ਕੋਹਿਨੂਰ, ਦਲੀਪ ਸਿੰਘ ਤੇ ਅੰਗਰੇਜ਼ ਸ਼ਾਸਕ

ਅਨਿਤਾ ਆਨੰਦ
ਵਿਲੀਅਮ ਡੈਲਰਿੰਪਲ
ਕੋਹਿਨੂਰ ਦੀ ਰਾਖੀ ਤੇ ਸੰਭਾਲ ਦੀ ਜ਼ਿੰਮੇਵਾਰੀ ਨੂੰ ਭਾਵੇਂ ਜੌਹਨ ਸਪੈਂਸਰ ਲੌਗਿਨ ਵੱਡਾ ਮਾਣ ਸਮਝਦਾ ਸੀ, ਪਰ ਅੰਤਰਮਨ ਤੋਂ ਉਸ ਨੂੰ ਇਸ ਕਾਰਜ ਤੋਂ ਕੋਈ ਤਸੱਲੀ ਨਹੀਂ ਸੀ ਮਿਲ ਰਹੀ। ਉਸ ਤੋਂ ਪਹਿਲਾਂ ਕੋਹਿਨੂਰ ਦੀ ਜ਼ਿੰਮੇਵਾਰੀ ਨਾਲ ਜੁੜੇ ਮਿਸਰ ਬੇਲੀ ਰਾਮ ਤੇ ਉਸ ਦੇ ਸਹਾਇਕ ਮਿਸਰ ਮਕਰਾਜ ਨੇ ਇਸ ਬੇਸ਼ਕੀਮਤੀ ਹੀਰੇ ਨਾਲ ਜੁੜੀਆਂ ਤ੍ਰਾਸਦੀਆਂ ਤੇ ਬਦਕਿਸਮਤੀਆਂ ਦਾ ਜ਼ਿਕਰ ਕਈ ਵਾਰ ਦਬੀ ਜ਼ੁਬਾਨ ਨਾਲ ਕੀਤਾ ਸੀ। ਮਿਸਰ ਮਕਰਾਜ ਜੋ ਕੁਝ ਸਮਾਂ ਲੌਗਿਨ ਦੀ ਵੀ ਮਦਦ ਕਰਦਾ ਰਿਹਾ,

ਨੇ ਤਾਂ ‘ਇਸ ਹੀਰੇ ਦੀ ਜ਼ਿੰਮੇਵਾਰੀ ਤੋਂ ਮੁਕਤ ਹੋਣ ‘ਤੇ ਮਾਨਸਿਕ ਤਸੱਲੀ’ ਵੀ ਪ੍ਰਗਟਾਈ ਸੀ। ਉਸ ਨੇ ਲੌਗਿਨ ਨੂੰ ਹੀਰਾ ਸੌਂਪਦੇ ਸਮੇਂ ਕਿਹਾ ਸੀ, “ਇਹ ਮੇਰੇ ਪਰਿਵਾਰ ਦੇ ਕਈ ਜੀਆਂ ਲਈ ਘਾਤਕ ਸਾਬਤ ਹੋਇਆ ਹੈ। ਮੈਨੂੰ ਤਾਂ ਜਾਪਣ ਲੱਗਾ ਸੀ ਕਿ ਇਹ ਮੇਰੀ ਵੀ ਜਾਨ ਲੈ ਲਵੇਗਾ।”
ਨਿੱਜੀ ਤੌਰ ‘ਤੇ ਲੌਗਿਨ ਨੂੰ ਇਹੋ ਮਹਿਸੂਸ ਹੁੰਦਾ ਸੀ ਕਿ ਕੋਹਿਨੂਰ ਦੀ ਜ਼ਿੰਮੇਵਾਰੀ ਤੋਂ ਉਸ ਨੂੰ ਛੇਤੀ ਤੋਂ ਛੇਤੀ ਮੁਕਤ ਕਰ ਦਿੱਤਾ ਜਾਵੇ। ਇਹ ਹੀਰਾ ਇੰਗਲੈਂਡ ਲਿਜਾਇਆ ਜਾਵੇ, ਉਥੇ ਸਭ ਤੋਂ ਉਚੇ ਬੋਲੀਕਾਰ ਨੂੰ ਵੇਚ ਦਿੱਤਾ ਜਾਵੇ। ਅਜਿਹਾ ਕਰਨ ਨਾਲ ਇੰਗਲੈਂਡ ਨੂੰ ਜਿਥੇ ਪੰਜਾਬ ਨਾਲ ਜੁੜੀ ਜੰਗ ਉਤੇ ਹੋਇਆ ਖ਼ਰਚ ਪੂਰਾ ਕਰਨ ਲਈ ਲੋੜੀਂਦੀ ਰਕਮ ਮਿਲਣ ਤੋਂ ਇਲਾਵਾ ਹੋਰ ਵੀ ਇੰਨਾ ਕੁ ਪੈਸਾ ਮਿਲ ਜਾਵੇਗਾ ‘ਜਿਸ ਨਾਲ ਉਸ ਦੇਸ਼ (ਪੰਜਾਬ) ਵਿਚ ਸੁਧਾਰ ਲਿਆਉਣਾ ਸੰਭਵ ਹੋ ਸਕੇਗਾ ਜਿਥੋਂ ਇਹ ਹੀਰਾ ਮਿਲਿਆ ਹੈ।’
