤ ਕੀਤੇ। ਉਹ 1985 ਤੋਂ 1987 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ। 1998 ਵਿਚ ਫਿਰ ਲੋਕ ਸਭਾ ਲਈ ਚੁਣੇ ਜਾਣ ਪਿੱਛੋਂ ਸ਼ ਬਰਨਾਲਾ ਨੂੰ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵਿਚ ਰਸਾਇਣ ਤੇ ਖਾਂਦਾਂ ਅਤੇ ਅਨਾਜ ਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਬਣਾਇਆ ਗਿਆ। ਮੌਜੂਦਾ ਸਮੇਂ ਉਹ ਪੰਜਾਬ ਵਿਚ ਚਾਰ ਪਾਰਟੀਆਂ ਦੇ ਗੱਠਜੋੜ ‘ਸਾਂਝਾ ਮੋਰਚਾ’ ਦੇ ਸਰਪ੍ਰਸਤ ਸਨ। ਉਹ ਤਕਰੀਬਨ ਸਾਢੇ ਤਿੰਨ ਸਾਲ ਰਾਜਸੀ ਕੈਦੀ ਵਜੋਂ ਜੇਲ੍ਹਾਂ ਵਿਚ ਬੰਦ ਰਹੇ। ਸੁਰਜੀਤ ਸਿੰਘ ਬਰਨਾਲਾ ਦੀ ਪਤਨੀ ਸੁਰਜੀਤ ਕੌਰ ਬਰਨਾਲਾ ਵੀ ਸਿਆਸਤ ਵਿਚ ਸਰਗਰਮ ਹਨ ਅਤੇ 2009 ਵਿਚ ਸੁਰਜੀਤ ਕੌਰ ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਦੀ ਪ੍ਰਧਾਨ ਬਣੇ ਸਨ।