ਵਿਧਾਨ ਸਭਾ ਚੋਣਾਂ: ਕੁਨਬਾਪ੍ਰਸਤੀ ਤੋਂ ਬਚ ਨਾ ਸਕੀਆਂ ਰਵਾਇਤੀ ਧਿਰਾਂ

ਚੰਡੀਗੜ੍ਹ: ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਜਿਥੇ ਸੂਬੇ ਦੀਆਂ 2 ਪ੍ਰਮੁੱਖ ਰਾਜਸੀ ਧਿਰਾਂ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੇ ਕਈ ਦਿੱਗਜ ਆਗੂ ਆਪਣੇ ਪੁੱਤਰਾਂ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚਾੜ੍ਹਨ ਲਈ ਪੱਬਾਂ ਭਾਰ ਹਨ, ਉਥੇ ਇਕ ਕੇਂਦਰੀ ਮੰਤਰੀ ਅਤੇ ਇਕ ਸਾਬਕਾ ਕੇਂਦਰੀ ਮੰਤਰੀ ਵੀ ਆਪਣੇ ਪਤੀਆਂ ਨੂੰ ਵਿਧਾਨ ਸਭਾ ਵਿਚ ਭੇਜਣ ਲਈ ਦਿਨ ਰਾਤ ਇਕ ਕਰ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਆਪਣੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਪੰਜਵੀਂ ਵਾਰ ਵਿਧਾਨ ਸਭਾ ਦਾ ਮੈਂਬਰ ਬਣਾਉਣ ਲਈ ਹਰ ਜ਼ੋਰ ਤਾਣ ਲਗਾ ਰਹੇ ਹਨ।

ਪਰਮਿੰਦਰ ਸਿੰਘ ਇਸ ਤੋਂ ਪਹਿਲਾਂ ਸੁਨਾਮ ਹਲਕੇ ਤੋਂ ਚਾਰ ਵਾਰ ਵਿਧਾਇਕ ਚੁਣੇ ਗਏ ਸਨ, ਜਦਕਿ ਇਸ ਵਾਰ ਉਨ੍ਹਾਂ ਨੂੰ ਲਹਿਰਾਗਾਗਾ ਹਲਕੇ ਤੋਂ ਪਾਰਟੀ ਵੱਲੋਂ ਟਿਕਟ ਦਿੱਤੀ ਗਈ ਹੈ। ਉਨ੍ਹਾਂ ਦਾ ਮੁਕਾਬਲਾ ਸਾਬਕਾ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸ ਆਗੂ ਬੀਬੀ ਰਜਿੰਦਰ ਕੌਰ ਭੱਠਲ ਨਾਲ ਹੈ। ਇਸ ਹਲਕੇ ਤੋਂ ‘ਆਪ’ ਵੱਲੋਂ ਜਸਵੀਰ ਸਿੰਘ ਘੁਡਾਣੀ ਨੂੰ ਉਮੀਦਵਾਰ ਬਣਾਇਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਮੈਂਬਰ ਰਾਜ ਸਭਾ ਬਲਵਿੰਦਰ ਸਿੰਘ ਭੂੰਦੜ ਨੇ ਸਰਦੂਲਗੜ੍ਹ ਹਲਕੇ ਤੋਂ ਆਪਣੇ ਫਰਜ਼ੰਦ ਤੇ ਯੂਥ ਆਗੂ ਦਿਲਰਾਜ ਸਿੰਘ ਭੂੰਦੜ ਨੂੰ ਜਿਤਾਉਣ ਲਈ ਪੂਰੀ ਵਾਹ ਲਗਾਈ ਹੋਈ ਹੈ। ਦਿਲਰਾਜ ਦਾ ਮੁਕਾਬਲਾ ਕਾਂਗਰਸ ਦੇ ਮੌਜੂਦਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਨਾਲ ਹੈ। 2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਉਹ ਮੋਫਰ ਤੋਂ 2732 ਵੋਟਾਂ ਦੇ ਫਰਕ ਨਾਲ ਪਛੜ ਗਏ ਸਨ। ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਖਵਿੰਦਰ ਸਿੰਘ ਭੋਲਾ ਮਾਨ ਨੇ ਵੀ ਮੁਹਿੰਮ ਭਖਾਈ ਹੋਈ ਹੈ।
ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਰਣਜੀਤ ਸਿੰਘ ਬ੍ਰਹਮਪੁਰਾ ਆਪਣੇ ਪੁੱਤਰ ਰਵਿੰਦਰ ਸਿੰਘ ਬ੍ਰਹਮਪੁਰਾ ਦੀ ਖਡੂਰ ਸਾਹਿਬ ਹਲਕੇ ਤੋਂ ਪਾਰੀ ਜਿੱਤਣ ਲਈ ਹਰ ਹੀਲਾ ਵਰਤ ਰਹੇ ਹਨ। ਰਵਿੰਦਰ ਦਾ ਮੁਕਾਬਲਾ ਕਾਂਗਰਸ ਦੇ ਰਮਨਦੀਪ ਸਿੰਘ ਸਿਕੀ ਨਾਲ ਹੈ। ‘ਆਪ’ ਵੱਲੋਂ ਇਥੋਂ ਭੁਪਿੰਦਰ ਸਿੰਘ ਬਿੱਟੂ ਉਮੀਦਵਾਰ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਤੋਤਾ ਸਿੰਘ ਜੋ ਖੁਦ ਧਰਮਕੋਟ ਹਲਕੇ ਤੋਂ ਮੁੜ ਕਿਸਮਤ ਅਜ਼ਮਾ ਰਹੇ ਹਨ, ਵੀ ਆਪਣੇ ਪੁੱਤਰ ਬਰਜਿੰਦਰ ਸਿੰਘ ਮੱਖਣ ਨੂੰ ਮੋਗਾ ਹਲਕੇ ਤੋਂ ਪਾਰਟੀ ਟਿਕਟ ਦਵਾ ਕੇ ਜਿੱਤ ਲਈ ਪੂਰੀ ਸਰਗਰਮੀ ਜੁਟਾ ਰਹੇ ਹਨ। ਕਾਂਗਰਸ ਵੱਲੋਂ ਇਸ ਹਲਕੇ ਤੋਂ ਡਾæ ਹਰਜੋਤ ਕਮਲ ਨੂੰ ਉਮੀਦਵਾਰ ਬਣਾਇਆ ਗਿਆ ਹੈ। ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਲਾਲ ਸਿੰਘ ਇਸ ਵਾਰ ਆਪਣੇ ਬੇਟੇ ਰਜਿੰਦਰ ਸਿੰਘ ਨੂੰ ਸਮਾਣਾ ਹਲਕੇ ਤੋਂ ਟਿਕਟ ਦਿਵਾਉਣ ‘ਚ ਕਾਮਯਾਬ ਹੋ ਗਏ ਹਨ। ਰਜਿੰਦਰ ਪਹਿਲੀ ਵਾਰ ਕਿਸਮਤ ਅਜ਼ਮਾ ਰਹੇ ਹਨ, ਨੂੰ ਵਿਧਾਨ ਸਭਾ ਵਿਚ ਭੇਜਣ ਲਈ ਲਾਲ ਸਿੰਘ ਪੂਰੀ ਜਿੰਦ ਜਾਨ ਲਗਾਉਣਗੇ। ਰਜਿੰਦਰ ਸਿੰਘ ਦਾ ਮੁਕਾਬਲਾ ਅਕਾਲੀ ਦਲ ਦੇ ਸੁਰਜੀਤ ਸਿੰਘ ਰੱਖੜਾ ਨਾਲ ਹੈ। ਹਲਕੇ ਤੋਂ ਆਮ ਆਦਮੀ ਪਾਰਟੀ ਵੱਲੋਂ ਸਾਬਕਾ ਵਿਧਾਇਕ ਜਗਤਾਰ ਸਿੰਘ ਰਾਜਲਾ ਚੋਣ ਮੈਦਾਨ ਵਿਚ ਹਨ।
ਭੁਲੱਥ ਹਲਕੇ ਤੋਂ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵੀ ਆਪਣੇ ਜਵਾਈ ਭੁਪਿੰਦਰ ਸਿੰਘ ਨੂੰ ਜਿਤਾਉਣ ਲਈ ਉਤਾਵਲੇ ਹਨ। 2012 ਵਿਚ ਬੀਬੀ ਜਗੀਰ ਕੌਰ ਨੇ ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ ਨੂੰ 7005 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਖਹਿਰਾ ਇਸ ਵਾਰ ਇਥੋਂ ‘ਆਪ’ ਵੱਲੋਂ ਕਿਸਮਤ ਅਜ਼ਮਾ ਰਹੇ ਹਨ ਜਦਕਿ ਕਾਂਗਰਸ ਪਾਰਟੀ ਨੇ ਨੂਰਮਹਿਲ ਦੇ ਮੌਜੂਦਾ ਵਿਧਾਇਕ ਗੁਰਵਿੰਦਰ ਸਿੰਘ ਅਟਵਾਲ ਨੂੰ ਚੋਣ ਮੈਦਾਨ ਵਿਚ ਲਿਆਂਦਾ ਹੈ। ਦਿਲਚਸਪ ਗੱਲ ਇਹ ਹੈ ਕਿ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਦੇ ਪੁੱਤਰ ਦਵਿੰਦਰ ਸਿੰਘ ਘੁਬਾਇਆ ਨੂੰ ਫਾਜ਼ਿਲਕਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਨੇ ਚੋਣ ਮੈਦਾਨ ਵਿਚ ਲਿਆਂਦਾ ਹੈ। ਉਹ ਪੰਜਾਬ ਵਿਚ ਸਭ ਤੋਂ ਛੋਟੀ ਉਮਰ ਦੇ ਉਮੀਦਵਾਰ ਹਨ। ਵੱਡੇ ਰਾਜਸੀ ਘਰਾਣਿਆਂ ਨਾਲ ਸਬੰਧਤ ਇਕ ਕੇਂਦਰੀ ਮੰਤਰੀ ਤੇ ਇਕ ਸਾਬਕਾ ਕੇਂਦਰੀ ਮੰਤਰੀ ਵੀ ਆਪਣੇ ਪਤੀਆਂ ਨੂੰ ਜਿਤਾਉਣ ਲਈ ਪੂਰੀਆਂ ਸਰਗਰਮ ਹਨ। ਸਾਬਕਾ ਮੁੱਖ ਮੰਤਰੀ ਤੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਜੋ ਪਟਿਆਲਾ ਹਲਕੇ ਤੋਂ ਚੋਣ ਲੜ ਰਹੇ ਹਨ, ਦੇ ਹਲਕੇ ਦੀ ਕਮਾਨ ਉਨ੍ਹਾਂ ਦੀ ਪਤਨੀ ਸਾਬਕਾ ਕੇਂਦਰੀ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਨੇ ਸੰਭਾਲ ਲਈ ਹੈ।
ਕੈਪਟਨ ਦਾ ਮੁਕਾਬਲਾ ਐਤਕੀਂ ਭਾਰਤੀ ਫੌਜ ਦੇ ਸਾਬਕਾ ਮੁਖੀ ਜਨਰਲ ਜੇæਜੇæ ਸਿੰਘ ਨਾਲ ਹੈ। ਇਸੇ ਤਰ੍ਹਾਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਆਪਣੇ ਪਤੀ ਤੇ ਰਾਜ ਦੇ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਜਿੱਤ ਲਈ ਜਲਾਲਾਬਾਦ ਵਿਧਾਨ ਸਭਾ ਹਲਕੇ ‘ਚ ਪੂਰੀ ਭੱਜ ਨੱਠ ਕਰ ਰਹੇ ਹਨ। ਇਸ ਹਲਕੇ ਤੋਂ ‘ਆਪ’ ਦੇ ਸੰਗਰੂਰ ਦੇ ਮੈਂਬਰ ਲੋਕ ਸਭਾ ਭਗਵੰਤ ਮਾਨ ਚੋਣ ਮੈਦਾਨ ਵਿਚ ਹਨ। ਬੀਬੀ ਬਾਦਲ ਆਪਣੇ ਸਹੁਰੇ ਤੇ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਜੋ ਲੰਬੀ ਹਲਕੇ ਤੋਂ ਚੋਣ ਲੜ ਰਹੇ ਹਨ, ਤੋਂ ਇਲਾਵਾ ਆਪਣੇ ਭਰਾ ਬਿਕਰਮ ਸਿੰਘ ਮਜੀਠੀਆ ਜੋ ਮਜੀਠਾ ਹਲਕੇ ਤੋਂ ਚੋਣ ਲੜ ਰਹੇ ਹਨ, ਦੀ ਜਿੱਤ ਲਈ ਵੀ ਚੋਣ ਜਲਸੇ ਕਰ ਰਹੇ ਹਨ।