ਜਦੋਂ ਲਾਰਡ ਡਲਹੌਜ਼ੀ ਨੇ ਇਹ ਸਪਸ਼ਟ ਕੀਤਾ ਕਿ ਲਾਹੌਰ ਦੇ ਤੋਸ਼ੇਖ਼ਾਨੇ ਵਿਚੋਂ ਮਿਲਿਆ ਹਰ ਸਿੱਕਾ ਤੇ ਹਰ ਗਹਿਣਾ ਇੰਗਲੈਂਡ ਭੇਜਿਆ ਜਾਵੇਗਾ ਅਤੇ ਇੱਕ ਵੀ ਧੇਲਾ ਸਥਾਨਕ ਲੋਕਾਂ ਉਤੇ ਖ਼ਰਚ ਨਹੀਂ ਹੋਵੇਗਾ ਤਾਂ ਲੌਗਿਨ ਨੂੰ ਬੇਚੈਨੀ ਹੋਈ। ਉਹ ਸੱਚੇ ਦਿਲੋਂ ਇਸਾਈ ਸੀ ਅਤੇ ਇਸਾਈ ਮੱਤ ਨਾਲ ਜੁੜੇ ਧਰਮਾਰਥ ਕਾਰਜ ਕਰਨ ਦੀ ਭਾਵਨਾ ਤੇ ਤਿਆਗ ਵਰਗੇ ਸੰਕਲਪਾਂ ਕਾਰਨ ਉਹ ਮਹਿਸੂਸ ਕਰਦਾ ਸੀ ਜੋ ਕੁਝ ਵਾਪਰ ਰਿਹਾ ਹੈ, ਉਹ ਸਹੀ ਨਹੀਂ। ਉਸ ਨੂੰ ਪੂਰਾ ਯਕੀਨ ਸੀ ਕਿ ਡਲਹੌਜ਼ੀ ਨੂੰ ਅਜਿਹਾ ਕਰਨ ਦਾ ਕੋਈ ਵੀ ਕਾਨੂੰਨੀ ਜਾਂ ਇਖ਼ਲਾਕੀ ਹੱਕ ਨਹੀਂ ਅਤੇ ਗਵਰਨਰ ਜਨਰਲ ਦੀ ਇਹ ਕਾਰਵਾਈ ਉਨੀ ਹੀ ਗ਼ੈਰਕਾਨੂੰਨੀ ਤੇ ਗ਼ੈਰ-ਇਖ਼ਲਾਕੀ ਸੀ ਜਿੰਨਾ ਦੂਜੀ ਅੰਗਰੇਜ਼-ਸਿੱਖ ਜੰਗ ਆਰੰਭ ਕਰਨੀ।

ਲੌਗਿਨ ਨੂੰ ਆਪਣੇ ਇਨ੍ਹਾਂ ਖਿਆਲਾਤ ਨਾਲ ਜੂਝਣ ਲਈ ਬਹੁਤਾ ਸਮਾਂ ਨਹੀਂ ਦਿੱਤਾ ਗਿਆ। ਤੋਸ਼ੇਖ਼ਾਨੇ ਦੀ ਜ਼ਿੰਮੇਵਾਰੀ ਤੋਂ ਇਲਾਵਾ ਉਸ ਨੂੰ ਨਵੀਂ ਜ਼ਿੰਮੇਵਾਰੀ ਦਲੀਪ ਸਿੰਘ ਦੀ ਸੰਭਾਲ ਦੀ ਸੌਂਪ ਦਿੱਤੀ। ਹੁਣ ਉਸ ਨੇ ਉਹ ਸਾਰੇ ਇੰਤਜ਼ਾਮਾਤ ਕਰਨੇ ਸਨ ਜਿਨ੍ਹਾਂ ਰਾਹੀਂ ਇਸ ‘ਨਿੱਕੇ ਮੁੰਡੇ’ ਦਾ ਦਿਲ ਜਿੱਤਿਆ ਜਾ ਸਕੇ। ਉਸ ਨੇ ਸੰਕਲਪ ਲਿਆ ਕਿ ਉਹ ਇਸ ਬੱਚੇ ਨਾਲ ਪੂਰੀ ਦਿਆਲਤਾ ਨਾਲ ਪੇਸ਼ ਆਵੇਗਾ। ਉਸ ਨੂੰ ਇਹੋ ਅਹਿਸਾਸ ਸਤਾਉਂਦਾ ਰਹਿੰਦਾ ਸੀ ਕਿ ਇਸ ਨਿਰਦੋਸ਼ ਬੱਚੇ ਨੂੰ ਹੋਰਾਂ ਦੇ ਗੁਨਾਹਾਂ ਦੀ ਸਜ਼ਾ ਦਿੱਤੀ ਜਾ ਰਹੀ ਹੈ। ਉਂਜ, ਅਜਿਹੀ ਸੋਚ ਇਕੱਲੀ ਲੌਗਿਨ ਦੀ ਹੀ ਨਹੀਂ ਸੀ।
ਸਰ ਹੈਨਰੀ ਲਾਰੈਂਸ ਜੋ ਲਾਹੌਰ ਦਾ ਰੈਜ਼ੀਡੈਂਟ ਸੀ ਤੇ ਜਿਸ ਨੂੰ ਮਜਬੂਰ ਕੀਤਾ ਗਿਆ ਸੀ ਕਿ ਉਹ ਰਾਣੀ ਜਿੰਦਾਂ ਦੀਆਂ ਜੋਦੜੀਆਂ ਭਰੀਆਂ ਚਿੱਠੀਆਂ ਨਜ਼ਰਅੰਦਾਜ਼ ਕਰ ਦੇਵੇ, ਵੀ ਦਲੀਪ ਸਿੰਘ ਦੇ ਦੁਖੜਿਆਂ ਤੋਂ ਜਾਣੂੰ ਸੀ। ਉਹ ਪੰਜਾਬ ਨੂੰ ਬਰਤਾਨਵੀ ਸਾਮਰਾਜ ਵਿਚ ਰਲਾਉਣ ਦੇ ਮੁੱਢ ਤੋਂ ਹੀ ਖ਼ਿਲਾਫ਼ ਸੀ ਅਤੇ ਚਾਹੁੰਦਾ ਸੀ ਕਿ ਦਲੀਪ ਸਿੰਘ ਨੂੰ ਰਾਜ ਗੱਦੀ ‘ਤੇ ਬਰਕਰਾਰ ਰੱਖਿਆ ਜਾਵੇ, ਅਤੇ ਲਾਹੌਰ ਦਰਬਾਰ ਅਤੇ ਈਸਟ ਇੰਡੀਆ ਕੰਪਨੀ ਦੇ ਰਾਜ ਦਰਮਿਆਨ ਲਾਹੇਵੰਦਾ ਗੱਠਜੋੜ ਕਾਇਮ ਕੀਤਾ ਜਾਵੇ। ਜੌਹਨ ਲੌਗਿਨ ਦੀ ਪਤਨੀ ਲੇਨਾ ਲੌਗਿਨ ਨੇ ਬਾਅਦ ਵਿਚ ਲਿਖਿਆ- “ਗਵਰਨਰ ਜਨਰਲ (ਡਲਹੌਜ਼ੀ ਦੇ ਸਿੱਖ ਰਾਜ ਨੂੰ ਬਰਤਾਨਵੀ ਸਾਮਰਾਜ ਦਾ ਹਿੱਸਾ ਬਣਾਉਣ) ਦੇ ਫ਼ੈਸਲੇ ਨੇ ਫਰਾਖ਼ਦਿਲ ਰੈਜ਼ੀਡੈਂਟ ਦੇ ਹਿਰਦੇ ਨੂੰ ਬੜੀ ਠੇਸ ਪਹੁੰਚਾਈ ਅਤੇ ਨਾਲ ਹੀ ਉਸ ਦੀਆਂ ਕਈ ਉਮੀਦਾਂ ਤੇ ਇਨ੍ਹਾਂ ਨਾਲ ਜੁੜੇ ਪ੍ਰੋਜੈਕਟਾਂ ਉਤੇ ਪਾਣੀ ਫੇਰ ਦਿੱਤਾ।”
ਉਂਜ ਬਹੁਤਿਆਂ ਨੂੰ ਇਸ ਫ਼ੈਸਲੇ ਬਾਰੇ ਕੋਈ ਭਰਮ ਨਹੀਂ ਸੀ। ਬਰਤਾਨਵੀ ਪ੍ਰੈਸ ਨੇ ਤਾਂ ਇਸ ‘ਕਬਜ਼ੇ’ ਉਪਰ ਖ਼ੁਸ਼ੀਆਂ ਮਨਾਈਆਂ ਅਤੇ ਬਾਲ-ਮਹਾਰਾਜੇ ਦਲੀਪ ਨੂੰ ਆਪਣੀ ਬਦਕਿਸਮਤੀ ਲਈ ਜ਼ਿੰਮੇਵਾਰ ਦੱਸਿਆ। ‘ਦਿੱਲੀ ਗਜ਼ਟ’ ਅਖ਼ਬਾਰ ਨੇ ਲਿਖਿਆ- “ਦੁਨੀਆ ਦਾ ਸਭ ਤੋਂ ਵੱਡਾ ਤੇ ਸਭ ਤੋਂ ਕੀਮਤੀ ਹੀਰਾ, ਲਾਹੌਰ ਦੇ ਮਹਾਰਾਜੇ ਦੀ ਦਗ਼ੇਬਾਜ਼ੀ ਕਾਰਨ ਜ਼ਬਤ ਕੀਤਾ ਗਿਆ ਹੈ ਅਤੇ ਇਹ ਹੁਣ ਗੋਇੰਦਗੜ੍ਹ (ਗੋਬਿੰਦਗੜ੍ਹ) ਕਿਲ੍ਹੇ ਵਿਚ ਬਰਤਾਨਵੀ ਫ਼ੌਜੀ ਸੁਰੱਖਿਆ ਹੇਠ ਹੈ।”
ਦਲੀਪ ਸਿੰਘ ਵੀ ਓਨਾ ਹੀ ‘ਬਰਤਾਨਵੀ ਖੁਖਰੀਆਂ’ ਦੇ ਪਹਿਰੇ ਹੇਠ ਸੀ ਜਿੰਨਾ ਕੋਹਿਨੂਰ, ਤੇ ਡਲਹੌਜ਼ੀ ਨੂੰ ਉਸ ਨਾਲ ਰਤਾ ਵੀ ਹਮਦਰਦੀ ਨਹੀਂ ਸੀ। ਉਸ ਨੇ ਮਹਾਰਾਜੇ ਬਾਰੇ ਇਹ ਲਿਖਿਆ- “ਬੜਾ ਚਾਲਬਾਜ਼ ਹੈ ਇਹ ਮੁੰਡਾ। ਭਿਸ਼ਤੀ ਦਾ ਖ਼ੂਨ ਹੈ ਇਹ, ਉਸ ਬੁੱਢੇ ਰਣਜੀਤ ਦਾ ਨਹੀਂæææ।” ਇਸ ਬੱਚੇ ਨੂੰ ਇੰਜ ਨਿੰਦਣ ਤੇ ਤਿਰਸਕਾਰਨ ਦੇ ਯਤਨਾਂ ਦੇ ਬਾਵਜੂਦ ਡਲਹੌਜ਼ੀ ਨੂੰ ਦਲੀਪ ਸਿੰਘ ਨਾਲ ਸਲੂਕ ਪ੍ਰਤੀ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਸਵਾਲਾਂ ਦਾ ਜਵਾਬ ਉਸ ਨੇ ਤ੍ਰਿਸਕਾਰ ਦੀ ਭਾਵਨਾ ਨਾਲ ਹੀ ਦਿੱਤਾ, “ਉਸ ਦਾ ਇਲਾਕਾ ਬੜਾ ਵੱਡਾ ਹੈ, ਪਰ ਉਹ ਹੈ ਤਾਂ ਬੱਚਾ ਹੀæææ ਮੈਨੂੰ ਉਸ ‘ਤੇ ਅਫ਼ਸੋਸ ਆਉਂਦਾ ਹੈ, ਵਿਚਾਰਾ ਬਦਕਿਸਮਤ ਮੁੰਡਾ, ਪਰ ਇਸ ਕਿਸਮ ਦੀ ਦਿਆਲਤਾ ਵੀ ਬੇਲੋੜੀ ਹੈ।” ਜ਼ਾਹਿਰ ਹੈ, ਦਲੀਪ ਸਿੰਘ ਅਤੇ ਕੋਹਿਨੂਰ, ਦੋਵੇਂ ਹੀ ਹੁਣ ਬ੍ਰਿਟਿਸ਼ ਸ਼ਾਸਕਾਂ ਦੇ ਰਹਿਮ ‘ਤੇ ਸਨ।

ਦਲੀਪ ਸਿੰਘ ਦੀ ਨਵੀਂ ਜ਼ਿੰਦਗੀ 6 ਅਪਰੈਲ 1849 ਤੋਂ ਸ਼ੁਰੂ ਹੋਈ ਜਦੋਂ ਉਸ ਨੂੰ ਲਾਹੌਰ ਵਿਚ ਉਸ ਦੇ ਨਵੇਂ ਨਿਗ੍ਹਾਬਾਨ ਨਾਲ ਮਿਲਾਇਆ ਗਿਆ। ਇਸ ਪਹਿਲੀ ਮੁਲਾਕਾਤ ਵੇਲੇ ਜੌਹਨ ਲੌਗਿਨ, ਦਲੀਪ ਸਿੰਘ ਨਾਲੋਂ ਵੱਧ ਘਬਰਾਇਆ ਹੋਇਆ ਸੀ। ਉਸ ਨੂੰ ਇਸ ਗੱਲ ‘ਤੇ ਤਸੱਲੀ ਹੋਈ ਕਿ ਮੁਲਾਕਾਤ ਉਸ ਦੀਆਂ ਉਮੀਦਾਂ ਨਾਲੋਂ ਵੱਧ ਖੁਸ਼ਗਵਾਰ ਰਹੀ। ਉਸ ਨੇ ਇਸ ਬਾਰੇ ਲਿਖਿਆ: “ਇਹ ਨਿੱਕਾ ਮੁੰਡਾ ਮੈਨੂੰ ਮਿਲ ਕੇ ਖ਼ੁਸ਼ ਜਾਪਿਆæææ ਉਸ ਦਾ ਸੁਭਾਅ ਚੰਗਾ ਹੈ, ਉਹ ਹੁਸ਼ਿਆਰ ਹੈ ਅਤੇ ਸੁਨੱਖਾ ਵੀ ਹੈ।”
ਬਾਅਦ ਵਿਚ ਆਪਣੀ ਪਤਨੀ ਲੇਨਾ ਨੂੰ ਲਿਖੇ ਹੋਰ ਪੱਤਰਾਂ ਵਿਚ ਲੌਗਿਨ ਨੇ ਦਲੀਪ ਨੂੰ ‘ਬੜਾ ਪਿਆਰਾ’ ਬੱਚਾ ਦੱਸਿਆ ਜਿਸ ਦੇ ਨੈਣ ਨਕਸ਼ ਆਪਣੀ ਮਾਂ ਵਰਗੇ ਸੁਨੱਖੇ ਸਨ, ਅੱਖਾਂ ਕਾਲੀਆਂ ਤੇ ਚਮਕੀਲੀਆਂ ਸਨ। ਦਲੀਪ ਸਿੰਘ ਨੂੰ ਚਿੱਤਰਕਲਾ ਤੇ ਕਿਤਾਬਾਂ ਪੜ੍ਹਨ ਦਾ ਸ਼ੌਕ ਸੀ, ਪਰ ਨਾਲ ਹੀ ਫਾਰਸੀ ਸ਼ਾਇਰੀ ਅਤੇ ਬਾਜ਼ਾਂ ਦੀ ਮਦਦ ਨਾਲ ਸ਼ਿਕਾਰ ਕਰਨ ਦਾ ਵੀ ਉਹ ਪੂਰਾ ਸ਼ੌਕੀਨ ਸੀ। ਇਹ ਸ਼ੌਕ ਉਸ ਦੇ ਸ਼ਾਹੀ ਖ਼ਾਨਦਾਨ ਦਾ ਚਿਰਾਗ਼ ਹੋਣ ਦਾ ਸਬੂਤ ਸਨ, ਪਰ ਹੋਰ ਬੱਚਿਆਂ ਤੋਂ ਉਲਟ ਦਲੀਪ ਸਿੰਘ ਕਈ ਵਾਰ ਅਚਾਨਕ ਖ਼ਾਮੋਸ਼ ਹੋ ਜਾਂਦਾ ਸੀ। ਉਦੋਂ ਉਸ ਦੀ ਇੱਕੋ ਇੱਛਾ ਹੁੰਦੀ ਸੀ ਕਿ ਉਸ ਨੂੰ ਇਕੱਲਿਆਂ ਛੱਡ ਦਿੱਤਾ ਜਾਵੇ। ਲੌਗਿਨ ਦਾ ਪ੍ਰਭਾਵ ਸੀ ਕਿ ਅਜਿਹੇ ਮੂਡ, ਕਿਸੇ ਉਦਾਸੀ ਦੀ ਥਾਂ ਵੱਖ ਵੱਖ ਮਾਮਲਿਆਂ ਬਾਰੇ ਖ਼ੁਦ ਸੋਚਣ ਦੀ ਰੁਚੀ ਦਾ ਨਤੀਜਾ ਸਨ। ਦਲੀਪ ਛੇਤੀ ਹੀ ਲੌਗਿਨ ਨਾਲ ਪੂਰਾ ਖੁੱਲ੍ਹ ਗਿਆ, ਪਰ ਦੋਵੇਂ ਦੋ ਵਿਸ਼ਿਆਂ (ਰਾਣੀ ਜਿੰਦਾਂ ਤੇ ਕੋਹਿਨੂਰ) ਬਾਰੇ ਆਪਸ ਵਿਚ ਗੱਲਬਾਤ ਕਰਨ ਤੋਂ ਹਮੇਸ਼ਾ ਕਤਰਾਉਂਦੇ ਰਹੇ।
ਦਲੀਪ ਸਿੰਘ ਦੇ ਗਿਆਰ੍ਹਵੇਂ ਜਨਮ ਦਿਨ ਮੌਕੇ ਲੌਗਿਨ ਨੇ ਵੱਡੀ ਤੇ ਮਨੋਰੰਜਕ ਦਾਅਵਤ ਦੀ ਯੋਜਨਾ ਬਣਾਈ। ਆਪਣਾ ਰਾਜ-ਭਾਗ ਖੁੱਸਣ ਤੋਂ ਬਾਅਦ ਇਹ ਦਲੀਪ ਸਿੰਘ ਦਾ ਪਹਿਲਾ ਜਨਮ ਦਿਨ ਸੀ। ਲੌਗਿਨ ਚਾਹੁੰਦਾ ਸੀ ਕਿ ਇਸ ਮੌਕੇ ਉਹ ਜਿੰਨੇ ਵੀ ਬੱਚੇ ਬੁਲਾ ਸਕਦਾ ਹੋਵੇ, ਬੁਲਾਵੇ ਤਾਂ ਜੋ ਨਿੱਕੇ ਜਿਹੇ ਮਹਾਰਾਜੇ ਨੂੰ ਇਹ ਨਾ ਮਹਿਸੂਸ ਹੋਵੇ ਕਿ ਉਹ ਹੁਣ ਤਖ਼ਤ ਤੇ ਤਾਜ ਦਾ ਮਾਲਕ ਨਹੀਂ। ਇਸ ਦਿਨ ਨੂੰ ਯਾਦਗਾਰੀ ਬਣਾਉਣ ਲਈ ਉਸ ਨੂੰ ਦਲੀਪ ਸਿੰਘ ਨੂੰ ‘ਉਸ ਦੇ ਆਪਣੇ ਹੀ ਖ਼ਜ਼ਾਨੇ ਵਿਚੋਂ ਲੱਖ ਰੁਪਏ ਦੇ ਹੀਰੇ ਜਵਾਹਰਾਤ ਤੋਹਫ਼ੇ ਵਜੋਂ ਭੇਟ ਕਰਨ’ ਦੀ ਇਜਾਜ਼ਤ ਵੀ ਬ੍ਰਿਟਿਸ਼ ਸਰਕਾਰ ਪਾਸੋਂ ਮੰਗ ਲਈ। ਜੇ ਦਲੀਪ ਸਿੰਘ ਕੋਲ ਆਪਣਾ ਰਾਜ-ਭਾਗ ਹੁੰਦਾ ਤਾਂ ਇਸ ਜਨਮ ਦਿਨ ਮੌਕੇ ਉਸ ਦੀ ਪਰਜਾ ਨੇ ਸ਼ਾਨਦਾਰ ਹੀਰਿਆਂ, ਜਵਾਹਰਾਤ, ਜੜਾਊ ਗਹਿਣਿਆਂ ਤੇ ਹੋਰ ਨਜ਼ਰਾਨਿਆਂ ਦਾ ਹੜ੍ਹ ਲਿਆ ਦੇਣਾ ਸੀ। ਲੌਗਿਨ ਦੀ ਇੱਛਾ ਸੀ ਕਿ ਦਲੀਪ ਸਿੰਘ ਨੂੰ ਇਹੋ ਪ੍ਰਭਾਵ ਮਿਲੇ ਕਿ ਹੁਣ ਵੀ ਉਸ ਨੂੰ ਉਸੇ ਤਰ੍ਹਾਂ ਤੋਹਫ਼ੇ ਮਿਲ ਰਹੇ ਹਨ। ਇਸ ਦੇ ਨਾਲ ਹੀ ਇਹ ਅਵਸਰ ਉਸ ਨੂੰ ਉਸ ਦੇ ਖ਼ਜ਼ਾਨੇ ਦਾ ਕੁਝ ਹਿੱਸਾ ਮੋੜਨ ਦਾ ਮੌਕਾ ਵੀ ਬਣ ਜਾਣਾ ਸੀ।
ਲਾਰਡ ਡਲਹੌਜ਼ੀ ਦਾ ਭਾਵੇਂ ਇੱਕੋ ਹੀ ਹਠ ਸੀ ਕਿ ਦਲੀਪ ਸਿੰਘ ਦੇ ਸਾਰੇ ਹੀਰੇ ਜਵਾਹਰਾਤ, ਜੰਗੀ ਤਾਵਾਨ ਦਾ ਹਿੱਸਾ ਸਨ, ਫਿਰ ਵੀ ਇਹ ਖ਼ਜ਼ਾਨਾ ਹੈ ਹੀ ਇੰਨਾ ਜ਼ਿਆਦਾ ਸੀ ਕਿ ਗਵਰਨਰ ਜਨਰਲ ਕੁਝ ਫਰਾਖ਼ਦਿਲੀ ਦਿਖਾ ਸਕਦਾ ਸੀ।æææ ਲੌਗਿਨ ਦੀ ਗੁਜ਼ਾਰਿਸ਼ ਪ੍ਰਵਾਨ ਹੋ ਗਈ ਅਤੇ ਮਹਾਰਾਜੇ ਨੂੰ ਕਈ ਸਾਰੇ ਹੀਰੇ-ਜਵਾਹਰਾਤ ਭੇਟ ਕਰ ਦਿੱਤੇ ਗਏ। ਉਹ ਭਾਵੇਂ ਬਿਨਾ ਰਾਜ-ਭਾਗ ਤੋਂ ਮਹਾਰਾਜਾ ਸੀ, ਫਿਰ ਵੀ ਉਹ ਜਨਮ ਦਿਨ ਮੌਕੇ ਦਿੱਖ ਪੱਖੋਂ ਪੂਰਾ ਮਹਾਰਾਜਾ ਜਾਪਿਆ। ਜੇ ਲੌਗਿਨ ਦਾ ਮਕਸਦ ਦਲੀਪ ਸਿੰਘ ਦਾ ਧਿਆਨ ਉਸ ਨਾਲ ਹੋਈਆਂ ਜ਼ਿਆਦਤੀਆਂ ਤੋਂ ਹਟਾਉਣਾ ਸੀ ਤਾਂ ਇਸ ਮਕਸਦ ਦੀ ਪੂਰੀ ਤਰ੍ਹਾਂ ਪੂਰਤੀ ਨਹੀਂ ਹੋ ਸਕੀ। ਉਸ ਨੇ ਆਪਣੀ ਪਤਨੀ ਨੂੰ ਲਿਖੇ ਖ਼ਤ ਵਿਚ ਕਿਹਾ, “ਦਲੀਪ ਨੇ ਅਚਾਨਕ ਪੁੱਛਿਆ- ਕੋਹਿਨੂਰ ਕਿਥੇ ਹੈ, ਪਿਛਲੇ ਜਨਮ ਦਿਨ ਵੇਲੇ ਤਾਂ ਮੈਂ ਇਹ ਬਾਂਹ ‘ਤੇ ਪਹਿਨਿਆ ਸੀ!” ਲੌਗਿਨ ਨੇ ਇਸ ਸਵਾਲ ਨੂੰ ਅਣਸੁਣਿਆ ਕਰ ਦਿੱਤਾ। ਉਹ ਕਿਹੜੇ ਮੂੰਹ ਨਾਲ ਜਵਾਬ ਦਿੰਦਾ!
