ਸੁਪਰੀਮ ਕੋਰਟ ਵੱਲੋਂ ਸਿੱਖ ਕਤਲੇਆਮ ਬਾਰੇ ਜਾਂਚ ਰਿਪੋਰਟ ਤਲਬ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਹਦਾਇਤ ਕੀਤੀ ਹੈ ਕਿ 1984 ਦੇ ਸਿੱਖ ਕਤਲੇਆਮ ਦੀ ਜਾਂਚ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (ਸਿੱਟ) ਦੀ ਵਿਸਤ੍ਰਿਤ ਸਥਿਤੀ ਰਿਪੋਰਟ ਅਦਾਲਤ ਵਿਚ ਪੇਸ਼ ਕੀਤੀ ਜਾਵੇ। ਜਲਦਬਾਜ਼ੀ ‘ਚ ਬੰਦ ਕੀਤੇ ਗਏ ਕੇਸਾਂ ਨੂੰ ਮੁੜ ਤੋਂ ਖੋਲ੍ਹਣ ਲਈ ਉਚੇਚੇ ਤੌਰ ‘ਤੇ ਸਿੱਟ ਦਾ ਗਠਨ ਕੀਤਾ ਗਿਆ ਹੈ।

ਜਸਟਿਸ ਦੀਪਕ ਮਿਸ਼ਰਾ ਅਤੇ ਆਰ ਭਾਨੂਮਤੀ ਉਤੇ ਆਧਾਰਿਤ ਬੈਂਚ ਵੱਲੋਂ ਹੁਣ ਇਸ ਕੇਸ ਦੀ ਸੁਣਵਾਈ 20 ਫਰਵਰੀ ਨੂੰ ਕੀਤੀ ਜਾਏਗੀ। ਵਧੀਕ ਸੌਲੀਸਿਟਰ ਜਨਰਲ ਪਿੰਕੀ ਆਨੰਦ ਨੇ ਰਿਪੋਰਟ ਦਾਖਲ ਕਰਨ ਲਈ 4 ਹਫਤੇ ਦਾ ਸਮਾਂ ਮੰਗਿਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਲਾਡ ਸਿੰਘ ਕਾਹਲੋਂ ਵੱਲੋਂ ਦਾਖਲ ਜਨ ਹਿੱਤ ਪਟੀਸ਼ਨ ਦੌਰਾਨ ਉਨ੍ਹਾਂ ਦੇ ਵਕੀਲ ਅਰਵਿੰਦ ਦਾਤਾਰ ਨੇ ਦਲੀਲ ਦਿੱਤੀ ਕਿ ਇਸ ਮਾਮਲੇ ਦੀ ਫੌਰੀ ਸੁਣਵਾਈ ਕੀਤੀ ਜਾਵੇ ਕਿਉਂਕਿ ਸਿੱਟ ਦੀ ਮਿਆਦ ਅਗਲੇ ਮਹੀਨੇ 11 ਫਰਵਰੀ ਨੂੰ ਖਤਮ ਹੋ ਜਾਣੀ ਹੈ। ਉਨ੍ਹਾਂ ਕਿਹਾ ਕਿ 220 ਵਿਚੋਂ 22 ਕੇਸਾਂ ਨੂੰ ਦੁਬਾਰਾ ਖੋਲ੍ਹੇ ਜਾਣ ਲਈ ਸਿੱਟ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ।
ਵਧੀਕ ਸੌਲੀਸਿਟਰ ਜਨਰਲ ਨੇ ਸਫਾਈ ਦਿੱਤੀ ਕਿ ਅਜੇ ਸਿੱਟ ਦੀ ਪੜਤਾਲ ਚੱਲ ਰਹੀ ਹੈ ਅਤੇ ਕੇਂਦਰ ਵੱਲੋਂ ਜਵਾਬ ਦਾਖਲ ਕਰਨ ਲਈ ਹੋਰ ਸਮਾਂ ਮੰਗਿਆ। ਇਸ ਤੋਂ ਪਹਿਲਾਂ ਦਾਖਲ ਕੀਤੀ ਗਈ ਸਥਿਤੀ ਰਿਪੋਰਟ ਵਿਚ ਕੇਂਦਰ ਨੇ ਕਿਹਾ ਸੀ ਕਿ ਸਿੱਟ ਨੇ 216 ਕੇਸਾਂ ਦੀ ਪੜਤਾਲ ਕਰ ਕੇ 22 ਨੂੰ ਮੁੜ ਖੋਲ੍ਹਣ ਉਤੇ ਵਿਚਾਰ ਕੀਤਾ ਹੈ। ਸ੍ਰੀ ਕਾਹਲੋਂ ਨੇ ਸਿੱਟ ਨੂੰ ਹੋਰ ਸਮਾਂ ਦੇਣ ‘ਤੇ ਇਤਰਾਜ਼ ਪ੍ਰਗਟ ਕਰਦਿਆਂ ਜਾਂਚ ਟੀਮ ਨੂੰ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਕੰਮ ਕਰਨ ਦੀ ਮੰਗ ਕੀਤੀ ਸੀ ਤਾਂ ਜੋ ਕਤਲੇਆਮ ਨਾਲ ਸਬੰਧਤ ਕੇਸਾਂ ਦੇ ਨਿਪਟਾਰੇ ‘ਚ ਹੋਰ ਦੇਰੀ ਨਾ ਹੋਵੇ।
ਉਨ੍ਹਾਂ ਮੰਗ ਕੀਤੀ ਕਿ 2002 ਦੇ ਗੁਜਰਾਤ ਦੰਗਿਆਂ ਦੇ ਕੇਸਾਂ ਦੀ ਤੇਜ਼ੀ ਨਾਲ ਨਿਪਟਾਰੇ ਵਾਂਗ ਹੀ ਇਸ ਮਾਮਲੇ ‘ਚ ਤੇਜ਼ੀ ਦਿਖਾਈ ਜਾਵੇ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ 12 ਫਰਵਰੀ 2015 ਵਿਚ ਵਿਸ਼ੇਸ਼ ਜਾਂਚ ਟੀਮ ਬਣਾ ਕੇ ਛੇ ਮਹੀਨਿਆਂ ਅੰਦਰ ਕੰਮ ਮੁਕੰਮਲ ਕਰਨ ਲਈ ਕਿਹਾ ਸੀ, ਪਰ ਸਿੱਟ ਦੀ ਮਿਆਦ ‘ਚ ਪਹਿਲਾਂ ਹੀ ਵਾਧਾ ਕੀਤਾ ਜਾ ਚੁੱਕਿਆ ਹੈ।
___________________________________________
‘ਸੱਚ ਦੀ ਕੰਧ’ ਮਨੁੱਖਤਾ ਨੂੰ ਸਮਰਪਿਤ
ਨਵੀਂ ਦਿੱਲੀ: ਇਤਿਹਾਸਕ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਉਸਾਰੀ ਗਈ ਸਿੱਖ ਕਤਲੇਆਮ ਦੀ ਯਾਦਗਾਰ, ਜਿਸ ਨੂੰ ਦਿੱਲੀ ਕਮੇਟੀ ਵੱਲੋਂ ‘ਸੱਚ ਦੀ ਕੰਧ’ ਦਾ ਨਾਂ ਦਿੱਤਾ ਹੈ, ਮਨੁੱਖਤਾ ਨੂੰ ਸਮਰਪਤ ਕਰ ਦਿੱਤੀ ਗਈ। ਯਾਦਗਾਰ ਵਾਲੀ ਥਾਂ ਉਤੇ ਕਰਵਾਏ ਗਏ ਵਿਸ਼ੇਸ਼ ਪ੍ਰੋਗਰਾਮ ਵਿਚ 1984 ਕਤਲੇਆਮ ਦੀਆਂ ਪੀੜਤ 5 ਵਿਧਵਾ ਬੀਬੀਆਂ ਵੱਲੋਂ ਇਸ ਯਾਦਗਾਰ ਨੂੰ ਮਨੁੱਖਤਾ ਨੂੰ ਸਮਰਪਤ ਕੀਤਾ ਗਿਆ। ਇਸ ਮੌਕੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀæਕੇæ, ਪੰਜਾਬੀ ਯੂਨੀਵਰਸਿਟੀ ਦੇ ਪਟਿਆਲਾ ਦੇ ਵਾਈਸ ਚਾਂਸਲਰ ਡਾæ ਜਸਪਾਲ ਸਿੰਘ ਤੇ ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤ ਮੌਜੂਦ ਸੀ। ਦਿੱਲੀ ਕਮੇਟੀ ਪ੍ਰਬੰਧਕਾਂ ਮੁਤਾਬਕ ‘ਸੱਚ ਦੀ ਕੰਧ’ ਦੇ ਨਾਂ ਵਾਲੀ ਇਹ ਯਾਦਗਾਰ ਤਕਰੀਬਨ 2600 ਸਕੇਅਰ ਮੀਟਰ ਵਿਚ ਉਸਾਰੀ ਗਈ ਹੈ ਅਤੇ ਇਸ ਯਾਦਗਾਰ ਵਿਚ ਜ਼ਿਗ-ਜ਼ੈਗ ਵਾਲ (ਕੰਧ) ਬਣਾਈ ਗਈ ਹੈ, ਜਿਸ ਉਤੇ ਕਤਲੇਆਮ ਦੌਰਾਨ ਮਾਰੇ ਗਏ ਸਿੱਖਾਂ ਦੇ ਨਾਮ ਲਿਖੇ ਗਏ ਹਨ। ਇਸ ਯਾਦਗਾਰ ‘ਚ ਓਪਨ-ਥੀਏਟਰ ਤੇ ਫੁਹਾਰੇ ਤੋਂ ਇਲਾਵਾ ਇਕ ਗੈਲਰੀ ਵੀ ਬਣਾਈ ਗਈ ਹੈ, ਜਿਸ ਵਿਚ 1984 ਕਤਲੇਆਮ ਨਾਲ ਸਬੰਧਤ ਤਸਵੀਰਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ। ਇਹੀ ਨਹੀਂ ਬਲਕਿ ਸਿੱਖਾਂ ਨੂੰ ਬਚਾਉਣ ਦੌਰਾਨ ਮਾਰੇ ਗਏ ਹਿੰਦੂ ਭਾਈਚਾਰੇ ਦੇ ਤਿੰਨ ਵਿਅਕਤੀਆਂ ਦੇ ਨਾਂ ਦੀ ਵੀ ਇਕ ਵੱਖਰੀ ਪਲੇਟ ਲਾਈ ਗਈ ਹੈ।
ਉਕਤ ਯਾਦਗਾਰ ਸਬੰਧੀ ਦਿੱਲੀ ਕਮੇਟੀ ਦਾ ਕਹਿਣਾ ਹੈ ਕਿ ਇਹ ਯਾਦਗਾਰ ਮਨੁੱਖਤਾ ਉਤੇ ਕੀਤੇ ਗਏ ਜ਼ੁਲਮ ਦੀ ਦਾਸਤਾਨ ਦੀ ਪ੍ਰਤੀਕ ਹੈ ਅਤੇ ਇਸ ਯਾਦਗਾਰ ਦੀ ਤੁਲਨਾ ਯਹੂਦੀਆਂ ਦੀ ਨਸਲਕੁਸ਼ੀ ਦੇ ਪ੍ਰਤੀਕ ਵੱਜੋਂ 2006 ਵਿਚ ਬਣਾਏ ਗਏ ‘ਹੋਲੋਕਾਸਟ ਮੈਮੋਰੀਅਲ’ ਨਾਲ ਵੀ ਕੀਤੀ ਜਾ ਰਹੀ ਹੈ। ਪ੍ਰਬੰਧਕਾਂ ਮੁਤਾਬਕ ‘ਸੱਚ ਦੀ ਦੀਵਾਰ’ ਸਮੁੱਚੀ ਦੁਨੀਆਂ ਨੂੰ 1984 ਸਿੱਖ ਕਤਲੇਆਮ ਦੇ ਸੱਚ ਤੋਂ ਜਾਣੂ ਕਰਵਾਉਂਦੇ ਹੋਏ ਇਸ ਗੱਲ ਦਾ ਅਹਿਸਾਸ ਕਰਵਾਏਗੀ ਕਿ ਜਦ ਵਕਤ ਦੀਆਂ ਸਰਕਾਰਾਂ ਖੁਦ ਹੀ ਤਸ਼ੱਦਦ ਕਰਨ ਲੱਗ ਜਾਣ ਤਾਂ ਮਨੁੱਖਤਾ ਨੂੰ ਕਿੰਨੇ ਭਿਆਨਕ ਤਸੀਹੇ ਝੱਲਣੇ ਪੈਂਦੇ ਹਨ। ਯਾਦਗਾਰ ਇਸ ਗੱਲ ਦਾ ਸੁਨੇਹਾ ਵੀ ਦੇਵੇਗੀ ਕਿ ਭਵਿੱਖ ‘ਚ ਅਜਿਹੀ ਘਟਨਾ ਮੁੜ ਨਾ ਵਾਪਰੇ।
_______________________________________________
ਜੱਲਿਆਂਵਾਲੇ ਕਾਂਡ ਲਈ ਮੁਆਫੀ ਦਾ ਮੁੱਦਾ ਚੁੱਕਿਆ
ਕੋਲਕਾਤਾ: ਕਾਂਗਰਸ ਦੇ ਸੰਸਦ ਮੈਂਬਰ ਅਤੇ ਲੇਖਕ ਸ਼ਸ਼ੀ ਥਰੂਰ ਨੇ ਕਿਹਾ ਹੈ ਕਿ ਜਲਿਆਂਵਾਲਾ ਬਾਗ ਕਾਂਡ ਦੀ 2019 ਵਿਚ ਸ਼ਤਾਬਦੀ ਮੌਕੇ ਬਰਤਾਨੀਆ ਵੱਲੋਂ ਭਾਰਤੀਆਂ ਕੋਲੋਂ ਮੁਆਫੀ ਮੰਗਣ ਦਾ ਸਹੀ ਸਮਾਂ ਹੈ। ਸਾਬਕਾ ਵਿਦੇਸ਼ ਰਾਜ ਮੰਤਰੀ, ਜੋ ਆਪਣੀ ਕਿਤਾਬ ‘ਐਨ ਇਰਾ ਆਫ ਡਾਰਕਨੈੱਸ: ਦਿ ਬ੍ਰਿਟਿਸ਼ ਐਂਪਾਇਰ ਇਨ ਇੰਡੀਆ’ ਬਾਰੇ ਬੋਲ ਰਹੇ ਸਨ, ਨੇ ਕਿਹਾ ਕਿ ਬ੍ਰਿਟਿਸ਼ ਪ੍ਰਧਾਨ ਮੰਤਰੀ ਜਾਂ ਸ਼ਾਹੀ ਖਾਨਦਾਨ ਦਾ ਮੈਂਬਰ ਭਾਰਤ ਆ ਕੇ ਨਾ ਸਿਰਫ ਜਲਿਆਂਵਾਲਾ ਬਾਗ ਕਾਂਡ ਸਗੋਂ ਬਰਤਾਨਵੀ ਰਾਜ ਵੇਲੇ ਕੀਤੀਆਂ ਵਧੀਕੀਆਂ ਲਈ ਮੁਆਫੀ ਮੰਗਣ। ਉਨ੍ਹਾਂ ਕਿਹਾ ਕਿ ਇਸ ਮੌਕੇ ਦਾ ਲਾਹਾ ਲਿਆ ਜਾਣਾ ਚਾਹੀਦਾ ਹੈ, ਕਿਉਂਕਿ ਸਾਰੇ ਗਲਤ ਕੰਮ ਬ੍ਰਿਟਿਸ਼ ਤਾਜ ਦੇ ਨਾਮ ਹੇਠਾਂ ਕੀਤੇ ਗਏ ਸਨ। ਥਰੂਰ ਨੇ ਕਿਹਾ ਕਿ ਜਲਿਆਂਵਾਲਾ ਬਾਗ ‘ਚ ਬੇਕਸੂਰਾਂ ਨੂੰ ਮਾਰਨ ਲਈ ਅਫਸੋਸ ਕਰਨ ਅਤੇ ਮੁਆਫੀ ਮੰਗਣ ਵਿਚ ਕੋਈ ਦੇਰ ਨਹੀਂ ਹੋਈ ਹੈ, ਪਰ ਅਸਲੀਅਤ ਇਹ ਹੈ ਕਿ ਬਰਤਾਨੀਆ ਨੇ ਹਮੇਸ਼ਾ ਇਸ ਮੁੱਦੇ ਨੂੰ ਅਣਗੌਲਿਆ ਕਰ ਦਿੱਤਾ।