ਦਰਅਸਲ, ਲੌਗਿਨ ਕੋਹਿਨੂਰ ਬਾਰੇ ਕਿਸੇ ਵੀ ਜ਼ਿਕਰ ਤੋਂ ਘਬਰਾਉਂਦਾ ਸੀ। ਜਿਸ ਢੰਗ ਨਾਲ ਇਹ ਬੇਸ਼ਕੀਮਤੀ ਹੀਰਾ ਹਥਿਆਇਆ ਗਿਆ, ਉਸ ਤੋਂ ਅੰਦਰੋ-ਅੰਦਰੀ ਉਹ ਬਹੁਤ ਨਾਖੁਸ਼ ਸੀ। ਇਸ ਦੰਦ-ਕਥਾਈ ਜਵਾਹਰ ਦਾ ਖੁੱਸਣਾ ਹੀ ਦਲੀਪ ਸਿੰਘ ਦੇ ਪਤਨ ਦੀ ਸਭ ਤੋਂ ਵੱਡੀ ਤਰਜਮਾਨੀ ਸੀ। ਲੌਗਿਨ ਨਿਹਾਇਤ ਸੰਵੇਦਨਸ਼ੀਲ ਸੀ; ਉਹ ਇਸ ਮੁੰਡੇ ਨੂੰ ਉਸ ਦਾ ਰਾਜ-ਭਾਗ ਖੁੱਸਣ ਦੀ ਨਮੋਸ਼ੀ ਤੋਂ ਦੂਰ ਹੀ ਰੱਖਣਾ ਚਾਹੁੰਦਾ ਸੀ। ਜਨਮ ਦਿਨ ਵਾਲੀ ਦਾਅਵਤ ਤੋਂ ਕੁਝ ਹਫ਼ਤੇ ਬਾਅਦ ਉਸ ਨੂੰ ਚੰਗੀ ਖ਼ਬਰ ਮਿਲੀ ਕਿ ਇੰਗਲੈਂਡ ਦੀ ਮਹਾਰਾਣੀ ਨੇ ਕੋਹਿਨੂਰ ਸਵੀਕਾਰਨ ਤੋਂ ਨਾਂਹ ਕਰ ਦਿੱਤੀ ਹੈ ਕਿਉਂਕਿ ‘ਜਿਨ੍ਹਾਂ ਹਾਲਾਤ ਵਿਚ ਇਹ ਹੀਰਾ ਹਥਿਆਇਆ ਗਿਆ ਹੈ, ਉਹ ਬਰਤਾਨਵੀ ਹਕੂਮਤ ਦਾ ਅਕਸ ਉਚਾ ਕਰਨ ਵਾਲੇ ਨਹੀਂ।’ ਇਹ ਖ਼ਬਰ ਮਹਿਜ਼ ਅਫ਼ਵਾਹ ਨਿਕਲੀ। ਮਹਾਰਾਣੀ ਨੇ ਆਪਣੇ ਪਰਿਵਾਰਕ ਹਲਕਿਆਂ ਵਿਚ ਦਲੀਪ ਸਿੰਘ ਨਾਲ ਹੋਏ ਸਲੂਕ ਉਤੇ ਨਾਖੁਸ਼ੀ ਪ੍ਰਗਟਾਈ ਸੀ, ਪਰ ਕੋਹਿਨੂਰ ਪ੍ਰਵਾਨ ਕਰਨ ਵਿਚ ਉਸ ਨੂੰ ਕੋਈ ਝਿਜਕ ਨਹੀਂ ਸੀ ਅਤੇ ਨਾ ਹੀ ਉਸ ਨੇ ਲੌਗਿਨ ਦੰਪਤੀ ਵੱਲੋਂ ਦਲੀਪ ਸਿੰਘ ਨੂੰ ‘ਗੋਦ ਲਏ ਜਾਣ’ ਦੀ ਲਾਰਡ ਡਲਹੌਜ਼ੀ ਦੀ ਯੋਜਨਾ ਵਿਚ ਕੋਈ ਦਖ਼ਲ ਦਿੱਤਾ। ਦਲੀਪ ਸਿੰਘ ਨੂੰ ਉਸ ਦੀ ਮਾਂ ਦੇ ਹਵਾਲੇ ਕੀਤੇ ਜਾਣ ਦਾ ਤਾਂ ਸਵਾਲ ਹੀ ਨਹੀਂ ਉਭਰਿਆ। ਇਨ੍ਹਾਂ ਸਾਰੇ ਮਹੀਨਿਆਂ ਦੌਰਾਨ ਲਾਰਡ ਡਲਹੌਜ਼ੀ ਨੇ ਰਾਣੀ ਜਿੰਦਾਂ ਦਾ ਅਕਸ ਤਾਰ-ਤਾਰ ਕਰਨ ਪੱਖੋਂ ਕੋਈ ਕਸਰ ਬਾਕੀ ਨਹੀਂ ਛੱਡੀ। ਮਹਾਰਾਣੀ ਵਿਕਟੋਰੀਆ ਤੇ ਹੋਰਾਂ ਨੂੰ ਲਿਖੇ ਪੱਤਰਾਂ ਵਿਚ ਜਿੰਦਾਂ ਨੂੰ ਅਜਿਹੀ ਬਦਚਲਨ ਔਰਤ ਦਰਸਾਇਆ ਗਿਆ ਜੋ ਆਪਣੀਆਂ ਕਾਮ-ਇੱਛਾਵਾਂ ਦੀ ਪੂਰਤੀ ਲਈ ਕਿਸੇ ਵੀ ਹੱਦ ਤਕ ਜਾ ਸਕਦੀ ਸੀ। ਉਸ ਦੀ ਤੁਲਨਾ ਪ੍ਰਾਚੀਨ ਰੋਮਨ ਬਾਦਸ਼ਾਹ ਕਲਾਡੀਅਸ ਦੀ ਕਾਮਖ਼ੋਰ ਪਤਨੀ ਮੈਸਾਲੀਨਾ ਨਾਲ ਕੀਤੀ ਗਈ। ਇਹ ਵੀ ਸੁਝਾਇਆ ਗਿਆ ਕਿ ਉਹ ਆਪਣੀ ਖ਼ੂਬਸੂਰਤੀ ਦੀ ਵਰਤੋਂ ਮਰਦਾਂ ਨੂੰ ਲੁਭਾ ਕੇ ‘ਵਿਦਰੋਹ ਖੜ੍ਹਾ ਕਰਨ ਲਈ ਕਰ ਸਕਦੀ ਹੈ।’ ਜਿੰਦਾਂ ਦਾ ਅਕਸ ਇਹੋ ਜਿਹੀ ‘ਬਦਜ਼ਾਤ’ ਔਰਤ ਵਜੋਂ ਸਥਾਪਿਤ ਕਰਨ ਮਗਰੋਂ ਡਲਹੌਜ਼ੀ ਨੇ ਉਸ ਵੱਲੋਂ ਬੱਚੇ ਦੇ ਪਾਲਣ-ਪੋਸ਼ਣ ਲਈ ਅਪਣਾਏ ਢੰਗ-ਤਰੀਕਿਆਂ ਨੂੰ ਵੀ ਇਸੇ ਰੌਸ਼ਨੀ ਵਿਚ ਦਰਸਾਇਆ। ਉਸ ਨੇ ਮਹਾਰਾਣੀ ਨੂੰ ਲਿਖਿਆ ਕਿ ਜਿੰਦਾਂ ਬੜੇ ਜ਼ਾਲਿਮ ਸੁਭਾਅ ਦੀ ਔਰਤ ਸੀ ਜਿਹੜੀ ਆਪਣੇ ਬੱਚੇ ਦੀ ਵੀ ਮਾਰ-ਕੁੱਟ ਕਰਦੀ ਸੀ। ਬਰਤਾਨਵੀ ਦਖ਼ਲ ਨੇ ਤਾਂ ‘ਇਸ ਬੱਚੇ ਨੂੰ ਅਜਿਹੀ ਬਦਸਲੂਕੀ ਤੋਂ ਬਚਾ ਲਿਆ ਹੈ, ਤੇ ਇਸੇ ਲਈ ਇਹ ਮੁੰਡਾ ਹੁਣ ਆਪਣੀ ਮਾਂ ਦੇ ਨੇੜੇ ਨਹੀਂ ਜਾਣਾ ਚਾਹੁੰਦਾ।’
ਮਹਾਰਾਣੀ ਵਿਕਟੋਰੀਆ ਨੇ ਡਲਹੌਜ਼ੀ ਦੇ ਇਸ ਪੱਖ ਨੂੰ ਸਵੀਕਾਰ ਕਰ ਲਿਆ, ਪਰ ਨਾਲ ਹੀ ਸਪਸ਼ਟ ਕੀਤਾ ਕਿ ਮਹਾਰਾਜੇ ਦੀ ਪ੍ਰਗਤੀ ਤੇ ਭਲਾਈ ਬਾਰੇ ਜਾਣਕਾਰੀ ਉਸ ਨੂੰ ਨਿਯਮਿਤ ਤੌਰ ‘ਤੇ ਮਿਲਦੀ ਰਹੇ। ਇਹ ਹਦਾਇਤ ਵੀ ਕੀਤੀ ਗਈ ਕਿ ਉਸ ਦੇ ਪ੍ਰਤੀਨਿਧ, ਦਲੀਪ ਸਿੰਘ ਨਾਲ ਪੂਰੀ ਦਿਆਲਤਾ ਵਰਤਣ। ਦਲੀਪ ਸਿੰਘ ਦੀ ਉਸ ਵੇਲੇ ਉਮਰ ਮਹਾਰਾਣੀ ਦੇ ਆਪਣੇ ਸਭ ਤੋਂ ਵੱਡੇ ਬੇਟੇ ਤੇ ਵਲੀ ਅਹਿਦ, ਬਰਟੀ ਜਿੰਨੀ ਸੀ। ਉਹ ਦਲੀਪ ਸਿੰਘ ਨਾਲ ਵਰਤੇ ਭਾਣੇ ਦਾ ਦਰਦ ਸਮਝਦੀ ਸੀ ਅਤੇ ਇਸ ਨੂੰ ਘਟਾਉਣਾ ਲੋਚਦੀ ਸੀ।

ਜਦੋਂ ਰਾਣੀ ਜਿੰਦਾਂ ਨੇਪਾਲ ਵਿਚ ਜਲਾਵਤਨੀ ਦੌਰਾਨ ਤਿਲ ਤਿਲ ਕਰ ਕੇ ਮਰ ਰਹੀ ਸੀ, ਉਦੋਂ ਫਰਵਰੀ 1850 ਦੇ ਮੁਢਲੇ ਦਿਨਾਂ ਵਿਚ ਉਸ ਦੀ ਪੁਰਾਣੀ ਰਾਜਧਾਨੀ, ਲਾਹੌਰ ਦੇ ਵਸਨੀਕ ਹੰਝੂਆਂ ਭਰੀਆਂ ਅੱਖਾਂ ਨਾਲ ਆਪਣੇ ਆਖ਼ਰੀ ਮਹਾਰਾਜਾ ਨੂੰ ਵਿਦਾਈ ਦੇਣ ਲਈ ਵੱਖ ਵੱਖ ਗਲੀਆਂ ਬਾਜ਼ਾਰਾਂ ਵਿਚ ਕਤਾਰਾਂ ਬੰਨ੍ਹ ਕੇ ਖੜ੍ਹੇ ਸਨ। ਉਹ ਆਪਣੇ ਨਾਲ ਮਰਹੂਮ ਰਣਜੀਤ ਸਿੰਘ ਦੀ ਵਿਰਾਸਤ ਵੀ ਲਿਜਾ ਰਿਹਾ ਸੀ ਅਤੇ ਇਹ ਕੁਝ ਬਰਦਾਸ਼ਤ ਕਰਨਾ ਬਹੁਤ ਸਾਰੇ ਪੁਰਾਣੇ ਸਰਦਾਰਾਂ ਦੇ ਵੱਸੋਂ ਬਾਹਰਾ ਸੀ। ਉਹ ਫੁੱਟ ਫੁੱਟ ਕੇ ਰੋ ਰਹੇ ਸਨ। ਜੌਹਨ ਲੌਗਿਨ ਨੇ ਦਲੀਪ ਸਿੰਘ ਲਈ ਇਹ ਸਫ਼ਰ ਖੁਸ਼ਨੁਮਾ ਮੁਹਿੰਮ ਵਰਗਾ ਦਰਸਾਉਣ ਲਈ ਪੂਰੀ ਵਾਹ ਲਾਈ। ਉਸ ਨੂੰ ਦੱਸਿਆ ਕਿ ਉਸ ਦਾ ਨਵਾਂ ਘਰ ਕਈ ਸੌ ਮੀਲ ਦੂਰ ਫਤਹਿਗੜ੍ਹ (ਹੁਣ ਯੂæਪੀæ) ਵਿਚ ਹੋਵੇਗਾ। ਉਸ ਨਾਲ ਵਾਅਦਾ ਕੀਤਾ ਗਿਆ ਕਿ ਉਥੇ ਸ਼ਿਕਾਰ ਲਈ ਨਵੇਂ ਨਵੇਂ ਜਾਨਵਰ ਹੋਦਗੇ, ਨਿੱਤ ਕੁਝ ਨਵਾਂ ਦੇਖਣ, ‘ਨਾਰਮਲ’ ਪਰਿਵਾਰ ਨਾਲ ਰਹਿਣ ਦਾ ਮੌਕਾ ਮਿਲੇਗਾ।
ਜਿਸ ਪਰਿਵਾਰ ਦੀ ਲੌਗਿਨ ਗੱਲ ਕਰ ਰਿਹਾ ਸੀ, ਉਹ ਉਸ ਦਾ ਆਪਣਾ ਸੀ। ਉਸ ਦੀ ਪਤਨੀ ਅਤੇ ਬੱਚੇ ਫਤਹਿਗੜ੍ਹ ਆ ਰਹੇ ਸਨ। ਇਹ ਬੱਚੇ ਹੀ ਮਹਾਰਾਜੇ ਦੇ ਸਾਥੀ ਹੋਣੇ ਸਨ। ਕਈ ਵਰ੍ਹਿਆਂ ਤਕ ਦਲੀਪ ਸਿੰਘ ਗ਼ੈਰਯਕੀਨੀ ਤੇ ਸਹਿਮ ਨਾਲ ਜੂਝਦਾ ਰਿਹਾ ਸੀ। ਹੁਣ ਲੌਗਿਨ ਉਸ ਲਈ ਘਰ ਵਰਗੀ ਸੁਰੱਖਿਆ, ਖੁੱਲ੍ਹ ਕੇ ਸਾਹ ਲੈਣ ਲਈ ਪਰਿਵਾਰਕ ਫਿਜ਼ਾ ਅਤੇ ਬੱਚੇ ਵਾਂਗ ਵਿਚਰਨ ਲਈ ਲੋੜੀਂਦਾ ਮਾਹੌਲ ਸੰਭਵ ਬਣਾ ਰਿਹਾ ਸੀ।
ਲੌਗਿਨ ਦੀ ਇਹ ਆਸਵੰਦੀ ਜਾਇਜ਼ ਸੀ। ਉਹਦਾ ਯਕੀਨ ਸੀ ਕਿ ਦਲੀਪ ਸਿੰਘ ਦੇ ਪੁਰਾਣੇ ਤੇ ਨਵੇਂ ਜੀਵਨ ਦਰਮਿਆਨ ਜਿੰਨੇ ਵੱਧ ਮੀਲਾਂ ਦਾ ਫ਼ਾਸਲਾ ਹੋਵੇਗਾ, ਉਨਾ ਹੀ ਇਸ ਬਾਲ ਲਈ ਫ਼ਾਇਦੇਮੰਦ ਹੋਵੇਗਾ। ਦਰਅਸਲ, ਪਿਛਲੇ ਕੁਝ ਦਿਨਾਂ ਤੋਂ ਦਲੀਪ ਨਾਲ ਉਹਦੀਆਂ ਗੱਲਾਂ-ਬਾਤਾਂ ਨੇ ਉਸ ਨੂੰ ਦਲੀਪ ਬਾਰੇ ਕੋਈ ਵੱਡਾ ਫ਼ੈਸਲਾ ਲੈਣ ਦੀ ਚਾਹਤ ਪੈਦਾ ਕਰ ਦਿੱਤੀ ਸੀ। ਇਹ ਫ਼ੈਸਲਾ ਦਲੀਪ ਨੂੰ ਭਾਰਤ ਤੋਂ ਹੀ ਦੂਰ ਲਿਜਾਣ ਵਾਲਾ ਸੀ। ਲੌਗਿਨ ਨੂੰ ਇਸ ਗੱਲ ਦੀ ਖ਼ੁਸ਼ੀ ਸੀ ਕਿ ਮਹਾਰਾਜਾ ਇੰਗਲੈਂਡ ਪ੍ਰਤੀ ਆਕਰਸ਼ਣ ਜਤਾਉਣ ਲੱਗਾ ਸੀ। ਉਹ ਅਕਸਰ ਹੀ ਉਥੋਂ ਦੇ ਲੋਕਾਂ, ਸਭਿਆਚਾਰ ਅਤੇ ਮਹਾਰਾਣੀ ਬਾਰੇ ਸਵਾਲ ਪੁੱਛਣ ਲੱਗ ਪਿਆ ਸੀ।